Gurmat vichaar

ਕਿਨ ਬਿਧਿ ਸਾਗਰੁ ਤਰੀਐ


ਗੁਰੂ ਨਾਨਕ ਪਾਤਸ਼ਾਹ ਸੰਗਤ ਨਾਲ ਗੁਰਮਤਿ ਦੀਆਂ ਵਿਚਾਰਾਂ ਕਰ ਰਹੇ ਸਨ ਤਾਂ ਸੰਗਤ ਵਿੱਚੋਂ ਹੀ ਕਿਸੇ ਸਿੱਖ ਨੇ ਗੁਰੂ ਸਾਹਿਬ ਤੋਂ ਪੁਛਿਆ। ਜਿਸ ਥਾਂ ਤੇ ਪ੍ਰਭੂ ਵੱਸਦਾ ਹੈਂ ਉਹ ਥਾਂ ਕਿਸ ਤਰ੍ਹਾਂ ਦਾ ਹੈ? ਕੀ ਉਸ ਗੁਪਤ ਥਾਂ ਨੂੰ ਲੱਭਿਆ ਜਾ ਸਕਦਾ ਹੈ? ਉਹ ਥਾਂ ਪ੍ਰਾਪਤ ਕਰਨ ਵਾਸਤੇ ਮੈਂ ਚਿਰਾਂ ਤੋਂ ਭਾਲ ਕਰਦਾ ਫਿਰਦਾ ਹਾਂ, ਗੁਰੂ ਸਾਹਿਬ ਮੇਰਾ ਮਨ ਲੋਚਦਾ ਹੈ ਕਿ ਕੋਈ ਗੁਰਮੁਖਿ ਆ ਕੇ ਮੈਨੂੰ ਉਹ ਥਾਂ ਦੱਸੇ ? ਸੋ ਹੁਣ ਤੁਸੀ ਕ੍ਰਿਪਾ ਕਰਕੇ ਦੱਸਣਾ ਕਰੋ ਕਿ ਕਿਸ ਤਰ੍ਹਾਂ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ ਅਤੇ ਕਿਵੇਂ ਜਿਉਂਦੇ ਜੀਅ ਮਰਿਆ ਜਾ ਸਕਦਾ ਹੈ ਜੀ?
ਗੁਰੂ ਸਾਹਿਬ ਨੇ ਸਮਝਾਉਂਦਿਆਂ ਕਿਹਾ ਸਰਬ-ਵਿਆਪਕ ਪ੍ਰਭੂ ਸਹਿਜ ਅਵਸਥਾ ਦੇ ਆਸਣ ਉਤੇ ਮਨੁੱਖ ਦੇ ਹਿਰਦੇ ਵਿਚ ਇਕ ਐਸੇ ਘਰ ਵਿਚ ਬੈਠਾ ਹੋਇਆ ਹੈ ਜਿਸ ਦੇ ਬਾਹਰ ਦੁੱਖ ਦਾ ਦਰਵਾਜ਼ਾ ਹੈ, ਕ੍ਰੋਧ ਰਾਖਾ ਹੈ, ਆਸਾ ਤੇ ਸਹਿਮ ਉਸ ਦੁੱਖ-ਦਰਵਾਜ਼ੇ ਨੂੰ ਦੋ ਤਖਤੇ ਲੱਗੇ ਹੋਏ ਹਨ। ਮਾਇਆ ਦੀ ਖਿੱਚ ਉਸ ਦੇ ਦੁਆਲੇ, ਮਾਨੋ, ਖਾਈ ਪੁੱਟੀ ਹੋਈ ਹੈ ਜਿਸ ਵਿਚ ਵਿਸ਼ੇ ਵਿਕਾਰਾਂ ਦਾ ਪਾਣੀ ਭਰਿਆ ਹੋਇਆ ਹੈ, ਉਸ ਪਾਣੀ ਵਿਚ ਮਨੁੱਖ ਦਾ ਹਿਰਦਾ ਘਰ ਬਣਿਆ ਹੋਇਆ ਹੈ। ਇਕ ਪਾਸੇ ਜੀਵ ਮਾਇਆ ਵਿਚ ਘਿਰੇ ਪਏ ਹਨ, ਦੂਜੇ ਪਾਸੇ, ਪ੍ਰਭੂ ਦੇ ਭਾਵੇਂ ਕਈ ਨਾਮ ਹਨ, ਪਰ ਕਿਸੇ ਨਾਮ ਦੀ ਰਾਹੀਂ ਉਸਦੇ ਸਾਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਦਾ। ਉਸ ਪ੍ਰਭੂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਮਨ ਦੇ ਅਜੇਹੇ ਭਾਵ ਉਸ ਨੂੰ ਉੱਚੀ ਬੋਲ ਕੇ ਦੱਸਣ ਦੀ ਭੀ ਲੋੜ ਨਹੀਂ ਹੈ, ਅੰਤਰ ਆਤਮੇ ਹੀ ਟਿਕੇ ਰਹਿਣਾ ਚਾਹੀਦਾ ਹੈ। ਸਰਬ-ਵਿਆਪਕ ਪ੍ਰਭੂ ਸਭ ਦੇ ਦਿਲਾਂ ਦੀ ਆਪ ਹੀ ਜਾਣਦਾ ਹੈ, ਸਭ ਦੇ ਅੰਦਰ ਪ੍ਰੇਰਕ ਹੋ ਕੇ ਆਪ ਹੀ ਸਭ ਕੁਝ ਕਰ ਰਿਹਾ ਹੈ। ਜਦ ਤਕ ਜੀਵ ਦੇ ਮਨ ਵਿਚ ਮਾਇਆ ਦੀਆਂ ਆਸਾ ਹਨ, ਤਦ ਤਕ ਸਹਿਮ-ਫ਼ਿਕਰ ਹਨ ਅਤੇ ਸਹਿਮਾਂ ਫ਼ਿਕਰਾਂ ਵਿਚ ਰਹਿ ਕੇ ਕਿਸੇ ਤਰ੍ਹਾਂ ਭੀ ਜੀਵ ਇੱਕ ਪਰਮਾਤਮਾ ਨੂੰ ਸਿਮਰ ਨਹੀਂ ਸਕਦਾ। ਗੁਰੂ ਸਾਹਿਬ ਨੇ ਕਿਹਾ ਜਦੋਂ ਮਨੁੱਖ ਆਸਾ ਵਿਚ ਰਹਿੰਦਾ ਹੋਇਆ ਹੀ ਆਸਾ ਤੋਂ ਨਿਰਲੇਪ ਹੋ ਜਾਂਦਾ ਹੈ ਤਦੋਂ ਇਸ ਨੂੰ ਪਰਮਾਤਮਾ ਮਿਲ ਪੈਂਦਾ ਹੈ। ਮਾਇਆ ਵਿਚ ਰਹਿੰਦੇ ਹੋਏ ਹੀ ਮਾਇਆ ਤੋਂ ਨਿਰਲੇਪ ਰਹਿਣਾ ਹੈ, ਬੱਸ! ਇਹਨਾਂ ਤਰੀਕਿਆਂ ਨਾਲ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਤੇ ਇਸੇ ਤਰ੍ਹਾਂ ਹੀ ਜੀਵੰਦਿਆਂ ਮਰੀਦਾ ਹੈ।“ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਲਹੈ ॥ ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ ਕਹੈ ॥੧॥ ਕਿਨ ਬਿਧਿ ਸਾਗਰੁ ਤਰੀਐ ॥ ਜੀਵਤਿਆ ਨਹ ਮਰੀਐ ॥੧॥ ਰਹਾਉ ॥ ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ ॥ ਮਾਇਆ ਜਲੁ ਖਾਈ ਪਾਣੀ ਘਰੁ ਬਾਧਿਆ ਸਤ ਕੈ ਆਸਣਿ ਪੁਰਖੁ ਰਹੈ ॥੨॥ ਕਿੰਤੇ ਨਾਮਾ ਅੰਤੁ ਨ ਜਾਣਿਆ ਤੁਮ ਸਰਿ ਨਾਹੀ ਅਵਰੁ ਹਰੇ ॥ ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਆਪਿ ਕਰੇ ॥੩॥ ਜਬ ਆਸਾ ਅੰਦੇਸਾ ਤਬ ਹੀ ਕਿਉ ਕਰਿ ਏਕੁ ਕਹੈ ॥ ਆਸਾ ਭੀਤਰਿ ਰਹੈ ਨਿਰਾਸਾ ਤਉ ਨਾਨਕ ਏਕੁ ਮਿਲੈ ॥੪॥ ਇਨ ਬਿਧਿ ਸਾਗਰੁ ਤਰੀਐ ॥ ਜੀਵਤਿਆ ਇਉ ਮਰੀਐ ॥੧॥ ਰਹਾਉ ਦੂਜਾ ॥੩॥” (ਪੰਨਾ-੮੭੭)
ਸ਼ਬਦਾਂ ਦਾ ਸਹੀ ਮਿਲਾਨ ਕਰੋ ਜੀਃ-
ਦਰਿ ————— ਕ੍ਰੋਧ
ਰਖਵਾਲਾ ————ਫ਼ਿਕਰ
ਅਦੇਸਾ —————ਦਰਬਾਨ, ਰਾਖਾ
ਪਟ —————-ਆਸਾਂ ਤੋਂ ਨਿਰਲੇਪ
ਆਸਣਿ ———— ਭਿੱਤ, ਤਖ਼ਤੇ
ਰੋਹ —————- ਆਸਣ ਉੱਤੇ
ਨਿਰਾਸਾ ———— ਥਾਂ ਵਿੱਚ
ਸਤ ——————-ਬਰਾਬਰ
ਸਰਿ —————-ਸ਼ਾਂਤੀ, ਸਹਿਜ ਅਵਸਥਾ
ਪ੍ਰਸ਼ਨ ੧. ਜਿਸ ਥਾਂ ਤੇ ਪ੍ਰਭੂ ਵੱਸਦਾ ਹੈਂ ਉਹ ਥਾਂ ਕਿਸ ਤਰ੍ਹਾਂ ਦਾ ਹੈ?
ਪ੍ਰਸ਼ਨ ੨. ਕੀ ਉਸ ਗੁਪਤ ਥਾਂ ਨੂੰ ਲੱਭਿਆ ਜਾ ਸਕਦਾ ਹੈ?
ਪ੍ਰਸ਼ਨ ੩. ਉਸ ਘਰ ਦਾ ਦਰਵਾਜ਼ਾ ਕਿੱਥੇ ਹੈ? ਉਸ ਦਰਵਾਜ਼ੇ ਦਾ ਰਾਖਾ ਕੋਣ ਹੈ?
ਪ੍ਰਸ਼ਨ ੪. ਉਸ ਕਿਲੇ ਦੇ ਬਾਹਰ ਕਿਸ ਤਰ੍ਹਾਂ ਦੀ ਖਾਈ ਹੈ ਉਸ ਖਾਈ ਵਿੱਚ ਕਿਹੜਾ ਪਾਣੀ ਹੈ?
ਪ੍ਰਸ਼ਨ ੫. ਜੀਵ ਅੰਦਰ ਸਹਿਮ ਅਤੇ ਫਿਕਰ ਕਦੋਂ ਤੱਕ ਬਣੇ ਰਹਿੰਦੇ ਹਨ?
ਪ੍ਰਸ਼ਨ ੬. ਕੀ ਉਸ ਪ੍ਰਭੂ ਦੇ ਬਰਾਬਰ ਦਾ ਕੋਈ ਹੋਰ ਹੋ ਸਕਦਾ ਹੈ?
ਪ੍ਰਸ਼ਨ ੭. ਪ੍ਰਭੂ ਨਾਲ ਮਿਲਾਪ ਕਿਵੇਂ ਕੀਤਾ ਜਾ ਸਕਦਾ ਹੈ?
ਪ੍ਰਸ਼ਨ ੮. ਇਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?
ਖਾਲੀ ਥਾਂ ਭਰੋਃ-
ਕ. ਕਿਸ ਤਰ੍ਹਾਂ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ ?
ਖ. ———- ਤੇ —————- ਦੁੱਖ-ਦਰਵਾਜ਼ੇ ਨੂੰ ਦੋ ਤਖਤੇ ਲੱਗੇ ਹੋਏ ਹਨ।
ਗ. ਜੀਵ —————ਵਿਚ ਘਿਰੇ ਪਏ ਹਨ।
ਘ. ਸਰਬ-ਵਿਆਪਕ ਪ੍ਰਭੂ ਸਭ ਦੇ ————- ਦੀ ਆਪ ਹੀ ਜਾਣਦਾ ਹੈ।
ਙ. ਮਾਇਆ ਵਿਚ ਰਹਿੰਦੇ ਹੋਏ ਹੀ ਮਾਇਆ ਤੋਂ —————ਰਹਿਣਾ ਹੈ।
ਬਲਵਿੰਦਰ ਸਿੰਘ ਮੁਲਤਾਨੀ

Leave a Reply

Your email address will not be published. Required fields are marked *