ਤਿਸੁ ਬੈਕੁੰਠ ਨ ਜਾਨਾਂ
ਕਬੀਰ ਸਾਹਿਬ ਸੰਗਤ ਵਿੱਚ ਜਦ ਪ੍ਰਵਚਨ ਕਰ ਰਹੇ ਸਨ ਤਾਂ ਕਿਸੇ ਸਤਸੰਗੀ ਨੇ ਜਦ ਕਬੀਰ ਸਾਹਿਬ ਤੋਂ ਤੀਰਥ ਇਸ਼ਨਾਨ ਦਾ ਮਹੱਤਵ ਪੁੱਛਿਆ ਤਾਂ ਉਨ੍ਹਾਂ ਬੜੇ ਪਿਆਰ ਸਾਹਿਤ ਸਮਝਾਇਆ। ਭਾਈ ਗੱਲ ਮੰਨ ਦੀ ਸਫਾਈ ਦੀ ਹੈ। ਜੇ ਮਨ ਵਿਚ ਵਿਕਾਰਾਂ ਦੀ ਮੈਲ ਟਿਕੀ ਹੋਵੇ ਤਾਂ ਜੇ ਕੋਈ ਮਨੁੱਖ ਤੀਰਥਾਂ ਉੱਤੇ ਨ੍ਹਾਉਂਦਾ ਫਿਰੇ, ਤਾਂ ਇਸ ਤਰ੍ਹਾਂ ਉਸ ਨੇ ਸੁਰਗ ਵਿਚ ਨਹੀਂ ਜਾ ਪਹੁੰਚਣਾ। ਹਾਂ ਤੀਰਥਾਂ ਉੱਤੇ ਨ੍ਹਾਤਿਆਂ ਲੋਕ ਤਾਂ ਕਹਿਣ ਲੱਗ ਪੈਣਗੇ ਕਿ ਇਹ ਭਗਤ ਹੈ, ਪਰ ਲੋਕਾਂ ਦੇ ਪਤੀਜਿਆਂ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਪਰਮਾਤਮਾ ਅੰਞਾਣਾ ਨਹੀਂ ਹੈ। ਉਹ ਹਰੇਕ ਦੇ ਦਿਲ ਦੀ ਜਾਣਦਾ ਹੈ। ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲ ਤੀਰਥ ਇਸ਼ਨਾਨ ਹੈ। ਸੋ, ਇਕ ਪਰਮਾਤਮਾ ਦੇਵ ਦਾ ਭਜਨ ਕਰੋ। ਪਾਣੀ ਵਿਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਹਨ। ਜਿਵੇਂ ਉਹ ਡੱਡੂ ਹਨ ਤਿਵੇਂ ਹੀ ਮਨੁੱਖ ਸਮਝੋ; ਨਾਮ ਤੋਂ ਬਿਨਾ ਸਦਾ ਜੂਨਾਂ ਵਿਚ ਰਹਿਣਾ ਪੈਂਦਾ ਹੈ। ਜੇ ਮਨੁੱਖ ਕਾਂਸ਼ੀ ਵਿਚ ਸਰੀਰ ਤਿਆਗੇ, ਪਰ ਮਨੋਂ ਰਹੇ ਕਠੋਰ, ਇਸ ਤਰ੍ਹਾਂ ਉਹ ਨਰਕ ਵਿਚ ਪੈਣੋਂ ਛੁੱਟ ਨਹੀਂ ਸਕਦਾ। ਦੂਜੇ ਪਾਸੇ ਪਰਮਾਤਮਾ ਦਾ ਭਗਤ ਮਗਹਰ ਦੀ ਸ੍ਰਾਪੀ ਹੋਈ ਧਰਤੀ ਵਿਚ ਭੀ ਜੇ ਜਾ ਮਰੇ, ਤਾਂ ਉਹ ਸਗੋਂ ਹੋਰ ਸਾਰੇ ਲੋਕਾਂ ਨੂੰ ਭੀ ਤਾਰ ਲੈਂਦਾ ਹੈ।ਕਬੀਰ ਸਾਹਿਬ ਨੇ ਸਮਝਾਇਆ ਹੇ ਮਨੁੱਖੋ! ਹੇ ਕਮਲੇ ਲੋਕੋ! ਉਸ ਪਰਮਾਤਮਾ ਨੂੰ ਹੀ ਸਿਮਰੋ। ਉਹ ਉੱਥੇ ਵੱਸਦਾ ਹੈ ਜਿੱਥੇ ਦਿਨ, ਰਾਤ, ਵੇਦ, ਸ਼ਾਸਤ੍ਰ ਨਹੀਂ ਭਾਵ, ਉਹ ਪ੍ਰਭੂ ਉਸ ਆਤਮਕ ਅਵਸਥਾ ਵਿਚ ਅੱਪੜਿਆਂ ਮਿਲਦਾ ਹੈ, ਜੋ ਆਤਮਕ ਅਵਸਥਾ ਕਿਸੇ ਖ਼ਾਸ ਸਮੇ ਦੀ ਮੁਥਾਜ ਨਹੀਂ, ਜੋ ਕਿਸੇ ਖ਼ਾਸ ਧਰਮ-ਪੁਸਤਕ ਦੀ ਮੁਥਾਜ ਨਹੀਂ।
“ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥ ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ ॥੧॥ ਪੂਜਹੁ ਰਾਮੁ ਏਕੁ ਹੀ ਦੇਵਾ ॥ ਸਾਚਾ ਨਾਵਣੁ ਗੁਰ ਕੀ ਸੇਵਾ ॥੧॥ ਰਹਾਉ ॥ ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥੨॥ ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ ॥ ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ ॥੩॥ ਦਿਨਸੁ ਨ ਰੈਨਿ ਬੇਦੁ ਨਹੀ ਸਾਸਤ੍ਰ ਤਹਾ ਬਸੈ ਨਿਰੰਕਾਰਾ ॥ ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ ॥੪॥”{ਪੰਨਾ 484}
ਅਰਥਾਂ ਦਾ ਸਹੀ ਮਿਲਾਨ ਕਰੋਃ-
ਬੈਕੁੰਠ ——————— ਮੁਕਤੀ
ਪਤੀਣੇ ——————- ਕਰੜਾ
ਮਜਨਿ —————— ਸਵਰਗ
ਕਠੋਰ ——————- ਪਤੀਜਣ ਨਾਲ
ਗਤਿ ———————-ਇਸ਼ਨਾਨ
ਮੇਂਡਕ ——————— ਸੈਨਾ/ਪਰਜਾ
ਬਾਵਰਿਆ —————- ਡੱਡੂ
ਸੈਨ ———————- ਕਮਲ਼ਾ
ਪ੍ਰਸ਼ਨ ੧. ਕੀ ਤੀਰਥ ਇਸ਼ਨਾਨ ਕਰਨ ਸਵਰਗ ਪਹੁੰਚਿਆ ਜਾ ਸਕਦਾ ਹੈ?
ਪ੍ਰਸ਼ਨ ੨. ਤੀਰਥ ਇਸ਼ਨਾਨ ਨਾਲ ਕੀ ਕੋਈ ਫ਼ਾਇਦਾ ਹੋ ਸਕਦਾ ਹੈ?
ਪ੍ਰਸ਼ਨ ੩. ਅਸਲ ਤੀਰਥ ਇਸ਼ਨਾਨ ਕੀ ਹੈ?
ਪ੍ਰਸ਼ਨ ੪. ਨਾਮ ਨਾ ਜਪਣ ਨਾਲ ਕੀ ਨੁਕਸਾਨ ਹੋ ਸਕਦਾ ਹੈ?
ਪ੍ਰਸ਼ਨ ੫. ਕਬੀਰ ਸਾਹਿਬ ਨੇ ਸਮਝਾਉਣ ਲਈ ਕਿਸ ਦੀ ਉਦਾਹਰਣ ਦਿੱਤੀ ਹੈ?
ਪ੍ਰਸ਼ਨ ੬. ਕੀ ਕਠੋਰ ਮੰਨ ਮਨੁੱਖ ਕਾਂਸ਼ੀ ਵਿੱਚ ਮਰ ਕੇ ਸਵਰਗ ਜਾ ਸਕਦਾ ਹੈ?
ਪ੍ਰਸ਼ਨ ੭. ਇਸ ਸ਼ਬਦ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?
ਖਾਲੀ ਥਾਂ ਭਰੋਃ-
ੳ. ਲੋਕਾਂ ਦੇ ਪਤੀਜਿਆਂ ਕੋਈ ————ਨਹੀਂ ਹੁੰਦਾ, ਕਿਉਂਕਿ ਪਰਮਾਤਮਾ ————। ਨਹੀਂ ਹੈ।
ਅ. ਪਾਣੀ ਵਿਚ ਚੁੱਭੀ ਲਾਇਆਂ ਜੇ ———— ਮਿਲ ਸਕਦੀ ਹੋਵੇ ਤਾਂ ———ਸਦਾ ਹੀ ਨ੍ਹਾਉਂਦੇ ਹਨ।
ੲ. ਪਰਮਾਤਮਾ ਦਾ ਭਗਤ ————— ਦੀ ਸ੍ਰਾਪੀ ਹੋਈ ਧਰਤੀ ਵਿਚ ਭੀ ਜੇ ਮਰੇ, ਤਾਂ ਉਹ ਸਗੋਂ ਹੋਰ ਸਾਰੇ ਲੋਕਾਂ ਨੂੰ ਭੀ ————ਲੈਂਦਾ ਹੈ।