ਹਰਿ ਜਨੁ ਐਸਾ ਚਾਹੀਐ
ਕਬੀਰ ਸਾਹਿਬ ਦੇ ਸੰਗਤੀ ਰੂਪ ਵਿੱਚ ਪ੍ਰਵਚਨ ਚੱਲ ਰਹੇ ਸਨ। ਤਾਂ ਸੰਗਤ ਵਿੱਚੋਂ ਕਿਸੇ ਨੇ ਪੁੱਛਿਆ ਕਿ ਹਰੀ ਦੇ ਸੇਵਕ ਦੀ ਕੀ ਪਹਿਚਾਣ ਹੋ ਸਕਦੀ ਹੈ। ਕਬੀਰ ਸਾਹਿਬ ਨੇ ਦੱਸਣਾ ਕੀਤਾ ਕਿ ਪ੍ਰਭੂ ਦੇ ਪਿਆਰ ਵਾਲੇ ਪ੍ਰਾਣੀ ਵਿੱਚ ਅੱਤ ਦਰਜੇ ਦੀ ਨਿਮਰਤਾ ਹੋਣੀ ਚਾਹੀਦੀ ਹੈ। ਜਦ ਸੰਗਤ ਨੇ ਬੇਨਤੀ ਕੀਤੀ ਭਗਤ ਜੀ ਖੋਲ ਕੇ ਵਿਸਥਾਰ ਸਾਹਿਤ ਦੱਸਣ ਦੀ ਕ੍ਰਿਪਾਲਤਾ ਕਰੋ ਜੀ। ਤਾਂ ਕਬੀਰ ਜੀ ਨੇ ਕਿਹਾ ਜਿਵੇਂ ਪਹੇ ਵਿਚ ਪਿਆ ਹੋਇਆ ਰੋੜਾ ਰਾਹੀਆਂ ਦੇ ਪੈਰਾਂ ਦੇ ਠੇਡੇ ਖਾਂਦਾ ਹੈ, ਇਸੇ ਤਰ੍ਹਾਂ ਮਨੁੱਖ ਨੇ ਅਪਣਾ ਹੰਕਾਰ ਛੱਡ ਕੇ ਦੂਜਿਆਂ ਵਲੋਂ ਆਏ ਕਲੇਸ਼ਾਂ ਤੇ ਕਬੋਲਾਂ ਨੂੰ ਸਹਾਰਨ ਦੀ ਆਦਤ ਬਣਾਉਣੀ ਹੈ। ਪਰ ਰੋੜਾ ਵੀ ਨੰਗੇ ਪੈਰੀਂ ਜਾਣ ਵਾਲੇ ਰਾਹੀ ਦੇ ਪੈਰਾਂ ਵਿਚ ਚੁੱਭਦਾ ਹੈ ਪਰ ਭਗਤ ਨੇ ਕਿਸੇ ਗ਼ਰੀਬ ਤੋਂ ਗ਼ਰੀਬ ਨੂੰ ਭੀ ਕੋਈ ਚੋਭਵਾਂ ਬੋਲ ਨਹੀਂ ਬੋਲਣਾ, ਧੂੜ ਵਾਂਗ ਨਰਮ-ਦਿਲ ਰਹਿਣਾ ਹੈ। ਪਰ ਯਾਦ ਰੱਖਣਾ ਧੂੜ ਵੀ ਮਸਾਫ਼ਿਰਾਂ ਉਤੇ ਪੈ ਕੇ ਉਹਨਾਂ ਨੂੰ ਗੰਦਾ ਕਰਦੀ ਹੈ; ਭਗਤ ਨੇ ਇਸ ਵਾਦੀ ਤੋਂ ਵੀ ਬਚਣਾ ਹੈ, ਕਿਸੇ ਦੇ ਐਬ ਨਹੀਂ ਫਰੋਲਣੇ। ਜਿਵੇਂ ਪਾਣੀ ਸਾਰੇ ਅੰਗਾਂ ਵਾਸਤੇ ਇਕ-ਸਮਾਨ ਹੁੰਦਾ ਹੈ, ਸਭ ਸ਼ਕਲਾਂ ਦੇ ਭਾਂਡਿਆਂ ਨਾਲ ਭੀ ਮੇਲ ਕਰ ਲੈਂਦਾ ਹੈ, ਭਗਤ ਨੇ ਚੰਗੇ ਮੰਦੇ ਸਭ ਨਾਲ ਪਿਆਰ ਕਰਨਾ ਹੈ। ਪਰ ਪਾਣੀ ਵੀ ਸਰਦੀਆਂ ਵਿੱਚ ਠੰਡਾ ਅਤੇ ਗਰਮੀਆਂ ਵਿੱਚ ਗਰਮ ਹੋ ਜਾਂਦਾ ਹੈ। ਗੁਰਸਿੱਖ ਨੂੰ ਕਿਸੇ ਤੇ ਰੋਸ ਨਹੀ ਹੋਣਾ ਚਾਹੀਦਾ, ਇਸ ਕਰਕੇ ਭਗਤ ਨੇ ਪ੍ਰਮਾਤਮਾ ਵਰਗਾ ਹੀ ਬਣਨਾ ਹੈ। ਇਤਨਾ ਇੱਕ-ਰਸ ਕਿ ਪਰਮਾਤਮਾ ਤੇ ਇਸ ਵਿਚ ਕੋਈ ਵਿੱਥ ਨਾਹ ਰਹਿ ਜਾਏ। “ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ ॥ ਐਸਾ ਕੋਈ ਦਾਸੁ ਹੋਇ ਤਾਹਿ ਮਿਲੈ ਭਗਵਾਨੁ ॥੧੪੬॥ ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ ॥ ਐਸਾ ਤੇਰਾ ਦਾਸੁ ਹੈ ਜਿਉ ਧਰਨੀ ਮਹਿ ਖੇਹ ॥੧੪੭॥ ਕਬੀਰ ਖੇਹ ਹੂਈ ਤਉ ਕਿਆ ਭਇਆ ਜਉ ਉਡਿ ਲਾਗੈ ਅੰਗ ॥ ਹਰਿ ਜਨੁ ਐਸਾ ਚਾਹੀਐ ਜਿਉ ਪਾਨੀ ਸਰਬੰਗ ॥੧੪੮॥ ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ ॥ ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥੧੪੯॥ {ਪੰਨਾ 1372}”।
ਅਰਥਾਂ ਦਾ ਸਹੀ ਮਿਲਾਨ ਕਰੋਃ-
ਬਾਟ ———————- ਧੂੜ
ਤਜਿ ———————- ਠੰਡਾ
ਪੰਥੀ ——————— ਸਾਰੇ ਅੰਗਾਂ ਨਾਲ
ਧਰਨੀ ——————— ਰਸਤਾ
ਖੇਹ ———————— ਧਰਤੀ
ਸਰਬੰਗ ——————- ਰਾਹੀ
ਸੀਰਾ ———————- ਛੱਡ
ਪ੍ਰਃ ੧. ਪ੍ਰਭੂ ਪਿਆਰ ਵਾਲਾ ਵਿਅਕਤੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ?
ਪ੍ਰਃ ੨. ਹਰੀ ਜਨ ਰੋੜੇ ਦੇ ਸੁਭਾਅ ਵਰਗਾ ਕਿਉਂ ਨਹੀਂ ਹੋਣਾ ਚਾਹੀਦਾ?
ਪ੍ਰਃ ੩. ਹਰੀ ਜਨ ਧਰਤੀ ਦੀ ਧੂੜ ਵਰਗਾ ਕਿਉਂ ਨਹੀਂ ਹੋਣਾ ਚਾਹੀਦਾ?
ਪ੍ਰਃ ੪. ਹਰੀ ਦਾ ਪਿਆਰਾ ਪਾਣੀ ਵਰਗਾ ਕਿਉਂ ਨਹੀਂ ਹੋਣਾ ਚਾਹੀਦਾ ?
ਪ੍ਰਃ ੫. ਪ੍ਰਭੂ ਦੇ ਪਿਆਰੇ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ?
ਖਾਲੀ ਥਾਂ ਭਰੋਃ-
ੳ. ਮਨੁੱਖ ਨੂੰ ਅਪਣਾ ———-ਛੱਡ ਕੇ ਦੂਜਿਆਂ ਦੇ ਕਬੋਲਾਂ ਨੂੰ ਸਹਾਰਨ ਦੀ ———-ਬਣਾਉਣੀ ਚਾਹੀਦੀ ਹੈ।
ਅ. ਮਨੁੱਖ ਨੂੰ ਕਿਸੇ ਦੇ ਵੀ ———ਨਹੀਂ ਫਰੋਲਣੇ ਚਾਹੀਦੇ।
ੲ. ਸਾਨੂੰ ਹਰੇਕ ਚੰਗੇ ਮੰਦੇ ਸਭ ਨਾਲ———— ਕਰਨਾ ਚਾਹੀਦਾ ਹੈ।
ਸ. ਗੁਰਸਿੱਖ ਨੂੰ ਕਿਸੇ ਤੇ ———-ਨਹੀ ਕਰਨਾ ਚਾਹੀਦਾ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫੋਨ – ੬੪੭੭੭੧੪੯੩੨