ਹਰਿ ਬਿਨੁ ਬੈਲ ਬਿਰਾਨੇ ਹੁਈ ਹੈ
ਭਗਤ ਕਬੀਰ ਜੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਸਮਝਾ ਰਹੇ ਹਨ ਕਿ ਭਾਈ ਇਹ ਜਨਮ ਪ੍ਰਭੂ ਮਿਲਾਪ ਲਈ ਮਿਲਿਆ ਹੈ। ਸਿਰਫ ਮਨੁੱਖਾਂ ਜਨਮ ਹੀ ਹੈ ਜਿਸ ਵਿੱਚ ਆਪਾਂ ਪ੍ਰਭੂ ਦੇ ਗੁਣ ਗਾ ਕੇ ਉਸ ਨਾਲ ਮਿਲ ਸਕਦੇ ਹਾਂ। ਸੋ ਸਮੇਂ ਨੂੰ ਸੰਭਾਲਣ ਦੀ ਲੋੜ ਹੈ। ਕਬੀਰ ਸਾਹਿਬ ਕਹਿੰਦੇ ਹਨ ਹੇ ਭਾਈ! ਕਿਸੇ ਪਸ਼ੂ-ਜੂਨ ਵਿਚ ਪੈ ਕੇ ਜਦੋਂ ਤੇਰੇ ਚਾਰ ਪੈਰ ਤੇ ਦੋ ਸਿੰਙ ਹੋਣਗੇ, ਤੇ ਮੂੰਹੋਂ ਗੂੰਗਾ ਹੋਵੇਂਗਾ, ਤਦੋਂ ਤੂੰ ਕਿਸ ਤਰ੍ਹਾਂ ਪ੍ਰਭੂ ਦੇ ਗੁਣ ਗਾ ਸਕੇਂਗਾ? ਭਾਵ ਨਹੀ ਗਾ ਸਕੇਗਾ। ਉਠਦਿਆਂ ਬੈਠਦਿਆਂ ਤੇਰੇ ਸਿਰ ਉੱਤੇ ਸੋਟਾ ਪਏਗਾ, ਤਦੋਂ ਤੂੰ ਕਿਥੇ ਸਿਰ ਲੁਕਾਏਂਗਾ? ਹੇ ਭਾਈ! ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਲਦ ਆਦਿਕ ਪਸ਼ੂ ਬਣ ਕੇ ਪਰ-ਅਧੀਨ ਹੋ ਜਾਏਂਗਾ,ਨੱਥ ਨਾਲ ਨੱਕ ਵਿੰਨ੍ਹਿਆ ਜਾਏਗਾ, ਕੰਨ ਜੂਲੇ ਨਾਲ ਫਿੱਸੇ ਹੋਏ ਹੋਣਗੇ ਤੇ ਕੋਧਰੇ ਦਾ ਭੋਹ ਖਾਏਂਗਾ। ਜੰਗਲ ਵਿਚ ਸਾਰਾ ਦਿਨ ਭਟਕਦਿਆਂ ਭੀ ਪੇਟ ਨਹੀਂ ਰੱਜੇਗਾ। ਹੁਣ ਇਸ ਵੇਲੇ ਤੂੰ ਭਗਤ ਜਨਾਂ ਦਾ ਬਚਨ ਨਹੀਂ ਮੰਨਦਾ, ਉਮਰ ਵਿਹਾ ਜਾਣ ਤੇ ਆਪਣਾ ਕੀਤਾ ਪਾਏਂਗਾ। ਹੁਣ ਭੈੜੇ ਹਾਲ ਵਿਚ ਦਿਨ ਗੁਜ਼ਾਰ ਕੇ ਕੁਰਾਹੇ ਗ਼ਰਕ ਹੋਇਆ ਪਿਆ ਹੈਂ, ਆਖ਼ਰ ਅਨੇਕਾਂ ਜੂਨਾਂ ਵਿਚ ਭਟਕੇਂਗਾ। ਤੂੰ ਪ੍ਰਭੂ ਨੂੰ ਵਿਸਾਰ ਦਿੱਤਾ ਹੈ, ਤੇ ਸ੍ਰੇਸ਼ਟ ਮਨੁੱਖਾ ਜਨਮ ਗਵਾ ਲਿਆ ਹੈ, ਇਹ ਸਮਾ ਫੇਰ ਕਿਤੇ ਨਹੀਂ ਮਿਲੇਗਾ। ਤੇਰੀ ਜ਼ਿੰਦਗੀ-ਰੂਪ ਸਾਰੀ ਰਾਤ ਤੇਲੀ ਦੇ ਬਲਦ ਅਤੇ ਬਾਂਦਰ ਵਾਂਗ ਭਟਕਦਿਆਂ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਨ ਤੋਂ ਬਿਨਾ ਹੀ ਲੰਘ ਜਾਏਗੀ। ਕਬੀਰ ਸਾਹਿਬ ਆਖਦੇ ਹਨ ਕਿ ਪ੍ਰਭੂ ਦਾ ਨਾਮ ਭੁਲਾ ਕੇ ਆਖ਼ਰ ਸਿਰ ਮਾਰ ਮਾਰ ਕੇ ਪਛਤਾਵੇਂਗਾ। ਮਨੁੱਖਾ ਜਨਮ ਹੀ ਸਿਮਰਨ ਦਾ ਸਮਾ ਹੈ, ਖੁੰਝਿਆਂ ਜਨਮ-ਮਰਨ ਦੇ ਗੇੜ ਵਿਚ ਪੈਣਾ ਪੈਂਦਾ ਹੈ। “ੴ ਸਤਿਗੁਰ ਪ੍ਰਸਾਦਿ ॥ ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ ੨ ਦੂਜਾ ॥ ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ ॥ ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈਹੈ ॥੧॥ ਹਰਿ ਬਿਨੁ ਬੈਲ ਬਿਰਾਨੇ ਹੁਈਹੈ ॥ ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ ॥੧॥ ਰਹਾਉ ॥ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈਹੈ ॥ ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈਹੈ ॥੨॥ ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈਹੈ ॥ ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈਹੈ ॥੩॥ ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ ॥ ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈਹੈ ॥੪॥੧॥ {ਪੰਨਾ 524}”।
ਅਰਥਾਂ ਦਾ ਸਹੀ ਮਿਲਾਨ ਕਰੋਃ-
ਪਾਵ ——————— ਦੋ
ਦੁਇ ——————— ਸੋਟਾ
ਠੇਗਾ ———————ਪੈਰ
ਕਤ ———————ਸਿਰ
ਮੂਡ ——————— ਕਿੱਥੇ
ਬਿਰਾਨੇ —————— ਕੰਨ
ਕਾਧਨ ——————ਬਾਂਦਰ
ਮਹੀਆ ——————ਬਿਗਾਨੇ
ਅਘਈ ਹੈ —————- ਭਟਕੇਗਾ
ਭਰਮਈ ਹੈ—————- ਰੱਜੇਂਗਾ
ਭੁਸੁ ——————— ਸਮਾਂ
ਅਉਸਰੁ —————— ਤੇਲੀ ਦਾ ਬਲਦ
ਤੇਲਕ ——————- ਭੋਹ
ਕਪਿ ——————-ਵਿੱਚ
ਪ੍ਰਃ ੧. ਮਨੁੱਖਾਂ ਜਨਮ ਸਾਨੂੰ ਕਿਸ ਲਈ ਮਿਲਿਆ ਹੈ?
ਪ੍ਰਃ ੨. ਪ੍ਰਭੂ ਸਿਮਰਨ ਤੋਂ ਬਿਨ੍ਹਾਂ ਮਨੁੱਖ ਕੀ ਬਣ ਜਾਂਦਾ ਹੈ?
ਪ੍ਰਃ ੩. ਜੋ ਇਨਸਾਨ ਗੁਰੂ/ ਭਗਤ ਦਾ ਕਹਿਣਾ ਨਹੀ ਮੰਨਦਾ ਉਹ ਕੀ ਨੁਕਸਾਨ ਉਠਾਉਂਦਾ ਹੈ?
ਪ੍ਰਃ ੪. ਜੋ ਲੋਕ ਪ੍ਰਭੂ ਸਿਮਰਨ ਨਹੀ ਕਰਦੇ ਭਗਤ ਕਬੀਰ ਜੀ ਅਨੁਸਾਰ ਉਹ ਅਪਣੀ ਜ਼ਿੰਦਗੀ ਕਿਸ ਤਰ੍ਹਾਂ ਗੁਜਾਰਦੇ ਹਨ?
ਪ੍ਰਃ ੫ ਕੀ ਕਿਸੇ ਹੋਰ ਜੋਨੀ ਵਿੱਚ ਵੀ ਨਾਮ ਜਪਿਆ ਜਾ ਸਕਦਾ ਹੈ?
ਪ੍ਰਃ ੬. ਸਾਨੂੰ ਇਸ ਤੋਂ ਕੀ ਸਿੱਖਿਆ ਮਿਲਦੀ ਹੈ?
ਖਾਲੀ ਥਾਂ ਭਰੋਃ-
ੳ. ਸਮੇਂ ਨੂੰ ਸੰਭਾਲਣ ਦੀ ———-ਹੈ।
ਅ. ਉਠਦਿਆਂ ਬੈਠਦਿਆਂ ਤੇਰੇ ਸਿਰ ਉੱਤੇ ———ਪਏਗਾ, ਤਦੋਂ ਤੂੰ ਕਿਥੇ ———- ਲੁਕਾਏਂਗਾ?
ੲ. ਪ੍ਰਭੂ ਨੂੰ ਵਿਸਾਰ ਕਿ ———- ਮਨੁੱਖਾ ਜਨਮ ਗਵਾ ਲਿਆ ਹੈ।
ਸ. ਮਨੁੱਖਾ ਜਨਮ ਹੀ ————- ਦਾ ਸਮਾ ਹੈ।
ਸਹੀ ਉੱਤਰ ਤੇ (✅) ਅਤੇ ਤੇ (❌) ਦਾ ਨਿਸ਼ਾਨ ਲਾਉਃ-
੧. ਜਦੋ ਤੇਰੇ ਚਾਰ ਪੈਰ ਤੇ ਦੋ ਸਿੰਘ ਹੋਣਗੇ ਤਾਂ ਬੇਫਿਕਰ ਹੋ ਕੇ ਨਾਮ ਜਪ ਲਏਗਾ।
੨. ਸਾਰਾ ਦਿਨ ਜੰਗਲ ਵਿੱਚ ਫਿਰ ਕੇ ਪੇਟ ਭਰ ਕੇ ਖਾਣਾ ਖਾਏਂਗਾ।
੩. ਪ੍ਰਭੂ ਵਿਸਾਰ ਕੇ ਜੋ ਸਮਾਂ ਗੁਆ ਲਿਆ ਉਹ ਸਮਾਂ ਮੁੜ ਕੇ ਨਹੀਂ ਆਉਂਦਾ।
੪. ਪ੍ਰਭੂ ਦਾ ਨਾਮ ਭੁਲਾ ਕੇ ਪਛਤਾਉਣਾ ਹੀ ਪੈਂਦਾ ਹੈ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫੋਨ – ੬੪੭੭੭੧੪੯੩੨