Gurmat vichaar

ਜਪਿ ਮਨ ਸਤਿ ਨਾਮੁ


ਇਕ ਵਾਰ ਗੁਰੂ ਕੀ ਸੰਗਤ ਵਿਚਾਰ ਚਰਚਾ ਕਰ ਰਹੀ ਸੀ। ਉੱਥੇ ਕਾਮਧੇਨ ਗਾਂ ਦੀ ਚਰਚਾ ਛਿੜ ਪਈ। ਕੋਈ ਸਿੱਖ ਕਹਿਣ ਲੱਗਾ ਕਿ ਕਾਮਧੇਨ ਗਾਂ ਦੀ ਪੂਜਾ ਕਰਨ ਨਾਲ ਜੋ ਮੰਗੀਏ ਮਿਲ ਜਾਂਦਾ ਹੈ। ਸੋ ਇਸ ਲਈ ਇਸ ਦੀ ਪੂਜਾ ਕਰਨੀ ਚਾਹੀਦੀ ਹੈ। ਕੋਈ ਕਹਿ ਰਿਹਾ ਸੀ ਕਿ ਇਹ ਗਾਂ ਕਿਸ ਨੇ ਵੇਖੀ ਹੈ? ਜੋ ਜਾਨਵਰ ਦੇਖਿਆ ਹੀ ਨਹੀਂ ਉਸਦੀ ਪੂਜਾ ਕਿਵੇਂ ਕੀਤੀ ਜਾ ਸਕਦੀ ਹੈ? ਵੱਖ ਵੱਖ ਵਿਚਾਰ ਆ ਰਹੇ ਸਨ। ਕਿਸੇ ਗੱਲ ਤੇ ਸਹਿਮਤੀ ਨਹੀ ਹੋ ਰਹੀ ਸੀ। ਫਿਰ ਫੈਸਲਾ ਹੋਇਆ ਗੁਰੂ ਰਾਮਦਾਸ ਜੀ ਪਾਸ ਜਾਇਆ ਜਾਏ। ਇਸ ਲਈ ਸਾਰੇ ਸਹਿਮਤ ਹੋ ਗਏ। ਸੋ ਗੁਰੂ ਸਾਹਿਬ ਕੋਲ ਪਹੁੰਚ ਕੇ ਇਕ ਸੱਜਣ ਨੇ ਗੁਰੂ ਜੀ ਅੱਗੇ ਸਵਾਲ ਰੱਖ ਦਿੱਤਾ। ਗੁਰੂ ਸਾਹਿਬ ਨੇ ਕਿਹਾ ਸਵਾਲ ਇਹ ਨਹੀਂ ਕਿ ਕਾਮਧੇਨ ਗਾਂ ਹੈ ਜਾਂ ਨਹੀਂ ? ਸਵਾਲ ਤਾਂ ਇਹ ਹੈ ਕਿ ਚੱਲੋ ਜੇ ਮੰਨ ਵੀ ਲੈਂਦੇ ਹਾਂ ਕਿ ਕਾਮਧੇਨ ਗਾਂ ਹੈ? ਜੇ ਹੈ ਤਾਂ ਇਹ ਕਿਸ ਦੇ ਵੱਸ ਵਿੱਚ ਹੈ? ਸਭ ਇੱਕ ਅਵਾਜ਼ ਵਿੱਚ ਬੋਲੇ! ਜੀ ਪ੍ਰਭੂ ਦੇ ਵੱਸ ਹੈ। ਗੁਰੂ ਸਾਹਿਬ ਨੇ ਕਿਹਾ ਫਿਰ ਉਸ ਪ੍ਰਭੂ ਨੂੰ ਧਿਆਉਣਾ ਬਣਦਾ ਹੈ ਜਿਸ ਦੇ ਵੱਸ ਕਾਮਧੇਨ ਗਾਂ ਹੈ, ਜੇ ਗਾਂ ਹੈ ਤਾਂ ਜੋ ਮੰਗੋਗੇ ਉਹੀ ਇੱਕ ਇੱਛਾ ਪੂਰੀ ਕਰੇਗੀ ਪਰ ਪ੍ਰਮਾਤਮਾ ਦਾ ਸਿਮਰਨ ਕਰਨ ਨਾਲ ਤਾਂ ਕੋਈ ਇੱਛਾ ਹੀ ਨਹੀਂ ਰਹਿ ਜਾਂਦੀ। ਜੋ ਸਾਨੂੰ ਚਾਹੀਦਾ ਹੈ ਪ੍ਰਭੂ ਉਹ ਬਿਨ੍ਹਾਂ ਮੰਗਿਆਂ ਹੀ ਦੇ ਰਿਹਾ ਹੈ। “ਤੂ ਅਣਮੰਗਿਆ ਦਾਨੁ ਦੇਵਣਾ ਸਭਨਾਹਾ ਜੀਆ ॥(ਪੰਨਾ-੫੮੫)”। ਗੁਰੂ ਸਾਹਿਬ ਨੇ ਕਿਹਾ ਹੇ ਭਾਈ ਅਪਣੇ ਮਨ ਨੂੰ ਕਹੋ ਉਸ ਸਤਿਨਾਮੁ ਦਾ ਜਾਪ ਕਰੇ। ਜਿਸ ਦੇ ਜਪਣ ਨਾਲ ਮੁੱਖ ਉਜਲਾ ਹੁੰਦਾ ਹੈ ਉਸ ਪਵਿੱਤਰ ਕਾਲਖ ਰਹਿਤ ਪ੍ਰਭੂ ਨੂੰ ਨਿੱਤ ਹੀ ਧਿਆਉਣਾ ਕਰੀਏ। ਜਿੱਥੇ ਹਰੀ ਸਿਮਰਨ ਹੁੰਦਾ ਹੈ ਉੱਥੇ ਸਾਰੇ ਝਗੜੇ ਖਤਮ ਹੋ ਜਾਂਦੇ ਹਨ। ਵੱਡੇ ਭਾਗ ਹਨ ਉਨ੍ਹਾਂ ਜੋ ਹਰੀ ਪ੍ਰਭੂ ਦਾ ਨਾਮ ਜਪਦੇ ਹਨ। ਗੁਰੂ ਸਾਹਿਬ ਨੇ ਕਿਹਾ ਜਿਸ ਨੂੰ ਗੁਰੂ ਸਾਹਿਬ ਇਹ ਨਾਮ ਜਪਣ ਦੀ ਮੱਤ ਬਖਸ਼ਿਸ਼ ਕਰ ਦਿੰਦੇ ਹਨ ਉਹ ਨਾਮ ਜਪ ਕੇ ਇਸ ਸੰਸਾਰ ਭਵਜਲ ਤੋਂ ਤਰ ਜਾਂਦੇ ਹਨ। “ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥ ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥ ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥ ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ॥(ਪੰਨਾ-੬੬੯-੬੭੦)”

ਅਰਥਾਂ ਦਾ ਸਹੀ ਮਿਲਾਨ ਕਰੋਃ-
ਪੂਰਕ ———— ਸਾਰੀਆਂ ਵਾਸ਼ਨਾ ਪੂਰੀ ਕਰਨ ਵਾਲੀ ਸਵਰਗ ਦੀ ਗਾਂ।
ਕਾਮਧੇਨ ——————-ਪੂਰੀਆਂ ਕਰਨ ਵਾਲਾ।
ਉਪਾਧਿ ———-/——— ਸੰਸਾਰ ਸਮੁੰਦਰ
ਭਉਜਲੁ ——————- ਝਗੜਾ, ਬਖੇੜਾ
ਹਲਤਿ ——————— ਪਰਲੋਕ ਵਿੱਚ
ਪਲਤਿ ———————ਇਸ ਲੋਕ ਵਿੱਚ
ਪ੍ਰਃ ੧. ਗੁਰੂ ਸਾਹਿਬ ਨੇ ਕਾਮਧੇਨ ਗਾਂ ਬਾਰੇ ਕੀ ਵਿਚਾਰ ਦਿੱਤੀ ਸੀ?
ਪ੍ਰਃ ੨. ਜੇ ਕੋਈ ਕਾਮਧੇਨ ਗਾਂ ਹੈ ਵੀ ਤਾਂ ਉਹ ਕਿਸ ਦੇ ਵੱਸ ਵਿੱਚ ਹੈ?
ਪਃ ੩. ਗੁਰੂ ਦੇ ਸਿੱਖ ਨੂੰ ਕਿਸ ਦਾ ਸਿਮਰਨ ਕਰਨਾ ਚਾਹੀਦਾ ਹੈ?
ਪ੍ਰਃ ੪. ਪ੍ਰਭੂ ਦਾ ਸਿਮਰਨ ਕਰਨ ਦਾ ਕੀ ਲਾਭ ਹੈ?
ਪ੍ਰਃ ੫. ਜਿਸ ਹਿਰਦੇ ਵਿੱਚ ਪ੍ਰਭੂ ਦਾ ਸਿਮਰਨ ਵੱਸ ਜਾਂਦਾ ਹੈ ਉੱਥੇ ਕੀ ਕਲ੍ਹਾ ਵਰਤਦੀ ਹੈ?

ਖਾਲੀ ਥਾਂ ਭਰੋਃ-
ੳ. ਫੈਸਲਾ ਹੋਇਆ ਗੁਰੂ —————-ਜੀ ਪਾਸ ਜਾਇਆ ਜਾਏ।
ਅ. ਜੋ ਸਾਨੂੰ ਚਾਹੀਦਾ ਹੈ ਪ੍ਰਭੂ —————- ਮੰਗਿਆਂ ਹੀ ਦੇ ਦਿੰਦਾ ਹੈ।
ੲ. ਜਿਸ ਦੇ ਜਪਣ ਨਾਲ ਮੁੱਖ ———— ਹੁੰਦਾ ਹੈ ਉਸ ਪਵਿੱਤਰ ਕਾਲਖ ਰਹਿਤ ਪ੍ਰਭੂ ਦਾ ਨਿੱਤ ਹੀ —————ਕਰੀਏ।
ਸ. ਜਿੱਥੇ ਹਰੀ ਸਿਮਰਨ ਹੁੰਦਾ ਹੈ ਉੱਥੇ ਸਾਰੇ —————ਖਤਮ ਹੋ ਜਾਂਦੇ ਹਨ।

ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫੋਨ- ੬੪੭੭੭੧੪੯੩੨

Leave a Reply

Your email address will not be published. Required fields are marked *