History

ਭਾਈ ਮਨੀ ਸਿੰਘ


ਭਾਈ ਮਨੀ ਸਿੰਘ ਜੀ ਦਾ ਸੁਨਾਮ ਦੇ ਨੇੜੇ ਪਿੰਡ ਕੈਂਬੋਵਾਲ, ੧੦ ਮਾਰਚ ੧੬੪੪ ਈ: ਨੂੰ ਮਾਈ ਦਾਸ ਜੀ ਦੇ ਘਰ ਮਾਤਾ ਮਧੁਰੀ ਬਾਈ ਜੀ ਦੀ ਕੁੱਖੋਂ ਹੋਇਆ। ਮਾਂ-ਪਿਓ ਨੇ ਇਨ੍ਹਾ ਦਾ ਨਾਮ ਮਨੀਆ ਰਖ ਦਿਤਾ।ਭਾਈ ਮਨੀ ਸਿੰਘ ਜੀ ਦੇ ਵਡਿਕੇ ਇਨ੍ਹਾਂ ਦੇ ਦਾਦਾ ਜੀ ਦੇ ਦਾਦਾ ਭਾਈ ਰਾਓ ਜੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸਿਖ ਬਣ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਾ ਵਿਚ ਰਹਿਣ ਲਗੇ। ਇਹਨਾ ਦੇ ਦਾਦਾ ਭਾਈ ਬੱਲੂ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ਼ ਦੇ ਜਰਨੈਲ ਰਹਿ ਚੁਕੇ ਸਨ, ਜੋ ਬਹੁਤ ਸੂਰਬੀਰ ਯੋਧਾ ਸੀ। ਭਾਈ ਮਨੀ ਸਿੰਘ, ਕੁਲ ਮਿਲਾ ਕੇ 12  ਭਰਾ ਸੀ, ਜਿਨ੍ਹਾ ਵਿਚੋਂ  ਇਕ ਦੀ ਬਚਪਨ  ਵਿਚ ਹੀ ਮੋਤ ਹੋ ਗਈ, ਗਿਆਰਾਂ ਭਰਾ ਪੰਥ ਲਈ ਸ਼ਹੀਦ ਹੋਏ ਜਿਨ੍ਹਾ ਵਿਚੋ ਇਕ ਭਾਈ ਦਿਆਲਾ ਚਾਂਦਨੀ ਚੋਕ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸ਼ਹੀਦ ਹੋਇਆ। ਇਹ ਪਰਿਵਾਰ ਸ਼ਹੀਦਾ ਦਾ ਪਰਿਵਾਰ ਕਿਹਾ ਜਾਂਦਾ ਹੈ ਕਿਓਂਕਿ ਇਕਲੇ ਭਾਈ ਮਨੀ ਸਿੰਘ ਦੇ ਪਰਿਵਾਰ ਵਿਚ ਭਾਈ ਮਨੀ ਸਿੰਘ ਜੀ ਦਾ ਦਾਦਾ ਸ਼ਹੀਦ, ਉਨ੍ਹਾ ਸਮੇਤ ਇਹ 11  ਭਰਾ ਸ਼ਹੀਦ, 10 ਪੁਤਰ ਸਾਰੇ ਸ਼ਹੀਦ ਅਤੇ ਪੁਤਰ ਤੇ ਅਗੋਂ ਭਰਾਵਾਂ ਦੇ ਪੁਤਰ, ਪੁੱਤਰਾਂ ਦੇ ਪੁੱਤਰ ਯਾਨੀ ਕੁਲ ਮਿਲਾਕੇ ੫੩ ਸ਼ਹੀਦ ਹੋਏ  ਹਨ। ਉਹ ਮਸਾ 13 ਕੁ  ਵਰਿਆਂ ਦੇ ਸਨ ਜਦ ਇਹ ਪਰਿਵਾਰ ਗੁਰੂ ਹਰ ਰਾਇ ਸਾਹਿਬ ਦੇ ਦਰਸ਼ਨ ਕਰਨ ਕੀਰਤ ਪੁਰ ਆਏ ਤੇ ਮਨੀ ਸਿੰਘ ਨੂੰ ਇਥੇ ਹੀ ਗੁਰੂ ਸਾਹਿਬ ਕੋਲ ਛਡ ਕੇ ਚਲੇ ਗਏ। ਪੰਦਰਾ ਸਾਲ ਦੀ ਉਮਰ ਵਿਚ ਇਨ੍ਹਾ ਦੀ ਸ਼ਾਦੀ ਲਖੀ ਸ਼ਾਹ ਦੀ ਪੁਤਰੀ ਬੀਬੀ ਸੀਤੋ ਨਾਲ ਹੋਈ ਜੋ ਅੰਮ੍ਰਿਤ ਛੱਕਣ ਤੋਂ ਬਾਅਦ ਬਸੰਤ ਕੌਰ ਬਣ ਗਈ। ਕੁਝ ਦੇਰ ਵਿਆਹੁਤਾ ਜੀਵਨ ਗੁਜਾਰਨ ਤੋਂ ਬਾਅਦ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸੇਵਾ ਵਿਚ ਦਿਲੀ ਆ ਗਏ।
ਗੁਰੂ ਸਹਿਬ ਦੀ ਆਗਿਆ ਲੈਕੇ ਕੁਝ ਸਮੇ ਲਈ ਘਰ ਗਏ ਪਰ ਕੁਝ ਸਮੇਂ ਬਾਅਦ ਮੁੜ ਆਪਣੇ ਦੋ ਭਰਾਵਾਂ ਨਾਲ ਅਨੰਦਪੁਰ ਸਾਹਿਬ ਵਾਪਸ ਆ ਗਏ।ਇਹ ਇਕ ਮਹਾਨ ਸਹਿਤਕਾਰ, ਫਿਲੋਸਫਰ ਅਤੇ ਦਮਦਮੀ ਬੀੜ, ਗੁਰੂ ਗਰੰਥ ਸਾਹਿਬ ਦੇ ਪਹਿਲੇ ਲਿਖਾਰੀ ਵੀ ਸਨ, ਜਿਨ੍ਹਾ ਨੇ ਗੁਰੂ ਗੋਬਿੰਦ ਸਿੰਘ ਜੀ ਅਗਵਾਈ ਹੇਠ ਗੁਰੂ ਗਰੰਥ ਸਾਹਿਬ ਲਿਖਿਆ ਤੇ ਬਾਬਾ ਦੀਪ ਸਿੰਘ ਜੀ ਦੀ ਮਦਦ ਨਾਲ ਇਨ੍ਹਾ ਦੀਆਂ ਕਈ ਕਾਪੀਆਂ ਹਥ ਨਾਲ ਲਿਖ ਲਿਖ ਕੇ ਸਿਖੀ ਪ੍ਰਚਾਰ ਅਤੇ  ਪ੍ਰਸਾਰ ਲਈ ਦੂਰ ਦੁਰਾਡੇ ਬੈਠੇ ਸਿਖਾਂ ਵਿਚ ਵੰਡੀਆਂ।
ਭਾਈ ਮਨੀ ਸਿੰਘ ਸਿਰਫ ਕਲਮ ਦੇ ਧਨੀ ਹੀ ਨਹੀਂ ਸੀ ਬਲਿਕ ਤਲਵਾਰ ਦੇ ਵੀ ਧਨੀ ਸੀ। ਪਾਉਂਟਾ ਸਾਹਿਬ ਵਿਖੇ ਭੰਗਾਣੀ ਦੇ ਜੰਗ ਵਿੱਚ ਭਾਈ ਮਨੀ ਸਿੰਘ ਜੀ ਨੇ ਬਾਕੀ ਗੁਰਸਿੱਖਾਂ ਨਾਲ ਰਲ ਕੇ ਸੂਰਮਗਤੀ ਦੇ ਉਹ ਜੌਹਰ ਵਿਖਾਏ  ਕਿ ਦੇਖਣ ਤੇ ਪੇਖਣ ਵਾਲੇ ਦੰਗ ਰਹਿ ਗਏ। ਇਸ ਜੰਗ ਵਿਚ ਆਪ ਜੀ ਦੇ ਭਰਾ ਹਰੀ ਚੰਦ ਜੀ ਸ਼ਹੀਦੀ ਪਾ ਗਏ ਸਨ। ਬਾਬਾ ਰਾਮ ਰਾਏ ਦੀ ਬਰਸੀ ਤੇ ਗਏ ਅਤੇ ਉੱਥੇ ਗੁਰਬਖਸ਼ ਰਾਏ ਮਸੰਦ ਨੇ ਜਦ ਤਾਬਿਆ ਬੈਠਿਆ ਹੀ ਮੰਦੇ ਬਚਨ ਬੋਲੇ ਤਾਂ ਭਾਈ ਮੰਨੀ ਸਿੰਘ ਜੀ ਨੇ ਬਾਹੋ ਫੜ ਕੇ ਉਠਾ ਦਿੱਤਾ ਸੀ। ਸੰਨ ੧੬੮੮ ਨੂੰ ਨਾਦੌਣ ਦੀ ਜੰਗ ਵਿਚ ਆਪ ਦੀ ਸੂਰਮਗਤੀ ਤੇ ਗੁਰੂ ਸਿਦਕ ਨੂੰ ਵੇਖ ਕੇ ਗੁਰੂ ਪਾਤਸ਼ਾਹ ਨੇ ਆਪ ਨੂੰ ਦੀਵਾਨ (ਪ੍ਰਧਾਨ ਮੰਤਰੀ) ਦੀ ਉਪਾਧੀ ਬਖ਼ਸ਼ੀ।
ਦੀਵਾਨ ਹੋਣ ਦੇ ਨਾਤੇ ਉਨ੍ਹਾ ਨੂੰ ਮਾਲੀ, ਸਿਆਸੀ ਤੇ ਪ੍ਰਬੰਧਕੀ ਮਾਮਲਿਆਂ ਵਲ ਵੀ ਧਿਆਨ ਦੇਣਾ ਪੈਂਦਾ। ਇਤਨਾ ਕੁਝ ਕਰਦਿਆਂ ਫਿਰ ਵੀ ਆਪ ਗੁਰੂ ਗਰੰਥ ਸਾਹਿਬ ਦੇ ਅਰਥਾਂ ਦਾ ਗਿਆਨ ਕਰਨ ਲਈ ਸਮਾ ਕਢ ਲੈਂਦੇ ਤੇ ਹਰ ਰੋਜ਼ ਸਿਖ ਸੰਗਤਾਂ ਨੂੰ ਕੀਰਤਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਵਿਚੋਂ ਕਥਾ ਸੁਣਾਦੇ। ਹਰਿਮੰਦਰ ਸਾਹਿਬ ਵਿਖੇ ਸੋਢੀ ਹਰਿ ਰਾਇ ਦੇ ਚਲਾਣੇ ਉਪਰੰਤ ਦਰਬਾਰ ਸਾਹਿਬ ਤੇ ਅਕਾਲ ਤਖਤ ਦੀ ਦੇਖ ਭਾਲ, ਸੇਵਾ ਤੇ ਪ੍ਰਬੰਧ ਵਿਚ ਕਈ ਊਣਤਾਈਆਂ ਆ ਗਈਆਂ।
ਸੋ ਸਾਧ-ਸੰਗਤ ਦੀ ਬੇਨਤੀ ਅਤੇ ਭਾਈ ਮਨੀ ਸਿੰਘ ਦੀ ਵਿਦਵਤਾ ਤੇ ਗਿਆਨ ਨੂੰ ਦੇਖਦੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਹਰਮੰਦਿਰ ਸਹਿਬ ਤੇ ਅਕਾਲ ਬੁੰਗੇ ਦਾ ਸੇਵਾਦਾਰ ਨਿਯੁਕਤ ਕਰਕੇ ਅਮ੍ਰਿਤਸਰ ਭੇਜ ਦਿਤਾ। ਉਥੇ ਜਾਕੇ ਸੋਢੀਆਂ ਦੇ ਅਡੰਬਰ ਬੰਦ ਕਰਵਾਕੇ, ਗੁਰ ਮਰਯਾਦਾ ਦਾ ਪ੍ਰਵਾਹ ਚਲਾਇਆ। ਬੇਲੋੜੀਆਂ ਮਰਿਆਦਾਵਾਂ ਨੂੰ ਸਮਾਪਤ ਕਰਕੇ ਗੁਰੂ ਅਰਜਨ ਦੇਵ ਜੀ ਵਲੋਂ ਸ੍ਰੀ ਦਰਬਾਰ ਸਾਹਿਬ ਤੇ ਗੁਰੂ ਹਰਗੋਬਿੰਦ  ਸਿੰਘ ਜੀ ਵਲੋਂ ਅਕਾਲ ਤਖਤ ਦੀ ਸਥਾਪਤ ਤੇ ਪ੍ਰਮਾਣਿਤ ਗੁਰ-ਮਰਿਆਦਾ ਨੂੰ ਲਾਗੂ ਕੀਤਾ। ਨਿਤਨੇਮ, ਕੀਰਤਨ ਤੇ ਕਥਾ ਦਾ ਪ੍ਰਵਾਹ ਚਾਲੂ ਕੀਤਾ ਜਿਸ ਸਦਕਾ ਦਰਬਾਰ ਸਾਹਿਬ ਵਿਚ ਪੁਰਾਣੀਆਂ ਰੋਣਕਾਂ ਮੁੜ ਪਰਤ ਆਈਆਂ।
1699 ਦੀ ਵਿਸਾਖੀ ਵਾਲੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਖਾਲਸਾ ਪੰਥ ਦੀ ਸਥਾਪਨਾ ਸਮੇਂ ਪਹਿਲੇ ਪੰਜ ਪਿਆਰਿਆਂ ਤੋਂ ਬਾਅਦ ਜੋ ਦੂਜਾ ਜਥਾ ਗਿਆਰਾਂ ਸਿੰਘਾਂ ਦਾ ਤਿਆਰ ਹੋਇਆ ਸੀ ਉਸ ਵਿੱਚ ਭਾਈ ਮਨੀ ਸਿੰਘ ਜੀ ਉਨ੍ਹਾਂ ਦੇ ੬ ਪੁਤਰਾਂ ( ਚਿਤ੍ਰ ਸਿੰਘ, ਬਚਿੱਤਰ ਸਿੰਘ, ਉਦੈ ਸਿੰਘ, ਅਨਿਕ ਸਿੰਘ, ਅਜੈ ਸਿੰਘ ਤੇ ਅਜੈਬ ਸਿੰਘ) ਨੇ ਅਮ੍ਰਿਤ ਪਾਨ ਕੀਤਾ। ਹੁਣ ਆਪਜੀ ਦਾ ਨਾਮ  ਭਾਈ ਮਨੀ ਸਿੰਘ ਹੋ ਗਿਆ। ਅੰਮ੍ਰਿਤ ਪ੍ਰਚਾਰ ਦੀ ਲਹਿਰ ਵਿਚ ਹਿਸਾ ਲੈਕੇ ਸਿੱਖੀ ਦਾ ਭਰਪੂਰ ਪ੍ਰਚਾਰ ਕੀਤਾ। ਜਦ ਭਾਈ ਮਨੀ ਸਿੰਘ ਜੀ ਦੇ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਕਈ ਵਰ੍ਹੇ ਬੀਤ ਗਏ ਤਾਂ ਉਹ  ਅਨੰਦਪੁਰ ਸਾਹਿਬ ਗੁਰੂ ਦਰਸ਼ਨਾਂ ਲਈ ਆਏ। 1703 ਵਿਚ ਭਾਈ ਮਨੀ ਸਿੰਘ ਜੀ ਦੀ ਉਤਮ ਸੇਵਾ, ਨਿਮਰਤਾ ਤੇ ਸਰਬ-ਪਖੀ ਗੁਣਾਂ ਤੋ ਪ੍ਰਸੰਨ ਹੋਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾ ਨੂੰ ਇਕ ਮਹਤਵ ਪੂਰਨ ਹੁਕਮਨਾਮਾ ਬਖਸ਼ਿਆ ਜਿਸਤੋਂ ਧੰਨ ਹੋਕੇ  ਇਹ ਮੁੜ ਦਰਬਾਰ ਸਾਹਿਬ ਦੀ ਸੇਵਾ ਵਿਚ ਆਕੇ ਜੁਟ ਗਏ।
“ੴ ਸਤਿਗੁਰ ਪ੍ਰਸਾਦਿ॥”
ਸ੍ਰੀ ਸਤਿਗੁਰੂ ਜੀ ਦੀ ਆਗਿਆ ਹੈ। ਭਾਈ ਬਚਿਤਰ ਸਿੰਘ ਜੀ, ਭਾਈ ਉਦੈ ਸਿੰਘ ਜੀ, ਭਾਈ ਅਨਿਕ ਸਿੰਘ ਜੀ, ਭਾਈ ਅਜਬ ਸਿੰਘ ਜੀ, ਭਾਈ ਅਜਾਇਬ ਸਿੰਘ ਜੀ, ਨਾਇਕ ਮਾਈ ਦਾਨੁ ਵੋਇ ਮਨੀ ਸਿੰਘ ਨੂੰ ਵਾਹਿਗੁਰੂ ਸ਼ਰਨ ਰੱਖੇਗਾ। ਤੁਸੀਂ ਮੇਰੇ ਪੁੱਤਰ ਫਰਜੰਦਹ ਖਾਨੇਜਾਦੇ ਹੋ। ਤੁਸਾਂ ਉਪਰ ਮੇਰੀ ਖੁਸ਼ੀ ਹੈ। ਸਭ ਵਰਤਾਰੇ ਦੇ  ਤੁਸੀਂ ਮਹਿਰਮ ਹੋ। ਹੋਰ ਕੌਡੀ, ਦਮੜੀ, ਪੈਸਾ, ਧੇਲਾ, ਰੁਪਿਆ ਰੱਛਿਆ ਦਾ ਅਸਾ ਨੂੰ ਦੇਵੇਗਾ। ਇਹ ਮੇਰੇ ਫਰਜੰਦ ਹੈਨ। ਸਿੱਖਾਂ ਪੁੱਤਾਂ ਦਾ ਸੇਵਾ ਦਾ ਵੇਲਾ ਹੈ, ਜੋ ਲੋਚ ਕੇ ਸੇਵਾ ਕਰੋਗੇ ਤੁਸਾਡੀ ਸੇਵਾ ਥਾਇੰ ਪਵੇਗੀ। ਤੁਸਾਂ ਉਪਰ ਵਾਹਿਗੁਰੂ ਰੱਛਿਆ ਕਰੇਗਾ। ਸੰਮਤ ੧੭੬੦ ਮਿਤੀ ਕੱਤਕ”।
ਆਪ ਅਮ੍ਰਿਤਸਰ ਦੀ ਸੇਵਾ  ਨਿਭਾਂਦਿਆਂ ਗੁਰੂ ਸਾਹਿਬ ਨਾਲ ਆਪਣਾ ਤਾਲ ਮੇਲ ਹਮੇਸ਼ਾ ਬਣਾਈ ਰਖਦੇ। ਆਪ ਗੁਰੂ ਸਾਹਿਬ ਦਾ ਆਨੰਦਪੁਰ ਛਡਣ ਤੋਂ ਲੈਕੇ ਚਮਕੋਰ ਦੀ ਗੜੀ ਤਕ ਵੈਰੀਆ ਨਾਲ ਲੜੇ। ਜੰਗਾਂ ਸਮੇ ਜਿਥੇ ਗੁਰੂ ਸਾਹਿਬ ਦਾ ਪਰਿਵਾਰ ਤੇ ਅਨੇਕਾਂ ਸਿੰਘ ਸਿੰਘਣੀਆਂ ਸਹੀਦ ਹੋਈਆਂ ਉਥੇ ਭਾਈ ਮਨੀ ਸਿੰਘ ਜੀ ਦੇ ਪੰਜ ਪੁਤਰਾਂ ਨੇ ਵੀ ਸ਼ਹਾਦਤ ਦੇ ਜਾਮ ਪੀਤੇ। ਮਾਲਵੇ ਦੀ ਧਰਤੀ ਨੂੰ ਭਾਗ ਲਾਉਂਦਿਆਂ ਜਦ ਗੁਰੂ ਦਸ਼ਮੇਸ਼ ਜੀ ਸਾਬੋਂ  ਕੀ ਤਲਵੰਡੀ ਪਹੁੰਚੇ ਤਾਂ ਇਥੇ ਵੀ ਭਾਈ ਮਨੀ ਸਿੰਘ ਜੀ ਕੁਝ ਸਿੰਘਾਂ ਸਮੇਤ ਆਪਜੀ ਦੇ ਦਰਸ਼ਨ ਕਰਨ ਆਏ।
ਜਦ ੧੭੦੪ ਈ: ਵਿਚ ਗੁਰੂ ਸਾਹਿਬ ਨੇ ਆਨੰਦਪੁਰ ਛਡਿਆ ਤਾਂ ਗੁਰੂ ਸਾਹਿਬ ਦੀ ਆਗਿਆ ਨਾਲ ਦੋਨੋ ਮਾਤਾਵਾਂ, ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਦੀ ਅਗਵਾਈ ਤੇ ਜਿਮੇਦਾਰੀ ਭਾਈ ਮਨੀ ਸਿੰਘ ਜੀ ਨੂੰ ਸੋਂਪੀ ਗਈ। ਬਿਖੜੇ ਪੈਂਡਾ ਤਹਿ ਕਰਕੇ ਜਦ ਉਹ ਦਿਲੀ ਵਲ ਨੂੰ ਨਿਕਲ ਗਏ ਤਾਂ ਉਥੇ ਰਹਿ ਕੇ ਉਹ ਦੋਨੋ ਮਾਤਾਵਾਂ  ਦੀ ਸੇਵਾ ਵਿਚ ਰਹੇ। ਉੱਥੋਂ ਉਹ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਨਾਲ ਗੁਰੂ ਦਸ਼ਮੇਸ਼ ਪਿਤਾ ਦੀ ਹਜੂਰੀ ਵਿਚ ਦਮਦਮਾ ਸਾਹਿਬ ਪਹੁੰਚੇ। ਆਪਜੀ ਗੁਰੂ ਸਾਹਿਬ ਕੋਲ ਸਾਹਿਬੋਂ ਕੀ ਤਲਵੰਡੀ ਵੀ ਪਹੁੰਚੇ, ਜਿਥੇ ਸਤਿਗੁਰੂ ਦੇ ਹੁਕਮ ਤੇ ਸਰਵਪ੍ਰਸਤੀ ਹੇਠ ਗੁਰੂ ਗਰੰਥ ਸਾਹਿਬ ਵਿਚ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਦਰਜ ਕਰਕੇ ਗਰੰਥ ਸਾਹਿਬ ਨੂੰ ਸੰਪੂਰਨ ਕੀਤਾ ਤੇ ਇਸ ਸੰਪੂਰਨ ਪਵਿਤਰ ਗ੍ਰੰਥ ਨੂੰ  ਦੂਰ ਦੂਰ ਦੀਆਂ ਸੰਗਤਾਂ ਨੂੰ ਭੇਜਣ ਲਈ ਕਈ ਉਤਾਰੇ ਕੀਤੇ। ਜਦ ਗੁਰੂ ਗੋਬਿੰਦ ਸਿੰਘ ਜੀ, ਔਰੰਗਜ਼ੇਬ ਨੂੰ ਮਿਲਣ ਦਖਣ ਵਲ ਰਵਾਨਾ ਹੋਏ ਤਾ ਬ੍ਘੋਰ ਤਕ ਇਹ ਗੁਰੂ ਸਾਹਿਬ ਦੇ ਨਾਲ ਸਨ। ਇਥੋਂ ਗੁਰੂ ਸਾਹਿਬ ਆਪ ਤਾਂ ਦਖਣ ਵਲ ਰਵਾਨਾ ਹੋ ਗਏ ਤੇ ਭਾਈ ਮਨੀ ਸਿੰਘ ਜੀ ਨੂੰ ਵਾਪਸ ਅਮ੍ਰਿਤਸਰ ਭੇਜ ਦਿਤਾ।
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਣ ਉਪਰੰਤ ਸਿਖ ਸੰਗਠਨ ਨੂੰ ਕਾਇਮ ਤੇ ਮਜਬੂਤ ਰਖਣਾ ਇਕ ਮਹਤਵ ਪੂਰਨ ਮੁਦਾ ਸੀ ਜਿਸਨੂੰ ਭਾਈ ਮਨੀ ਸਿੰਘ ਜੀ ਨੇ ਚਣੋਤੀ ਸਮਝਕੇ   ਆਪਣੀ ਸੂਝ ਬੂਝ ਦੇ ਨਾਲ ਇਸ ਨੂੰ ਚੜਦੀਆਂ ਕਲਾਂ ਵਿਚ ਰਖਣ ਲਈ ਪੂਰਾ ਪੂਰਾ ਸਾਥ  ਦਿਤਾ। ਖਾਲਸਾ ਪੰਥ ਵਿਚ ਪੰਥਕ ਜਜ੍ਬਾ ਸੰਚਾਰ ਕਰਨ ਖਾਤਿਰ ਦੁਸਹਿਰੇ ਤੇ ਦਿਵਾਲੀ ਦੇ ਮੋਕਿਆਂ ਤੇ ਸੰਗਤਾਂ ਨੂੰ ਅਮ੍ਰਿਤਸਰ ਇੱਕਠੇ ਹੋਣ ਲਈ ਪ੍ਰੇਰਿਆ ਜਿਸ ਨਾਲ  ਸੰਗਤਾ ਇੱਕਤਰ ਹੋਕੇ ਸਤਿਗੁਰਾਂ ਦੇ ਦਰਬਾਰ ਵਿਚ ਨਤਮਸਤਕ ਹੁੰਦੀਆਂ, ਉਥੇ ਭਰਪੂਰ ਵਿਚਾਰਾਂ ਵੀ ਹੁੰਦੀਆਂ।।
ਬਾਬਾ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਕੁਝ ਕਾਰਣਾ ਕਰਕੇ ਖਾਲਸਾ ਜਥੇਬੰਦੀ ਟੁਟ ਗਈ। ਖਾਲਸਾ ਦਲ ਦੋ ਹਿਸਿਆਂ ਵਿਚ ਵੰਡਿਆ ਗਿਆ, ਬੰਦਈ ਖਾਲਸਾ ਜਿਸਦਾ ਜਥੇਦਾਰ ਅਮਰ ਸਿੰਘ ਅਤੇ ਤੱਤ ਖਾਲਸਾ ਜਿਸਦਾ ਜਥੇਦਾਰ ਭਾਈ ਕਾਹਨ ਸਿੰਘ ਸੀ ਵਿੱਚ ਆਪਸੀ ਮਤ ਭੇਦ ਹੋ ਗਿਆ ਤਾਂ ਮਾਤਾ ਸੁੰਦਰੀ ਜੀ ਨੇ ਇਨ੍ਹਾ ਦਾ ਝਗੜਾ ਨਿਬੇੜਨ ਲਈ ਭਾਈ ਮਨੀ ਸਿੰਘ ਜੀ ਨੂੰ ਫਿਰ  ਅਮ੍ਰਿਤਸਰ  ਭੇਜ ਦਿਤਾ।   ਬੰਦਈ ਖਾਲਸਾ ਚਾਹੰਦਾ ਸੀ ਕੀ ਗਿਆਰਵੇਂ ਗੁਰੂ ਬੰਦਾ ਸਿੰਘ ਬਹਾਦਰ ਨੂੰ ਮੰਨਿਆ ਜਾਵੇ  ਜਦ ਕੀ ਤਤ ਖਾਲਸਾ ਗੁਰੂ ਗੋਬਿੰਦ ਸਿੰਘ ਦੇ ਹੁਕਮ ਅਨੁਸਾਰ ਗੁਰੂ ਗਰੰਥ ਸਾਹਿਬ ਨੂੰ ਗੁਰੂ ਮੰਨਦੇ ਸੀ। ਦੋਨੋ ਧਿਰਾਂ ਆਪਣੀ ਆਪਣੀ ਜਗਹ ਡਟੀਆਂ ਰਹੀਆਂ ਤੇ ਆਪਸੀ ਖਿਚੋਤਾਣ ਵਧ ਗਈ। ਉਸੇ ਸਾਲ ਵੈਸਾਖੀ ਦੇ ਮੋਕੇ ਤੇ ਬੰਦਈ ਤੇ ਤਤ ਖਾਲਸੇ ਵਿਚ ਖੁਲਮ-ਖੁਲਾ ਲੜਾਈ ਹੋਣ ਦੀ ਤਿਆਰੀ ਹੋਣ ਲਗੀ।  ਇਸ ਮਸਲੇ ਨੂੰ ਵੀ ਭਾਈ ਮਨੀ ਸਿੰਘ ਜੀ ਨੇ ਅਮਨ-ਅਮਾਨ ਨਾਲ ਸੁਲਝਾਇਆ। ਦੋ ਪਰਚੀਆਂ ਇਕ “ਫਤਹਿ ਦਰਸ਼ਨ” ਤੇ ਦੂਜੀ ,” ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ” ਲਿਖ ਕੇ  ਹਰ ਕੀ ਪੋੜੀ ਅਮ੍ਰਿਤ  ਸਰੋਵਰ ਵਿਚ ਪਾਈਆਂ ਤੇ ਫੈਸਲਾ ਕੀਤਾ ਕੀ ਜੋ ਪਰਚੀ ਪਹਿਲੇ ਉਪਰ  ਆਏਗੀ , ਉਹੀ ਅਕਾਲ ਪੁਰਖ ਦਾ ਹੁਕਮ  ਹੋਵੇਗਾ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਲੀ ਪਰਚੀ ਉਪਰ ਆ ਗਈ। ਸਭ  ਨੇ  ਜੈਕਾਰੇ ਛਡੇ ਅਤੇ ਫੈਸਲਾ ਹੋ ਗਿਆ। ਉਨ੍ਹਾ ਦੀ ਸੁਚਜੀ ਅਗਵਾਈ ਨਾਲ ਮਾਮਲਾ ਨਜਿਠਿਆ ਗਿਆ ਤੇ ਸਿਖਾਂ ਵਿਚ ਮੁੜ ਏਕਤਾ ਹੋ ਗਈ।
ਸ੍ਰੀ ਅਮ੍ਰਿਤਸਰ ਵਿਚ ਦੀਵਾਲੀ ਦਾ ਜੋੜ ਮੇਲਾ ਤੇ ਸਰੋਵਰ ਵਿਚ ਇਸ਼ਨਾਨ ਕਰਨਾ , ਮੁਗਲ ਸਰਕਾਰ ਨੇ ਕਈ ਵਰਿਆਂ ਤੋਂ ਬੰਦ ਕੀਤਾ ਹੋਇਆ ਸੀ। ਭਾਈ ਮਨੀ ਸਿੰਘ ਜੋ ਇਸ ਵਕਤ ਤਕ ੯੦ ਸਾਲਾਂ ਦੇ ਹੋ ਚੁਕੇ ਸੀ, ਨੇ ਆਪਣੇ ਹੋਰ ਮੁਖੀ ਸਿੰਘਾ ਨਾਲ ਸਲਾਹ ਕੀਤੀ ਕਿ ਆਉਂਦੀ ਦਿਵਾਲੀ ਸਮੇਂ ਖਾਲਸੇ ਨੂੰ ਇਕੱਠ ਕਰ ਕੇ ਮੇਲਾ ਅਮ੍ਰਿਤਸਰ ਕੀਤਾ ਜਾਵੇ। ਆਪਸੀ ਮੇਲ-ਜੋਲ ਨਾਲ ਪੰਥਕ ਹਿਤਾਂ ਤੇ ਚੜਦੀ ਕਲਾ ਦੇ ਮਾਮਲੇ ਤੇ ਵਿਚਾਰ ਵੀ ਕੀਤਾ ਜਾ ਸਕੇ।  ਸਿੰਘਾਂ ਨੇ ਮਿਲ ਕੇ  ਲਾਹੋਰ ਦੇ ਸੂਬੇ ਜਕਰੀਆਂ ਖਾਨ ਨਾਲ ਗਲ ਬਾਤ ਕੀਤੀ  ਤੋ ਇਜਾਜ਼ਤ ਵੀ ਲੈ ਲਈ ਇਸ ਸ਼ਰਤ ਤੇ  ਕਿ ਸਿਖ ਕੋਈ ਗੜਬੜ ਨਹੀਂ ਕਰਨਗੇ। ਜ਼ਕਰਿਆਂ ਖਾਨ ਨੇ ਹਾਂ ਤਾਂ ਕਰ ਦਿਤੀ ਪਰ  ਇਸਦੇ ਇਵਜ਼ ਵਜੋ ੧੦੦੦੦ ਰੁਪੇ  ਟੈਕ੍ਸ ਲਾ ਦਿਤਾ ਗਿਆ । ਭਾਈ ਮਨੀ ਸਿੰਘ ਨੇ ਦੂਰ ਦੂਰ ਤਕ ਸੰਗਤਾਂ ਨੂੰ  ਲਿਖਤੀ ਸਨੇਹੇ ਭੇਜ ਦਿਤੇ। ਬਾਅਦ ਵਿਚ ਜਕਰੀਆਂ ਖਾਨ ਦੀ ਨੀਅਤ ਖਰਾਬ ਹੋ ਗਈ ਤੇ ਉਸਨੇ ਸੋਚਿਆਂ ਕੀ ਇਸਤੋਂ ਵਧੀਆ ਕਿਹੜਾ ਮੋਕਾ ਹੋਵੇਗਾ ਸਿਖਾਂ ਦਾ ਖੁਰਾ  ਖੋਜ ਮਿਟਾਣ ਦਾ, ਇਸ ਇੱਕਠ ਨੂੰ ਇਕੋ ਵਾਰੀ ਵਿਚ ਖਤਮ ਕੀਤਾ ਜਾਵੇ । ਅੰਦਰੋਂ ਅੰਦਰੀਂ ਉਸਨੇ ਪੂਰੀ ਤਿਆਰੀ ਕਰ ਲਈ। ਪਰ ਕਿਸੇ ਤਰੀਕੇ ਨਾਲ ਭਾਈ ਮਨੀ ਸਿੰਘ ਜੀ ਨੂੰ ਇਸਦੀ ਸੂਚਨਾ ਮਿਲ ਗਈ।   ਉਹਨਾ ਨੇ ਦੁਬਾਰਾ ਚਿਠੀਆਂ ਲਿਖਕੇ ਇਹ ਪ੍ਰੋਗਰਾਮ ਰਦ ਕਰਣ ਦਾ ਸਨੇਹਾ ਸੰਗਤਾਂ ਨੂੰ  ਦੇ ਦਿਤਾ ਤੇ ਸਭ ਨੂੰ ਆਣ ਲਈ ਮਨਾ ਕਰ ਦਿਤਾ ਪਰ ਕਈ ਜਿਨ੍ਹਾ ਨੂੰ ਵਕਤ ਤੇ ਚਿਠੀ ਨਹੀਂ ਮਿਲੀ ਉਹ ਆ ਗਏ। ਜਕਰੀਆ ਖਾਨ ਨੇ ਲਖਪਤ ਰਾਇ ਨੂੰ ਫੌਜ਼ ਦੇਕੇ ਅਮ੍ਰਿਤਸਰ ਭੇਜ ਦਿਤਾ। ਕਈ ਸਿਖ  ਇਸ਼ਨਾਨ ਕਰਦੇ ਪ੍ਰਕਰਮਾਂ ਵਿਚ ਹੀ ਸ਼ਹੀਦ ਕਰ ਦਿਤੇ ਗਏ। ਪਰ ਫਿਰ ਵੀ ਸਿਖਾਂ ਦਾ ਬਹੁਤਾ ਨੁਕਸਾਨ ਨਹੀਂ ਹੋਇਆ। ਭਾਈ ਮਨੀ ਸਿੰਘ ਨੇ ਰੋਸ ਪ੍ਰਗਟ ਕੀਤਾ ਤੇ ਕਤਲੇਆਮ ਦੀ ਨਿਖੇਦੀ ਕੀਤੀ ਪਰ ਜਕਰੀਆਂ ਖਾਨ ਨੇ ਉਹਨਾ ਦੀ ਇਹ ਗਲ ਨਜਰ-ਅੰਦਾਜ਼ ਕਰਕੇ ੧੦੦੦੦ ਰੁਪੇ ਦੀ ਮੰਗ ਕੀਤੀ ਜਿਸ ਨੂੰ ਭਾਈ ਸਾਹਿਬ ਨੇ ਦੇਣ ਤੋਂ   ਇਨਕਾਰ ਕਰ ਦਿਤਾ। ਭਾਈ ਸਾਹਿਬ ਨੇ ਕਿਹਾ ਅਗਰ ਵਿਸਾਖੀ ਵਾਲੇ ਦਿਨ ਸਰਕਾਰ ਠੀਕ ਨਿਅਤ ਨਾਲ ਇਕੱਠ ਕਰਨ ਦੀ ਇਜਾਜ਼ਤ ਦੇ ਦਏ ਤਾਂ ਅਸੀਂ ਟੈਕਸ ਤਾਰ ਸਕਦੇ ਹਾਂ। ਸਰਕਾਰ ਨੇ ਹਾਂ ਤਾਂ ਕਰ ਦਿੱਤੀ ਪਰ ਫਿਰ ਉਹੀ ਚਾਲ ਚੱਲਣ ਲਈ ਤਿਆਰੀ ਕਰ ਲਈ ਜਿਸਦਾ ਭਾਈ ਸਾਹਿਬ ਨੂੰ ਫਿਰ ਪਤਾ ਲੱਗ ਗਿਆ ਅੰਤ ਫਿਰ ਤੋਂ ਭਾਈ ਸਾਹਿਬ ਨੇ ਸੰਗਤਾਂ ਨੂੰ ਰੋਕ ਦਿੱਤਾ।
ਹੁਣ ਸਰਕਾਰ ਨੇ ਇਸ ਬਹਾਨੇ ਭਾਈ ਮਨੀ ਤੇ ਕੁਝ ਹੋਰ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਲਾਹੋਰ ਨਖਾਸ ਚੋਕ ਲਿਆਂਦਾ ਗਿਆ। ਕਾਜ਼ੀ ਨੇ ਮੁਸਲਮਾਨ ਬਣਨ ਲਈ ਕਿਹਾ। ਨਾਹ ਕਰਨ ਤੇ  ਬੰਦ ਬੰਦ ਕਟ ਕੇ ਸ਼ਹੀਦ ਕਰਨ ਦਾ ਹੁਕਮ ਦਿਤਾ ਗਿਆ । ਜਲਾਦ ਭਾਵੇ ਜਲਾਦ ਹੀ ਸੀ ਉਸ ਵਿਚ ਫਿਰ ਵੀ ਥੋੜਾ ਇਨਸਾਨੀਅਤ ਦਾ ਅੰਸ਼ ਬਚਿਆ ਹੋਵੇਗਾ।  ਉਸਨੇ ਉਨ੍ਹਾ ਦੇ ਬੰਦ ਬੰਦ ਕਟਣ ਦੀ ਬਜਾਏ ਜਦ ਸਿੱਧੀ ਬਾਂਹ ਕਟਣ ਲਗਿਆ ਤਾਂ ਭਾਈ ਮਨੀ ਸਿੰਘ ਜੀ ਨੇ ਕਿਹਾ , ” ਮਿਤਰਾ  ਬੰਦ ਬੰਦ ਕਟ , ਤੇਨੂੰ ਹੁਕਮ ਮੰਨਣਾ ਚਾਹੀਦਾ  ਹੈ। ਉਸ ਸਮੇਂ ਜੱਲਾਦ ਨੇ ਭਾਈ ਸਾਹਿਬ ਨੂੰ ਸਵਾਲ ਕੀਤਾ ਕਿ ੮੪ ਲੱਖ ਜੂਨ ਭੋਗਣ ਤੋਂ ਬਾਅਦ ਮਨੁੱਖਾਂ ਜਨਮ ਮਿਲਦਾ ਹੈ ਸੋ ਆਪ ਇਹ ਕਿਉਂ ਗਵਾ ਰਹੇ ਹੋ ਤਾਂ ਭਾਈ ਸਾਹਿਬ ਨੇ ਜੋ ਜੁਆਬ ਦਿੱਤਾ ਉਹ ਰਤਨ ਸਿੰਘ ਜੀ ਭੱਗੂ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ, “ ਦੇਹੀ ਕਿਸ ਕੀ ਬਾਪਰੀ ਸਿੱਖੀ ਜੇ ਸਾਬਤ ਹੋਇ। ਦੇਹੀ ਤੋਂ ਆਵਨ ਜਾਨ ਹੈ ਸਿੱਖੀ ਲੱਭ ਹੈ ਕੱਭ ਕੋਇ” ਧੰਨ ਹੈ ਸਿਖੀ ,ਭਾਈ ਮਨੀ ਸਿੰਘ ਤੇ ਬਾਕੀ ਦੇ ਸਿਖ ਉਸ ਵਾਹਿਗੁਰੂ ਦਾ ਜਾਪੁ ਕਰਦੇ ਕਰਦੇ ੧੭੩੪ ਈ: ਨੂੰ ਅਕਾਲ ਪੁਰਖ ਦੀ ਗੋਦ ਵਿਚ ਜਾ ਸਮਾਏ। ਭਾਈ ਮਨੀ ਸਿੰਘ ਦੇ ਆਖਰੀ ਸਾਹਾਂ ਵਿਚ ਵੀ ਜਬਾਨ ਤੇ ਇਹ ਲਫਜ਼ ਸਨ ,”ਸਿਰ ਜਾਵੇ ਤਾਂ ਜਾਵੇ ਮੇਰਾ ਸਿਖੀ ਸਿਦਕ ਨਾ ਜਾਵੇ “। ਭਾਈ ਸੁਬੇਗ ਤੇ ਕੁਝ ਹੋਰ ਸਿਖਾਂ ਨੇ ਮਸਤੀ ਦਰਵਾਜ਼ੇ ਤੋਂ ਬਾਹਰ ਕਿਲੇ ਦੇ ਪਾਸ ਉਨ੍ਹਾ ਦਾ ਸਸਕਾਰ ਕੀਤਾ ਜਿਥੇ ਗੁਰੂਦਵਾਰਾ ਸ਼ਹੀਦ ਗੰਜ ਬਣਿਆ ਹੈ। ਇਸ ਸਹੀਦੀ ਨਾਲ  ਸਿਖ ਕੋਂਮ ਵਿਚ ਅਜਿਹਾ ਜੋਸ਼ ਪੈਦਾ ਹੋਇਆ ਕੀ ਸਿਖਾਂ ਨੇ ਇਸ ਜ਼ੁਲਮੀ ਰਾਜ  ਦਾ ਅੰਤ ਕਰਨ ਲਈ ਮਿਸਲਾਂ ਬਣਾ ਲਈਆਂ ਜਿਨ੍ਹਾ ਨੇ ਮਿਲਕੇ ਹਕੂਮਤ  ਨੂੰ ਮੁੜਕੇ ਚੈਨ ਨਾਲ ਬੈਠਣ ਨਹੀਂ ਦਿਤਾ।  ਚਾਹੇ ਸਿਖਾਂ ਨੂੰ  ਇਕ ਤੋ ਬਾਅਦ ਇਕ ਨਹੀਂ ਬਲਿਕ ਲਖਾਂ ਸਹੀਦੀਆਂ ਦੇਣੀਆ ਪਈਆਂ। ਅੱਜ ਆਪਾ ਉਨ੍ਹਾਂ ਨੂੰ ਯਾਦ ਕਰਦਿਆਂ ਰੋਜ ਅਰਦਾਸ ਵਿੱਚ ਪੜਦੇ ਹਾਂ ਜਿਨ੍ਹਾਂ ਨੇ ਧਰਮ ਦੀ ਖ਼ਾਤਰ ਬੰਦ ਬੰਦ ਕਟਵਾਇਆ ਉਨ੍ਹਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।

ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।

Leave a Reply

Your email address will not be published. Required fields are marked *