History

ਛੋਟਾ ਘੱਲੂਘਾਰਾ

‘ਘੱਲੂਘਾਰਾ’ ਸ਼ਬਦ ਦਾ ਸਬੰਧ ਅਫ਼ਗਾਨੀ ਬੋਲੀ ਨਾਲ ਹੈ; ਜਿਸ ਦੇ ਅੱਖਰੀ ਅਰਥ ਹਨ ਸਭ ਕੁਝ ਤਬਾਹ ਹੋ ਜਾਣਾ, ਵੱਡੇ ਪੱਧਰ ’ਤੇ ਕਤਲੇਆਮ ਹੋਣਾ, ਨਸਲਘਾਤ ਜਾਂ ਸਰਬਨਾਸ਼। ਸਿੱਖਾਂ ਦਾ ਸੁਭਾਅ ਜ਼ੁਲਮ ਦੇ ਵਿਰੁੱਧ ਲੜਨ ਵਾਲਾ ਅਤੇ ਕਿਸੇ ਦੀ ਗੁਲਾਮੀ ਜਾਂ ਈਨ ਨਾ ਸਵੀਕਾਰ ਕਰਨ ਵਾਲਾ ਹੋਣ ਕਰਕੇ ਸਮੇਂ-ਸਮੇਂ ਸਿਰ ਸਿੱਖਾਂ ਨੂੰ ਭਿਆਨਕ ਘੱਲੂਘਾਰਿਆਂ ਦਾ ਸਾਹਮਣਾ ਕਰਨਾ ਪਿਆ।
ਜਦੋਂ ਸਿੰਘ ਐਮਨਾਬਾਦ ਗੁਰਦੁਆਰਾ ਰੋੜੀ ਸਾਹਿਬ ਦੇ ਦਰਸ਼ਨਾਂ ਨੂੰ ਜਾਂਦਿਆਂ ਬੱਦੋਕੀ ਨਗਰ ਵਿੱਚ ਰੁਕ ਕੇ ਲੰਗਰ ਤਿਆਰ ਕਰ ਰਹੇ ਸਨ ਤਾਂ ਕਿਸੇ ਨੇ ਐਮਨਾਬਾਦ ਦੇ ਮੁਖੀਏ ਜਸਪਤ ਰਾਏ ਨੂੰ ਖ਼ਬਰ ਦੇ ਦਿੱਤੀ ਅਤੇ ਉਹ ਮੌਕੇ ਤੇ ਆ ਕੇ ਸਿੰਘਾਂ ਨੂੰ ਉੱਥੋਂ ਉਸੇ ਸਮੇਂ ਜਾਣ ਲਈ ਕਹਿਣ ਲੱਗਾ। ਸਿੰਘਾਂ ਬਹੁਤ ਕਿਹਾ ਕਿ ਉਹ ਲੰਗਰ ਤਿਆਰ ਕਰ ਰਹੇ ਹਨ ਤੇ ਲੰਗਰ ਛੱਕਣ ਉਪਰੰਤ ਚਲੇ ਜਾਣ ਗੇ ਪਰ ਉਹ ਮੰਨਣ ਲਈ ਬਿਲਕੁਲ ਤਿਆਰ ਨਹੀਂ ਹੋਇਆ ਬਲਕਿ ਉਸੇ ਨੇ ਸਿੰਘਾਂ ਦੇ ਵੱਡੇ ਵਡੇਰਿਆਂ ਪ੍ਰਤੀ ਘੱਟੀਆ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ ਜੋ ਗੁਰੂ ਲਾਲ ਕਿਸੇ ਤਰ੍ਹਾ ਵੀ ਬਰਦਾਸ਼ਤ ਨਹੀਂ ਕਰ ਸਕਦੇ ਸਨ। ਸੋ ਇਸ ਤਰ੍ਹਾਂ ਗੱਲ ਲੜਾਈ ਝਗੜੇ ਤੱਕ ਪਹੁੰਚ ਗਈ। ਜਸਪਤ ਰਾਏ ਅਪਣੇ ਹਾਥੀ ਉੱਪਰ ਸਵਾਰ ਸੀ ਅਤੇ ਜੰਗ ਪੂਰੀ ਤਰ੍ਹਾਂ ਮਘ ਪਈ ਸੀ ਤਾਂ ਇੱਕ ਸਿੰਘ ਭਾਈ ਨਿਬਾਹੂ ਸਿੰਘ ਨੇ ਫੁਰਤੀ ਨਾਲ ਹਾਥੀ ਦੀ ਪੂਛ ਰਾਹੀਂ ਉੱਪਰ ਚੜ ਕੇ ਜਸਪਤ ਰਾਏ ਦਾ ਸਿਰ ਕਲਮ ਕਰ ਦਿੱਤਾ।
ਇਸ ਗੱਲ ਦਾ ਪਤਾ ਜਦ ਉਸ ਦੇ ਭਰਾ ਲਖਪਤ ਰਾਏ ਨੂੰ ਲੱਗਾ ਤਾਂ ਉਹ ਬਹੁਤ ਦੁਖੀ ਹੋਇਆਂ ਅਤੇ ਯਹੀਆ ਖਾਨ ਕੋਲ ਜਾ ਕੇ ਰੋਇਆ ਹੀ ਨਹੀਂ ਬਲਕਿ ਉਸ ਨੇ ਅਪਣੀ ਪੱਗ ਲਾਹ ਕੇ ਸੁੱਟ ਦਿੱਤੀ ਅਤੇ ਦਰਬਾਰ ਵਿੱਚ ਹੀ ਕਸਮ ਖਾਧੀ ਕਿ ਉਹ ਹੁਣ ਉਸ ਸਮੇਂ ਤੱਕ ਅਪਣੀ ਪੱਗ ਸਿਰ ਤੇ ਨਹੀ ਰੱਖੇਗਾ ਜਦ ਤੱਕ ਉਹ ਸਾਰੇ ਸਿੱਖ ਖਤਮ ਨਹੀਂ ਕਰ ਦਿੰਦਾ। ਨਾਲ ਹੀ ਉਸ ਨੇ ਪ੍ਰਣ ਕੀਤਾ ਕਿ ਜੋ ਸਿੱਖ ਧਰਮ ਇਕ ਨਾਨਕ ਨਾਮ ਦੇ ਖੱਤਰੀ ਨੇ ਸ਼ੁਰੂ ਕੀਤਾ ਸੀ ਉਸ ਨੂੰ ਲਖਪਤ ਰਾਏ ਨਾਮ ਦਾ ਖੱਤਰੀ ਖਤਮ ਕਰੇਗਾ। ਸੋ ਲਈ ਮੈਨੂੰ ਸਰਕਾਰ ਦੀ ਮਦਦ ਦੀ ਜ਼ਰੂਰਤ ਹੈ। ਇਸ ਲਈ ਯਹੀਆ ਖਾਂ ਨੇ ਉਸ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਵਾਇਦਾ ਕੀਤਾ। ਹੁਣ ਲਖਪਤ ਰਾਏ ਸਿੱਖਾਂ ਦਾ ਦੁਸ਼ਮਣ ਬਣ ਗਿਆ ਤੇ ਅੱਗ ਬਬੂਲਾ ਹੋਇਆਂ ਸਿੱਖਾਂ ਨੂੰ ਲੱਭ ਲੱਭ ਕੇ ਕਤਲ ਕਰ ਰਿਹਾ ਸੀ। ਇੱਥੋਂ ਤੱਕ ਕੇ ਉਸ ਨੇ ਹੁਕਮ ਕਰ ਦਿੱਤਾ ਕਿ ਕੋਈ ਵੀ ਗੁੜ ਨੂੰ ਗੁੜ ਨਹੀਂ ਕਹੇਗਾ ਭੇਲੀ ਕਹੇਗਾ ਤਾਂ ਕਿ ਕਿਤੇ ਗੁੜ ਕਹਿਣ ਨਾਲ ਇਨ੍ਹਾਂ ਨੂੰ ਗੁਰ ਦੀ ਯਾਦ ਨਾ ਆ ਜਾਏ। ਗੁਰੂ ਗ੍ਰੰਥ ਸਾਹਿਬ ਨੂੰ ਗ੍ਰੰਥ ਨਹੀਂ ਪੋਥੀ ਕਹਿ ਸਕਦੇ ਹੋ। ਇਥੇ ਹੀ ਬੱਸ ਨਹੀਂ ਲਖਪਤ ਰਾਏ ਨੇ ੧੦ ਮਾਰਚ ੧੭੪੬ ਦਿਨ ਸੋਮਵਾਰ ਦੀ ਮੱਸਿਆ ਨੂੰ ਤਕਰੀਬਨ ੧੦੦੦ ਸਿੱਖ ਨਖ਼ਾਸ ਚੌਕ ਵਿੱਚ ਕਤਲ ਕਰਨ ਦਾ ਐਲਾਨ ਕਰ ਦਿੱਤਾ। ਜਦ ਕਿ ਦੀਵਾਨ ਕੌੜਾ ਮੱਲ, ਇਸ ਦੇ ਗੁਰੂ ਜਗਤ ਭਗਤ ਗੋਸਾਈ ਅਤੇ ਹੋਰ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਸੋਮਵਾਰ ਦੀ ਮੱਸਿਆ ਦਾ ਵਾਸਤਾ ਪਾ ਕਿ ਸਿਰਫ ਤਾਰੀਖ਼ ਅੱਗੇ ਪਾਉਣ ਲਈ ਕਿਹਾ ਸੀ ਕਿਉਂਕਿ ਹਿੰਦੂ ਮੱਤ ਅਨੁਸਾਰ ਸੋਮਵਾਰੀ ਮੱਸਿਆ ਨੂੰ ਬਹੁਤ ਪਵਿੱਤਰ ਮੰਨਿਆਂ ਜਾਂਦਾ ਹੈ ਪਰ ਇਸ ਨੇ ਕਿਸੇ ਦੀ ਇੱਕ ਨਾ ਮੰਨੀ ਅਤੇ ਉਸ ਨਿਸਚਿਤ ਤਾਰੀਖ਼ ਨੂੰ ਹੀ ੧੦੦੦ ਸਿੱਖਾਂ ਦਾ ਕਤਲ ਕਰ ਦਿੱਤਾ।

ਸੋ ਇਸ ਤਰ੍ਹਾਂ ਦੇ ਮਹੌਲ ਵਿੱਚ ਸਿੱਖਾਂ ਨੇ ਅਪਣੇ ਧਰਮ ਨੂੰ ਤਰਜੀਹ ਦਿੰਦਿਆਂ ਹੋਇਆਂ ਘਰ ਘਾਟ ਛੱਡ ਕੇ ਕਾਹਨੂਵਾਲ ਦੇ ਜੰਗਲ਼ ਵਿੱਚ ਸਿਰ ਛੁਪਾਈ ਜਾ ਕੀਤੀ । ਜਦੋਂ ਇਸ ਦਰਦਨਾਕ ਘਟਨਾ ਦੀ ਦੁਖਦਾਈ ਖ਼ਬਰ ਸਿੱਖ ਜਰਨੈਲ ਨਵਾਬ ਕਪੂਰ ਸਿੰਘ ਨੂੰ ਮਿਲੀ ਤਾਂ ਉਨ੍ਹਾਂ ਉਸੇ ਸਮੇਂ ਸਾਰੇ ਸਿੱਖ ਜਰਨੈਲਾਂ ਨੂੰ ਸੁਨੇਹੇ ਭੇਜ ਕੇ ਫੌਜਾਂ ਸਮੇਤ ਕਾਹਨੂੰਵਾਨ ਦੇ ਛੰਭ ਵਿੱਚ ਪਹੁੰਚਣ ਦੀ ਅਪੀਲ ਕੀਤੀ।

ਇਸ ਅਪੀਲ ਨਾਲ ਵੱਖ-ਵੱਖ ਜਰਨੈਲ ਆਪਣੇ ਜਥਿਆਂ ਸਮੇਤ ਕਾਹਨੂੰਵਾਨ ਦੇ ਛੰਭ ਵਿੱਚ ਪੁੱਜ ਗਏ, ਜਿਨ੍ਹਾਂ ਵਿਚ ਸੁੱਖਾ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵੀ ਸ਼ਾਮਲ ਸਨ। ਜੋ ਦੂਰੋਂ ਨੇੜਿਓ ਥੱਕੇ ਟੁੱਟੇ, ਭੁੱਖੇ ਤਿਹਾਏ ਜਿਵੇਂ ਕਿਵੇਂ ਕਾਹਨੂੰਵਾਨ ਦੇ ਜੰਗਲ਼ ਵਿੱਚ ਪਹੁੰਚ ਗਏ। ਇਸ ਤਰ੍ਹਾਂ ਸਿੱਖ ਫੌਜਾਂ ਦੀ ਗਿਣਤੀ 25 ਹਜ਼ਾਰ ਦੇ ਲਗਭਗ ਹੋ ਗਈ।

ਦੂਜੇ ਪਾਸੇ ਦੀਵਾਨ ਲਖਪਤ ਰਾਏ ਨੇ ਲੱਖਾਂ ਦੀ ਫੌਜ ਲੈ ਕੇ ਸਿੱਖਾਂ ਦਾ ਪਿੱਛਾ ਕਰਦਿਆਂ ਇਸ ਅਸਥਾਨ ਉੱਤੇ ਪਹੁੰਚ ਕੇ ਘੇਰਾ ਪਾ ਲਿਆ। ਇਹ ਘੇਰਾ ਲਗਭਗ 3 ਮਹੀਨੇ ਚੱਲਿਆ ਤੇ ਇਸ ਲੰਬੀ ਚਲਦੀ ਗੁਰੀਲਾ ਲੜਾਈ ‘ਚ ਸਿੰਘਾਂ ਦਾ ਰਾਸ਼ਨ ਪਾਣੀ ਖ਼ਤਮ ਹੋ ਗਿਆ। ਸਿੱਖ ਜਰਨੈਲ ਜਿੱਥੇ ਸਿੱਖ ਪਰਵਾਰਾਂ ਦੀ ਰਾਖੀ ਕਰਦੇ ਉੱਥੇ ਰਾਤ ਨੂੰ ਸਰਕਾਰੀ ਖ਼ਜ਼ਾਨੇ ਲੁੱਟ ਕੇ ਰਾਸ਼ਨ ਅਤੇ ਅਸਲਾ ਵੀ ਲਿਆਉਂਦੇ ਸਨ। ਤੇ ਇਸ ਨਾਲ ਸਿੰਘਾਂ ਦਾ ਜਾਨੀ ਨੁਕਸਾਨ ਵੀ ਹੋਣਾ ਆਰੰਭ ਹੋ ਗਿਆ ਪਰ ਸਿੰਘਾਂ ਨੇ ਫਿਰ ਵੀ ਹਿੰਮਤ ਨਹੀਂ ਹਾਰੀ ਅਤੇ ਜਿਵੇਂ ਕਿਵੇਂ ਦਿਨ ਕੱਟਦੇ ਰਹੇ।

ਸਿੰਘਾਂ ਦੇ ਰਾਸ਼ਨ ਦੇ ਖਤਮ ਹੋਣ ਦੀ ਖ਼ਬਰ ਜਦੋਂ ਮੁਲਤਾਨ ਦੇ ਵਜ਼ੀਰ ਕੌੜਾ ਮੱਲ ਨੂੰ ਲੱਗੀ ਤਾਂ ਉਸ ਨੇ ਹਜ਼ਾਰਾਂ ਖੱਚਰਾਂ, ਘੋੜਿਆਂ ਉੱਤੇ ਰਾਸ਼ਨ ਲੱਦ ਕੇ ਜੰਮੂ ਨੂੰ ਭੇਜਣ ਲਈ ਇੱਕ ਵਪਾਰੀ ਨੂੰ ਤੋਰ ਦਿੱਤਾ ਤੇ ਦੂਸਰੇ ਪਾਸੇ ਸਿੰਘਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਜਦੋਂ ਇਹ ਰਾਸ਼ਨ ਵਾਲੇ ਘੋੜੇ, ਖੱਚਰਾਂ ਤੁਹਾਡੇ ਨੇੜਿਉਂ ਗੁਜ਼ਰਨ ਤਾਂ ਲੁੱਟ ਲਏ ਜਾਣ। ਜਦੋਂ ਵਪਾਰੀ ਕਾਹਨੂੰਵਾਨ ਦੇ ਛੰਭ ਨੇੜਿਓਂ ਗੁਜ਼ਰ ਰਿਹਾ ਸੀ ਤਾਂ ਸਿੰਘਾਂ ਨੇ ਇਹ ਸਾਰਾ ਰਾਸ਼ਨ ਆਪਣੇ ਹੱਥਾਂ ‘ਚ ਕਰ ਲਿਆ, ਜਿਸ ਨਾਲ ਸਿੱਖ ਜਰਨੈਲਾਂ ਨੂੰ ਭਾਰੀ ਰਾਹਤ ਮਿਲੀ। ਕੌੜਾ ਮੱਲ ਦੀ ਇਸੇ ਨੇਕੀ ਕਰ ਕੇ ਉਸ ਨੂੰ ਸਿੱਖ ਇਤਿਹਾਸ ‘ਚ ਮਿੱਠਾ ਮੱਲ ਵੀ ਕਿਹਾ ਜਾਂਦਾ ਹੈ।
ਉਧਰ ਲਖਪਤ ਰਾਏ ਦੇ ਮਾਮਾ ਤੇ ਪੁੱਤਰ ਸਿੰਘਾਂ ਹੱਥੋਂ ਮਾਰੇ ਗਏ ਅਤੇ ਉਸਨੇ ਗੁਸੇ ਵਿਚ ਅੰਨੇ ਹੋ ਕੇ ਨੇੜਲੇ ਪਿੰਡਾਂ ਦੇ ਲੁਹਾਰ, ਤਰਖਾਣ ਇਕੱਠੇ ਕਰ ਕੇ ਇਸ ਛੰਭਨੁਮਾ ਜੰਗਲ ਦੇ ਰੁੱਖਾਂ ਨੂੰ ਕਟਵਾਉਣਾ ਸ਼ੁਰੂ ਕੀਤਾ। ਜਦ ਫਿਰ ਵੀ ਗੱਲ ਨਾ ਬਣੀ ਤਾਂ ਉਸ ਨੇ ਚੁਫੇਰਿਉਂ ਅੱਗ ਲਗਵਾ ਦਿੱਤੀ, ਜਿਸ ਨਾਲ ਸਿੰਘਾਂ ਨੂੰ ਚਾਰ-ਚੁਫੇਰਿਉਂ ਮੁਸੀਬਤਾਂ ਪੈ ਗਈਆਂ। ਇਸ ਗਹਿਗੱਚ ਲੜਾਈ ਦੌਰਾਨ ਜਿੱਥੇ ਸਿੱਖਾ ਦਾ ਕਾਫ਼ੀ ਨੁਕਸਾਨ ਹੋਇਆਂ ਉੱਥੇ ਲਖਪਤ ਰਾਏ ਦਾ ਪੁੱਤਰ ਹਰਭਜਨ ਰਾਏ, ਯਹੀਆ ਖਾਂ ਦਾ ਪੁੱਤਰ ਨਾਹਰ ਖਾ, ਫ਼ੌਜਦਾਰ ਕਰੀਮ ਬਖ਼ਸ਼ ਤੇ ਮਖਮੂਰ ਖਾਂ ਆਦਿ ਜਰਨੈਲ ਵੀ ਸਿੰਘਾਂ ਨੇ ਢੇਰੀ ਕਰ ਦਿੱਤੇ। ਹੁਣ ਸਿੰਘ ਜਰਨੈਲਾਂ ਨੇ ਫੈਸਲਾ ਲਿਆ ਕਿ ਜੋ ਪੈਦਲ ਹਨ ਉਹ ਬਸੌਲੀ ਦੀਆ ਪਹਾੜੀ ਵੱਲ ਚਲੇ ਜਾਣ ਕਿਉਂਕਿ ਸਿੰਘਾਂ ਦਾ ਪਹਾੜੀਆ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਪਰ ਯਹੀਆ ਖਾਂ ਪਹਿਲਾ ਹੀ ਪਹਾੜੀਆ ਨੂੰ ਸੁਨੇਹਾ ਭੇਜ ਚੁੱਕਾ ਸੀ ਕਿ ਸਿੰਘਾਂ ਦੀ ਮਦਦ ਕਰਨ ਵਾਲੇ ਨੂੰ ਸਜ਼ਾ ਭੁਗਤਣੀ ਪਏ ਗੀ। ਜਦ ਸੰਗਤਾਂ ਉਧਰ ਨਿਕਲੀਆਂ ਤਾਂ ਪਹਾੜੀਆਂ ਨੇ ਅੱਗੋਂ ਇੱਟਾਂ ਰੋੜਿਆ ਆਦਿ ਨਾਲ ਸੁਆਗਤ ਕੀਤਾ। ਫਿਰ ਵੀ ਜੋ ਬਚ ਨਿਕਲੇ ਉਹ ਕੀਰਤਪੁਰ ਸਾਹਿਬ ਪਹੁੰਚ ਗਏ। ਕੁਝ ਸੱਜਣ ਰਾਵੀ ਨੂੰ ਪਾਰ ਕਰਨ ਲਈ ਤਿਆਰ ਹੋਏ ਤੇ ਇਸ ਲਈ ਸਰਦਾਰ ਗੁਰਦਿਆਲ ਸਿੰਘ ਡੱਲ਼ੇਵਾਲ਼ੀਆ ਦੇ ਦੋ ਭਰਾਵਾਂ ਨੇ ਅਪਣੇ ਘੋੜੇ ਸਭ ਤੋਂ ਪਹਿਲਾ ਪਰਖਣ ਲਏ ਠੇਲੇ ਪਰ ਪਾਣੀ ਦਾ ਤੇਜ ਵਹਾਅ ਉਨ੍ਹਾਂ ਨੂੰ ਅਪਣੀ ਗੋਦ ਵਿੱਚ ਹੀ ਲੈ ਗਿਆ। ਤੀਜਾ ਗਰੁੱਪ ਘੋੜ ਸਵਾਰਾਂ ਦਾ ਸੀ ਜਿਨ੍ਹਾਂ ਫੈਸਲਾ ਕੀਤਾ ਕਿ ਸਰਕਾਰੀ ਫੌਜ ਨਾਲ ਜੂਝਦੇ ਹੋਏ ਇੱਥੋਂ ਨਿਕਲਣਾ ਹੈ। ਸੋ ਉਹ ਜੰਗ ਦੇ ਅਖਾੜੇ ਵਿੱਚ ਪੂਰੇ ਜੋਸ਼ ਨਾਲ ਜੂਝੇ ਅਤੇ ਇਸੇ ਦੌਰਾਨ ਸੁੱਖਾ ਸਿੱਘ ਦੀ ਲੱਤ ਤੇ ਕਾਫ਼ੀ ਜ਼ਿਆਦਾ ਸੱਟ ਲੱਗੀ। ਇਹ ਗੁਰੂ ਕਾ ਸ਼ੇਰ ਫਿਰ ਵੀ ਇਸ ਦੀ ਪ੍ਰਵਾਹ ਕੀਤੇ ਬਗੈਰ ਪੂਰੇ ਜੋਸ਼ ਨਾਲ ਅੱਗੇ ਵੱਧ-ਵੱਧ ਕੇ ਲੜਿਆ। ਇਸ ਤਰ੍ਹਾਂ ਕੁਝ ਸਿੰਘ ਲੜਦੇ ਅਤੇ ਬੱਚਦੇ ਬਚਾਉਂਦੇ ਹੋਏ ਰਾਵੀ ਪਾਰ ਕਰ ਗਏ। ਉਧਰ ਗਰਮੀ ਵੀ ਪੂਰੇ ਜ਼ੋਰਾਂ ਤੇ ਸੀ ਜਿਸ ਕਰਕੇ ਦਰਿਆ ਦੇ ਕਿਨਾਰੇ ਰੇਤਾ ਪੂਰੀ ਤਰ੍ਹਾਂ ਤਪੀ ਹੋਣ ਕਰ ਕੇ ਸਿੰਘਾਂ ਦੇ ਪੈਰੀਂ ਜਦ ਛਾਲੇ ਪੈ ਗਏ ਤਾਂ ਸਿੰਘਾਂ ਨੇ ਅਪਣੇ ਸਰੀਰ ਤੋ ਕਪੜੇ ਉਤਾਰ ਕੇ ਪੈਰਾਂ ਨੂੰ ਬਨ ਕੇ ਕੁਝ ਸਫਰ ਤੈਹ ਕੀਤਾ ਅਤੇ ਬਿਆਸ ਦਰਿਆ ਪਾਰ ਕਰਕੇ ਉਨ੍ਹਾਂ ਆਪਣੀਆਂ ਢਾਲਾਂ ਨੂੰ ਗਰਮ ਰੇਤ ਵਿੱਚ ਦੱਬ ਕੇ ਉਸ ਉੱਪਰ ਕੁਝ ਛੱਕਣ ਲਈ ਪ੍ਰਸ਼ਾਦੇ ਤਿਆਰ ਕੀਤੇ। ਅਜੇ ਛੱਕਣ ਲਈ ਤਿਆਰੇ ਹੀ ਕਰ ਰਹੇ ਸਨ ਕਿ ਕੁਝ ਲੋਕਲ ਪਠਾਣਾਂ ਨੇ ਹਮਲਾ ਕਰ ਦਿੱਤਾ। ਸਿੰਘ ਵੀ ਅੱਗੋਂ ਮੁਕਾਬਲੇ ਲਈ ਤਿਆਰ ਹੋ ਗਏ। ਪਰ ਪਤਾ ਲੱਗਾ ਕਿ ਪਿੱਛੇ ਲਖਪਤ ਰਾਏ ਦੀ ਫੌਜ ਆ ਰਹੀ ਹੈ ਸੋ ਸਿੰਘ ਉੱਥੋਂ ਬਿਨ੍ਹਾ ਕੁਝ ਛੱਕੇ ਅੱਗੇ ਚੱਲ ਪਏ। ਇਹ ਘਟਨਾ ਮਾਰਚ ਤੋਂ ਸ਼ੁਰੂ ਹੋ ਕੇ ਜੂਨ ਤੱਕ ਚਲੀ ਜਿਸ ਵਿੱਚ ੭੦੦੦ ਤੋਂ ਵੱਧ ਸਿੰਘ-ਸਿੰਘਣੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ ਬਹੁਤ ਸਾਰੇ ਸਿੰਘ ਜੰਗਲ ਵਿੱਚ ਲੱਗੀ ਅੱਗ ਤੇ ਰਾਵੀ ਦਰਿਆ ਨੂੰ ਪਾਰ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ।

੩੦੦੦ ਸਿੰਘਾਂ ਨੂੰ ਲਖਪਤ ਰਾਏ ਬੰਦੀ ਬਣਾ ਕੇ ਲਾਹੌਰ ਲੈ ਗਿਆ ਨਿਖਾਸ ਚੌਕ ਉਨ੍ਹਾਂ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਉਨ੍ਹਾਂ ਦੇ ਸਿਰਾਂ ਨੂੰ ਮੀਨਾਰ ਦੀ ਸ਼ਕਲ ਵਿੱਚ ਇਕੱਠੇ ਕਰਕੇ ਢੇਰ ਲਗਾਏ ਗਏ ਤੇ ਉਨ੍ਹਾਂ ਦੇ ਕੱਟੇ-ਵੱਢੇ ਸਰੀਰਾਂ ਨੂੰ ਮਸੀਤ ਦੀਆ ਦੀਵਾਰਾਂ ਵਿੱਚ ਦੱਬ ਦਿੱਤਾ ਗਿਆ। ਇਹ ਪਹਿਲਾ ਮੌਕਾ ਸੀ ਜਦ ਸਿੱਖਾਂ ਨੂੰ ਇੱਕੋ ਵੇਲੇ ਇਨ੍ਹਾਂ ਵੱਡਾ ਨੁਕਸਾਨ ਉਠਾਉਣਾ ਪਿਆ। ਇਸ ਨੂੰ ਛੋਟੇ ਘੱਲੂਘਾਰੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਲਖਪਤ ਰਾਏ ਦੀ ਸਿੱਖਾਂ ਨੂੰ ਮਾਰ ਮੁਕਾਉਣ ਦੀ ਸ਼ੇਖ਼ੀ ਛੇਤੀ ਹੀ ਸਿੰਘਾਂ ਨੇ ਝੂਠੀ ਸਾਬਤ ਕਰ ਦਿੱਤੀ। ਲੱਗ-ਪੱਗ ਛੇ ਮਹੀਨੇ ਦੇ ਵਿੱਚ ਹੀ ਸਿੱਖ ਛੋਟੇ ਛੋਟੇ ਜਥਿਆਂ ਵਿੱਚ ਅੰਮ੍ਰਿਤਸਰ ਦੁਬਾਰਾ ਇਕੱਠੇ ਹੋਣੇ ਸ਼ੁਰੂ ਹੋ ਗਏ। ਅਤੇ ੩੦ਮਾਰਚ ੧੭੪੭ ਨੂੰ ਅੰਮ੍ਰਿਤਸਰ ਵਿਖੇ ਸਰਬੱਤ ਖਾਲਸਾ ਕਰਕੇ ਇੱਕ ਮਤਾ ਪਾਸ ਕੀਤਾ ਕਿ ਅੰਮ੍ਰਿਤਸਰ ਵਿਖੇ ਰਾਮ ਰੌਣੀ ਨਾਂ ਦੇ ਕਿਲ੍ਹੇ ਨੂੰ ਪੱਕੀ ਰਹਾਇਸ਼ ਵਜੋ ਉਸਾਰਿਆ ਜਾਏ।
ਜਿਸ ਕਾਹਨੂੰਵਾਨ ਦੇ ਛੰਭ ਵਿੱਚ ਖਾਲਸੇ ਦਾ ਖ਼ੂਨ ਡੁੱਲਿਆ ਸੀ ਅੱਜ ਉਸੇ ਅਸਥਾਨ ਉੱਤੇ ਏਕੜ ਰਕਬੇ ਵਿੱਚ ਸਿੱਖ ਹੈਰੀਟੇਜ ਕੰਪਲੈਕਸ ਬਣਾਇਆ ਗਿਆ ਹੈ, ਜੋ ਵਿਲੱਖਣ ਤੇ ਸ਼ਾਨਦਾਰ ਹੈ, ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਕੌਮ ਦੇ ਸ਼ਾਨਾਮੱਤੀ ਇਤਿਹਾਸ ਤੋਂ ਜਾਣੂ ਹੋਣਗੀਆਂ।

ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।

Leave a Reply

Your email address will not be published. Required fields are marked *