Gurmat vichaar

ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ

ਕਬੀਰ ਜੀ ਸਾਰੀ ਉਮਰ ਧਾਰਮਿਕ ਦਿਖਾਵੇ, ਭੇਖ, ਕਰਮ-ਕਾਂਡ ਆਦਿਕ ਨੂੰ ਡੱਟ ਕੇ ਵਿਅਰਥ ਆਖਦੇ ਰਹੇ। ਹਿੰਦੂ ਕੌਮ ਦੇ ਗੜ੍ਹ ਬਨਾਰਸ ਵਿਚ ਰਹਿੰਦੇ ਹੋਏ ਭੀ ਇਹਨਾਂ ਲੋਕਾਂ ਦੀ ਨਾ ਪ੍ਰਵਾਹ ਕੀਤੀ ਅਤੇ ਨਾ ਹੀ ਡਰੇ। ਇਸ ਲਈ ਉੱਚੀ ਜਾਤ ਦੇ ਲੋਕਾਂ ਦਾ ਇਨ੍ਹਾਂ ਲਈ ਵਿਰੋਧੀ ਬਣ ਜਾਣਾ ਕੁਦਰਤੀ ਗੱਲ ਸੀ। ਉਹਨਾਂ ਕਬੀਰ ਸਾਹਿਬ ਨੂੰ ਜਿਥੇ ਭੰਡਣ ਦੀ ਪੂਰੀ ਕੋਸ਼ਿਸ਼ ਕੀਤੀ ਉੱਥੇ ਰਾਜ ਦਰਬਾਰ ਵਿੱਚ ਵੀ ਉਨ੍ਹਾਂ ਨੂੰ ਗਲਤ ਸਾਬਿਤ ਕਰਨ ਦੀ ਹਰ ਕੋਸ਼ਿਸ਼ ਕੀਤੀ। ਇਸ ਲਈ ਕਬੀਰ ਸਾਹਿਬ ਨੂੰ ਕਈ ਪ੍ਰਕਾਰ ਦੇ ਤਸੀਹੇ ਵੀ ਸਹਿਣੇ ਪਏ। ਕਬੀਰ ਸਾਹਿਬ ਆਪ ਖੁਦ ਅਪਣੀ ਬਾਣੀ ਵਿੱਚ ਬਿਆਨ ਕਰਦੇ ਹਨ ਕਿ ਮੈਨੂੰ ਇੱਕ ਵਾਰੀ ਬਹੁਤ ਡੂੰਘੀ ਗੰਗਾ ਜਿਸ ਨੂੰ ਇਹ ਮਾਤਾ ਕਹਿੰਦੇ ਹਨ ਵਿੱਚ ਡੋਬਣ ਲਈ ਜੰਜੀਰ ਨਾਲ ਬੰਨ੍ਹ ਕੇ ਲੈ ਗਏ। ਪਰ ਇਨ੍ਹਾਂ ਨੂੰ ਕੌਣ ਸਮਝਾਵੇ ਕਿ ਜਿਸ ਦਾ ਮਨ ਪ੍ਰਭੂ ਚਰਨਾਂ ਨਾਲ ਜੁੜਿਆ ਹੋਵੇ ਉਹ ਕਦੇ ਡੋਲ ਨਹੀਂ ਸਕਦਾ। ਜਿਸਦਾ ਮਨ ਨਹੀਂ ਡੋਲਦਾ ਉਸਦੇ ਸਰੀਰ ਨੂੰ ਕਸ਼ਟ ਦੇ ਕੇ ਭਲਾ ਕੋਈ ਕਿਵੇਂ ਡਰਾ ਸਕਦਾ ਹੈ। ਕਬੀਰ ਸਾਹਿਬ ਫੁਰਮਾਉਂਦੇ ਹਨ ਕਿ ਜਦ ਮੈਨੂੰ ਗੰਗਾ ਵਿੱਚ ਸੁਟਿਆ ਤਾਂ ਉਸਦੀ ਲਹਿਰ ਨਾਲ ਮੇਰੀ ਜ਼ੰਜੀਰ ਟੁੱਟ ਗਈ। ਮੈਂ ਉਸ ਉੱਤੇ ਇਉਂ ਤਰਨ ਲੱਗਿਆ ਜਿਵੇਂ ਮ੍ਰਿਗਛਾਲਾ ਪਰ ਬੈਠਾ ਹੋਵਾ। ਕਬੀਰ ਸਾਹਿਬ ਨੇ ਕਿਹਾ ਹੇ ਭਾਈ! ਤੁਹਾਡੇ ਮਿਥੇ ਹੋਏ ਕਰਮ-ਕਾਂਡ ਜਾਂ ਤੀਰਥ ਇਸ਼ਨਾਨ ਵਗੈਰਾ ਕਦੇ ਵੀ ਸੰਗੀ ਸਾਥੀ ਨਹੀਂ ਬਣ ਸਕਦੇ। ਪਾਣੀ ਅਤੇ ਧਰਤੀ ਹਰ ਥਾਂ ਉਹ ਪਰਮਾਤਮਾ ਬਚਾਉਣ ਦੇ ਸਮਰੱਥ ਹੈ। ਇਸ ਤਰ੍ਹਾਂ ਕਬੀਰ ਸਾਹਿਬ ਨੇ ਫ਼ੁਰਮਾਇਆ ਕਿ ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਿਆ ਰਹੇ ਉਹ ਕਿਸੇ ਮੁਸੀਬਤ ਵਿਚ ਡੋਲਦਾ ਨਹੀਂ। “ਗੰਗ ਗੁਸਾਇਨਿ ਗਹਿਰ ਗੰਭੀਰ ॥ ਜੰਜੀਰ ਬਾਂਧਿ ਕਰਿ ਖਰੇ ਕਬੀਰ ॥੧॥ ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ ॥ ਚਰਨ ਕਮਲ ਚਿਤੁ ਰਹਿਓ ਸਮਾਇ ॥ ਰਹਾਉ ॥ ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥ ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥ ਕਹਿ ਕੰਬੀਰ ਕੋਊ ਸੰਗ ਨ ਸਾਥ ॥ ਜਲ ਥਲ ਰਾਖਨ ਹੈ ਰਘੁਨਾਥ ॥੩॥੧੦॥੧੮॥” {ਪੰਨਾ 1162}
ਅਰਥਾਂ ਦਾ ਸਹੀ ਮਿਲਾਨ ਕਰੋਃ
ਗੁਸਾਇਨਿ ——————- ਹਿਰਨ ਦੀ ਖੱਲ
ਗਹਿਰ ———————— ਜਗਤ ਮਾਤਾ
ਬਾਂਧਿ ਕਰ ——————— ਪਰਮਾਤਮਾ
ਖਰੇ ————————— ਬੰਨ ਕੇ
ਮ੍ਰਿਗਛਾਲਾ ——————— ਡੂੰਘੀ
ਰਘੁਨਾਥ ———————- ਲੈ ਗਏ
ਪ੍ਰਸ਼ਨ ੧. ਉੱਚੀ ਜਾਤੀ ਦੇ ਅਖਵਾਉਣ ਵਾਲੇ ਲੋਕ ਕਬੀਰ ਜੀ ਦੇ ਵਿਰੋਧੀ ਕਿਉਂ ਸਨ?
ਪ੍ਰਸ਼ਨ ੨. ਉੱਚ ਜਾਤੀ ਦੇ ਲੋਕਾਂ ਨੇ ਕਬੀਰ ਜੀ ਦਾ ਵਿਰੋਧ ਕਿਵੇਂ ਕੀਤਾ ਸੀ?
ਪ੍ਰਸ਼ਨ ੩. ਕਬੀਰ ਜੀ ਨੂੰ ਜਜ਼ੀਰਾ ਵਿੱਚ ਬੰਨ੍ਹ ਕੇ ਕਿਥੇ ਰੱਖਿਆ ਗਿਆ ਸੀ?
ਪ੍ਰਸ਼ਨ ੪. ਜਿਸ ਜ਼ੰਜੀਰ ਨਾਲ ਕਬੀਰ ਜੀ ਨੂੰ ਬੰਨ੍ਹਿਆ ਸੀ ਉਹ ਕਿਵੇਂ ਟੁੱਟ ਗਈ ਸੀ?
ਪ੍ਰਸ਼ਨ ੫. ਕਿਹੜਾ ਮਨੁੱਖ ਕਿਸੇ ਵੀ ਮੁਸੀਬਤ ਵਿੱਚ ਨਹੀਂ ਡੋਲਦਾ?
ਖਾਲੀ ਥਾਂ ਭਰੋਃ
ੳ. ਕਬੀਰ ਜੀ ਹਿੰਦੂ ਕੌਮ ਦੇ ਗੜ੍ਹ —————— ਵਿਚ ਰਹਿੰਦੇ ਸਨ।
ਅ. ਕਬੀਰ ਜੀ ਨੂੰ ਰਾਜ ਦਰਬਾਰ ਵਿੱਚ ————— ਸਾਬਿਤ ਕਰਨ ਦੀ ਹਰ ਕੋਸ਼ਿਸ਼ ਕੀਤੀ ਗਈ ਸੀ।
ੲ. ਕਬੀਰ ਸਾਹਿਬ ਨੂੰ ਕਈ ਪ੍ਰਕਾਰ ਦੇ ——————ਵੀ ਸਹਿਣੇ ਪਏ।
ਸ. ਕਬੀਰ ਜੀ ਪਾਣੀ ਉੱਤੇ ਇਉਂ ਤਰਨ ਲੱਗ ਪਏ ਜਿਵੇਂ —————— ਪਰ ਬੈਠੇ ਹੋਣ।
ਹ. ਕਰਮ-ਕਾਂਡ ਜਾਂ ਤੀਰਥ —————- ਵਗੈਰਾ ਕਦੇ ਵੀ ਸੰਗੀ ਸਾਥੀ ਨਹੀਂ ਬਣ ਸਕਦੇ।

ਬਲਵਿੰਦਰ ਸਿੰਘ ਮੁਲਤਾਨੀ

Leave a Reply

Your email address will not be published. Required fields are marked *