Gurmat vichaar

ਨਾਰੀ ਤੇ ਜੋ ਪੁਰਖੁ ਕਰਾਵੈ

ਅੱਜ ਤੱਕ ਇਹੀ ਸੁਣਦੇ ਆਏ ਹਾਂ ਕਿ ਮਰਦ ਤਾਕਤਵਰ ਹੋਣ ਕਰਕੇ ਔਰਤ ਉੱਪਰ ਜ਼ੁਲਮ ਕਰਦਾ ਆਇਆ ਹੈ। ਇਹੀ ਸੁਣਦੇ ਆਏ ਹਾਂ ਕਿ ਔਰਤ ਮਰਦ ਦੇ ਬਰਾਬਰ ਨਹੀਂ ਹੋ ਸਕਦੀ। ਇਸੇ ਲਈ ਹੀ ਗੁਰੂ ਸਾਹਿਬਾਨ ਨੇ ਇਸ ਜ਼ੁਲਮ ਵਿਰੁੱਧ ਅਵਾਜ਼ ਉਠਾਈ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਜਿਸ ਔਰਤ ਨੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੱਤਾ ਹੈ ਉਹ ਭਲਾ ਮਾੜੀ ਕਿਵੇਂ ਹੋ ਸਕਦੀ ਹੈ। “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥”(ਪੰਨਾ-੪੭੩)। ਇਸੇ ਜ਼ੁਲਮ ਵਿਰੁੱਧ ਉਠਾਈ ਅਵਾਜ਼ ਨੂੰ ਲੈ ਕੇ ਕਈ ਔਰਤ ਅਤੇ ਮਰਦ ਨੂੰ ਬਰਾਬਰ ਸਮਝਣ ਲੱਗ ਪਏ। ਜੋ ਕਿ ਅਧੂਰਾ ਸੱਚ ਹੈ। ਇਸੇ ਕਰਕੇ ਇਸ ਦੇ ਨਤੀਜੇ ਵੀ ਕੋਈ ਬਹੁਤ ਵਧੀਆ ਨਹੀਂ ਨਿਕਲੇ। ਅਸਲ ਵਿੱਚ ਸੰਸਾਰ ਨੂੰ ਪੈਦਾ ਕਰਨ, ਪਾਲਣ ਅਤੇ ਮਾਰਨ ਵਾਲਾ ਇੱਕ ਪ੍ਰਭੂ ਹੈ। ਜਿਸ ਨੂੰ ਗੁਰੂ ਅਮਰਦਾਸ ਜੀ ਨੇ ਗੁਰਬਾਣੀ ਅੰਦਰ ਪੁਰਖ ਅਤੇ ਬਾਕੀ ਸਾਰੀ ਸ੍ਰਿਸ਼ਟੀ ਨੂੰ ਨਾਰੀ ਕਹਿ ਕੇ ਫ਼ੁਰਮਾਇਆ ਹੈ। “ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥{ਪੰਨਾ 592} ਉਸਨੇ ਸੰਸਾਰ ਬਣਾਉਣ ਲਈ ਨਰ ਤੇ ਮਾਦਾ ਦਾ ਸੰਜੋਗ ਜਰੂਰੀ ਕਰ ਦਿੱਤਾ। “ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ ॥”(ਪੰਨਾ-੮੭੨)। ਇਸ ਤੋਂ ਇਹ ਸਿੱਧ ਹੋ ਗਿਆ ਕਿ ਔਰਤ ਔਰਤ ਹੈ ਅਤੇ ਮਰਦ ਮਰਦ ਹੈ, ਬਰਾਬਰ ਨਹੀਂ ਹੋ ਸਕਦੇ, ਹਾਂ ਕਿਤੇ ਮਰਦ ਅੱਗੇ ਹੈ ਅਤੇ ਕਿਤੇ ਔਰਤ। ਇਨ੍ਹਾਂ ਸਭਨਾਂ ਦਾ ਮਾਂ ਪਿਓ ਪ੍ਰਭੂ ਆਪ ਹੀ ਹੈ ਅਤੇ ਆਪ ਹੀ ਸਾਰਿਆਂ ਦਾ ਧਿਆਨ ਰੱਖਣ ਵਾਲਾ ਹੈ। “ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥” {ਪੰਨਾ-੬੫੩}। ਇਹ ਤਾਂ ਪ੍ਰਭੂ ਨੇ ਜੀਵਾ ਨੂੰ ਮੋਹ ਦੀ ਠੱਗ ਬੂਟੀ ਲਾਈ ਹੋਈ ਹੈ। ਵਰਨਾ ਕਿਹੜੀ ਇਸਤ੍ਰੀ ਦਾ ਕਿਹੜਾ ਖਸਮ? ਤੇ ਕਿਸ ਖਸਮ ਦੀ ਕਿਹੜੀ ਵਹੁਟੀ? ਭਾਵ, ਇਹ ਇਸਤ੍ਰੀ ਪਤੀ ਵਾਲਾ ਸਾਕ ਭੀ ਜਗਤ ਵਿਚ ਸਦਾ ਥਿਰ ਰਹਿਣ ਵਾਲਾ ਨਹੀਂ, ਇਹ ਖੇਡ ਆਖ਼ਿਰ ਮੁੱਕ ਜਾਂਦੀ ਹੈ। ਇਸ ਅਸਲੀਅਤ ਨੂੰ ਇਸ ਮਨੁੱਖਾ ਸਰੀਰ ਵਿਚ ਹੀ ਸਮਝਣਾ ਪਏਗਾ। ਭਾਵ, ਇਹ ਮਨੁੱਖਾ ਜਨਮ ਹੀ ਮੌਕਾ ਹੈ, ਜਦੋਂ ਇਹ ਅਸਲੀਅਤ ਸਮਝੀ ਜਾ ਸਕਦੀ ਹੈ। ਕਬੀਰ ਸਾਹਿਬ ਕਹਿੰਦੇ ਹਨ ਜਿਸ ਜੀਵ ਦਾ ਮਨ ਮੋਹ-ਰੂਪ ਠਗ ਬੂਟੀ ਬਨਾਣ ਵਾਲੇ ਪ੍ਰਭੂ ਠੱਗ ਨਾਲ ਇਕ-ਮਿਕ ਹੋ ਗਿਆ ਹੈ, ਉਸ ਵਾਸਤੇ ਠਗ-ਬੂਟੀ ਮੁੱਕ ਜਾਂਦੀ ਹੈ , ਕਿਉਂਕਿ ਉਸ ਨੇ ਮੋਹ ਦੇ ਪੈਦਾ ਕਰਨ ਵਾਲੇ ਨਾਲ ਸਾਂਝ ਪਾ ਲਈ ਹੈ। ਉਹ ਮਰਦ ਜਾਂ ਔਰਤ ਕੋਈ ਵੀ ਹੋ ਸਕਦਾ ਹੈ। “ਕਉਨ ਕੋ ਪੁਰਖੁ ਕਉਨ ਕੀ ਨਾਰੀ ॥ ਇਆ ਤਤ ਲੇਹੁ ਸਰੀਰ ਬਿਚਾਰੀ ॥੨॥ ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥ ਗਈ ਠਗਉਰੀ ਠਗੁ ਪਹਿਚਾਨਿਆ ॥”{ਪੰਨਾ 331}। ਕਹਿ ਸਕਦੇ ਹਾਂ ਕਿ ਸਭ ਦਾ ਖਸਮ ਪ੍ਰਭੂ ਆਪ ਹੀ ਹੈ। ਆਪਾ ਸਾਰੇ ਉਸ ਦੀਆ ਦਾਸੀਆਂ ਹਾਂ ਅਤੇ ਉਹ ਪ੍ਰਭੂ ਸਾਡਾ ਸਾਰਿਆਂ ਦਾ ਖਸਮ ਹੈ। “ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ ॥੫॥੨॥੪॥ {ਪੰਨਾ-੭੨੯}


ਦੁਨੀਆਂ ਦੀ ਰਚਨਾ -ਆਸਾ ਕੀ ਵਾਰ ਦੀ ਪਹਿਲੀ ਪਉੜੀ ਵਿੱਚ ਗੁਰੂ ਨਾਨਕ ਦੇਵ ਜੀ ਦੱਸਦੇ ਹਨ ਕਿ ਪ੍ਰਮਾਤਮਾ ਨੇ ਸਭ ਤੋਂ ਪਹਿਲਾਂ ਅਪਣੇ ਆਪ ਨੂੰ ਸਾਜਿਆ ਫਿਰ ਉਸ ਨੇ ਦੂਜੇ ਨੰਬਰ ਤੇ ਕੁਦਰਤ ਦੀ ਸਾਜਨਾਂ ਕੀਤੀ (ਅਸੀ ਸਾਰੇ ਕੁਦਰਤ ਹੀ ਤੇ ਹਾਂ, “ਕੁਦਰਤ ਸਰਬ ਆਕਾਰੁ”) ਅਤੇ ਆਪ ਉਸ ਅੰਦਰ ਆਸਣ ਲਾ ਕੇ ਬੜੇ ਚਾਓ ਨਾਲ ਦੇਖਣ ਲੱਗਾ। “ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥”(ਪੰਨਾ-੪੬੩)। ਭਗਤ ਨਾਮ ਦੇਵ ਜੀ ਵੀ ਗੁਰਬਾਣੀ ਅੰਦਰ ਲਿਖਦੇ ਹਨ ਪਹਿਲਾਂ ਪੁਰਸ਼ ਭਾਵ ਅਕਾਲ ਪੁਰਖ ਪਰਗਟ ਹੋਇਆ ਫਿਰ ਮਾਇਆ ਬਣੀ ਫਿਰ ਇਨ੍ਹਾਂ ਦਾ ਮੇਲ਼ ਹੋਇਆ ਇਸ ਤਰ੍ਹਾਂ ਇਹ ਸੰਸਾਰ ਪਰਮਾਤਮਾ ਦਾ ਇਕ ਸੋਹਣਾ ਜਿਹਾ ਬਾਗ਼ ਬਣ ਗਿਆ ਹੈ, ਜੋ ਇਉਂ ਨੱਚ ਰਿਹਾ ਹੈ ਜਿਵੇਂ ਖੂਹ ਦੀਆਂ ਟਿੰਡਾਂ ਵਿਚ ਪਾਣੀ ਨੱਚਦਾ ਹੈ। “ਪਹਿਲ ਪੁਰਸਾਬਿਰਾ ॥ ਅਥੋਨ ਪੁਰਸਾਦਮਰਾ ॥ ਅਸਗਾ ਅਸ ਉਸਗਾ ॥ ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥”(ਪੰਨਾ-੬੯੩)। ਗੁਰਬਾਣੀ ਅੰਦਰ ਗੁਰੂ ਸਾਹਿਬ ਨੇ ਮਨੁੱਖ ਜਾਤੀ ਨੂੰ ਦੋ “ਗੁਰਮੁਖ ਅਤੇ ਮਨਮੁਖ” ਦੋ ਹਿੱਸਿਆਂ ਵਿੱਚ ਵੰਡਿਆ ਹੈ। ਜੋ ਮਨਮੁਖ ਮਨ ਦੀ ਮਰਜ਼ੀ ਨਾਲ ਚੱਲਦੇ ਹਨ ਉਸਨੂੰ ਗੁਰਬਾਣੀ ਅਨੁਸਾਰ ਨਾਰੀ ਕਿਹਾ ਗਿਆ ਹੈ। ਜੇ ਥੋੜ੍ਹਾ ਹੋਰ ਗਹੁ ਨਾਲ ਵਿਚਾਰ ਕੀਤਾ ਜਾਵੇ ਤਾਂ ਇਹ ਖੁਦ ਵੀ ਅਪਣੇ ਮੰਨ ਅਨੁਸਾਰ ਨਹੀਂ ਬਲਕਿ ਦੂਜਿਆਂ ਦੀ ਦੇਖਾ ਦੇਖੀ ਹੀ ਚਲਦੇ ਹਨ ਜਾਂ ਕਹਿ ਲਓ ਦੁਨੀਆਂ ਦੀ ਰੀਸ ਕਰਦੇ ਹਨ। ਦੇਖੋ ਕਿਆ ਅਜੀਬ ਹੈ ਨਾ ਜਿਨ੍ਹਾਂ ਦੀ ਰੀਸ ਕਰਦੇ ਹਨ ਅਤੇ ਉਨ੍ਹਾਂ ਤੋਂ ਹੀ ਅੱਗੇ ਨਿਕਲਣਾ ਚਾਹੁੰਦੇ ਹਨ ਜਦੋਂ ਸਫਲਤਾ ਨਹੀਂ ਮਿਲਦੀ ਤਾਂ Tension, depression ਵਿੱਚ ਪਹੁੰਚ ਜਾਂਦੇ ਹਨ। ਇਸ ਤਰ੍ਹਾਂ ਦੁੱਖ ਹੀ ਮਿਲਦਾ ਹੈ। ਇਸੇ ਲਈ ਹੀ ਅੱਜ ਦੁਨੀਆ ਦੁੱਖਾਂ ਵਿੱਚ ਫਸੀ ਰਹਿੰਦੀ ਹੈ। ਤਾਂ ਹੀ ਗੁਰੂ ਸਾਹਿਬ ਨੇ ਗੁਰਬਾਣੀ ਅੰਦਰ ਸਾਡੇ ਭਲੇ ਲਈ ਲਿਖ ਦਿੱਤਾ “ਨਾਨਕ ਦੁਖੀਆ ਸਭੁ ਸੰਸਾਰੁ ॥” {ਪੰਨਾ 953}ਅਤੇ “ਸੁਖੁ ਨਾਹੀ ਬਹੁਤੈ ਧਨਿ ਖਾਟੇ ॥ ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥”(ਪੰਨਾ-੧੧੪੭)। ਫ਼ਰੀਦ ਸਾਹਿਬ ਵੀ ਅਪਣੀ ਬਾਣੀ ਵਿੱਚ ਕਹਿੰਦੇ ਹਨ “ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥”{ਪੰਨਾ 1382}
ਨਾਰੀ ਤੋਂ ਪੁਰਖ ਅਤੇ ਫਿਰ ਪੁਰਖ ਤੋਂ ਨਾਰੀ – ਕਈ ਵਾਰ ਇਨਸਾਨ ਪੁਰਖ ਬਣਨ ਲਈ ਰੱਬ ਨੂੰ ਮਿਲਣ ਦੇ ਰਸਤੇ ਚੱਲ ਤੇ ਪੈਦਾ ਹੈ ਪਰ ਜਦੋਂ ਥੋੜ੍ਹੀ ਜਿਹੀ ਇੱਜ਼ਤ ਮਿਲ ਜਾਂਦੀ ਹੈ ਤਾਂ ਅਪਣੇ ਹੀ ਚੇਲੇ ਬਣਾ ਕਿ ਅਪਣੀ ਹੀ ਪੂਜਾ ਕਰਾਉਣ ਦੇ ਚੱਕਰ ਵਿੱਚ ਰਸਤੇ ਵਿੱਚ ਹੀ ਅਟਕ ਜਾਂਦਾ ਹੈ। “ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ ॥ ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ ॥”{ਪੰਨਾ 1369}। ਕਹਿੰਦੇ ਹਨ ਹਰਨਾਖਸ਼ ਨੇ ਬਹੁਤ ਭਗਤੀ ਕੀਤੀ ਸੀ। ਜਿਸ ਕਰ ਕੇ ਉਹ ਨਾਰੀ ਤੋਂ ਪੁਰਖ ਤਾਂ ਬਣ ਗਿਆ ਪਰ ਜਦੋਂ ਉਹ ਪ੍ਰਭੂ ਪੁਰਖ ਨੂੰ ਭੁੱਲ ਗਿਆ ਜਿਸ ਨੇ ਪੁਰਖ ਬਣਾਇਆ ਤਾਂ ਫਿਰ ਉਸ ਪੁਰਖ (ਰੱਬ) ਨੇ ਉਸ ਨੂੰ ਫਿਰ ਪੁਰਖ ਤੋਂ ਨਾਰੀ ਬਣਾ ਦਿੱਤਾ। ਅਤੇ ਉਸਨੂੰ ਖਤਮ ਕਰਨ ਦਾ ਕਾਰਨ ਵੀ ਉਸਦਾ ਪੁੱਤਰ ਪ੍ਰਹਿਲਾਦ ਹੀ ਬਣਿਆ। ਗੁਰਬਾਣੀ ਵਿੱਚ ਗੁਰੂ ਰਾਮਦਾਸ ਜੀ ਨੇ ਇਸ ਨਾਰੀ ਤੋਂ ਪੁਰਖ ਅਤੇ ਫਿਰ ਪੁਰਖ ਤੋਂ ਨਾਰੀ ਬਣੇ ਨੂੰ ਹਰਨਾਖਸ਼ ਦੁਸ਼ਟ ਅਤੇ ਪ੍ਰਹਿਲਾਦ ਨੂੰ ਭਗਤ ਲਿਖਿਆ ਹੈ। “ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥”(ਪੰਨਾ-੪੫੧)।
ਕਹਿੰਦੇ ਹਨ ਰਾਵਣ ਨੇ ਬਹੁਤ ਤਪੱਸਿਆ ਕੀਤੀ ਅਤੇ ਉਸ ਨੇ ਕਾਲ ਨੂੰ ਪਾਵੇ ਨਾਲ ਬੰਨ ਲਿਆ, ਭਾਵ ਉਹ ਕਹਿੰਦਾ ਸੀ ਮੈਨੂੰ ਕੋਈ ਨਹੀਂ ਮਾਰ ਸਕਦਾ ਮੈਂ ਅਪਣੀ ਮਰਜ਼ੀ ਨਾਲ ਮਰਾਂਗਾ। ਉਸ ਨੇ ਲੰਕਾ ਨੂੰ ਸੋਨੇ ਦੀ ਬਣਾ ਰੱਖਿਆ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਲਿਖਦੇ ਹਨ ਕਿ ਉਸਦੀ ਰਸੋਈ ਚੰਦ ਸੂਰਜ ਨਾਲ ਤਪਦੀ ਸੀ, ਅੱਗ ਉਸਦੇ ਕੱਪੜੇ ਧੋਂਦੀ ਸੀ। “ਚੰਦੁ ਸੂਰਜੁ ਜਾ ਕੇ ਤਪਤ ਰਸੋਈ ॥ ਬੈਸੰਤਰੁ ਜਾ ਕੇ ਕਪਰੇ ਧੋਈ ॥”(ਪੰਨਾ-੪੮੧)। ਰਾਵਣ ਰੱਬ ਦੀ ਬੰਦਗੀ ਕਰ ਕੇ ਨਾਰੀ ਤੋ ਪੁਰਖ ਤਾਂ ਬਣ ਗਿਆ ਪਰ ਉਹ ਇਹ ਭੁੱਲ ਗਿਆ ਕੇ ਜਿਸ ਨੇ ਪੁਰਖ ਬਣਾਇਆ ਹੈ ਜੋ ਉਸ ਦੇ ਅਸੂਲ ਤੋਂ ਬਾਗ਼ੀ ਹੋ ਜਾਂਦੇ ਹਨ ਉਨ੍ਹਾਂ ਨੂੰ ਦੁਬਾਰਾ ਨਾਰੀ ਵੀ ਬਣਾ ਸਕਦਾ ਹੈ। ਉਹ ਹਉਂਮੈ ਵਿੱਚ ਆ ਗਿਆ ਸੀ। ਹਉਂਮੈ ਤੇ ਨਾਮ (ਰੱਬ) ਵਿਰੋਧੀ ਹਨ। “ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥”(ਪੰਨਾ-੫੬੦)। ਇਹ ਦੋਨੋ ਇਕੱਠੇ ਨਹੀਂ ਰਹਿ ਸਕਦੇ। ਇਸਦੀ ਹਉਂਮੈ ਨੇ ਹੀ ਇਸ ਨੂੰ ਖਤਮ ਕਰ ਦਿੱਤਾ ਸੀ। ਇਸਦੀ ਹਉਂਮੈ ਨੇ ਇਸ ਨੂੰ ਫਿਰ ਪੁਰਖ ਤੋਂ ਨਾਰੀ ਬਣਾ ਦਿੱਤਾ ਸੀ। ਗੁਰੂ ਗ੍ਰੰਥ ਸਾਹਿਬ ਅੰਦਰ ਕਬੀਰ ਸਾਹਿਬ ਨੇ ਇਸ ਨੂੰ ਮੂਰਖ ਲਿਖ ਦਿੱਤਾ ਹੈ। “ਲੰਕਾ ਗਢੁ ਸੋਨੇ ਕਾ ਭਇਆ ॥ ਮੂਰਖੁ ਰਾਵਨੁ ਕਿਆ ਲੇ ਗਇਆ ॥”(ਪੰਨਾ-੧੧੫੮)।
ਜਪੁ ਬਾਣੀ ਦੀ ਸਤਾਈਵੀਂ ਪਉੜੀ ਅਤੇ ਸੋ ਦਰ ਦੀ ਬਾਣੀ ਅੰਦਰ ਗੁਰੂ ਨਾਨਕ ਸਾਹਿਬ ਜੀ ਲਿਖਦੇ ਹਨ ਇੰਦਰ ਦੇਵਤਿਆਂ ਸਮੇਤ ਅਪਣੇ ਆਸਣ ਤੇ ਬੈਠੇ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਕਰਦੇ ਹਨ। “ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥” ਭਾਵ ਕਿ ਉਹ ਵੀ ਪ੍ਰਭੂ ਨੂੰ ਯਾਦ ਕਰ ਕਰ ਕੇ ਪੁਰਖ ਬਣ ਗਏ ਸਨ ਪਰ ਜਦ ਉਹ ਗੋਤਮ ਰਿਸ਼ੀ ਦੀ ਜੀਵਨ ਸਾਥਣ ਅਹੱਲਿਆ ਦੇ ਰੂਪ ਤੇ ਲੁਭਾ ਗਿਆ ਤਾਂ ਉਸ ਦੇ ਸਰੀਰ ਉੱਪਰ ਹਜ਼ਾਰਾਂ ਭਗ ਦੇ ਨਿਸ਼ਾਨ ਬਣ ਗਏ ਤਾਂ ਫਿਰ ਉਸ ਨੂੰ ਪਛਤਾਉਣਾ ਪਿਆ। ਇਸ ਤਰ੍ਹਾਂ ਇਹ ਵੀ ਨਾਰੀ ਤੋਂ ਪੁਰਖ ਤਾਂ ਬਣ ਗਿਆ ਪਰ ਪੁਰਖ ਰਹਿ ਨਾ ਸਕਿਆ ਪਰਮਾਤਮਾ ਨੇ ਇਸ ਨੂੰ ਵੀ ਇਸ ਦੇ ਮਾੜੇ ਕਰਮ ਕਰਕੇ ਮੁੜ ਨਾਰੀ ਹੀ ਬਣਾ ਦਿੱਤਾ। “ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥”(ਪੰਨਾ-੧੩੪੪)
ਨਾਰੀ ਤੋਂ ਪੁਰਖ ਤੱਕ ਦੇ ਪਾਂਧੀ – ਜੋ ਗੁਰੂ ਦੇ ਰਸਤੇ ਚਲਦੇ ਹਨ ਉਹ ਗੁਰਮੁਖ ਜਨ ਅਨੰਦ ਵਿੱਚ ਰਹਿੰਦੇ ਹਨ। ਗੁਰਮੁਖ ਗੁਰੂ ਦੀ ਗੱਲ ਬੜੇ ਧਿਆਨ ਨਾਲ ਸੁਣਦੇ ਹਨ ਅਤੇ ਉਸ ਤੇ ਵਿਚਾਰ ਕਰਕੇ ਉਸ ਅਨੁਸਾਰ ਜੀਵਨ ਢਾਲਦੇ ਹਨ। ਇਸ ਤਰ੍ਹਾਂ ਉਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਸਮਾ ਜਾਂਦਾ ਹੈ। “ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ॥ ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ ॥ ਅਕਥ ਕਹਾਣੀ ਪਦੁ ਨਿਰਬਾਣੀ ਕੋ ਵਿਰਲਾ ਗੁਰਮੁਖਿ ਬੂਝਏ ॥ ਓਹੁ ਸਬਦਿ ਸਮਾਏ ਆਪੁ ਗਵਾਏ ਤ੍ਰਿਭਵਣ ਸੋਝੀ ਸੂਝਏ ॥ ਰਹੈ ਅਤੀਤੁ ਅਪਰੰਪਰਿ ਰਾਤਾ ਸਾਚੁ ਮਨਿ ਗੁਣ ਸਾਰਿਆ ॥ ਓਹੁ ਪੂਰਿ ਰਹਿਆ ਸਰਬ ਠਾਈ ਨਾਨਕਾ ਉਰਿ ਧਾਰਿਆ ॥” {ਪੰਨਾ 844} ਇਸੇ ਲਈ ਗੁਰੂ ਸਾਹਿਬ ਨੇ ਜਪੁ ਬਾਣੀ ਅੰਦਰ ਪੰਚ ਪ੍ਰਵਾਨ ਵਾਲੀ ਪਉੜੀ ਤੋਂ ਪਹਿਲਾਂ ਚਾਰ ਪਉੜੀਆਂ ਸੁਣਿਐ ਅਤੇ ਚਾਰ ਪਉੜੀਆਂ ਮਨੈ ਦੀਆਂ ਲਿਖੀਆਂ ਹਨ। ਜਿਸਨੇ ਗੁਰੂ ਦੀ ਗੱਲ ਸੁਣ ਕੇ ਮੰਨ ਲਈ ਉਸਨੂੰ ਅਪਣੇ ਅੰਦਰ ਪ੍ਰਭੂ ਨਜ਼ਰ ਆਉਂਦਾ ਹੈ। ਉਹ ਇਸਤਰੀ ਜਾਂ ਪੁਰਸ਼ ਕੋਈ ਵੀ ਹੋ ਸਕਦਾ ਹੈ। ਉਹੀ ਪੰਚ (ਸ੍ਰੇਸ਼ਟ) ਹੋ ਕੇ ਹੀ ਪ੍ਰਭੂ ਦਰ ਤੇ ਪ੍ਰਵਾਨ ਹੁੰਦਾ ਹੈ। ਗੁਰੂ ਦੇ ਦੱਸੇ ਰਸਤੇ ਤੇ ਚੱਲਣ ਵਾਲੇ ਗੁਰਮੁਖ ਪੁਰਖ ਬਣ ਜਾਂਦੇ ਹਨ।
ਗੁਰਮੁਖ ਹੁਕਮ ਰਜਾਈ ਹੋ ਕਿ ਨਾਰੀ ਤੋਂ ਪੁਰਖ ਬਣ ਜਾਂਦੇ ਹਨ। ਭਾਈ ਲਹਿਣਾ ਜੀ ਜੋ ਗੁਰੂ ਅੰਗਦ ਬਣੇ, ਅਮਰਦਾਸ ਤੋਂ ਗੁਰੂ ਅਮਰਦਾਸ ਜੀ, ਭਾਈ ਜੇਠਾ ਜੀ ਆਮ ਇਨਸਾਨ ਹੀ ਤਾਂ ਸਨ ਇਹ ਵੀ ਜੇਠਾ ਤੋਂ ਗੁਰੂ ਰਾਮਦਾਸ ਬਣ ਗਏ। ਇਹ ਸਭ ਨੇ ਰੱਬੀ ਹੁਕਮ ਵਿੱਚ ਰਹਿੰਦਿਆਂ ਬੰਦਗੀ ਕੀਤੀ ਤਾਂ ਹੀ (ਪੁਰਖ) ਬਣੇ ਅਤੇ ਗੁਰੂ ਅਖਵਾਏ ਹਨ। ਭਗਤ ਧੰਨਾ ਜੀ ਆਮ ਜ਼ਿਮੀਂਦਾਰ ਇਨਸਾਨ ਹੀ ਸਨ। ਗੁਰੂ ਅਰਜਨ ਦੇਵ ਜੀ ਅਪਣੀ ਬਾਣੀ ਅੰਦਰ ਲਿਖਦੇ ਹਨ ਕਿ ਜਦੋਂ ਧੰਨੇ ਨੇ ਸੁਣਿਆ ਕਿ ਅੱਧੀ ਕੌਡੀ ਦਾ ਨਾਮਦੇਵ ਛੀਬਾਂ ਗੋਬਿੰਦ ਦੇ ਨਾਮ ਵਿੱਚ ਲੀਨ ਹੋਣ ਨਾਲ ਲੱਖਾਂ ਦਾ ਹੋ ਗਿਆ ਭਾਵ ਉਸ ਦੀ ਇੱਜ਼ਤ ਹੋਣ ਲੱਗ ਪਈ। ਨੀਵੀਂ ਕੁਲ ਦਾ ਕਬੀਰ ਜੁਲਾਹਾ ਜਦੋਂ ਪ੍ਰਭੂ ਪ੍ਰੀਤੀ ਵਿੱਚ ਜੁੜਨ ਕਰਕੇ ਗੁਣੀ ਗਿਆਨੀ ਬਣ ਗਿਆ। ਰਵਿਦਾਸ ਜੋ ਨਿੱਤ ਪਿੰਡ ਦੀ ਗੰਦਗੀ ਢੋਂਦਾ ਸੀ ਉਸ ਨੇ ਜਦੋਂ ਮਾਇਆ ਦਾ ਤਿਆਗ ਕਰ ਦਿੱਤਾ ਤਾਂ ਉਹ ਸਾਧ-ਸੰਗਤ ਵਿੱਚ ਪ੍ਰਗਟ ਹੋ ਗਿਆ। ਸੈਨ ਨਾਈ ਜੋ ਬੁੱਤੀਆਂ ਕੱਢਦਾ ਸੀ ਜਦੋ ਉਸ ਦੇ ਹਿਰਦੇ ਵਿੱਚ ਪਾਰਬ੍ਰਹਮ ਵੱਸ ਗਿਆ ਤਾਂ ਉਹ ਭਗਤਾਂ ਵਿੱਚ ਗਿਣਿਆ ਜਾਣ ਲੱਗਾ ਅਤੇ ਉਸ ਦੀ ਚਰਚਾ ਘਰ ਘਰ ਵਿੱਚ ਹੋਣ ਲੱਗੀ ਤਾਂ ਉਹ ਵੀ ਭਗਤੀ ਕਰਨ ਲੱਗ ਪਿਆ। ਇਸ ਤਰ੍ਹਾਂ ਉਹ ਪ੍ਰਭੂ ਪਰਮਾਤਮਾ ਵਿੱਚ ਅਭੇਦ ਹੋ ਗਿਆ। ਭਾਵ ਇਨ੍ਹਾਂ ਸਾਰਿਆਂ ਨੂੰ ਨਾਰੀ ਤੋਂ ਪੁਰਖ ਬਣੇ ਸੁਣ ਕੇ ਭਗਤ ਧੰਨਾ ਜੀ ਵੀ ਤੂੰ ਤੂੰ ਕਰਦਾ ਤੂੰ ਹੀ ਹੋ ਗਿਆ। ਨਾਰੀ ਤੋਂ ਪੁਰਖ ਬਣ ਗਿਆ। “ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥” {ਪੰਨਾ 487}
ਮਾਤਾ ਖੀਵੀ ਜੀ ਵੀ ਹੁਕਮ ਰਜਾਈ ਹੋਣ ਕਰਕੇ ਹੀ ਨਾਰੀ ਤੋਂ ਪੁਰਖ ਬਣੇ ਸਨ ਤਾਂ ਹੀ ਤਾਂ ਉਨ੍ਹਾਂ ਦਾ ਨਾਮ ਗੁਰਬਾਣੀ ਅੰਦਰ ਵਡਿਆਇਆ ਗਿਆ ਹੈ। “ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥” ਅਤੇ “ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ ॥ ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ ॥” {ਪੰਨਾ 967}। ਭਗਤ ਨਾਮਦੇਵ ਜੀ ਗੁਰਬਾਣੀ ਅੰਦਰ ਲਿਖਦੇ ਹਨ ਗਨਿਕਾ ਜੋ ਇੱਕ ਵੇਸਵਾ ਬਣ ਚੁੱਕੀ ਸੀ। ਉਹ ਤੋਤੇ ਨੂੰ ਪਰਮਾਤਮਾ ਦਾ ਨਾਮ ਜਪਾ ਜਪਾ ਕੇ ਨਾਰੀ ਤੋਂ ਪੁਰਖ ਬਣ ਗਈ। ਬੱਚੇ ਮਾਰਨ ਵਾਲੀ ਭੂਤਨਾ ਹਰੀ ਦਾ ਨਾਮ ਜਪ ਕੇ ਤਰ ਗਈ, ਇਸ ਤਰ੍ਹਾਂ ਇਨ੍ਹਾਂ ਦਾ ਸਿਮਰਨ ਕਰਨ ਕਰਕੇ ਹੀ ਉਧਾਰ ਹੋ ਗਿਆ। “ਸੂਆ ਪੜਾਵਤ ਗਨਿਕਾ ਤਰੀ ॥ ਸੋ ਹਰਿ ਨੈਨਹੁ ਕੀ ਪੂਤਰੀ ॥੨॥ ਹਰਿ ਹਰਿ ਕਰਤ ਪੂਤਨਾ ਤਰੀ ॥ ਬਾਲ ਘਾਤਨੀ ਕਪਟਹਿ ਭਰੀ ॥”(ਪੰਨਾ-੮੭੪)। ਇਹ ਸਭ ਨਾਰੀ ਤੋਂ ਹੀ ਪੁਰਖ ਦੀ ਸ੍ਰੇਣੀ ਵਿੱਚ ਗਿਣੀਆਂ ਜਾਣ ਲੱਗੀਆਂ।
ਪ੍ਰਭੂ ਦੀ ਖੇਡ – ਕਬੀਰ ਸਾਹਿਬ ਅਪਣੀ ਬਾਣੀ ਵਿੱਚ ਫ਼ੁਰਮਾਉਂਦੇ ਹਨ ਕਿ ਹੇ ਪ੍ਰਭੂ ਤੇਰੀ ਕੈਸੀ ਅਜੀਬ ਖੇਡ ਹੈ ਤੂੰ ਭੇਖਾਰੀ ਨੂੰ ਰਾਜਾ ਤੇ ਰਾਜੇ ਨੂੰ ਭੇਖਾਰੀ ਬਣਾ ਦਿੰਦਾ ਹੈ। ਸਿਰੇ ਦੇ ਮੂਰਖ ਨੂੰ ਵਿਦਵਾਨ ਤੇ ਵਿਦਵਾਨ ਨੂੰ ਮੂਰਖ ਬਣਾ ਦਿੰਦਾ ਹੈ। ਕਬੀਰ ਸਾਹਿਬ ਕਹਿੰਦੇ ਮੈਂ ਉਸ ਪ੍ਰਭੂ ਤੋਂ ਬਲਿਹਾਰੀ ਜਾਂਦਾ ਹਾਂ ਜੋ ਨਾਰੀ ਤੋਂ ਪੁਰਖ ਅਤੇ ਪੁਰਖ ਤੋਂ ਨਾਰੀ ਬਣਾ ਦਿੰਦਾ ਹੈ। ਭਾਵ ਆਮ ਇਨਸਾਨ ਭਗਤ ਜਾਂ ਕਹਿ ਲਓ ਰੱਬ ਅਤੇ ਭਗਤ ਜੇਕਰ ਹੰਕਾਰੀ ਹੋ ਜਾਵੇ ਤਾਂ ਉਸ ਨੂੰ ਨਾਰੀ ਆਮ ਇਨਸਾਨ ਜਾਂ ਇਸ ਤੋਂ ਵੀ ਗਿਰਾ ਕੇ ਸ਼ੈਤਾਨ ਬਣਾ ਦਿੰਦਾ ਹੈ। “ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥ ਖਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ ॥੩॥ ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ ॥ ਕਹੁ ਕਬੀਰ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ ॥੪॥੨॥” {ਪੰਨਾ 1252}ਗੁਰੂ ਨਾਨਕ ਦੇਵ ਜੀ ਰਾਮਕਲੀ ਰਾਗ ਵਿੱਚ ਫੁਰਮਾਉਂਦੇ ਹਨ। ਉਸ ਪ੍ਰਭੂ ਦੇ ਅਦਭੁਤ ਗਿਆਨ ਨੂੰ ਕੋਈ ਵਿਰਲਾ ਹੀ ਵਿਚਾਰਦਾ ਹੈ। ਜਿਸ ਨੂੰ ਸਮਝ ਆ ਜਾਂਦੀ ਹੈ ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਪਰਮ ਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿਸ ਤਰ੍ਹਾਂ ਸਾਗਰ ਵਿੱਚ ਬੂੰਦ ਸਮਾਈ ਹੋਈ ਹੈ ਅਤੇ ਜੋ ਬੂੰਦ ਸਾਗਰ ਤੋਂ ਬਣਦੀ ਹੈ ਉਸ ਵਿੱਚ ਹੀ ਸਾਗਰ ਸਮਾਇਆ ਹੋਇਆ ਹੈ। ਪ੍ਰਭੂ ਨੇ ਆਪ ਹੀ ਸਾਰੀ ਸ੍ਰਿਸ਼ਟੀ ਦਾ ਤਮਾਸ਼ਾ ਰਚਿਆ ਹੈ ਅਤੇ ਆਪ ਹੀ ਇਸ ਅਸਲੀਅਤ ਨੂੰ ਸਮਝਣ ਵਾਲਾ ਹੈ। ਦਿਨ ਵਿੱਚ ਰਾਤ ਤੇ ਰਾਤ ਵਿੱਚ ਦਿਨ, ਇਸੇ ਢੰਗ ਨਾਲ ਗਰਮੀ ਵਿੱਚ ਠੰਡ ਤੇ ਠੰਢ ਵਿੱਚ ਗਰਮੀ ਸਮੋ ਜਾਂਦੀ ਹੈ। ਪ੍ਰਭੂ ਦੀ ਖੇਡ ਨੂੰ ਕੋਈ ਨਹੀਂ ਜਾਣਦਾ ਗੁਰੂ ਤੋਂ ਬਿਨਾਂ ਸਮਝ ਨਹੀਂ ਆ ਸਕਦੀ। ਉਸ ਪ੍ਰਭੂ ਪੁਰਖ ਵਿੱਚ ਨਾਰੀ (ਸਾਰੀ ਕੁਦਰਤ ) ਤੇ ਸਾਰੀ ਕੁਦਰਤ ਵਿੱਚ ਉਹ ਪ੍ਰਭੂ ਆਪ ਸਮਾਇਆ ਹੋਇਆ ਹੈ, ਬ੍ਰਹਮ ਨੂੰ ਜਾਨਣ ਵਾਲਾ ਕੋਈ ਬ੍ਰਹਮ ਗਿਆਨੀ ਹੀ ਇਹ ਬੁਝ ਸਕਦਾ ਹੈ।“ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ ॥ ਉਤਭੁਜ ਚਲਤ ਆਪਿ ਕਰਿ ਚੀਨੈ ਆਪੇ ਤਤੁ ਪਛਾਣੈ ॥੧॥ ਐਸਾ ਗਿਆਨੁ ਬੀਚਾਰੈ ਕੋਈ ॥ ਤਿਸ ਤੇ ਮੁਕਤਿ ਪਰਮ ਗਤਿ ਹੋਈ ॥੧॥ ਰਹਾਉ ॥ ਦਿਨ ਮਹਿ ਰੈਣਿ ਰੈਣਿ ਮਹਿ ਦਿਨੀਅਰੁ ਉਸਨ ਸੀਤ ਬਿਧਿ ਸੋਈ ॥ ਤਾ ਕੀ ਗਤਿ ਮਿਤਿ ਅਵਰੁ ਨ ਜਾਣੈ ਗੁਰ ਬਿਨੁ ਸਮਝ ਨ ਹੋਈ ॥੨॥ ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥ ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥੩॥ ਮਨ ਮਹਿ ਜੋਤਿ ਜੋਤਿ ਮਹਿ ਮਨੂਆ ਪੰਚ ਮਿਲੇ ਗੁਰ ਭਾਈ ॥ ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸਬਦਿ ਲਿਵ ਲਾਈ ॥੪॥੯॥” {ਪੰਨਾ 878-879}। ਨੌਵੇਂ ਪਾਤਸ਼ਾਹ ਫੁਰਮਾਉਦੇ ਹਨ ਕਿ ਉਸ ਪਰਮਾਤਮਾ ਦੀ ਖੇਡ ਨੂੰ ਕੋਈ ਵਿਰਲਾ ਹੀ ਜਾਣ ਸਕਦਾ ਹੈ। ਜੋਗੀ ਜਤੀ ਤਪੀ ਤੇ ਹੋਰ ਅਪਣੇ ਆਪ ਨੂੰ ਬਹੁਤ ਸਿਆਣੇ ਸਮਝਣ ਵਾਲੇ ਖਪ ਖਪਾ ਕੇ ਹਾਰ ਗਏ ਹਨ। ਉਹ ਪ੍ਰਭੂ ਤਾਂ ਇਕ ਛਿਨ ਵਿੱਚ ਹੀ ਰਾਜੇ ਨੂੰ ਕੰਗਾਲ ਤੇ ਕੰਗਾਲ ਨੂੰ ਰਾਜਾ ਬਣਾ ਸਕਦਾ ਹੈ। ਉਸਦਾ ਤਾਂ ਕੰਮ ਹੀ ਹੈ ਕਿ ਭਰੇ ਨੂੰ ਖਾਲੀ ਕਰਨਾ ਅਤੇ ਖਾਲੀ ਨੂੰ ਭਰਨਾ। “ਹਰਿ ਕੀ ਗਤਿ ਨਹਿ ਕੋਊ ਜਾਨੈ ॥ ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ ॥੧॥ ਰਹਾਉ ॥ ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥ ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ ॥”(ਪੰਨਾ-੫੩੮)
ਪੂਰਨ ਪੁਰਖ ਦੀ ਪਹਿਚਾਣ – ਸਲੋਕ ਸਹਿਕ੍ਰਿਤੀ ਵਿੱਚ ਪੰਚਮ ਪਾਤਸ਼ਾਹ ਨੇ ਪੂਰਨ ਪੁਰਖ ਦੀ ਪਹਿਚਾਣ ਦੇ ਛੇ ਲੱਛਣ ਦੱਸਦਿਆਂ ਕਿਹਾ ਹੈ ਕਿ ਅਸਲੀ ਸਾਧ ਉਹ ਮਨੁੱਖ ਹੈ, ਜਿਸ ਦੀ ਸਰਬ-ਵਿਆਪਕ ਪਰਮਾਤਮਾ ਦੇ ਨਾਮ ਦੀ ਬਰਕਤ ਨਾਲ ਆਤਮਿਕ ਅਵਸਥਾ ਅਜਿਹੀ ਬਣ ਜਾਂਦੀ ਹੈ ਕਿ ਉਸ ਦੇ ਅੰਦਰੋਂ ਮੇਰ-ਤੇਰ ਮਿਟ ਜਾਂਦੀ ਹੈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਉਸ ਦੀ ਜ਼ਿੰਦਗੀ ਦਾ ਸਹਾਰਾ ਬਣ ਜਾਂਦੀ ਹੈ ਮਾਇਆ ਅਤੇ ਕਾਮਾਦਿਕ ਵਿਕਾਰ ਉਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ। ਉਸੇ ਮਨੁੱਖ ਨੂੰ ਹੀ ਪੂਰਨ ਪੁਰਖ ਕਿਹਾ ਜਾ ਸਕਦਾ ਹੈ। “ਮੰਤ੍ਰੰ ਰਾਮ ਰਾਮ ਨਾਮੰ ਧ੍ਯ੍ਯਾਨੰ ਸਰਬਤ੍ਰ ਪੂਰਨਹ ॥ ਗ੍ਯ੍ਯਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ ॥ ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ ॥ ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ ॥ ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ ॥ ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪੁ ਤ੍ਯ੍ਯਿਾਗਿ ਸਗਲ ਰੇਣੁਕਹ ॥ ਖਟ ਲਖ੍ਯ੍ਯਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ ॥੪੦॥” {ਪੰਨਾ 1357} ਗੁਰੂ ਸਾਹਿਬ ਨੇ ਗੁਰਿਆਈ ਦੇਣ ਸਮੇਂ ਇਹੀ ਗੁਣ ਤਾਂ ਦੇਖੇ ਸਨ। ਗੁਰੂ ਦਸਮ ਪਾਤਸ਼ਾਹ ਨੇ ਪੰਚਾਇਤੀ ਰਾਜ ਦੀ ਨੀਂਹ ਰੱਖਣ ਲਈ ਸਿਰਾ ਹੀ ਕਰ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਕਿਹਾ “ਸਲੋਕ ਮਃ ੫ ॥ ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥”{ਪੰਨਾ 1102} ਉਸੇ ਨੂੰ ਦਸਮ ਪਿਤਾ ਨੇ ਪ੍ਰਯੋਗਿਕ ਤੌਰ ਤੇ ਸਿੱਧ ਕਰ ਦਿਖਾਇਆ। ਜੋ ਸਿੱਖ ਨਾਰੀ ਤੋਂ ਪੁਰਖ ਬਣ ਚੁੱਕੇ ਸਨ ਭਾਵ ਜੋ ਤਨ, ਮਨ, ਧਨ ਸਭ ਗੁਰੂ ਨੂੰ ਸੌਂਪ ਚੁੱਕੇ ਸਨ ਅਤੇ ਪੂਰੀ ਤਰ੍ਹਾਂ ਨਿਮਰਤਾ ਵਿੱਚ ਆ ਚੁੱਕੇ ਸਨ, ਉਹੀ ਪ੍ਰਵਾਨ ਹੋਏ ਅਤੇ ਪੰਜ ਪਿਆਰੇ ਅਖਵਾਏ। ਸ਼ਾਇਦ ਇਸੇ ਕਰਕੇ ਹੀ ਪੰਥ ਦੇ ਵਿਦਵਾਨਾਂ ਨੇ ਅੰਮ੍ਰਿਤ ਸੰਸਕਾਰ ਦੇ ਸਿਰਲੇਖ ਹੇਠ ਭਾਗ (ਅ) ਵਿੱਚ ਸਪੱਸ਼ਟ ਲਿਖਿਆ ਹੈਃ-
(ਅ) ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਕਾਸ਼ ਹੋਵੇ। ਘੱਟ ਤੋਂ ਘੱਟ ਛੇ ਤਿਆਰ-ਬਰ-ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ ਚੋਂ ਇੱਕ ਤਾਬਿਆ ਬੈਠੇ ਤੇ ਬਾਕੀ ਪੰਜ ਅੰਮ੍ਰਿਤ ਛਕਾਣ ਲਈ ਹੋਣ। ਇਨ੍ਹਾਂ ਵਿੱਚ ਸਿੰਘਣੀਆਂ ਭੀ ਹੋ ਸਕਦੀਆਂ ਹਨ।
ਪੁਰਖਤਾਈ ਦੀ ਸੰਭਾਲ – ਜਿਸ ਤਰ੍ਹਾਂ ਕਹਿੰਦੇ ਹਨ ਕਿ ਕੁਝ ਵੀ ਕਮਾਉਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਪਰ ਉਸ ਕਮਾਈ ਨੂੰ ਸਾਂਭਣਾ ਉਸ ਤੋਂ ਵੀ ਔਖਾ ਹੈ। ਜੇ ਭਗਤੀ ਕਰ ਕੇ ਗੁਰੂ ਕ੍ਰਿਪਾ ਨਾਲ ਨਾਰੀ ਤੋਂ ਪੁਰਖ ਬਣ ਗਏ ਫਿਰ ਪੁਰਖ ਬਣੇ ਰਹਿਣ ਲਈ ਵੀ ਮਿਹਨਤ ਕਰਨੀ ਪਏ ਗੀ। ਤਿਲੰਗ ਰਾਗ ਵਿੱਚ ਭਗਤ ਕਬੀਰ ਜੀ ਫੁਰਮਾਉਂਦੇ ਹਨ “ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥”(ਪੰਨਾ-੭੨੭)।ਭਾਵ ਕਿ ਜੇ ਪੁਰਖ ਬਣ ਗਿਆ ਹੈ ਤਾਂ ਫਿਰ ਅਪਣੇ ਦਿਲ ਨੂੰ ਹਰ ਵੇਲੇ ਖੋਜ, ਘਬਰਾਹਟ ਵਿਚ ਨਾ ਭਟਕ। ਇਹ ਜਗਤ ਇਕ ਜਾਦੂ ਜਿਹਾ ਹੈ, ਇਕ ਤਮਾਸ਼ਾ ਜਿਹਾ ਹੈ, ਕੋਈ ਕਾਰਖਾਨਾ ਨਹੀਂ ਸੋ ਇੱਥੋਂ ਹਥ-ਪੱਲੇ ਪੈਣ ਵਾਲੀ ਕੋਈ ਸ਼ੈ ਨਹੀ ਹੈ। ਪੁਰਖ ਬਣੇ ਰਹਿਣ ਲਈ ਉਸ ਪ੍ਰਭੂ ਪੁਰਖ ਦੀ ਰਜ਼ਾ ਵਿੱਚ ਰਹਿਣਾ ਹੀ ਪਏਗਾ। ਇਸੇ ਲਈ ਜਦੋਂ ਪੰਜ ਪਿਆਰਿਆਂ ਦੀ ਚੋਣ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦੀ ਪਹਿਲਾਂ ਸੁਧਾਈ ਕੀਤੀ ਜਾਂਦੀ ਹੈ ਭਾਵੇਂ ਉਹੀ ਪੰਚ ਕੁਝ ਸਮਾਂ ਪਹਿਲਾਂ ਹੀ ਕਿਤੇ ਅੰਮ੍ਰਿਤ ਛਕਾ ਕੇ ਹੀ ਕਿਉਂ ਨਾ ਆਏ ਹੋਣ? ਇਸਦਾ ਮਤਲਬ ਹੈ ਕਿ ਪੁਰਖ ਤੋਂ ਨਾਰੀ ਬਣਨ ਲਈ ਕੋਈ ਸਮਾਂ ਨਹੀਂ ਲੱਗਦਾ। ਇਸ ਅਵਸਥਾ ਨੂੰ ਸੰਭਾਲਣ ਲਈ ਜਿੱਥੇ ਅੱਠੇ ਪਹਿਰ ਇੱਕ ਨਾਲ ਲਿਵ ਜੋੜਨ ਦੀ ਲੋੜ ਹੈ ਉੱਥੇ ਹੁਕਮ ਰਜਾਈ ਵੀ ਹਰ ਸਮੇਂ ਰਹਿਣਾ ਪਏਗਾ। “ਅਠੇ ਪਹਰ ਇਕਤੈ ਲਿਵੈ ਮੰਨੇਨਿ ਹੁਕਮੁ ਅਪਾਰੁ॥”(ਪੰਨਾ-੯੫੯)।ਜੇ ਪ੍ਰਭੂ ਕਿਰਪਾ ਹੋ ਗਈ ਤਾਂ ਉਸ ਨੂੰ ਬਾਹਰ ਦਿਖਾਉਣ ਦੀ ਲੋੜ ਨਹੀਂ ਹੈ। ਇਸ ਲਈ ਭਗਤ ਨਾਮਦੇਵ ਜੀ ਕਹਿੰਦੇ ਹਨ “ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥”(ਪੰਨਾ-੭੧੮)। ਸੋ ਲੋੜ ਹੈ ਉਸ ਪ੍ਰਭੂ ਪਰਮਾਤਮਾ ਦੇ ਸਿਧਾਂਤ ਨੂੰ ਸਮਝਣ ਦੀ ਕਿ ਅਸੀ ਸਭ ਉਸ ਪਰਮਾਤਮਾ ਦੀਆ ਨਾਰਾਂ ਹਾਂ ਅਤੇ ਜੇ ਗੁਰਮਤਿ ਸਿਧਾਂਤ ਤੇ ਚੱਲ ਕੇ ਉਸ ਪਰਮਾਤਮਾ ਪੁਰਖ ਦਾ ਸਿਮਰਨ ਕਰਦੇ ਰਹਾਂਗੇ ਤਾਂ ਪਰਮਾਤਮਾ ਪੁਰਖ ਸਾਨੂੰ ਅਪਣੇ ਨਾਲ ਮਿਲਾ ਲੈਣ ਗੇ। ਕਬੀਰ ਸਾਹਿਬ ਜੀ ਦਾ ਫੁਰਮਾਨ ਹੈ “ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥ ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ ॥” {ਪੰਨਾ 1375}

ਬਲਵਿੰਦਰ ਸਿੰਘ ਮੁਲਤਾਨੀ

Leave a Reply

Your email address will not be published. Required fields are marked *