Gurmat vichaar

ਹਰਿ ਕੀਰਤਨੁ ਗਾਈਐ

ਗੁਰੂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਕੋਲ ਕੁਝ ਸਵਾਲ ਸੰਗਤਾਂ ਵਲੋਂ ਆਏ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਾਡੇ ਭਲੇ ਲਈ ਕਲਮਬੰਦ ਕਰਕੇ ਉੱਤਰ ਸਮੇਤ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਕਰ ਦਿੱਤਾ। ਸਵਾਲ ਸੀ ਗੁਰੂ ਜੀ ਮੈਨੂੰ ਉਹ ਅਸਥਾਨ ਦੱਸਣਾ ਕਰੋ ਜਿੱਥੇ ਹਰ ਸਮੇਂ ਸਿਰਫ ਪ੍ਰਭੂ ਪਰਮਾਤਮਾ ਦੀ ਉਸਤੱਤ ਹੀ ਹੁੰਦੀ ਹੋਵੇ? ਜੇਕਰ ਮੈਂ ਤੀਰਥਾਂ ਤੇ ਜਾਂਦਾ ਹਾਂ ਤਾਂ ਉੱਥੇ ਮੈਂ ਮੈਂ ਹੁੰਦੀ ਹੈ ਭਾਵ ਮੈਂ ਧਰਮੀ ਹਾਂ,ਮੈਂ ਬਹੁਤ ਵੱਡਾ ਧਰਮੀ ਹਾਂ। ਜੇ ਪੰਡਿਤਾਂ ਕੋਲ ਜਾ ਕੇ ਪੁੱਛਦੇ ਹਾਂ ਤਾਂ ਉਹ ਮਾਇਆ ਵਿੱਚ ਰੰਗੇ ਪਏ ਹਨ। ਸਾਸਤ੍ਰ ਬੇਦ ਪਾਪ ਪੁੰਨ ਦੀ ਵਿਆਖਿਆ ਕਰਦੇ ਹਨ ਭਾਵ ਜੇ ਇਹ ਕੰਮ ਕਰੋਗੇ ਤਾਂ ਪਾਪ ਲੱਗੇਗਾ ਜੇਕਰ ਉਹ ਕੰਮ ਕਰੋਗੇ ਤਾਂ ਪੁੰਨ ਲੱਗੇਗਾ, ਜਿਨ੍ਹਾਂ ਕਰਕੇ ਨਰਕ ਸੁਰਗ ਵਿੱਚ ਪੈ ਜਾਈਦਾ ਹੈ। ਜੇ ਗ੍ਰਹਿਸਥੀ ਹਾਂ ਤਾਂ ਚਿੰਤਾ ਤੜਫਾਉਂਦੀ ਹੈ ਜੋ ਗ੍ਰਹਿਸਥੀ ਦੇ ਤਿਆਗੀ ਹਨ ਉਹ ਹੰਕਾਰ ਵਿੱਚ ਫਸੇ ਫਿਰਦੇ ਹਨ। ਜੋ ਫੋਕੇ ਕਰਮ ਕਾਂਡ ਵਿੱਚ ਹਨ ਉਨ੍ਹਾਂ ਦੀ ਜ਼ਿੰਦਗੀ ਮਾਇਆ ਦੇ ਜੰਜਾਲ ਵਿੱਚ ਫਸੀ ਪਈ ਹੈ।
ਗੁਰੂ ਸਾਹਿਬ ਨੇ ਸਭ ਕੁਝ ਬੜਾ ਧਿਆਨ ਪੂਰਵਕ ਸੁਣਨ ਉਪਰੰਤ ਉੱਤਰ ਦਿੱਤਾ। ਭਾਈ ਇਹ ਮੰਨ ਪ੍ਰਭੂ ਕਿਰਪਾ ਸਦਕਾ ਵੱਸ ਵਿੱਚ ਆਉਂਦਾ ਹੈ। ਗੁਰੂ ਸਾਹਿਬ ਨੇ ਕਿਹਾ ਭਾਈ ਜੋ ਗੁਰੂ ਦੇ ਦੱਸੇ ਰਸਤੇ ਤੇ ਚੱਲਦੇ ਹਨ ਉਹ ਇਸ ਮਾਇਆ ਦੀ ਨਦੀ ਨੂੰ ਤਰ ਕੇ ਪਾਰ ਕਰ ਜਾਂਦੇ ਹਨ। ਸੋ ਭਾਈ ਸਾਧਸੰਗਤ ਵਿੱਚ ਬੈਠ ਕੇ ਉਸ ਪ੍ਰਭੂ ਦੀ ਕੀਰਤੀ ਕਰੀਏ। ਇਸ ਤਰ੍ਹਾਂ ਗੁਰੂ ਤੋਂ ਇਹ ਅਸਥਾਨ ਪ੍ਰਾਪਤ ਕਰ ਲਈਦਾ ਹੈ। “ਤੀਰਥਿ ਜਾਉ ਤ ਹਉ ਹਉ ਕਰਤੇ ॥ ਪੰਡਿਤ ਪੂਛਉ ਤ ਮਾਇਆ ਰਾਤੇ ॥੧॥ ਸੋ ਅਸਥਾਨੁ ਬਤਾਵਹੁ ਮੀਤਾ ॥ ਜਾ ਕੈ ਹਰਿ ਹਰਿ ਕੀਰਤਨੁ ਨੀਤਾ
॥੧॥ ਰਹਾਉ ॥ ਸਾਸਤ੍ਰ ਬੇਦ ਪਾਪ ਪੁੰਨ ਵੀਚਾਰ ॥ ਨਰਕਿ ਸੁਰਗਿ ਫਿਰਿ ਫਿਰਿ ਅਉਤਾਰ ॥੨॥ ਗਿਰਸਤ ਮਹਿ ਚਿੰਤ ਉਦਾਸ ਅਹੰਕਾਰ ॥ ਕਰਮ ਕਰਤ ਜੀਅ ਕਉ ਜੰਜਾਰ ॥੩॥ ਪ੍ਰਭ ਕਿਰਪਾ ਤੇ ਮਨੁ ਵਸਿ ਆਇਆ ॥ ਨਾਨਕ ਗੁਰਮੁਖਿ ਤਰੀ ਤਿਨਿ ਮਾਇਆ ॥੪॥ ਸਾਧਸੰਗਿ ਹਰਿ ਕੀਰਤਨੁ ਗਾਈਐ ॥ ਇਹੁ ਅਸਥਾਨੁ ਗੁਰੂ ਤੇ ਪਾਈਐ ॥੧॥ ਰਹਾਉ ਦੂਜਾ ॥੭॥੫੮॥” {ਪੰਨਾ 385}
ਅਰਥਾਂ ਦਾ ਸਹੀ ਮਿਲਾਨ ਕਰੋਃ
ਹਉਂ ਹਉਂ ——————— ਜੰਜਾਲ
ਬਤਾਵਹੁ ———————- ਹਰ ਸਮੇਂ
ਮੀਤਾ ————————- ਰੰਗੇ ਹੋਏ
ਰਾਤੇ ————————- ਦੱਸੋ
ਨੀਤਾ ————————- ਮੈਂ ਮੈਂ
ਜੰਜਾਰ————————- ਮਿੱਤਰ
ਪ੍ਰਸ਼ਨ ੧. ਤੀਰਥਾਂ ਸਥਾਨਾਂ ਤੇ ਵੀ ਵਾਪਰਦਾ ਹੈ?
ਪ੍ਰਸ਼ਨ ੨. ਪੰਡਿਤਾਂ ਦਾ ਕੀ ਵਿਵਹਾਰ ਹੈ?
ਪਸ਼ਨ ੩. ਸ਼ਾਸਤਰ ਤੇ ਵੇਦ ਕੀ ਵਿਚਾਰ ਦਿੰਦੇ ਹਨ?
ਪ੍ਰਸ਼ਨ ੪. ਗ੍ਰਹਿਸਥੀ ਅਤੇ ਉਦਾਸੀ ਦੀ ਕੀ ਅਵਸਥਾ ਹੈ?
ਪ੍ਰਸ਼ਨ ੫. ਫੋਕੇ ਧਾਰਮਿਕ ਕਰਮ ਕਾਂਡ ਦਾ ਕੀ ਫਾਇਦਾ ਹੈ?
ਪ੍ਰਸ਼ਨ ੬. ਇਹ ਮਾਇਆ ਦੀ ਨਦੀ ਕਿਵੇਂ ਤਰੀ ਜਾ ਸਕਦੀ ਹੈ?
ਪ੍ਰਸ਼ਨ ੭. ਉਹ ਸਥਾਨ ਕਿਵੇਂ ਮਿਲੇਗਾ ਜਿੱਥੇ ਹਰ ਸਮੇਂ ਕੀਰਤਨ ਚੱਲਦਾ ਹੈ?
ਖਾਲੀ ਥਾਂ ਭਰੋਃ
ੳ. ਇਹ ਮੰਨ ਪ੍ਰਭੂ ——————-ਵੱਸ ਵਿੱਚ ਆਉਂਦਾ ਹੈ।
ਅ. ਜੋ ਗੁਰੂ ਦੇ ਦੱਸੇ ————-ਤੇ ਚੱਲਦੇ ਹਨ ਉਹ ਇਸ ਮਾਇਆ ਦੀ ਨਦੀ ਨੂੰ ————ਕੇ ਪਾਰ ਕਰ ਜਾਂਦੇ ਹਨ।
ੲ. ਸਾਧਸੰਗਤ ਵਿੱਚ ਬੈਠ ਕੇ ਉਸ ਪ੍ਰਭੂ ਦੀ ——————ਕਰੀਏ।

Leave a Reply

Your email address will not be published. Required fields are marked *