Gurmat vichaar

ਡਰਣਾ ਮਨ ਕਾ ਸੋਰੁ

ਬਾਬਾ ਬੁੱਢਾ ਜੀ ਜਦੋਂ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਤਾਂ ਗੁਰੂ ਜੀ ਨੇ ਪੁੱਛਿਆ ਕਾਕਾ ਜੀ ਤੇਰਾ ਨਾਮ ਕੀ ਹੈ? ਜੀ ਬੂੜਾ। ਗੁਰੂ ਜੀ ਨੇ ਕਿਹਾ ਤੁਸੀਂ ਇੱਥੇ ਕਿਵੇਂ ਤਾਂ ਉਸ ਕਿਹਾ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ ਹੈ। ਗੁਰੂ ਜੀ ਨੇ ਕਿਹਾ ਭਾਈ ਡਰਨਾ ਕਿਉਂ ਅਜੇ ਤਾਂ ਤੇਰੇ ਖੇਡਣ ਦੇ ਦਿਨ ਹਨ। ਅੱਗੋਂ ਬੂੜੇ ਨੇ ਕਿਹਾ ਜੀ ਮੌਤ ਦਾ ਕੀ ਪਤਾ ਕਦੋਂ ਆ ਜਾਏ। ਗੁਰੂ ਜੀ ਨੇ ਕਿਹਾ ਭਾਈ ਤੂੰ ਬੂੜਾ ਨਹੀ ਬਾਬਾ ਬੁੱਢਾ ਹੈ। ਉਸ ਦਿਨ ਤੋਂ ਹੀ ਆਪ ਜੀ ਦਾ ਨਾਮ ਬੁੱਢਾ ਹੋ ਗਿਆ। ਗੁਰੂ ਜੀ ਨੇ ਸਮਝਾਇਆ ਕਿ ਬਾਬਾ ਜੇ ਪ੍ਰਮਾਤਮਾ ਦਾ ਡਰ ਨਿਰਮਲ ਭਉ ਅੰਦਰ ਵਸਿਆ ਹੋਵੇ ਤਾਂ ਕੋਈ ਡਰ ਨਹੀਂ ਹੁੰਦਾ। ਜੇ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਦਾ ਡਰ ਅੰਦਰ ਹੋਵੇ ਤਾਂ ਉਹੀ ਸਹਿਮ, ਡਰ ਮਨ ਦਾ ਸ਼ੋਰ ਬਣਦਾ ਹੈ। ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ ਉਹ ਆਤਮਕ ਅਵਸਥਾ ਮਿਲ ਜਾਂਦੀ ਹੈ ਜਿਥੇ ਮਨ ਪ੍ਰਭੂ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਹਿਰਦੇ ਵਿਚ ਇਹ ਯਕੀਨ ਬਣ ਜਾਂਦਾ ਹੈ ਕਿ ਤੂੰ ਮੇਰੇ ਅੰਦਰ ਅਤੇ ਸਭਨਾਂ ਵਿਚ ਵੱਸਦਾ ਹੈਂ। ਇਸ ਤਰ੍ਹਾਂ ਪ੍ਰਭੂ ਦੇ ਡਰ ਵਿਚ ਰਿਹਾਂ ਦੁਨੀਆ ਦਾ ਹਰੇਕ ਕਿਸਮ ਦਾ ਸਹਮ ਦੂਰ ਹੋ ਜਾਂਦਾ ਹੈ। ਪ੍ਰਭੂ ਡਰ ਐਸਾ ਹੈ ਕਿ ਉਸ ਡਰ ਵਿਚ ਰਿਹਾਂ ਕੋਈ ਹੋਰ ਸਹਮ ਰਹਿ ਹੀ ਨਹੀਂ ਜਾਂਦਾ। ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ ਇਹ ਯਕੀਨ ਬਣ ਜਾਂਦਾ ਹੈ ਕਿ ਜੀਵ ਨਾ ਮਰਦਾ ਹੈ ਨਾ ਕਿਤੇ ਡੁੱਬ ਸਕਦਾ ਹੈ ਨਾ ਤਰਦਾ ਹੈ ਭਾਵ, ਜੇਹੜਾ ਕਿਤੇ ਡੁਬਦਾ ਹੀ ਨਹੀਂ ਉਸ ਦੇ ਤਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਯਕੀਨ ਬਣਿਆ ਰਹਿੰਦਾ ਹੈ ਕਿ ਜਿਸ ਪਰਮਾਤਮਾ ਨੇ ਇਹ ਜਗਤ ਬਣਾਇਆ ਹੈ ਉਹੀ ਸਭ ਕੁਝ ਕਰ ਰਿਹਾ ਹੈ, ਉਸ ਦੇ ਹੁਕਮ ਵਿਚ ਹੀ ਜੀਵ ਜੰਮਦਾ ਹੈ ਤੇ ਹੁਕਮ ਵਿਚ ਹੀ ਮਰਦਾ ਹੈ, ਲੋਕ ਪਰਲੋਕ ਵਿਚ ਜੀਵ ਨੂੰ ਉਸ ਦੇ ਹੁਕਮ ਵਿਚ ਟਿਕਿਆ ਰਹਿੰਦਾ ਹੈ। ਜਿਸ ਹਿਰਦੇ ਵਿਚ ਪ੍ਰਭੂ ਦਾ ਡਰ-ਅਦਬ ਨਹੀਂ ਹੈ, ਮੋਹ ਹੈ, ਅਹੰਕਾਰ ਹੈ, ਉਸ ਹਿਰਦੇ ਵਿਚ ਤ੍ਰਿਸ਼ਨਾ ਨਦੀ ਵਾਂਗ ਠਾਠਾਂ ਮਾਰ ਰਹੀ ਹੈ। ਪ੍ਰਭੂ ਦਾ ਡਰ-ਅਦਬ ਹੀ ਆਤਮਕ ਜੀਵਨ ਦੀ ਖ਼ੁਰਾਕ ਹੈ, ਆਤਮਾ ਦਾ ਆਸਰਾ ਹੈ; ਜੋ ਇਹ ਖ਼ੁਰਾਕ ਨਹੀਂ ਖਾਂਦੇ ਉਹ ਦੁਨੀਆ ਦੇ ਡਰ ਦੇ ਵਿਚ ਰਹਿ ਕੇ ਕਮਲੇ ਹੋਏ ਰਹਿੰਦੇ ਹਨ। ਗੁਰੂ ਜੀ ਨੇ ਕਿਹਾ ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ ਹੀ ਇਹ ਯਕੀਨ ਬਣਦਾ ਹੈ ਕਿ ਜਿਸ ਕਿਸੇ ਦਾ ਕੋਈ ਸਹਾਈ ਬਣਦਾ ਹੈ ਕੋਈ ਵਿਰਲਾ ਹੀ ਬਣਦਾ ਹੈ ਭਾਵ, ਕਿਸੇ ਦਾ ਕੋਈ ਸਦਾ ਲਈ ਸਾਥੀ ਸਹਾਇਕ ਨਹੀਂ ਬਣ ਸਕਦਾ, ਪਰ ਹਰੇਕ ਜੀਵ ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ, ਉਹ ਸਭ ਦੀ ਸਾਰ ਰੱਖਣ ਵਾਲਾ ਹੈਂ। ਜਿਸ ਪਰਮਾਤਮਾ ਦੇ ਇਹ ਸਾਰੇ ਜੀਵ ਜੰਤ ਪੈਦਾ ਕੀਤੇ ਹੋਏ ਹਨ ਪ੍ਰਭੂ ਨੇ ਉਨ੍ਹਾਂ ਵਾਸਤੇ ਹੀ ਇਹ ਧਨ-ਮਾਲ ਬਣਾਇਆ ਹੋਇਆ ਹੈ। ਇਸ ਤੋਂ ਵਧ ਇਹ ਵਿਚਾਰਨਾ ਤੇ ਆਖਣਾ ਕਿ ਉਹ ਪ੍ਰਭੂ ਆਪਣੇ ਪੈਦਾ ਕੀਤੇ ਜੀਵਾਂ ਦੀ ਕਿਵੇਂ ਸੰਭਾਲ ਕਰਦਾ ਹੈ ਔਖਾ ਕੰਮ ਹੈ। ਬਾਬਾ ਜੀ ਨੇ ਗੁਰੂ ਜੀ ਅੱਗੇ ਐਸਾ ਮੱਥਾ ਟੇਕਿਆ ਜੋ ਮੁੜਕੇ ਚੱਕਿਆਂ ਹੀ ਨਹੀਂ ਗਿਆ। ਉਹ ਸਦਾ ਲਈ ਨਿਡਰ ਹੋ ਕੇ ਵਿਚਰੇ। “ਡਰਿ ਘਰੁ ਘਰਿ ਡਰੁ ਡਰਿ ਡਰੁ ਜਾਇ ॥ ਸੋ ਡਰੁ ਕੇਹਾ ਜਿਤੁ ਡਰਿ ਡਰੁ ਪਾਇ ॥ ਤੁਧੁ ਬਿਨੁ ਦੂਜੀ ਨਾਹੀ ਜਾਇ ॥ ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥੧॥ ਡਰੀਐ ਜੇ ਡਰੁ ਹੋਵੈ ਹੋਰੁ ॥ ਡਰਿ ਡਰਿ ਡਰਣਾ ਮਨ ਕਾ ਸੋਰੁ ॥੧॥ ਰਹਾਉ ॥ ਨਾ ਜੀਉ ਮਰੈ ਨ ਡੂਬੈ ਤਰੈ ॥ ਜਿਨਿ ਕਿਛੁ ਕੀਆ ਸੋ ਕਿਛੁ ਕਰੈ ॥ ਹੁਕਮੇ ਆਵੈ ਹੁਕਮੇ ਜਾਇ ॥ ਆਗੈ ਪਾਛੈ ਹੁਕਮਿ ਸਮਾਇ ॥੨॥ ਹੰਸੁ ਹੇਤੁ ਆਸਾ ਅਸਮਾਨੁ ॥ ਤਿਸੁ ਵਿਚਿ ਭੂਖ ਬਹੁਤੁ ਨੈ ਸਾਨੁ ॥ ਭਉ ਖਾਣਾ ਪੀਣਾ ਆਧਾਰੁ ॥ ਵਿਣੁ ਖਾਧੇ ਮਰਿ ਹੋਹਿ ਗਵਾਰ ॥੩॥ ਜਿਸ ਕਾ ਕੋਇ ਕੋਈ ਕੋਇ ਕੋਇ ॥ ਸਭੁ ਕੋ ਤੇਰਾ ਤੂੰ ਸਭਨਾ ਕਾ ਸੋਇ ॥ ਜਾ ਕੇ ਜੀਅ ਜੰਤ ਧਨੁ ਮਾਲੁ ॥ ਨਾਨਕ ਆਖਣੁ ਬਿਖਮੁ ਬੀਚਾਰੁ ॥੪॥੨॥”{ਪੰਨਾ 151}
ਅਰਥਾਂ ਦਾ ਸਹੀ ਮਿਲਾਨ ਕਰੋਃ
ਡਰਿ ———————— ਪ੍ਰਭੂ ਦਾ ਡਰ
ਡਰੁ ————————- ਡਰ ਨਾਲ
ਘਰੁ ————————- ਨਦੀ
ਘਰਿ ———————— ਚਿੰਤਾ
ਸੋਰੁ ————————- ਸਾਰ ਲੈਣਾ
ਹੰਸੁ ————————- ਡਰ
ਹੇਤੁ ————————- ਔਖਾ
ਨੈ —————————- ਮੋਹ
ਸਾਨੁ ————————- ਘਰ ਵਿੱਚ
ਭਉ ————————— ਹਿੰਸਾ
ਬਿਖਮੁ ————————- ਵਾਂਗ
ਸੋਇ ————————— ਉਹ ਜਗ੍ਹਾ ਜਿਥੇ ਪ੍ਰਭੂ ਟਿਕਿਆ ਰਹਿੰਦਾ ਹੈ

ਪ੍ਰਸ਼ਨ ੧. ਬਾਬਾ ਬੁੱਢਾ ਦਾ ਪਹਿਲਾ ਨਾਮ ਕੀ ਸੀ?
ਪ੍ਰਸ਼ਨ ੨. ਬਾਬਾ ਬੁੱਢਾ ਜੀ ਅੰਦਰ ਗੁਰੂ ਨਾਨਕ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਕਿਸ ਦਾ ਡਰ ਸੀ?
ਪ੍ਰਸ਼ਨ ੩. ਕਿਸੇ ਵੀ ਡਰ ਤੋਂ ਕਿਵੇਂ ਬਚਿਆ ਜਾ ਸਕਦਾ ਹੈ?
ਪ੍ਰਸ਼ਨ ੪. ਮਨ ਦਾ ਸ਼ੋਰ (Tension) ਕਿਸ ਤਰ੍ਹਾਂ ਬਣਦੀ ਹੈ?
ਪ੍ਰਸ਼ਨ ੫. ਕੀ ਰੱਬ ਤੋਂ ਬਿਨਾਂ ਵੀ ਕੋਈ ਕਿਸੇ ਨੂੰ ਮਾਰਨ ਦੇ ਸਮਰੱਥ ਹੈ?
ਖਾਲੀ ਥਾਂ ਭਰੋਃ
ੳ. ਕੋਈ ਨਹੀਂ ਜਾਣਦਾ ——————- ਕਦੋਂ ਆ ਜਾਏ।
ਅ. ਮਨ ਪ੍ਰਭੂ ਚਰਨਾਂ ਵਿਚ ਜੁੜਿਆ ————-ਵਿਚ ਇਹ ਯਕੀਨ ਬਣ ਜਾਂਦਾ ਹੈ ਕਿ ਤੂੰ ਮੇਰੇ ਅੰਦਰ ਅਤੇ —————- ਵਿਚ ਵੱਸਦਾ ਹੈਂ।
ੲ. ਜਿਸ ਹਿਰਦੇ ਵਿਚ ਪ੍ਰਭੂ ਦਾ ————ਨਹੀਂ ਹੈ, ਮੋਹ ਤੇ ਅਹੰਕਾਰ ਹੈ, ਉਸ ਹਿਰਦੇ ਵਿਚ ——————ਨਦੀ ਵਾਂਗ ਠਾਠਾਂ ਮਾਰ ਰਹੀ ਹੈ।
ਸ. ਪ੍ਰਭੂ ਦਾ ਡਰ-ਅਦਬ ਹੀ ਆਤਮਕ ਜੀਵਨ ਦੀ —————-ਹੈ।
ਹ. ਕਿਸੇ ਦਾ ਕੋਈ ਸਦਾ ਲਈ ਸਾਥੀ —————- ਨਹੀਂ ਬਣ ਸਕਦਾ।

ਬਲਵਿੰਦਰ ਸਿੰਘ ਮੁਲਤਾਨੀ

Leave a Reply

Your email address will not be published. Required fields are marked *