Gurmat vichaar

ਜੋ ਸਹ ਰਤੇ ਆਪਣੇ

ਗੁਰੂ ਅਮਰਦਾਸ ਜੀ ਨੂੰ ਸਿੱਖਾਂ ਨੇ ਪੁੱਛਿਆ ਸੱਚੇ ਪਾਤਸ਼ਾਹ ਭਗਤ ਫਰੀਦ ਸਾਹਿਬ ਅਪਣੀ ਬਾਣੀ ਅੰਦਰ ਫ਼ੁਰਮਾਉਂਦੇ ਹਨ ਕਿ ਜੇ ਕੋਈ ਸੱਜਣ ਇਸ ਸਰੀਰ ਨੂੰ ਚੀਰ ਕੇ ਵੇਖੇ ਤਾਂ ਇਸ ਵਿੱਚੋਂ ਰੱਤੀ ਭਰ ਵੀ ਰੱਤ ਨਹੀਂ ਨਿਕਲਣੀ ਕਿਉਂਕਿ ਜੋ ਸਰੀਰ ਪ੍ਰਭੂ ਨਾਲ ਰੱਤੇ ਪਏ ਹਨ ਉਸ ਸਰੀਰ ਵਿੱਚ ਰੱਤ ਹੁੰਦੀ ਹੀ ਨਹੀ। “ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ ॥ ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ ॥੫੧॥” {ਪੰਨਾ 1380} ਪਰ ਇਹ ਸਰੀਰ ਤਾਂ ਬਣਿਆ ਹੀ ਰੱਤ ਦਾ ਹੈ। ਇਸ ਨੂੰ ਜ਼ਰਾ ਖੋਲ ਕੇ ਸਮਝਾਉਣ ਦੀ ਕਿਰਪਾਲਤਾ ਕਰੋ ਜੀ। ਗੁਰੂ ਸਾਹਿਬ ਨੇ ਕਿਹਾ ਭਾਈ ਤੁਸੀ ਬਿਲਕੁਲ ਸਹੀ ਫ਼ੁਰਮਾਇਆ ਹੈ। ਇਹ ਸਾਰਾ ਤਨ ਰੱਤ ਦਾ ਹੈ ਅਤੇ ਰੱਤ ਤੋਂ ਬਿਨ੍ਹਾਂ ਸਰੀਰ ਹੋ ਹੀ ਨਹੀਂ ਸਕਦਾ। ਸੋ ਇੱਥੇ ਫ਼ਰੀਦ ਜੀ ਦਾ ਕਹਿਣ ਤੋਂ ਭਾਵ ਹੈ ਕਿ ਭਾਈ ਜੋ ਪ੍ਰਭੂ ਦੇ ਪ੍ਰੇਮ ਵਿੱਚ ਰੰਗੇ ਜਾਂਦੇ ਹਨ ਉਨ੍ਹਾਂ ਵਿੱਚ ਲੋਭ ਦਾ ਰੱਤ ਨਹੀਂ ਹੁੰਦਾ। ਜੋ ਪ੍ਰਭੂ ਦੇ ਨਿਰਮਲ ਭਉ ਵਿੱਚ ਜ਼ਿੰਦਗੀ ਜੀਣ ਲੱਗ ਜਾਂਦੇ ਹਨ ਉਨ੍ਹਾਂ ਦੇ ਅੰਦਰ ਨਿਮਰਤਾ ਆ ਜਾਂਦੀ ਹੈ ਜਿਸ ਕਰਕੇ ਅੰਦਰੋਂ ਲੋਭ ਰੱਤ ਖਤਮ ਹੋ ਜਾਂਦੀ ਹੈ। ਜਿਵੇਂ ਅੱਗ ਵਿੱਚ ਪੈਣ ਨਾਲ ਸੋਨਾ ਆਦਿ ਧਾਂਤ ਦੀ ਮੈਲ ਸੜ ਜਾਂਦੀ ਹੈ ਅਤੇ ਧਾਤ ਸ਼ੁੱਧ ਹੋ ਜਾਂਦੀ ਹੈ ਉਸੇ ਤਰ੍ਹਾਂ ਹਰੀ ਪ੍ਰਭੂ ਦਾ ਨਿਰਮਲ ਭਉ ਅੰਦਰ ਦੀ ਮੈਲ ਖਤਮ ਕਰ ਦਿੰਦਾ ਹੈ। ਗੁਰੂ ਸਾਹਿਬ ਨੇ ਕਿਹਾ ਫਿਰ ਉਹ ਪ੍ਰਭੂ ਪਿਆਰੇ ਸੋਹਣੇ ਹੋ ਜਾਂਦੇ ਹਨ ਜੋ ਪ੍ਰਭੂ ਪਿਆਰ ਵਿੱਚ ਰੰਗੇ ਜਾਂਦੇ ਹਨ। ਮਃ ੩ ॥ ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥ ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ ॥ ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥ ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ ॥੫੨॥ {ਪੰਨਾ 1380}
ਅਰਥਾਂ ਦਾ ਸਹੀ ਮਿਲਾਨ ਕਰੋਃ-
ਰਤੀ ———————— ਖ਼ੂਨ
ਰੱਤ ————————- ਭੈੜੀ ਮੱਤ
ਤਨ ————————- ਬਹੁਤ ਘੱਟ
ਲੋਭ————————- ਸਰੀਰ
ਬੈਸੰਤਰਿ ——————— ਲਾਲਚ
ਦੁਰਮਤਿ ———————- ਅੱਗ
ਪ੍ਰਸ਼ਨ ੧. ਕਿਸ ਦਾ ਸਰੀਰ ਚੀਰਨ ਨਾਲ਼ ਬਿਲਕੁਲ ਰੱਤ ਨਹੀਂ ਨਿਕਲਦਾ?
ਪ੍ਰਸ਼ਨ ੨. ਕੀ ਕੋਈ ਸਰੀਰ ਰੱਤ ਤੋਂ ਬਿਨਾਂ ਵੀ ਹੋ ਸਕਦਾ ਹੈ?
ਪ੍ਰਸ਼ਨ ੩. ਧਾਤ ਨੂੰ ਕਿਵੇਂ ਸੁੱਧ ਕੀਤਾ ਜਾਂਦਾ ਹੈ?
ਪ੍ਰਸ਼ਨ ੪. ਦੁਰਮੱਤ ਦੀ ਮੈਲ ਕਿਵੇਂ ਉਤਰਦੀ ਹੈ?
ਪ੍ਰਸ਼ਨ ੫. ਗੁਰੂ ਸਾਹਿਬ ਕਿਸ ਨੂੰ ਸੋਹਣਾ ਕਹਿੰਦੇ ਹਨ?
ਖਾਲੀ ਥਾਂ ਭਰੋਃ-
ੳ. ਇਹ ਸਰੀਰ ਤਾਂ ————-ਦਾ ਬਣਿਆ ਹੈ।
ਅ. ਰੱਤ ਤੋਂ ਬਿਨ੍ਹਾਂ ————— ਹੋ ਹੀ ਨਹੀਂ ਸਕਦਾ।
ੲ. ਪ੍ਰਭੂ ਦੇ ਨਿਰਮਲ ਭਉ ਵਿੱਚ ਜੀਣ ਲੱਗ ਅੰਦਰ ——————-ਆ ਜਾਂਦੀ ਹੈ।
ਸ. ਪ੍ਰਭੂ ਦਾ —————- ਭਉ ਅੰਦਰ ਦੀ ਮੈਲ ਖਤਮ ਕਰ ਦਿੰਦਾ ਹੈ।
ਹ. ਜੋ ਪ੍ਰਭੂ ਪਿਆਰ ਵਿੱਚ ਰੰਗੇ ਜਾਂਦੇ ਹਨ ਉਹ ————-ਹੋ ਜਾਂਦੇ ਹਨ।
ਬਲਵਿੰਦਰ ਸਿੰਘ ਮੁਲਤਾਨੀ

Leave a Reply

Your email address will not be published. Required fields are marked *