Gurmat vichaar

ਜਾਤਿ ਕਾ ਗਰਬੁ ਨ ਕਰੀਅਹੁ ਕੋਈ

ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਇੱਕ ਪੰਡਤ ਨੇ ਪ੍ਰਸ਼ਨ ਉਠਾਇਆ। ਗੁਰੂ ਜੀ! ਕਬੀਰ ਜੀ ਕਹਿੰਦੇ ਹਨ ਬ੍ਰਾਹਮਣ ਅਤੇ ਸ਼ੂਦਰ ਬਰਾਬਰ ਹੀ ਹਨ। ਉਹ ਇਹ ਦਲੀਲ ਦਿੰਦੇ ਹਨ ਕਿ ਬ੍ਰਾਹਮਣ ਅਤੇ ਸ਼ੂਦਰ ਇਕੋ ਰਸਤੇ ਤੋਂ ਆਉਂਦੇ ਹਨ। ਉਹ ਕਹਿੰਦੇ ਹਨ ਜੇ ਬ੍ਰਾਹਮਣ ਮਹਾਨ ਹੈ ਫਿਰ ਉਸ ਦੀਆਂ ਰੰਗਾਂ ਵਿੱਚ ਖੂਨ ਦੀ ਬਜਾਏ ਦੁੱਧ ਹੋਣਾ ਚਾਹੀਦਾ ਹੈ ਤੇ ਸ਼ੂਦਰ ਦੀਆ ਰਗਾਂ ਵਿੱਚ ਲਹੂ। ਤੁਸੀਂ ਕ੍ਰਿਪਾ ਕਰਕੇ ਦੱਸੋ ਕਿ ਇਸ ਵਿੱਚ ਕੀ ਸਚਾਈ ਹੈ। ਗੁਰੂ ਸਾਹਿਬ ਜੀ ਨੇ ਭਾਈ ਕੋਈ ਜਾਤ ਮਾੜੀ ਨਹੀਂ ਹੈ। ਮਾੜਾ ਇਸ ਦਾ ਹੰਕਾਰ ਹੈ। ਸੋ ਜਾਤ ਦਾ ਹੰਕਾਰ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ। ਜੋ ਵਿਅਕਤੀ ਪ੍ਰਮਾਤਮਾ ਨਾਲ ਡੂੰਘੀ ਸਾਂਝ ਰੱਖਦਾ ਹੈਂ ਉਹ ਅਸਲ ਬ੍ਰਾਹਮਣ ਹੈ। ਹੇ ਮੂਰਖ ਗਵਾਰ ਜਾਤ ਦਾ ਹੰਕਾਰ ਬਿਲਕੁਲ ਨਹੀਂ ਕਰਨਾ ਬਣਦਾ। ਇਸ ਹੰਕਾਰ ਤੋਂ ਬਹੁਤ ਝਗੜੇ ਪੈਦਾ ਹੋ ਜਾਂਦੇ ਹਨ। ਹਰ ਕੋਈ ਚਾਰ ਵਰਨ (ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ) ਕਹਿ ਰਿਹਾ ਹੈ। ਉਸ ਅਕਾਲ ਪੁਰਖ ਬ੍ਰਹਮ ਦੇ ਬਿੰਦ ਤੋਂ ਸਾਰੀ ਉਤਪੱਤੀ ਹੋਈ ਹੈ। ਜਿਵੇਂ ਘੁਮਿਆਰ ਇੱਕੋ ਮਿੱਟੀ ਤੋਂ ਕਈ ਪ੍ਰਕਾਰ ਦੇ ਭਾਂਡੇ ਬਣਾ ਦਿੰਦਾ ਹੈ। ਤਿਵੇਂ ਹੀ ਪ੍ਰਭੂ ਨੇ ਇੱਕ ਮਿੱਟੀ ਤੋਂ ਹੀ ਸਾਰਾ ਸੰਸਾਰ ਬਣਾਇਆ ਹੈ। ਉਸ ਨੇ ਪੰਜ ਤੱਤਾਂ ( ਹਵਾ ਪਾਣੀ ਅੱਗ ਮਿੱਟੀ ਤੇ ਆਕਾਸ) ਦੇ ਮਿਲਾਪ ਨਾਲ ਇਹ ਸਰੀਰ ਬਣਾਏ ਹਨ। “ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥ ਚਾਰੇ ਵਰਨ ਆਖੈ ਸਭੁ ਕੋਈ ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥ ਮਾਟੀ ਏਕ ਸਗਲ ਸੰਸਾਰਾ ॥ ਬਹੁ ਬਿਧਿ ਭਾਂਡੇ ਘੜੈ ਕੁਮ੍ਹ੍ਹਾਰਾ ॥੩॥ ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥ ਘਟਿ ਵਧਿ ਕੋ ਕਰੈ ਬੀਚਾਰਾ ॥੪॥ ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥੫॥੧॥” {ਪੰਨਾ 1127-1128}
ਅਰਥਾਂ ਦਾ ਸਹੀ ਮਿਲਾਨ ਕਰੋਃ
ਗਰਬੁ———————- ਝਗੜੇ
ਵਿਕਾਰ ——————— ਭਾਂਡੇ ਬਣਾਉਣ ਵਾਲਾ
ਓਪਤਿ ———————- ਸਰੀਰ
ਕੁਮ੍ਹਾਰ ———————- ਮੁਕਤੀ, ਸ਼ਾਂਤੀ
ਦੇਹੀ ————————- ਉਤਪੱਤੀ
ਮੁਕਤਿ ———————— ਹੰਕਾਰ
ਪ੍ਰਸ਼ਨ ੧. ਅਸਲ ਬ੍ਰਾਹਮਣ ਕੌਣ ਹੈ?
ਪ੍ਰਸ਼ਨ ੨. ਕੀ ਜਾਤ ਦਾ ਹੰਕਾਰ ਕਰਨਾ ਚੰਗੀ ਗੱਲ ਹੈ?
ਪ੍ਰਸ਼ਨ ੩. ਜਾਤ ਦਾ ਹੰਕਾਰ ਕਰਨ ਨਾਲ ਕੀ ਹੁੰਦਾ ਹੈ?
ਪ੍ਰਸ਼ਨ ੪. ਸਾਰੀ ਉਤਪੱਤੀ ਕਿਵੇਂ ਪੈਦਾ ਹੋਈ ਹੈ?
ਪ੍ਰਸ਼ਨ ੫. ਪੰਜ ਤੱਤ ਕਿਹੜੇ ਹਨ?
ਖਾਲੀ ਥਾਂ ਭਰੋਃ-
ੳ. ਬ੍ਰਾਹਮਣ ਮਹਾਨ ਹੈ ਫਿਰ ਦੀਆਂ ਰੰਗਾਂ ਵਿੱਚ ————ਦੀ ਬਜਾਏ ————-ਹੋਣਾ ਚਾਹੀਦਾ ਸੀ ਤੇ ਸ਼ੂਦਰ ਦੀਆ ਰਗਾਂ ਵਿੱਚ ———।
ਅ. ਕਬੀਰ ਜੀ ਕਹਿੰਦੇ ਹਨ ————-ਅਤੇ ————ਬਰਾਬਰ ਹੀ ਹਨ।
ੲ. ਬ੍ਰਾਹਮਣ ਅਤੇ ਸ਼ੂਦਰ ਇਕੋ ————-ਤੋਂ ਪੈਦਾ ਹੁੰਦੇ ਹਨ।
ਸ. ਕੋਈ ——-ਮਾੜੀ ਨਹੀਂ ਹੈ, ਮਾੜਾ ਇਸ ਦਾ ————ਹੈ।
ਹ. ਜਾਤ —————ਬਿਲਕੁਲ ਨਹੀਂ ਕਰਨਾ ਬਣਦਾ।
ਬਲਵਿੰਦਰ ਸਿੰਘ ਮੁਲਤਾਨੀ

Leave a Reply

Your email address will not be published. Required fields are marked *