ਨਾ ਹਮ ਹਿੰਦੂ ਨ ਮੁਸਲਮਾਨ
ਬਲਵਿੰਦਰ ਸਿੰਘ ਮੁਲਤਾਨੀ
ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਪੁੱਛਿਆ ਸੱਚੇ ਪਾਤਸ਼ਾਹ ਕਬੀਰ ਜੀ ਲਿਖਦੇ ਹਨ ਕਿ ਜਦੋਂ ਤੋਂ ਮੈਂ ਹਿੰਦੂ ਮੁਸਲਮਾਨ ਦੋਨਾਂ ਨੂੰ ਛੱਡ ਦਿੱਤਾ ਹੈ ਉਦੋਂ ਤੋਂ ਮੇਰੇ ਸਾਰੇ ਝਗੜੇ ਹੀ ਮੁੱਕ ਗਏ ਹਨ। ਉਹ ਲਿਖਦੇ ਹਨ ਕਿ ਪੰਡਿਤ ਤੇ ਮੁੱਲਾਂ ਨੇ ਜੋ ਵੀ ਲਿਖਿਆ ਹੈ ਮੈਂ ਉਹ ਸਭ ਕੁਝ ਛੱਡ ਦਿੱਤਾ ਹੈ ਅਤੇ ਕੁਝ ਵੀ ਅਪਣੇ ਕੋਲ ਨਹੀਂ ਰੱਖਿਆ। ਜਦੋਂ ਉਨ੍ਹਾਂ ਨੇ ਦੋਨੋ ਧਰਮ ਹੀ ਨਿਕਾਰ ਦਿੱਤੇ ਤਾਂ ਉਹ ਫਿਰ ਕਿਸ ਧਰਮ ਨੂੰ ਮੰਨਦੇ ਹਨ। ਗੁਰੂ ਜੀ ਨੇ ਸਿੱਖਾਂ ਨੂੰ ਸਮਝਾਇਆ ਭਾਈ ਭਗਤ ਜੀ ਦਾ ਮਤਲਬ ਹੈ ਕਿ ਉਹ ਕਿਸੇ ਧਰਮ ਦੇ ਫੋਕੇ ਕਰਮ ਕਾਂਡ ਨੂੰ ਨਹੀਂ ਮੰਨਦੇ। ਉਹ ਕਹਿੰਦੇ ਹਨ ਕਿ ਹੇ ਭਾਈ! ਆਤਮਕ ਜੀਵਨ ਦੀ ਅਗਵਾਈ ਦੇ ਸੰਬੰਧ ਵਿਚ ਮੈਂ ਹਿੰਦੂ ਅਤੇ ਤੁਰਕ ਦੋਹਾਂ ਨਾਲੋਂ ਹੀ ਸਾਂਝ ਮੁਕਾ ਲਈ ਹੈ। ਮੇਰਾ ਤਾਂ ਸਿਰਫ਼ ਉਹ ਹੈ ਜਿਸ ਨੂੰ ਹਿੰਦੂ ਗੁਸਾਈਂ ਅਤੇ ਮੁਸਲਮਾਨ ਅੱਲਾ ਆਖਦਾ ਹੈ। ਨਾ ਤਾਂ ਮੈਂ ਹਿੰਦੂ ਦੇ ਵਰਤਾਂ ਦਾ ਆਸਰਾ ਲੈਂਦਾ ਹਾਂ, ਨਾ ਹੀ ਮੁਸਲਮਾਨ ਦੇ ਰਮਜ਼ਾਨ ਦੇ ਮਹੀਨੇ ਵਿਚ ਰੱਖੇ ਰੋਜ਼ਿਆਂ ਦਾ। ਮੈਂ ਤਾਂ ਸਿਰਫ਼ ਉਸ ਪਰਮਾਤਮਾ ਨੂੰ ਸਿਮਰਦਾ ਹਾਂ ਜਿਹੜਾ ਹਰੇਕ ਦਾ ਰਖਵਾਲਾ ਹੈ। ਮੈਂ ਨਾ ਕਾਬੇ ਦਾ ਹੱਜ ਕਰਨ ਜਾਂਦਾ ਹਾਂ, ਨਾ ਮੈਂ ਤੀਰਥਾਂ ਤੇ ਪੂਜਾ ਕਰਨ ਜਾਂਦਾ ਹਾਂ। ਮੈਂ ਤਾਂ ਸਿਰਫ਼ ਇੱਕ ਪਰਮਾਤਮਾ ਨੂੰ ਸਿਮਰਦਾ ਹਾਂ, ਕਿਸੇ ਹੋਰ ਦੂਜੇ ਨੂੰ ਨਹੀਂ ਸਿਮਰਦਾ। ਮੈਂ ਨਾ ਹਿੰਦੂਆਂ ਵਾਂਗ ਪੂਜਾ ਕਰਦਾ ਹਾਂ, ਨਾ ਮੁਸਲਮਾਨ ਵਾਂਗ ਨਿਮਾਜ਼ ਪੜ੍ਹਦਾ ਹਾਂ। ਮੈਂ ਤਾਂ ਸਿਰਫ਼ ਨਿਰੰਕਾਰ ਨੂੰ ਹਿਰਦੇ ਵਿਚ ਵਸਾ ਕੇ ਉਸ ਅੱਗੇ ਸਿਰ ਨਿਵਾਂਦਾ ਹਾਂ। ਗੁਰੂ ਸਾਹਿਬ ਨੇ ਕਿਹਾ ਆਤਮਕ ਜੀਵਨ ਦੀ ਅਗਵਾਈ ਵਾਸਤੇ ਨਾ ਅਸੀਂ ਹਿੰਦੂ ਅਤੇ ਨਾ ਹੀ ਮੁਸਲਮਾਨ ਦੇ ਮੁਥਾਜ ਹਾਂ। ਸਾਡੇ ਇਹ ਸਰੀਰ ਸਾਡੀ ਇਹ ਜਿੰਦ ਉਸ ਪਰਮਾਤਮਾ ਦੇ ਦਿੱਤੇ ਹੋਏ ਹਨ ਜਿਸ ਨੂੰ ਮੁਸਲਮਾਨ ਅੱਲਾ ਤੇ ਹਿੰਦੂ ਰਾਮ ਆਖਦੇ ਹਨ। ਗੁਰੂ ਸਾਹਿਬ ਨੇ ਕਿਹਾ ਕਬੀਰ ਸਾਹਿਬ ਕਹਿੰਦੇ ਹਨ ਕਿ ਹੇ ਭਾਈ ਮੈਂ ਤਾਂ ਇਹ ਗੱਲ ਖੁੱਲ ਕੇ ਕਹਿੰਦਾ ਹਾਂ ਕਿ ਮੈਂ ਆਪਣੇ ਗੁਰੂ-ਪੀਰ ਨੂੰ ਮਿਲ ਕੇ ਆਪਣੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਰੱਖੀ ਹੈ।“ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥੨॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥ {ਪੰਨਾ 1136}
ਖਾਲੀ ਥਾਂ ਭਰੋਃ-
ਰਮਦਾਨਾ —————————- ਕਰਾਂ
ਗੁਸਾਈ—————————— ਸਰੀਰ
ਗੁਜਾਰਉ —————————- ਹਿਰਦਾ
ਰਿਦਾ ——————————- ਸੁਆਸ
ਪਿੰਡ ——————————— ਪ੍ਰਭੂ
ਪਰਾਨ ——————————- ਮੁਸਲਮਾਨਾਂ ਦੇ ਰੋਜ਼ੇ
ਪ੍ਰਸ਼ਨ ੧. ਕਬੀਰ ਜੀ ਨੇ ਕਿਉਂ ਕਿਹਾ ਕਿ ਨਾ ਮੈਂ ਹਿੰਦੂ ਤੇ ਨਾ ਹੀ ਮੁਸਲਮਾਨ ਹਾਂ?
ਪ੍ਰਸ਼ਨ ੨. ਕਬੀਰ ਜੀ ਕਿਸ ਨੂੰ ਅਪਣਾ ਮਾਲਕ ਮੰਨਦੇ ਹਨ?
ਪ੍ਰਸ਼ਨ ੩. ਕਬੀਰ ਜੀ ਅਪਣੇ ਸਰੀਰ ਤੇ ਸੁਆਸਾਂ ਦਾ ਮਾਲਿਕ ਕਿਸ ਨੂੰ ਮੰਨਦੇ ਹਨ?
ਪ੍ਰਸ਼ਨ ੪. ਕਬੀਰ ਜੀ ਨੇ ਕਿਸ ਤਰ੍ਹਾਂ ਅਪਣੇ ਪ੍ਰਭੂ ਨੂੰ ਪਛਾਣਿਆ?
ਖਾਲੀ ਥਾਂ ਭਰੋਃ-
ਕ. ਕਬੀਰ ਜੀ ਲਿਖਦੇ ਹਨ ਕਿ ਜਦੋਂ ਤੋਂ ਮੈਂ ————————-ਦੋਨਾਂ ਨੂੰ ਛੱਡ ਦਿੱਤਾ ਹੈ।
ਖ. ਪੰਡਿਤ ਤੇ ————— ਨੇ ਜੋ ਵੀ ਲਿਖਿਆ ਹੈ ———- ਉਹ ਸਭ ਕੁਝ ਛੱਡ ਦਿੱਤਾ ਹੈ।
ਗ. ਨਾ ਤਾਂ ਮੈਂ ਹਿੰਦੂ ਦੇ —————ਦਾ ਆਸਰਾ ਲੈਂਦਾ ਹਾਂ, ਨਾ ਹੀ ਮੁਸਲਮਾਨ ਦੇ ————-ਦੇ ਮਹੀਨੇ ਵਿਚ ਰੱਖੇ —————-ਦਾ।
ਘ. ਮੈਂ ਤਾਂ ਸਿਰਫ਼ ਇੱਕ ——————-ਨੂੰ ਸਿਮਰਦਾ ਹਾਂ
ਙ. ਸਾਡੇ ਇਹ ————-ਸਾਡੀ ਇਹ ਜਿੰਦ ਉਸ ————ਦੇ ਦਿੱਤੇ ਹੋਏ ਹਨ।