Gurmat vichaar

ਸ਼ਬਦ ਗੁਰੂ

ਗੁਰੂ ਨਾਨਕ ਦੇਵ ਜੀ ਜਦ ਸਿੱਧਾਂ ਕੋਲ ਪਹੁੰਚੇ ਤਾਂ ਉਸ ਸਮੇਂ ਗੁਰੂ ਸਾਹਿਬ ਦੀ ਸਿੱਧਾਂ ਨਾਲ ਹੋਈ ਗੋਸ਼ਟੀ ਦੌਰਾਨ ਸਿੱਧਾਂ ਨੇ ਗੁਰੂ ਸਾਹਿਬ ਨੂੰ ਕੁਝ ਸਵਾਲ ਕੀਤੇ ਸਨ। ਜਿਨ੍ਹਾਂ ਦੇ ਉੱਤਰ ਗੁਰੂ ਸਾਹਿਬ ਬੜੇ ਹੀ ਪਿਆਰ ਅਤੇ ਠਰ੍ਹੰਮੇ ਨਾਲ ਦਿੱਤੇ ਸਨ। ਸਾਡੇ ਤੇ ਰਹਿਮ ਕਰਕੇ ਗੁਰੂ ਸਾਹਿਬ ਨੇ ਉਹ ਪ੍ਰਸ਼ਨ ਉੱਤਰ “ਸਿਧ ਗੋਸਟਿ” ਬਾਣੀ ਦੇ ਸਿਰਲੇਖ ਹੇਠ ਦਰਜ ਕਰ ਦਿੱਤੇ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕਰ ਦਿੱਤਾ। ਕੁਝ ਸੁਆਲ/ ਜੁਆਬ ਇਸ ਤਰ੍ਹਾਂ ਹਨਃ-
੧. ਜੀਵਨ ਦਾ ਮੂਲ ਕੀ ਹੈ?
ਉਃ ਪ੍ਰਾਣ ਹੀ ਹਸਤੀ ਦਾ ਮੁੱਢ ਹਨ।
੨. ਜੀਵਨ ਲਈ ਸਿੱਖਿਆ ਲੈਣ ਦਾ ਕਿਹੜਾ ਸਮਾ ਹੈ?
ਉਃ ਇਹ ਮਨੁੱਖਾ ਜਨਮ ਦਾ ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ।
੩. ਤੂੰ ਕਿਸ ਗੁਰੂ ਦਾ ਚੇਲਾ ਹੈਂ?
ਉਃ- ਮੇਰਾ ਗੁਰੂ ਸਬਦ ਹੈ, ਮੇਰੀ ਸੁਰਤਿ ਦਾ ਟਿਕਾਉ ਸਿੱਖ ਹੈ।
੪. ਕੇਹੜੀ ਗੱਲ ਨਾਲ ਤੂੰ ਨਿਰਲੇਪ ਰਹਿੰਦਾ ਹੈਂ?
ਉਃ ਮੈਂ ਅਕੱਥ ਪ੍ਰਭੂ ਦੀਆਂ ਗੱਲਾਂ ਕਰ ਕੇ ਮਾਇਆ ਤੋਂ ਨਿਰਲੇਪ ਰਹਿੰਦਾ ਹਾਂ।
੫. ਜੀਵ ਸਬਦ ਰਾਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਸਮਰੱਥ ਕਿਵੇ ਹੋ ਸਕਦਾ ਹੈ?
ਉਃ ਕੇਵਲ ਗੁਰ-ਸ਼ਬਦ ਹੀ ਹੈ ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ। ਇਸ ਸ਼ਬਦ ਰਾਹੀਂ ਹੀ ਗੁਰੂ ਦੇ ਰਸਤੇ ਤੇ ਚੱਲਣ ਵਾਲੇ ਮਨੁੱਖ ਨੇ ਹਉਮੈ ਦੀ ਅੱਗ ਆਪਣੇ ਅੰਦਰੋਂ ਦੂਰ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹੈ।
“ਕਵਣ ਮੂਲੁ ਕਵਣ ਮਤਿ ਵੇਲਾ ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥ ਕਵਣ ਕਥਾ ਲੇ ਰਹਹੁ ਨਿਰਾਲੇ ॥ ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥ ਏਸੁ ਕਥਾ ਕਾ ਦੇਇ ਬੀਚਾਰੁ ॥ ਭਵਜਲੁ ਸਬਦਿ ਲੰਘਾਵਣਹਾਰੁ ॥ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ ॥(ਪੰਨਾ-੯੪੩)”
ਅਰਥਾਂ ਦਾ ਸਹੀ ਮਿਲਾਨ ਕਰੋਃ
ਮੂਲ ———————- ਨਿਆਰੇ
ਨਿਰਾਲੇ ——————- ਸੰਸਾਰ ਸਮੁੰਦਰ
ਭਵਜਲ ——————- ਸ਼ਬਦ ਰਾਹੀਂ
ਸਬਦਿ ——————— ਮੁੱਢ

ਬਲਵਿੰਦਰ ਸਿੰਘ ਮੁਲਤਾਨੀ

Leave a Reply

Your email address will not be published. Required fields are marked *