ਦੇਹਿ ਨਾਮੁ ਸੰਤੋਖੀਆ
ਗੁਰੂ ਅਰਜਨ ਪਾਤਸ਼ਾਹ ਦਾ ਦਰਬਾਰ ਸੱਜਿਆ ਹੋਇਆ ਹੈ। ਗੁਰੂ ਸਾਹਿਬ ਸੰਗਤ ਨਾਲ ਰੱਬੀ ਬਾਤਾਂ ਪਾ ਰਹੇ ਹਨ। ਇੱਕ ਸਿੱਖ ਨੇ ਗੁਰੂ ਸਾਹਿਬ ਨੂੰ ਕਿਹਾ ਸੱਚੇ ਪਾਤਸ਼ਾਹ ਜਦ ਕੋਈ ਮਰ ਜਾਂਦਾ ਹੈ ਤਾਂ ਆਪਾਂ ਉਸ ਦਾ ਸਵਰਗਾਂ ਵਿੱਚ ਵਾਸਾ ਹੋਣ ਦੀ ਅਰਦਾਸ ਕਰਦੇ ਹਾਂ। ਇਹ ਵੀ ਤਾਂ ਇੱਕ ਮੰਗ ਹੀ ਹੈ। ਜੇ ਸਵਰਗ ਦੀ ਮੰਗ ਇੱਛਾ ਜਾਇਜ਼ ਹੈ ਤਾਂ ਫਿਰ ਬਾਕੀ ਇੱਛਾਵਾਂ ਤਾਂ ਇਸ ਦੇ ਮੁਕਾਬਲੇ ਬਹੁਤ ਛੋਟੀਆਂ ਹਨ। ਫਿਰ ਉਹ ਇੱਛਾਵਾਂ ਦੀ ਪੂਰਤੀ ਲਈ ਵੀ ਰੱਬ ਕੋਲ਼ੋਂ ਕੁਝ ਵੀ ਮੰਗ ਸਕਦੇ ਹਾਂ। ਜਿਵੇਂ ਮਾਣ, ਤਾਣ, ਧੰਨ, ਔਲਾਦ ਦੀ ਮੰਗ, ਘਰ ਵਿੱਚ ਦੁੱਧ ਦੀ ਮੰਗ ਜਾਂ ਚੰਗੇ ਮਕਾਨ ਦੀ ਮੰਗ ਆਦਿ।
ਗੁਰੂ ਸਾਹਿਬ ਨੇ ਉੱਤਰ ਦਿੱਤਾ ਭਾਈ ਦੁਨੀਆ ਮੰਗ ਰਹੀ ਹੈ। ਉਹ ਉਨ੍ਹਾਂ ਦੀ ਆਪਣੀ ਮੱਤ ਹੈ। ਤੁਸੀ ਜੋ ਵੀ ਉਸ ਪ੍ਰਭੂ ਤੋਂ ਬਿਨਾ ਕੁਝ ਸੁੱਖ ਆਰਾਮ ਲਈ ਮੰਗਦੇ ਹੋ ਉਸ ਦੇ ਨਾਲ ਦੁੱਖ ਵੀ ਜੁੜਿਆ ਹੋਇਆ ਹੈ। ਸੋ ਸੁੱਖ ਦੇ ਨਾਲ ਦੁੱਖ ਵੀ ਮਿਲੇ ਗਾ। ਇਹ ਤਾਂ ਰੱਬੀ ਅਸੂਲ ਹੈ। ਰਾਤ ਦੇ ਨਾਲ ਦਿਨ ਹੈ। ਜੇ ਖਾ ਕੇ ਰੱਜ ਗਏ ਫਿਰ ਭੁੱਖ ਵੀ ਤਾਂ ਲੱਗਣੀ ਹੈ। ਇਸੇ ਤਰ੍ਹਾਂ ਸੁੱਖ ਦੁੱਖ ਦਾ ਸੁਮੇਲ ਹੈ। ਹਾਂ ਜੇ ਅਨੰਦ ਮਿਲ ਗਿਆ ਤਾਂ ਉਹ ਸਦੀਵ ਰਹਿੰਦਾ ਹੈ। ਗੁਰੂ ਅਮਰਦਾਸ ਜੀ ਅਨੰਦ ਸਾਹਿਬ ਅੰਦਰ ਲਿਖਦੇ ਹਨ ਕਿ ਅਨੰਦ ਸਿਰਫ ਗੁਰੂ ਤੋਂ ਹੀ ਮਿਲਦਾ ਹੈ।
ਗੁਰੂ ਸਾਹਿਬ ਨੇ ਕਿਹਾ ਭਾਈ ਜੇ ਉਸ ਪ੍ਰਭੂ ਨੂੰ ਛੱਡ ਕੁਝ ਵੀ ਹੋਰ ਸੁੱਖ ਪ੍ਰਾਪਤੀ ਲਈ ਮੰਗੋਗੇ ਤਾਂ ਭੁੱਲ ਜਾਓ ਉਹ ਸੁੱਖ ਸਦੀਵ ਰਹੇ ਗਾ। ਉਸ ਸੁੱਖ ਵਿੱਚੋਂ ਸਿਰੇ ਦਾ ਦੁੱਖ ਪ੍ਰਾਪਤ ਹੋਏਗਾ। ਇਸ ਲਈ ਉਸ ਪ੍ਰਭੂ ਅੱਗੇ ਇਹੀ ਅਰਦਾਸ ਕਰੋ ਸੱਚੇ ਪਾਤਸ਼ਾਹ ਮੈਨੂੰ ਆਪਣਾ ਨਾਮ ਬਖ਼ਸ਼ਸ਼ ਕਰ ਜਿਸ ਨਾਲ ਸੰਤੋਖ ਆ ਜਾਏ ਅਤੇ ਮੇਰੇ ਮੰਨ ਦੀ ਭੁੱਖ ਹੀ ਉਤਰ ਜਾਏ। ਜੋ ਰੱਬ/ਗੁਰੂ ਮੀਂਹ ਪਾ ਕੇ ਜੰਗਲ ਤੇ ਜੰਗਲ ਦਾ ਸੁੱਕਾ ਘਾਹ ਹਰਾ ਕਰਨ ਦੇ ਸਮਰੱਥ ਹੈ ਫਿਰ ਉਹ ਰੱਬ/ਗੁਰੂ ਮਨੁੱਖੀ ਸੋਚ ਨੂੰ ਗਿਆਨ ਨਾਲ ਕਿਉਂ ਨਹੀਂ ਬਦਲਣਗੇ, ਜ਼ਰੂਰ ਬਦਲਣ ਗੇ। “ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥ ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁਖ ॥੨॥”{ਪੰਨਾ 958}
ਸਹੀ ਅਰਥਾਂ ਦਾ ਮਿਲਾਨ ਕਰੋਃ-
ਵਿਣੁ ———————- ਘਾਹ
ਜਿ ————————- ਸਬਰ
ਦੁਖਾ ਕੈ ਦੁਖ ————— ਜੰਗਲ
ਸੰਤੋਖੀਆ —————— ਜੋ ਕੁਝ
ਵਣ ———————— ਬਿਨ੍ਹਾਂ
ਤਿਣੁ ———————— ਸਾਰੇ ਦੁੱਖਾਂ ਦੇ ਦੁੱਖ
ਪ੍ਰਸ਼ਨ ੧. ਪ੍ਰਭੂ ਤੋਂ ਬਿਨ੍ਹਾਂ ਹੋਰ ਕੁਝ ਵੀ ਮੰਗਣ ਨਾਲ ਕੀ ਸਦੀਵ ਸੁੱਖ ਮਿਲ ਜਾਂਦਾ ਹੈ?
ਪ੍ਰਸ਼ਨ ੨. ਸਾਨੂੰ ਰੱਬ ਕੋਲ਼ੋਂ ਕੀ ਮੰਗਣਾ ਚਾਹੀਦਾ ਹੈ?
ਪ੍ਰਸ਼ਨ ੩. ਰੱਬ ਜੀ ਜੰਗਲ ਜਾਂ ਜੰਗਲ ਦਾ ਘਾਹ ਕਿਸ ਤਰ੍ਹਾਂ ਹਰਾ ਕਰਦਾ ਹੈ?
ਪ੍ਰਸ਼ਨ ੪. ਗੁਰੂ ਮਨੁੱਖੀ ਸੋਚ ਨੂੰ ਕਿਸ ਤਰ੍ਹਾਂ ਬਦਲਦਾ ਹੈ?
ਖਾਲੀ ਥਾਂ ਭਰੋਃ-
ੳ. ਕੀ ਸਵਰਗ ਦੀ ——————- ਕਰਨਾ ਜਾਇਜ਼ ਹੈ।
ਅ. ਉਸ ਪ੍ਰਭੂ ਤੋਂ ਬਿਨਾ ਕੁਝ —————- ਲਈ ਮੰਗਦੇ ਹੋ ਉਸ ਦੇ ਨਾਲ——————- ਵੀ ਜੁੜਿਆ ਹੋਇਆ ਹੈ।
ੲ. ————-ਸਿਰਫ ਗੁਰੂ ਤੋਂ ਹੀ ਮਿਲਦਾ ਹੈ।
ਸ. ਪ੍ਰਭੂ ਨਾਮ ਬਖ਼ਸ਼ਸ਼ ਕਰ ਜਿਸ ਨਾਲ———- ਆ ਜਾਏ ਅਤੇ ਮੇਰੇ ਮੰਨ ਦੀ ———— ਉਤਰ ਜਾਏ।
ਬਲਵਿੰਦਰ ਸਿੰਘ ਮੁਲਤਾਨੀ