Gurmat vichaar

ਪ੍ਰੇਤ ਭੂਤ ਸਭਿ ਦੂਜੈ ਲਾਏ

ਆਮ ਤੌਰ ਤੇ ਭੂਤ ਪ੍ਰੇਤ ਦੇ ਨਾਮ ਉੱਪਰ ਬਹੁਤ ਭੰਭਲਭੂਸੇ ਪਏ ਹੋਏ ਹਨ। ਜਦ ਅਸੀ ਛੋਟੇ ਹੁੰਦੇ ਸੀ ਤਾਂ ਸਾਡੀਆਂ ਮਾਤਾਵਾਂ ਵੀ ਸਾਨੂੰ ਭੂਤ ਪ੍ਰੇਤ ਦੇ ਨਾਮ ਨਾਲ ਡਰਾਇਆ ਕਰਦੀਆਂ ਸਨ। ਉਨ੍ਹਾਂ ਕਹਿਣਾ ਮੜ੍ਹੀਆਂ ਵੱਲ ਰਾਤ ਨੂੰ ਅਤੇ ਸਿਖਰ ਦੁਪਹਿਰੇ ਨਹੀਂ ਜਾਣਾ ਇਸ ਸਮੇਂ ਇੱਥੇ ਭੂਤਾਂ ਦਾ ਵਾਸਾ ਹੁੰਦਾ ਹੈ। ਹੁਣ ਜਦ ਗੁਰਬਾਣੀ ਸਮਝ ਕੇ ਪੜ੍ਹਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਭੂਤ ਪ੍ਰੇਤ ਅੱਖਰ ਗੁਰਬਾਣੀ ਅੰਦਰ ਕਈ ਰੂਪਾਂ ਵਿੱਚ ਆਏ ਹਨ। ਜਿਵੇਂ ਪਦਾਰਥ ਲਈ, ਮਰੇ ਮਨੁੱਖ ਲਈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਗ੍ਰਸਤ ਲੋਕਾਂ ਲਈ ਵੀ ਆਏ ਹਨ। ਗੁਰਬਾਣੀ ਅਨੁਸਾਰ ਇੱਕ ਦੋ ਨਹੀ ਕਰੋੜਾਂ ਹੀ ਭੂਤ, ਪ੍ਰੇਤ ਆਦਿ ਹਨ। ਪ੍ਰਭੂ ਇਨ੍ਹਾਂ ਸਭਨਾ ਦੇ ਨੇੜੇ ਹੈ ਪਰ ਇਨ੍ਹਾਂ ਸਭਨਾ ਨੇ ਦੂਰ ਸਮਝ ਰੱਖਿਆ ਹੈ। ਗੁਰੂ ਸਾਹਿਬ ਕਹਿੰਦੇ ਹਨ ਪ੍ਰਭੂ ਸਭ ਵਿੱਚ ਅਲਿਪਤ ( ਸੁਭਾੲਮਾਨ) ਹੈ। “ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥ ਸਭ ਤੇ ਨੇਰੈ ਸਭਹੂ ਤੇ ਦੂਰਿ ॥ ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ ॥”{ਪੰਨਾ 276}। ਸੂਕਰ, ਮ੍ਰਿਗਾਚ ਪਸ਼ੂ ਹਨ। ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਹਨ ਕਈ ਮਨੁੱਖਾਂ ਦੀਆਂ ਕਰਤੂਤਾਂ ਪਸ਼ੂਆ ਵਾਲੀਆਂ ਹਨ ਪਰ ਇਹ ਨਾਮ ਦੇ ਹੀ ਮਨੁੱਖ ਹਨ ਕਰਮ ਇਨ੍ਹਾਂ ਦੇ ਪਸ਼ੂਆ ਵਾਲੇ ਹਨ। “ਕਰਤੂਤਿ ਪਸੂ ਕੀ ਮਾਨਸ ਜਾਤਿ॥”(ਪੰਨਾ-੨੬੭)। ਉਸੇ ਤਰ੍ਹਾਂ ਜੋ ਮਨੁੱਖ ਰੱਬ ਤੋਂ ਦੂਰ ਹੋ ਚੁੱਕੇ ਹਨ ਅਤੇ ਦੂਜੇ ਭਾਵ ਵਿੱਚ ਜਿਉਂਦੇ ਹਨ ਉਹ ਵੀ ਭੂਤ ਪ੍ਰੇਤ ਹੀ ਹਨ। “ਪ੍ਰੇਤ ਭੂਤ ਸਭਿ ਦੂਜੈ ਲਾਏ”(ਪੰਨਾ-੮੪੧)। ਭੂਤ, ਪ੍ਰੇਤਾਂ ਨੂੰ ਸਰੀਰ ਕਰਕੇ ਪਹਿਚਾਨਣਾ ਔਖਾ ਹੈ ਪਰ ਜੇ ਗੁਰਬਾਣੀ ਦੀ ਸਮਝ ਲੱਗ ਜਾਏ ਤਾਂ ਪਹਿਬਾਣੇ ਜਾਂ ਸਕਦੇ ਹਨ। ਮਰਨ ਤੋਂ ਬਾਅਦ ਮਨੁੱਖ ਨੂੰ ਵੀ ਤਾਂ ਭੂਤ ਕਹਿ ਦਿੰਦੇ ਹਨ ਪਰ ਇਹ ਸਭ ਭੂਤ ਤਾਂ ਨਹੀ ਹੁੰਦੇ। ਇਹ ਮੈਂ ਨਹੀਂ ਗੁਰੂ ਸਾਹਿਬ ਗੁਰਬਾਣੀ ਅੰਦਰ ਕਹਿ ਰਹੇ ਹਨ। “ਘਰ ਕੀ ਨਾਰਿ ਉਰਹਿ ਤਨ ਲਾਗੀ ॥ ਉਹ ਤਉ ਭੂਤੁ ਭੂਤੁ ਕਰਿ ਭਾਗੀ ॥”(ਪੰਨਾ-੭੯੪) ਅਤੇ “ਜਿਸੁ ਬਿਸਰਤ ਤਨੁ ਭਸਮ ਹੋਇ ਕਹਤੇ ਸਭਿ ਪ੍ਰੇਤੁ ॥”(ਪੰਨਾ-੭੦੬)।
ਭੂਤ ਅੱਖਰ ਦੀ ਵਰਤੋਂ ਗੁਰਬਾਣੀ ਵਿੱਚ ਪਦਾਰਥ ਵਜੋਂ ਵੀ ਕੀਤੀ ਗਈ ਹੈ। “ਸਾਰ ਭੂਤ ਸਤਿ ਹਰਿ ਕੋ ਨਾਉ ॥ ਸਹਜਿ ਸੁਭਾਇ ਨਾਨਕ ਗੁਨ ਗਾਉ ॥”{ਪੰਨਾ 288-289} ਭਾਵ ਪ੍ਰਭੂ ਦਾ ਨਾਮ ਹੀ ਸਭ ਪਦਾਰਥਾਂ ਤੋਂ ਉੱਤਮ ਪਦਾਰਥ ਹੈ। ਭੈਰੋਂ ਲਈ ਵੀ ਭੂਤ ਅੱਖਰ ਵਰਤਿਆ ਗਿਆ ਹੈ। “ਭੈਰਉ ਭੂਤ ਸੀਤਲਾ ਧਾਵੈ ॥(ਪੰਨਾ-੮੭੪)। ਆਪਾਂ ਆਮ ਤੌਰ ਤੇ ਜੋ ਵੀ ਕਿਸੇ ਨੂੰ ਦੁੱਖੀ ਕਰਦਾ ਹੈ ਜਾਂ ਕਿਸੇ ਦਾ ਨੁਕਸਾਨ ਕਰਦਾ ਹੈ, ਕਿਸੇ ਤੋਂ ਕੁਝ ਖੋਹਦਾ ਜਾਂ ਡਰਾਉਦਾ ਹੈ ਉਸ ਨੂੰ ਭੂਤ ਕਹਿ ਦਿੰਦੇ ਹਾਂ। ਜਦ ਕੋਈ ਕਿਸੇ ਨੂੰ ਦੁੱਖੀ ਕਰਦਾ ਹੈ ਤਾਂ ਆਪਾ ਆਮ ਬੋਲੀ ਵਿੱਚ ਕਹਿ ਦਿੰਦੇ ਹਾਂ ਇਹ ਕਿੱਥੋਂ ਸਾਨੂੰ ਭੂਤ ਚਿੰਮੜ ਗਿਆ ਹੈ ਜਾਂ ਇਹ ਕਿਥੋਂ ਸਾਡੇ ਘਰ ਭੂਤ ਜੰਮ ਪਿਆ ਹੈ। ਉਹ ਭਾਵੇਂ ਅਪਣਾ ਭੈਣ, ਭਾਈ, ਜਵਾਈ, ਨੂੰਹ ਜਾਂ ਧੀ, ਪੁੱਤ ਹੀ ਕਿਉਂ ਨਾ ਹੋਵੇ। ਕਲਜੁਗ ਵਿਚ ਸਦਾ ਵਿਕਾਰੀ ਜੀਵਨ ਵਿਚ ਰਹਿਣ ਵਾਲੇ ਮਨੁੱਖਾਂ ਨੂੰ ਭੂਤ ਕਿਹਾ ਗਿਆ ਹੈ। ਕਲਯੁਗ ਵਿੱਚ ਐਸੇ ਮਨੁੱਖਾਂ ਨੇ ਭੂਤ ਹੀ ਤਾਂ ਜੰਮੇ ਹੋਏ ਹਨ, ਪੁਤ੍ਰ ਭੂਤਨਾ, ਧੀ ਭੂਤਨੀ ਤੇ ਇਸਤ੍ਰੀ ਸਾਰੇ ਭੂਤਨਿਆਂ ਦੀ ਸਿਰਦਾਰ ਹੈ। ਭਾਵ; ਨਾਮ ਤੋਂ ਸੱਖਣੇ ਸਭ ਜੀਵ ਹੀ ਭੂਤਨੇ ਹਨ। “ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥ ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥”{ਪੰਨਾ 556}।
ਜੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿੱਚ ਗ੍ਰਸਤ ਹਨ ਗੁਰੂ ਸਾਹਿਬ ਉਨ੍ਹਾਂ ਨੂੰ ਵੀ ਭੂਤ ਹੀ ਦੱਸਦੇ ਹਨ। “ਪੰਚਮੀ ਪੰਚ ਭੂਤ ਬੇਤਾਲਾ ॥ ਆਪਿ ਅਗੋਚਰੁ ਪੁਰਖੁ ਨਿਰਾਲਾ ॥” (ਪੰਨਾ-੮੩੯) ਭਾਵ ਪਰਮਾਤਮਾ ਆਪ ਤਾਂ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ ਤੇ ਨਿਰਲੇਪ ਹੈ, ਪਰ ਉਸ ਦੇ ਪੈਦਾ ਕੀਤੇ ਹੋਏ ਜਿਹੜੇ ਜੀਵ ਸਦਾ ਪੰਜ ਤੱਤਾਂ ਵਿਚ ਹੀ ਪਰਵਿਰਤ ਹਨ ਉਹ ਜੀਵਨ-ਜਾਚ ਤੋਂ ਖੁੰਝੇ ਹੋਏ ਹੋਣ ਕਰਕੇ ਭੂਤ ਹੀ ਤਾਂ ਹਨ। “ਵੀਰਵਾਰਿ ਵੀਰ ਭਰਮਿ ਭੁਲਾਏ ॥ ਪ੍ਰੇਤ ਭੂਤ ਸਭਿ ਦੂਜੈ ਲਾਏ ॥(ਪੰਨਾ-੮੪੧)। ਭਾਵ ਜੋ ਵੀਰਵਾਰ ( ਚੰਗੇ ਮੰਦੇ ਦਿਨਾਂ) ਦੇ ਭੁਲੇਖੇ ਰੱਬ ਨੂੰ ਛੱਡ ਹੋਰ ਦੂਜੇ ਭਾਵ ਵਿੱਚ ਫਸੇ ਪਏ ਹਨ ਸਭ ਭੂਤ ਪ੍ਰੇਤ ਹੀ ਹਨ। ਹੋਰ ਗੁਰੂ ਸਾਹਿਬ ਫ਼ੁਰਮਾਉਂਦੇ ਹਨ “ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ ॥”(ਪੰਨਾ-੭੦੬)। ਅਤੇ “ਕਲਿ ਮਹਿ ਪ੍ਰੇਤ ਜਿਨ੍ਹ੍ਹੀ ਰਾਮੁ ਨ ਪਛਾਤਾ॥”(ਪੰਨਾ-੧੧੩੨) ਭਗਤ ਕਬੀਰ ਸਾਹਿਬ ਨੇ ਤਾਂ ਬਿਲਕੁਲ ਹੀ ਸਪੱਸ਼ਟ ਕਰ ਦਿੱਤਾ ਕਿ ਭਾਈ ਜਿਸ ਘਰ ਵਿੱਚ ਪ੍ਰਭੂ ਸਾਧ ਨੂੰ ਸਿਮਰਿਆਂ ਨਹੀਂ ਜਾਂਦਾ ਅਤੇ ਹਰੀ ਦੇ ਪਿਆਰਿਆਂ ਦਾ ਸਤਿਕਾਰ ਨਹੀਂ ਉਹ ਘਰ ਨਹੀ ਮੜ੍ਹੀਆਂ ਮਸਾਣ ਹਨ ਅਤੇ ਉਨ੍ਹਾਂ ਘਰਾਂ ਵਿੱਚ ਬੰਦੇ ਨਹੀਂ ਭੂਤ ਵੱਸਦੇ ਹਨ। “ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥ ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥”{ਪੰਨਾ 1374}
ਜੋ ਕਬਜ਼ੇ ਕਰਦੇ ਹਨ ਉਸਨੂੰ ਪ੍ਰੇਤ ਕਹਿ ਦਿੰਦੇ ਹਨ ਜਾਂ ਕਹਿੰਦੇ ਹਨ ਇਹ ਤਾਂ ਅਗਲੀ ਜੂਨ ਵਿੱਚ ਪ੍ਰੇਤ ਬਣੇਗਾ। “ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥”(ਪੰਨਾ-੫੨੬) ਗੁਰੂ ਸਾਹਿਬ ਕਹਿੰਦੇ ਹਨ ਕਲਜੁਗ ਵਿਚ ਪ੍ਰੇਤ ਸਿਰਫ਼ ਉਹੀ ਹਨ, ਜਿਨ੍ਹਾਂ ਨੇ ਆਪਣੇ ਹਿਰਦੇ ਵਿਚ ਵੱਸਦਾ ਪਰਮਾਤਮਾ ਨੂੰ ਪਛਾਣਿਆ ਨਹੀ। “ਕਲਿ ਮਹਿ ਪ੍ਰੇਤ ਜਿਨ੍ਹ੍ਹੀ ਰਾਮੁ ਨ ਪਛਾਤਾ” (ਪੰਨਾ-੧੧੩੧)। ਦੂਜੇ ਪਾਸੇ ਜੇ ਕੋਈ ਕਿਸੇ ਨੂੰ ਕਿਸੇ ਵੀ ਰੂਪ ਵਿੱਚ ਕੁਝ ਦਿੰਦਾ ਹੈ ਜਾਂ ਕੋਈ ਮਦਦ ਕਰਦਾ ਹੈ ਤਾਂ ਉਸ ਨੂੰ ਦੇਵਤਾ ਕਹਿ ਦਿੰਦੇ ਹਾਂ। ਜਦ ਕੋਈ ਕੰਮ ਬਿਲਕੁਲ ਫਸ ਜਾਏ ਅਤੇ ਉਹ ਕੰਮ ਜਿਸ ਦੀ ਮਦਦ ਨਾਲ ਸਿਰੇ ਚੜ੍ਹਦਾ ਹੈ ਤਾਂ ਆਪਾਂ ਕਹਿ ਦਿੰਦੇ ਹਾਂ ਫਲਾਣਾ ਤਾਂ ਰੱਬ ਨੇ ਮੇਰੇ ਲਈ ਦੇਵਤਾ ਭੇਜਿਆ ਹੈ ਜਾਂ ਦੇਵਤਾ ਬਣ ਕਿ ਆਇਆ ਹੈ। ਗੁਰੂ ਸਾਹਿਬ ਕਹਿੰਦੇ ਹਨ ਹੇ ਪ੍ਰਭੂ! ਤੂੰ ਮੰਦ-ਕਰਮਣ ਵੇਸਵਾ ਵਿਕਾਰਾਂ ਤੋਂ ਬਚਾ ਲਈ, ਤੂੰ ਕੁਰੂਪ ਕੁਬਿਜਾ ਦਾ ਕੋਝ ਦੂਰ ਕੀਤਾ, ਤੂੰ ਵਿਕਾਰਾਂ ਵਿਚ ਗਲੇ ਹੋਏ ਅਜਾਮਲ ਨੂੰ ਤਾਰ ਦਿੱਤਾ, ਕ੍ਰਿਸ਼ਨ ਜੀ ਦੇ ਪੈਰਾਂ ਵਿਚ ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ ਅਤੇ ਅਜਿਹੇ ਕਈ ਵਿਕਾਰੀ ਬੰਦੇ ਤੇਰੀ ਮਿਹਰ ਨਾਲ ਮੁਕਤ ਹੋ ਗਏ। “ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥ ਚਰਨ ਬਧਿਕ ਜਨ ਤੇਊ ਮੁਕਤਿ ਭਏ ॥ ਹਉ ਬਲਿ ਬਲਿ ਜਿਨ ਰਾਮ ਕਹੇ ॥੧॥ ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥ ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥੨॥” {ਪੰਨਾ 345}। ਸਿੱਖ ਇਤਿਹਾਸ ਵਿੱਚ ਵੀ ਆਉਂਦਾ ਹੈ ਭਾਈ ਮਨੀ ਸਿੰਘ ਦੀ ਸ਼ਹੀਦੀ ਤੋਂ ਬਾਅਦ ਸਿੰਘ ਰੋਹ ਵਿੱਚ ਆ ਗਏ ਤਾਂ ਪੰਥ ਨੇ ਕੁਝ ਅਹਿਮ ਫੈਸਲੇ ਲਏ ਸੀ। ਇਕੱਠੇ ਹੋ ਕੇ ਗਰੀਬਾਂ ਦੀ ਮਦਦ ਕੀਤੀ ਜਾਏ ਅਤੇ ਸਿੱਖੀ ਦਾ ਪ੍ਰਚਾਰ ਕੀਤਾ ਜਾਏ, ਸਰਕਾਰੀ ਘੋੜੇ ਅਤੇ ਅਸਲਾ ਲੁੱਟਿਆ ਜਾਏ ਅਤੇ ਸਰਕਾਰੀ ਖਜਾਨੇ ਨੂੰ ਲੁੱਟਿਆ ਜਾਏ। ਇੱਕ ਵਾਰ ਪ੍ਰਤਾਪ ਚੰਦ ਸਿਆਲ ਕੋਟੀ ਹਰਿਗੋਬਿੰਦ ਪੁਰ ਖਜਾਨਾ ਲੈ ਕੇ ਜਾ ਰਿਹਾ ਸੀ। ਸਿੰਘਾਂ ਨੂੰ ਪਤਾ ਲੱਗਾ ਕਿ ਸਰਕਾਰੀ ਖ਼ਜ਼ਾਨਾ ਜਾ ਰਿਹਾ ਹੈ। ਉਨ੍ਹਾਂ ਉਹ ਲੁੱਟ ਲਿਆ ਪਰ ਜਦ ਪਤਾ ਲੱਗਾ ਕਿ ਖਜਾਨਾ ਸਰਕਾਰੀ ਹੈ ਪਰ ਅਜੇ ਇਹ ਸੇਠ ਦੇ ਕਬਜ਼ੇ ਵਿੱਚ ਹੈ ਅਤੇ ਉਸੇ ਦੇ ਨਾਮ ਚੱਲ ਰਿਹਾ ਹੈ ਤਾਂ ਸਿੰਘਾਂ ਨੇ ਉਹ ਸਾਰਾ ਖਜਾਨਾ ਉਸ ਨੂੰ ਘਰ ਜਾ ਕੇ ਮੋੜ ਦਿੱਤਾ। ਸ਼ਾਹੂਕਾਰ ਨੇ ਸਿੰਘਾ ਨੂੰ ਕਿਹਾ ਤੁਸੀ ਤਾਂ ਮੇਰੇ ਲਈ ਦੇਵਤੇ ਬਣ ਕੇ ਆਏ ਹੋ?
ਉਹ ਪ੍ਰਮਾਤਮਾ ਇਤਨਾ ਬੇਅੰਤ ਹੈ ਕਿ ਜੋ ਵੀ ਉਸ ਨੂੰ ਸਮਝ ਕੇ ਉਸਦੀ ਬੰਦਗੀ ਕਰਦੇ ਹਨ ਉਨ੍ਹਾਂ ਨੂੰ ਮਨੁੱਖਾਂ ਤੋਂ ਦੇਵਤੇ ਬਣਾ ਦਿੰਦਾ ਹੈ। “ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ ॥”(ਪੰਨਾ-੯੦) ਅਤੇ “ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥”{ਪੰਨਾ 462}। ਉਹ ਮਨੁੱਖਾਂ ਤੋਂ ਹੀ ਨਹੀਂ ਬਲਕਿ ਪ੍ਰੇਤਾਂ ਤੋਂ ਵੀ ਦੇਵਤੇ ਬਣਾ ਦਿੰਦਾ ਹੈ। “ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ ॥ ਸਭੇ ਸਿਖ ਉਬਾਰਿਅਨੁ ਪ੍ਰਭਿ ਕਾਜ ਸਵਾਰੇ ॥”(ਪੰਨਾ-੩੨੩)।ਇਹ ਗੱਲ ਸੱਚੀ ਵੀ ਹੈ ਅਤੇ ਗੁਰੂ ਨੇ ਇਸ ਨੂੰ ਪ੍ਰਤੱਖ ਕਰਕੇ ਵੀ ਦਿਖਾਇਆ ਹੈ। ਸਿੱਖ ਇਤਿਹਾਸ ਵਿੱਚ ਇਸ ਦੀਆਂ ਕਈ ਉਦਾਹਰਣਾਂ ਹਨ। ਜਿਵੇਂ ਭਾਈ ਸੱਜਣ, ਵਲੀ ਕੰਧਾਰੀ,ਭਾਈ ਕੌਡਾ ਜਿਸ ਨੂੰ ਆਮ ਤੌਰ ਕੌਡਾ ਰਾਖਸ਼ ਵੀ ਕਿਹਾ ਜਾਂਦਾ ਹੈ, ਭਾਈ ਬਿਧੀ ਚੰਦ ਜੀ ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਸੀ “ਬਿਧੀ ਚੰਦ ਛੀਨਾ ਗੁਰੂ ਕਾ ਸੀਨਾ” ਆਦਿ।
ਗੁਰਬਾਣੀ ਡੰਕੇ ਦੀ ਚੋਟ ਤੇ ਆਖਦੀ ਹੈ ਕਿ ਪਰਮਾਤਮਾ ਤੋਂ ਬਿਨਾਂ ਨਾ ਤਾਂ ਕੋਈ ਮਾਰ ਸਕਦਾ ਹੈ ਅਤੇ ਨਾ ਹੀ ਜਿਉਂਦਾ ਕਰ ਸਕਦਾ ਹੈ।“ਮੇਰੇ ਮਨ ਹਰਿ ਜਪਿ ਹਰਿ ਨਿਤ ਪੜਈਐ ॥ ਹਰਿ ਬਿਨੁ ਕੋ ਮਾਰਿ ਜੀਵਾਲਿ ਨ ਸਾਕੈ ਤਾ ਮੇਰੇ ਮਨ ਕਾਇਤੁ ਕੜਈਐ ॥”(ਪੰਨਾ-੮੬੧)।ਜਨਮ ਦੇਣ ਅਤੇ ਕਿਸੇ ਨੂੰ ਮਾਰਨ ਦਾ ਹੱਕ ਰੱਬ ਨੇ ਕਿਸੇ ਨੂੰ ਦਿੱਤਾ ਹੀ ਨਹੀ ਹੈ। ਇਹ ਹੱਕ ਉਸਨੇ ਅਪਣੇ ਕੋਲ ਹੀ ਰੱਖਿਆ ਹੋਇਆ ਹੈ। ਗੁਰੂ ਸਾਹਿਬ ਆਸਾ ਕੀ ਵਾਰ ਅੰਦਰ ਫ਼ੁਰਮਾਉਂਦੇ ਹਨ “ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥”(ਪੰਨਾ-੪੭੨)। ਜਿਨ੍ਹਾਂ ਨੂੰ ਇਹ ਸਮਝ ਆ ਗਈ ਉਹੀ ਤਾਂ ਬੰਦ ਬੰਦ ਕਟਵਾ ਕੇ, ਖੋਪੜ ਲੁਹਾ ਕੇ , ਆਰਿਆ ਨਾਲ ਚਿਰਵਾਂ ਕੇ, ਚਰੱਖੜਿਆ ਤੇ ਚੜ੍ਹ ਕੇ, ਰੂੰ ਵਿੱਚ ਸੜ ਕੇ, ਬੱਚਿਆਂ ਦੇ ਟੁਕੜਿਆਂ ਦੇ ਹਾਰ ਗਲਾਂ ਵਿੱਚ ਪਵਾ ਕੇ, ਸਵਾ ਸਵਾ ਲੱਖ ਨਾਲ ਲੜ ਕੇ ਵੀ ਨਹੀ ਘਬਰਾਏ ਨਾ ਹੀ ਡਰੇ ਹਨ। ਗੁਰੂ ਦੇ ਸਿੱਖ ਡਰਨਗੇ ਵੀ ਕਿਉਂ ? ਉਨ੍ਹਾਂ ਨੂੰ ਅਪਣੇ ਗੁਰੂ ਦੀ ਬਾਣੀ ਉੱਪਰ ਪੂਰਾ ਭਰੋਸਾ ਹੈ ਕਿ ਪ੍ਰਭੂ ਸਭ ਕੁਝ ਸੁਣਦਾ ਅਤੇ ਵੇਖਦਾ ਹੈ। ਇਸ ਲਈ ਉਹ ਜਦ ਕੋਈ ਪਾਪ ਕਰਦੇ ਹੀ ਨਹੀਂ ਫਿਰ ਡਰ ਕਿਸਦਾ? ਹਾਂ ਜੋ ਪਾਪ ਕਰਦਾ ਉਹ ਤਾਂ ਡਰੇਗਾ ਹੀ ਡਰੇਗਾ। “ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਮੇਰੀ ਜਿੰਦੁੜੀਏ ਸੋ ਡਰੈ ਜਿਨਿ ਪਾਪ ਕਮਤੇ ਰਾਮ ॥” (ਪੰਨਾ-੫੪੦)। ਜੇਕਰ ਆਪਾਂ ਇਨਸਾਨ ਅੰਦਰ ਬੈਠੇ ਭੂਤ ਨੂੰ ਪਛਾਣ ਲਈਏ ਅਤੇ ਗੁਰੂ ਤੇ ਭਰੋਸਾ ਰੱਖੀਏ ਤਾਂ ਇਹ ਸਾਡਾ ਇਸ ਜਨਮ ਵਿੱਚ ਹੀ ਕੁਝ ਨਹੀਂ ਵਿਗਾੜ ਸਕਦੇ ਮਰਨ ਤੋਂ ਬਾਅਦ ਤਾਂ ਇਹ ਕੀ ਵਿਗਾੜਨਗੇ। ਜੋ ਰਸਨਾ ਨਾਲ ਪ੍ਰਭੂ ਦੇ ਗੁਣ ਗਾਉਂਦੇ ਹਨ ਉਨ੍ਹਾਂ ਦਾ ਜਮਾਂ ਨੇ ਵਿਗਾੜਨਾ ਤਾਂ ਕੀ ਹੈ ਜੰਮ ਦਾ ਤਾਂ ਕੰਕਰ ਵੀ ਐਸੇ ਪਿਆਰਿਆਂ ਦੇ ਲਾਗੇ ਨਹੀਂ ਆ ਸਕਦਾ। “ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ ॥ ਜਮ ਕੰਕਰੁ ਨੇੜਿ ਨ ਆਵਈ ਰਸਨਾ ਹਰਿ ਗੁਣ ਗਾਉ ॥”(ਪੰਨਾ੨੧੮)।ਗੁਰਬਾਣੀ ਅਨੁਸਾਰ ਧਰਮਰਾਜ ਤਾਂ ਅਪਣੇ ਦੂਤਾਂ(ਜਮਾ) ਨੂੰ ਹੁਕਮ ਕਰ ਰਿਹਾ ਹੈ ਜਿੱਥੇ ਗੁਰੂ ਕੇ ਪਿਆਰੇ ਭਜਨ ਜਾਂ ਕੀਰਤਨ ਕਰ ਰਹੇ ਹਨ ਉਥੇ ਭੁੱਲ ਕੇ ਵੀ ਨਾ ਜਾਇਓ, ਵਰਨਾ ਨਾ ਮੈਂ ਤੇ ਨਾ ਤੁਸੀ ਛੁੱਟ ਸਕਣਾ ਹੈ।“ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ ॥ ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ ॥”(ਪੰਨਾ-੨੫੬)। ਹਾਂ ਜੋ ਜਿਉਂਦੇ ਜੀਅ ਭੂਤ ਬਣੇ ਪਏ ਹਨ ਜਾਂ ਭੂਤਾਂ ਦੇ ਵੱਸ ਹਨ। ਜੋ ਐਸੇ ਲੋਕਾਂ ਨੂੰ ਇੱਥੇ ਤੰਗ ਕਰਦੇ ਹਨ ਪ੍ਰਲੋਕ ਵਿੱਚ ਉਨ੍ਹਾਂ ਦਾ ਕੀ ਹਾਲ ਹੋਏਗਾ ਇਹ ਰੱਬ ਹੀ ਜਾਣਦਾ ਹੈ।“ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥” {ਪੰਨਾ 648}ਹਾਂ ਇਹ ਜ਼ਰੂਰ ਕਹਿ ਸਕਦੇ ਹਾਂ ਜਿਸਨੇ ਵਰਤਮਾਨ ਸਵਾਰ ਲਿਆ ਉਸਦਾ ਭਵਿੱਖ ਆਪੇ ਹੀ ਸਵਰ ਜਾਣਾ ਹੈ। ਜਿਸਦੇ ਲੋਕ ਸੁੱਖੀਏ ਹਨ ਪ੍ਰਲੋਕ ਉਸ ਦੇ ਹੀ ਸੁਹੇਲੇ ਹੋਣਗੇ।

ਭੁੱਲ ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ।
ਬਰੈਂਪਟਨ, ਕਨੇਡਾ।

Leave a Reply

Your email address will not be published. Required fields are marked *