Gurmat vichaar

ਮਾਰੀ ਮਰਉ ਕੁਸੰਗ

ਗਰਮੀ ਦਾ ਮੌਸਮ ਸੀ। ਕਬੀਰ ਸਾਹਿਬ ਦਰੱਖਤ ਦੇ ਥੱਲੇ ਬੈਠੇ ਹੋਏ ਸਨ। ਥੋੜੀ ਦੂਰੀ ਤੇ ਹੀ ਇੱਕ ਬੇਰੀ ਦਾ ਦਰੱਖਤ ਸੀ ਅਤੇ ਉਸ ਦੇ ਨਾਲ ਹੀ ਕੇਲੇ ਦਾ ਬੂਟਾ ਵੀ ਸੀ। ਹਵਾ ਦਾ ਇੱਕ ਤੇਜ਼ ਬੁੱਲਾ ਆਇਆ। ਕਬੀਰ ਸਾਹਿਬ ਦਾ ਧਿਆਨ ਅਚਾਨਕ ਉਸ ਬੇਰੀ ਦੇ ਦਰੱਖਤ ਅਤੇ ਕੇਲੇ ਵੱਲ ਚਲਾ ਗਿਆ। ਕਬੀਰ ਸਾਹਿਬ ਕੀ ਦੇਖਦੇ ਹਨ ਕਿ ਹਵਾ ਦੇ ਚੱਲਣ ਕਰਕੇ ਬੇਰੀ ਦਾ ਦਰੱਖਤ ਤਾਂ ਝੂਮ ਰਿਹਾ ਹੈ ਅਤੇ ਕੇਲੇ ਨੂੰ ਅਪਣੇ ਕੰਢਿਆਂ ਨਾਲ ਚੀਰੀ ਜਾ ਰਿਹਾ ਹੈ। ਕਬੀਰ ਸਾਹਿਬ ਅਪਣੇ ਆਪ ਨੂੰ ਇਸ ਤੋਂ ਸਿੱਖਿਆ ਦੇਣ ਲੱਗੇ, ਹੇ ਕਬੀਰ! ਜੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਛੱਡ ਦਿੱਤੀ, ਤਾਂ ਸੁਤੇ ਹੀ ਉਹਨਾਂ ਦਾ ਸਾਥ ਕਰੇਂਗਾ ਜੋ ਪ੍ਰਭੂ ਨਾਲੋਂ ਟੁੱਟੇ ਹੋਏ ਹਨ; ਪਰ ਵੇਖ ਰੱਬ ਨਾਲੋਂ ਟੁੱਟੇ ਬੰਦਿਆਂ ਦਾ ਸਾਥ ਕਦੇ ਭੀ ਨਾਹ ਕਰੀਂ। ਨਹੀਂ ਤਾਂ ਕੇਲੇ ਵਾਲਾ ਹਾਲ ਹੋ ਜਾਣਾ ਹੈ। ਭੈੜੀ ਸੰਗਤ ਵਿਚ ਬੈਠਿਆਂ ਵਿਕਾਰਾਂ ਦੇ ਅਸਰ ਹੇਠ ਤੇਰੀ ਜਿੰਦ ਦੁੱਖੀ ਹੋ ਹੋ ਕੇ ਆਤਮਕ ਮੌਤੇ ਮਰ ਜਾਇਗੀ ।ਕਬੀਰ ਸਾਹਿਬ ਦਾ ਕਹਿਣ ਤੋਂ ਭਾਵ ਹੈ ਪ੍ਰਭੂ ਦੇ ਗੁਣ ਗਾਉਣ ਨਾਲ ਗੁਣਾਂ ਦਾ ਅੰਤ ਤਾਂ ਨਹੀਂ ਪਾਇਆ ਜਾ ਸਕਦਾ, ਪਰ ਇਸ ਦੀ ਬਰਕਤ ਨਾਲ ਕੁਸੰਗ ਤੋਂ ਬਚੇ ਰਹੀਦਾ ਹੈ ਤੇ ਜਿੰਦ ਆਤਮਿਕ ਮੌਤ ਮਰਨੋਂ ਬਚ ਜਾਂਦੀ ਹੈ। ਇਸੇ ਸੋਚ ਨੂੰ ਕਬੀਰ ਸਾਹਿਬ ਨੇ ਕਲਮ ਬੰਦ ਕਰ ਲਿਆ ਜਿਸ ਨੂੰ ਗੁਰੂ ਸਾਹਿਬ ਨੇ ਸਾਡੇ ਭਲੇ ਲਈ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕਰ ਦਿੱਤਾ। “ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ ॥ ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ ॥੮੮॥ {ਪੰਨਾ 1369}”

ਅਰਥਾਂ ਦਾ ਸਹੀ ਮਿਲਾਨ ਕਰੋਃ-
ਮਰਉ ———————- ਨਾ ਵੇਖ
ਕੁਸੰਗ ———————- ਰੱਬ ਨਾਲੋ ਟੁੱਟੇ ਹੋਏ
ਨਿਕਟਿ ——————— ਮੈਂ ਮਰ ਜਾਵਾਂ
ਸਾਕਤ ——————— ਭੈੜੀ ਸੰਗਤ
ਬੇਰਿ ———————- ਨੇੜੇ
ਨ ਹੇਰਿ ——————— ਬੇਰੀ
ਪ੍ਃ ੧. ਪ੍ਰਮਾਤਮਾ ਦੀ ਸਿਫ਼ਤ-ਸਲਾਹ ਛੱਡਣ ਦਾ ਕੀ ਨੁਕਸਾਨ ਹੈ?
ਪ੍ਰਃ ੨. ਭੈੜੀ ਸੰਗਤ ਵਿੱਚ ਬੈਠਣ ਦਾ ਕੀ ਨੁਕਸਾਨ ਹੁੰਦਾ ਹੈ?
ਪ੍ਰਃ ੩. ਕਰੀਬ ਸਾਹਿਬ ਇਸ ਸ਼ਬਦ ਰਾਹੀਂ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ?
ਪ੍ਰਃ ੪. ਗੁਰੂ ਸਾਹਿਬ ਦਾ ਕਬੀਰ ਸਾਹਿਬ ਦੇ ਇਸ ਸ਼ਬਦ ਨੂੰ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕਰਨ ਦਾ ਕੀ ਮਕਸਦ ਸੀ?

ਖਾਲੀ ਥਾਂ ਭਰੋਃ-
ੳ. ਕਬੀਰ ਸਾਹਿਬ ਦਾ ਧਿਆਨ ਅਚਾਨਕ ਉਸ ——— ਦੇ ਦਰੱਖਤ ਅਤੇ ———— ਵੱਲ ਚਲਾ ਗਿਆ।
ਅ. ਬੇਰੀ ਦਾ ਦਰੱਖਤ ਤਾਂ ——- ਰਿਹਾ ਹੈ ਅਤੇ ਕੇਲੇ ਨੂੰ ਅਪਣੇ ਕੰਢਿਆਂ ਨਾਲ ——— ਜਾ ਰਿਹਾ ਹੈ।
ੲ. ਰੱਬ ਨਾਲੋਂ ਟੁੱਟੇ ਬੰਦਿਆਂ ਦਾ ———-ਕਦੇ ਭੀ ਨਹੀ ਕਰਨਾ ਚਾਹੀਦਾ।
ਸ. ਪ੍ਰਭੂ ਦੇ ਗੁਣ ਗਾਉਣ ਨਾਲ ——— ਦਾ ਅੰਤ ਤਾਂ ਨਹੀਂ ਪਾਇਆ ਜਾ ਸਕਦਾ, ਪਰ ਇਸ ਦੀ ਬਰਕਤ ਨਾਲ ————- ਤੋਂ ਬਚੇ ਰਹੀਦਾ ਹੈ।

ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫੋਨ ੬੪੭੭੭੧੪੯੩੨

Leave a Reply

Your email address will not be published. Required fields are marked *