Gurmat vichaar

ਛੋਡਹਿ ਅੰਨੁ

ਭਾਰਤ ਵਿੱਚ ਕਈ ਕਿਸਮ ਦੇ ਵਰਤ ਔਰਤ ਜਾਤੀ ਵੱਲੋਂ ਵੱਖ ਵੱਖ ਸਮੇਂ ਅਤੇ ਵੱਖ ਵੱਖ ਭਾਵਨਾਵਾਂ ਨਾਲ ਧਰਮ ਦੀ ਆਂਢ ਵਿੱਚ ਰੱਖੇ ਜਾਂਦੇ ਹਨ। ਇਨ੍ਹਾਂ ਨੂੰ ਗੁਰੂਆਂ ਅਤੇ ਭਗਤਾਂ ਨੇ ਪਾਖੰਡ ਦਾ ਨਾਮ ਦਿੱਤਾ ਹੈ। ਪਰ ਅਫਸੋਸ ਦੀ ਗੱਲ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਨੇ ਨਕਾਰਿਆ ਹੈ ਉਸੇ ਨੂੰ ਮੰਨਣ ਵਾਲੀਆਂ ਬੀਬੀਆਂ ਵੀ ਅੱਜ ਇਸ ਭਰਮ ਜਾਲ ਵਿੱਚ ਫਸੀਆਂ ਫਿਰ ਰਹੀਆਂ ਹਨ। ਇਕ ਅਨ-ਪੜ੍ਹਤਾ; ਦੂਜਾ ਪਰਮਾਤਮਾ ਨੂੰ ਛੱਡ ਕੇ ਹੋਰ ਹੋਰ ਦੇਵੀ-ਦੇਵਤਿਆਂ ਮੜ੍ਹੀ-ਮਸਾਣਾਂ ਦੀ ਪੂਜਾ ਤੇ ਕਈ ਕਿਸਮ ਦੇ ਵਰਤਾਂ ਨੇ ਭਾਰਤ ਦੀ ਇਸਤ੍ਰੀ-ਜਾਤੀ ਨੂੰ ਨਕਾਰਾ ਕਰ ਦਿੱਤਾ ਹੋਇਆ ਹੈ।ਕੱਤਕ ਦੇ ਮਹੀਨੇ ਸੀਤਲਾ ਦੇਵੀ ਦੀ ਪੂਜਾ ਕਰਨ ਲਈ ਅਹੋਈ ਦਾ ਵਰਤ ਰੱਖਿਆ ਜਾਂਦਾ ਹੈ। ਦੇਵੀ ਦੇਵਤਿਆਂ ਦੀ ਖ਼ਾਸ ਖ਼ਾਸ ਸਵਾਰੀ ਮੰਨੀ ਗਈ ਹੋਈ ਹੈ; ਜਿਵੇਂ ਗਣੇਸ਼ ਦੀ ਸਵਾਰੀ ਚੂਹਾ, ਬ੍ਰਹਮਾ ਦੀ ਸਵਾਰੀ ਹੰਸ, ਸ਼ਿਵ ਦੀ ਸਵਾਰੀ ਚਿੱਟਾ ਬਲਦ, ਦੁਰਗਾ ਦੀ ਸਵਾਰੀ ਸ਼ੇਰ; ਇਸੇ ਤਰ੍ਹਾਂ ਸੀਤਲਾ ਦੀ ਸਵਾਰੀ ਖੋਤਾ ਮੰਨੀ ਗਈ ਹੈ। ਇਸ ਤੇ ਕਬੀਰ ਸਾਹਿਬ ਨੇ ਇੱਕ ਖਾਸ ਅੰਦਾਜ ਵਿੱਚ ਸਮਝਾਉਣਾ ਕੀਤਾ ਹੈ ਕਿ ਹੇ ਭਾਈ ! ਰਾਮ-ਨਾਮ ਛੱਡਣ ਦਾ ਇਹ ਨਤੀਜਾ ਹੈ ਕਿ ਮੂਰਖ ਇਸਤ੍ਰੀ ਸੀਤਲਾ ਦਾ ਵਰਤ ਰੱਖਦੀ ਫਿਰਦੀ ਹੈ। ਜੇ ਭਲਾ ਸੀਤਲਾ ਉਸ ਨਾਲ ਬੜਾ ਹੀ ਪਿਆਰ ਕਰੇਗੀ ਤਾਂ ਉਸ ਨੂੰ ਹਰ ਵੇਲੇ ਆਪਣੇ ਪਾਸ ਰੱਖਣ ਲਈ ਆਪਣੀ ਸਵਾਰੀ ਲਈ ਖੋਤੀ ਬਣਾ ਲਏਗੀ। ਸੋ, ਉਹ ਮੂਰਖ ਇਸਤ੍ਰੀ ਫਿਰ ਖੋਤੀ ਦੀ ਜੂਨੇ ਪੈਂਦੀ ਹੈ। ਹੋਰ ਖੋਤੇ ਖੋਤੀਆਂ ਵਾਂਗ ਫਿਰ ਛੱਟਾਂ ਆਦਿਕ ਦਾ ਚਾਰ ਮਣ ਭਾਰ ਢੋਂਦੀ ਹੈ। “ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥ ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥” {ਪੰਨਾ 1370}
ਕਬੀਰ ਸਾਹਿਬ ਨੇ ਇਹ ਵੀ ਕਿਹਾ ਕਈ ਸਾਧ ਵੀ ਅੰਨ ਛੱਡਣ ਦਾ ਪਾਖੰਡ ਕਰਦੇ ਹਨ। ਉਹ ਵੀ ਛੁੱਟੜ ਔਰਤਾਂ ਵਾਂਗ ਹਨ ਜੋ ਨਾ ਸੁਹਾਗਣਾਂ ਤੇ ਨਾ ਰੰਡੀਆਂ ਦੀ ਜਮਾਤ ਵਿੱਚ ਆਉਂਦੀਆਂ ਹਨ। ਉਹ ਲੋਕਾਂ ਨੂੰ ਕਹਿੰਦੇ ਅਸੀ ਦੁੱਧਾਧਾਰੀ ਹਾਂ ਪਰ ਚੋਰੀ ਚੌਲਾਂ ਅਤੇ ਮਾਂਹ ਦੀ ਬਣੀ ਪਿੰਨੀ ਸਾਰੀ ਹੀ ਖਾਹ ਜਾਂਦੇ ਹਨ। ਅੰਨ ਤੋ ਬਿਨਾਂ ਤਾਂ ਜੀਵ ਰਹਿ ਹੀ ਨਹੀ ਸਕਦਾ। ਅੰਨ ਛੱਡਣ ਨਾਲ ਪ੍ਰਭੂ ਨਹੀ ਮਿਲਦਾ। ਕਬੀਰ ਸਾਹਿਬ ਕਹਿੰਦੇ ਹਨ ਸਾਨੂੰ ਇਹ ਨਿਸ਼ਚਾ ਹੈ ਕਿ ਅੰਨ ਬੜਾ ਸੁੰਦਰ ਪਦਾਰਥ ਹੈ ਜਿਸ ਨੂੰ ਖਾਧਿਆਂ ਸਿਮਰਨ ਕਰ ਕੇ ਸਾਡਾ ਮਨ ਪਰਮਾਤਮਾ ਨਾਲ ਜੁੜਦਾ ਹੈ। “ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥ ਜਗ ਮਹਿ ਬਕਤੇ ਦੂਧਾਧਾਰੀ ॥ ਗੁਪਤੀ ਖਾਵਹਿ ਵਟਿਕਾ ਸਾਰੀ ॥੩॥ ਅੰਨੈ ਬਿਨਾ ਨ ਹੋਇ ਸੁਕਾਲੁ ॥ ਤਜਿਐ ਅੰਨਿ ਨ ਮਿਲੈ ਗੁਪਾਲੁ ॥ ਕਹੁ ਕਬੀਰ ਹਮ ਐਸੇ ਜਾਨਿਆ ॥ ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥” {ਪੰਨਾ 873}l
ਅਰਥਾਂ ਦਾ ਸਹੀ ਮਿਲਾਨ ਕਰੋਃ-
ਅਹੋਈ —————— ਖੋਤੀ
ਗਦਹੀ —————— ਚੌਲ ਅਤੇ ਮਾਂਹ ਦੀ ਪਿੰਨੀ
ਰੰਡ ———————- ਖਾਣਾ ਛੱਡ ਕੇ
ਦੂਧਾਧਾਰੀ —————- ਰੰਡੀਆਂ
ਗੁਪਤੀ ——————— ਸੀਤਲਾ ਦੇਵੀ ਦਾ ਵਰਤ
ਵਟਿਕਾ ——————— ਲੁਕ ਕੇ
ਤਜਿਐ ਅੰਨਿ ————— ਦੁੱਧ ਆਸਰੇ
ਪ੍ਰਃ ੧. ਵਰਤ ਰੱਖਣ ਜਾਂ ਅੰਨ ਛੱਡਣ ਬਾਰੇ ਗੁਰੂ/ ਭਗਤਾਂ ਦੇ ਕੀ ਵਿਚਾਰ ਹਨ?
ਪ੍ਰਃ ੨. ਕਬੀਰ ਸਾਹਿਬ ਅਨੁਸਾਰ ਜਿਸ ਉਪਰ ਸੀਤਲਾ ਬਹੁਤ ਮਿਹਰਵਾਨ ਹੋਵੇ ਉਸ ਨੂੰ ਕਿਸ ਤਰ੍ਹਾਂ ਨਿਵਾਜਦੀ ਹੈ?
ਪ੍ਰਃ ੩. ਕਬੀਰ ਸਾਹਿਬ ਅਨੁਸਾਰ ਅੰਨ ਛੱਡਣਾ ਚਾਹੀਦਾ ਹੈ ਜਾਂ ਇਸ ਨੂੰ ਪਿਆਰ ਕਰਨਾ ਬਣਦਾ ਹੈ?
ਪ੍ਰਃ ੪. ਕਬੀਰ ਸਾਹਿਬ ਅਨੁਸਾਰ ਕੀ ਅੰਨ ਛੱਡਣ ਵਾਲੇ ਸਿਰਫ ਦੁੱਧ ਦਾ ਹੀ ਆਹਾਰ ਕਰਦੇ ਹਨ?
ਪ੍ਰਃ ੫. ਕੀ ਅੰਨ ਛੱਡਣ ਵਾਲਿਆਂ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀਆਂ?
ਖਾਲੀ ਥਾਂ ਭਰੋਃ-
ੳ. ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀਆਂ ਬੀਬੀਆਂ ਵੀ ਵਰਤਾਂ ਦੇ ਭਰਮ ਜਾਲ ਵਿੱਚ —————-ਫਿਰ ਰਹੀਆਂ ਹਨ।
ਅ. ਸੀਤਲਾ ਦੇਵੀ ਦੀ ਪੂਜਾ ਕਰਨ ਲਈ ———— ਦਾ ਵਰਤ ਰੱਖਿਆ ਜਾਂਦਾ ਹੈ।
ੲ. ਅੰਨ ਤੋ ਬਿਨਾਂ ਤਾਂ ——— ਰਹਿ ਹੀ ਨਹੀ ਸਕਦਾ।
ਸ. ਅੰਨ ਬੜਾ ———- ਪਦਾਰਥ ਹੈ ਜਿਸ ਨੂੰ ਖਾਧਿਆਂ ਸਿਮਰਨ ਕਰ ਕੇ ਸਾਡਾ ਮਨ ————— ਨਾਲ ਜੁੜਦਾ ਹੈ।

ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫੋਨ ੬੪੭੭੭੧੪੯੩੨

Leave a Reply

Your email address will not be published. Required fields are marked *