Gurmat vichaar

ਕਿਆ ਮਦਿ ਛੂਛੈ ਭਾਉ ਧਰੇ

ਗੁਰੂ ਨਾਨਕ ਸਾਹਿਬ ਜੀ ਦਾ ਜਦ ਮਿਲਾਪ ਭਰਥਰੀ ਜੋਗੀ ਨਾਲ ਹੋਇਆ ਤਾਂ ਉਸ ਨੇ ਗੁਰੂ ਸਾਹਿਬ ਜੀ ਨੂੰ ਸ਼ਰਾਬ ਦਾ ਪਿਆਲਾ ਪੇਸ਼ ਕੀਤਾ ਤਾਂ ਗੁਰੂ ਸਾਹਿਬ ਨੇ ਕਿਹਾ ਅਸੀ ਇਹ ਸ਼ਰਾਬ ਨਹੀਂ ਪੀਂਦੇ । ਜੋਗੀ ਨੇ ਕਿਹਾ ਇਸ ਦੇ ਪੀਣ ਨਾਲ ਸੁਰਤ ਦੁਨੀਆ ਤੋਂ ਉਪਰਾਮ ਹੋ ਕੇ ਪ੍ਰਭੂ ਨਾਲ ਜੁੜ ਜਾਂਦੀ ਹੈ। ਗੁਰੂ ਸਾਹਿਬ ਨੇ ਕਿਹਾ ਅਸੀ ਪ੍ਰਭੂ ਦੇ ਨਾਮ ਦਾ ਨਸ਼ਾ ਕਰਦੇ ਹਾਂ ਜੋ ਇੱਕ ਵਾਰ ਪੀ ਕੇ ਮੁੜ ਉੱਤਰਦਾ ਹੀ ਨਹੀਂ। ਭਰਥਰੀ ਨੇ ਕਿਹਾ ਐਸਾ ਤਾਂ ਕੋਈ ਵੀ ਨਸ਼ਾ ਨਹੀਂ ਜੋ ਕਦੀ ਵੀ ਨਾ ਉਤਰਦਾ ਹੋਵੇ। ਗੁਰੂ ਸਾਹਿਬ ਨੇ ਕਿਹਾ ਹੈ ਐਸਾ ਨਸ਼ਾ ਹੈ। ਜੋਗੀ ਨੇ ਪੁੱਛਿਆ ਉਹ ਕਿਹੜਾ ਨਸ਼ਾ ਹੈ? ਗੁਰੂ ਸਾਹਿਬ ਨੇ ਕਿਹਾ ਜੋ ਨਸ਼ਾ ਨਾਮ ਰਸ ਪੀ ਕੇ ਮਨ ਨੂੰ ਮਸਤਾਨਾ ਬਣਾ ਦਿੰਦਾ ਹੈ ਅਤੇ ਸਿਮਰਨ ਦੀ ਬਰਕਤ ਨਾਲ ਅਡੋਲਤਾ ਦੇ ਹੁਲਾਰਿਆਂ ਵਿਚ ਟਿਕਿਆ ਰਹਿੰਦਾ ਹੈ, ਜਿਸ ਨੂੰ ਪ੍ਰਭੂ-ਚਰਨਾਂ ਦੇ ਪ੍ਰੇਮ ਦੀ ਲਿਵ ਲਗਦੀ ਹੈ ਜੋ ਦਿਨ ਰਾਤ ਬਣੀ ਰਹਿੰਦੀ ਹੈ, ਜੋ ਆਪਣੇ ਗੁਰੂ ਦੇ ਸ਼ਬਦ ਨੂੰ ਸਦਾ ਇਕ-ਰਸ ਆਪਣੇ ਅੰਦਰ ਟਿਕਾਈ ਰੱਖਦੀ ਹੈ। ਜੋਗੀ ਨੇ ਕਿਹਾ ਸਾਨੂੰ ਵੀ ਦੱਸੋ ਉਹ ਨਸ਼ਾ ਕਿਸ ਤਰ੍ਹਾਂ ਤਿਆਰ ਹੁੰਦਾ ਹੈ? ਗੁਰੂ ਸਾਹਿਬ ਨੇ ਕਿਹਾ ਫਿਰ ਸੁਣੋ। ਪਰਮਾਤਮਾ ਨਾਲ ਡੂੰਘੀ ਸਾਂਝ ਨੂੰ ਗੁੜ, ਪ੍ਰਭੂ-ਚਰਨਾਂ ਵਿਚ ਜੁੜੀ ਸੁਰਤਿ ਨੂੰ ਮਹੂਏ ਦੇ ਫੁੱਲ ਅਤੇ ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਬਣਾ ਕੇ ਇਹਨਾਂ ਵਿਚ ਰਲਾ ਦਿਓ। ਸਰੀਰਕ ਮੋਹ ਨੂੰ ਸਾੜ ਕਿ ਸ਼ਰਾਬ ਕੱਢਣ ਦੀ ਭੱਠੀ ਤਿਆਰ ਕਰ, ਪ੍ਰਭੂ-ਚਰਨਾਂ ਵਿਚ ਪਿਆਰ ਜੋੜ ਕੇ, ਅਰਕ ਵਾਲੀ ਨਾਲੀ ਉਤੇ ਫੇਰਨ ਵਾਲਾ ਪੋਚਾ ਬਣਾ ਲਓ। ਇਸ ਸਾਰੇ ਮਿਲਵੇਂ ਰਸ ਵਿਚੋਂ ਅਟੱਲ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਨਿਕਲੇਗਾ। ਇਹ ਉਹੀ ਪਿਆਲਾ ਹੈ ਜਿਸ ਦੀ ਮਸਤੀ ਸਦਾ ਟਿਕੀ ਰਹਿੰਦੀ ਹੈ, ਸਭ ਗੁਣਾਂ ਦਾ ਮਾਲਕ ਪ੍ਰਭੂ ਅਡੋਲਤਾ ਵਿਚ ਰੱਖ ਕੇ ਉਸ ਮਨੁੱਖ ਨੂੰ ਇਹ ਪਿਆਲਾ ਪਿਲਾਉਂਦਾ ਹੈ ਜਿਸ ਉਤੇ ਆਪ ਮੇਹਰ ਦੀ ਨਜ਼ਰ ਕਰਦਾ ਹੈ। ਜਿਹੜਾ ਮਨੁੱਖ ਅਟੱਲ ਆਤਮਿਕ ਜੀਵਨ ਦੇਣ ਵਾਲੇ ਇਸ ਰਸ ਦਾ ਵਪਾਰੀ ਬਣ ਜਾਏ ਉਹ ਤੁਹਾਡੇ ਵਾਲੇ ਇਸ ਹੋਛੇ ਸ਼ਰਾਬ ਨਾਲ ਪਿਆਰ ਨਹੀਂ ਕਰਦਾ। ਜਿਸ ਮਨੁੱਖ ਨੇ ਅਟੱਲ ਆਤਮਿਕ ਜੀਵਨ ਦੇਣ ਵਾਲੀ ਗੁਰੂ ਦੀ ਸਿੱਖਿਆ-ਭਰੀ ਬਾਣੀ ਦਾ ਰਸ ਪੀਤਾ ਹੈ, ਉਹ ਪੀਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ ਕਬੂਲ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਦਰ ਦੇ ਦੀਦਾਰ ਦਾ ਪ੍ਰੇਮੀ ਬਣ ਜਾਂਦਾ ਹੈ, ਉਸ ਨੂੰ ਮੁਕਤੀ ਜਾਂ ਬੈਕੁੰਠ ਦੀ ਲੋੜ ਹੀ ਨਹੀਂ ਰਹਿੰਦੀ । ਗੁਰੂ ਨਾਨਕ ਸਾਹਿਬ ਨੇ ਕਿਹਾ ਹੇ ਭਰਥਰੀ ਜੋਗੀ! ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਰੰਗਿਆ ਗਿਆਾ, ਉਹ ਸਦਾ ਮਾਇਆ ਦੇ ਮੋਹ ਤੋਂ ਵਿਰਕਤ ਰਹਿੰਦਾ ਹੈ, ਉਹ ਆਤਮਿਕ ਮਨੁੱਖਾ ਜੀਵਨ ਜੂਏ ਵਿਚ ਭਾਵ, ਅਜਾਈਂ ਨਹੀਂ ਗਵਾਉਂਦਾ, ਉਹ ਤਾਂ ਅਟੱਲ ਆਤਮਿਕ ਜੀਵਨ ਦਾਤੇ ਦੇ ਆਨੰਦ ਵਿਚ ਮਸਤ ਰਹਿੰਦਾ ਹੈ। ਇਸ ਤੇ ਜੋਗੀਆਂ ਨੇ ਕਿਹਾ ਧੰਨ ਨਾਨਕ ਤੇਰੀ ਵਡੀ ਕਮਾਈ। “ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥ ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥੧॥ ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥ ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥੧॥ ਰਹਾਉ ॥ ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ ॥ ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥੨॥ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ॥ ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥੩॥ ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ ॥ ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ ॥”(ਪੰਨਾ-੩੬੦)

ਅਰਥਾਂ ਦਾ ਸਹੀ ਮਿਲਾਨ ਕਰੋ ਜੀਃ-
ਧਾਵੈ —————- ਕਿੱਕਰ ਦੇ ਸੱਕ
ਕਸ —————- ਮਹੂਏ ਦੇ ਫੁੱਲ
ਭਵਨੁ —————ਮਸਤ
ਭਾਠੀ —————— ਸ਼ਰਾਬ ਵਿੱਚ
ਮਤਵਾਰੋ ————— ਫੋਕੇ ਵਿੱਚ
ਅਹਿ ——————ਰਾਤ
ਨਿਸਿ ——————ਦਿਨ
ਮਦਿ —————— ਸਰੀਰ
ਛੂਛੇ —————— ਪਿਆਰ
ਭਾਉ – —————- ਸ਼ਰਾਬ ਕੱਢਣ ਵਾਸਤੇ ਭੱਠੀ
ਪਰਵਾਣ ————— ਮਸਤ
ਖੀਵਾ —————— ਕਬੂਲ
ਪ੍ਰਸ਼ਨ ੧. ਇਸ ਸ਼ਬਦ ਰਾਹੀ ਗੁਰੂ ਨਾਨਕ ਦੇਵ ਜੀ ਕਿਸ ਜੋਗੀ ਨਾਲ ਗੱਲ ਕਰ ਰਹੇ ਹਨ?
ਪ੍ਰਸ਼ਨ ੨. ਗੁਰੂ ਸਾਹਿਬ ਨੇ ਜੋਗੀ ਵੱਲੋਂ ਸ਼ਰਾਬ ਦੀ ਪੇਸ਼ਕਸ਼ ਕਿਉਂ ਠੁਕਰਾ ਦਿੱਤੀ ਸੀ?
ਪ੍ਰਸ਼ਨ ੩. ਗੁਰੂ ਨਾਨਕ ਸਾਹਿਬ ਨੇ ਕਿਹੜਾ ਨਸ਼ਾ ਦੱਸਿਆ ਜੋ ਪੀ ਕੇ ਮਨੁੱਖ ਮਸਤਾਨਾ ਹੋ ਜਾਂਦਾ ਹੈ?
ਪ੍ਰਸ਼ਨ ੩. ਗੁਰੂ ਸਾਹਿਬ ਨੇ ਇਸ ਸ਼ਬਦ ਵਿੱਚ ਸ਼ਰਾਬ ਬਣਾਉਣ ਦਾ ਕੀ ਤਰੀਕਾ ਦੱਸਿਆ ਹੈ?
ਪ੍ਰਸ਼ਨ ੪.ਐਸੀ ਸ਼ਰਾਬ ਕਿਸ ਨੂੰ ਨਸੀਬ ਹੁੰਦੀ ਹੈ?
ਪ੍ਰਸ਼ਨ ੫. ਪ੍ਰਭੂ ਦੀਆਂ ਨਜ਼ਰਾਂ ਵਿੱਚ ਕੌਣ ਕਬੂਲਿਆ ਜਾਂਦਾ ਹੈ?
ਪ੍ਰਸ਼ਨ ੬. ਮਾਇਆ ਦੇ ਮੋਹ ਤੋਂ ਵਿਰਕਤ ਕੌਣ ਹੋ ਸਕਦਾ ਹੈ?
ਪ੍ਰਸ਼ਨ ੭. ਇਸ ਸ਼ਬਦ ਰਾਹੀ ਸਾਨੂੰ ਕੀ ਸਿੱਖਿਆ ਮਿਲਦੀ ਹੈ?
ਖਾਲੀ ਥਾਂ ਭਰੋਃ-
ੳ) ਭਰਥਰੀ ਜੋਗੀ ਨੇ ਗੁਰੂ ਜੀ ਨੂੰ —————- ਪੇਸ਼ ਕੀਤਾ।
ਅ) ——————-ਦਾ ਨਸ਼ਾ ਇੱਕ ਵਾਰ ਪੀ ਕੇ ਮੁੜ ਉੱਤਰਦਾ ਹੀ ਨਹੀਂ।
ੲ) ——————ਦਾ ਵਪਾਰੀ ਹੋਛੇ ਸ਼ਰਾਬ ਨਾਲ ਪਿਆਰ ਨਹੀਂ ਕਰਦਾ।
ਸ) ਪਰਮਾਤਮਾ ਦੇ ਦਰ ਦੇ ਪ੍ਰੇਮੀ ਨੂੰ ————- ਜਾਂ ———- ਦੀ ਲੋੜ ਹੀ ਨਹੀਂ ਰਹਿੰਦੀ ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।

Leave a Reply

Your email address will not be published. Required fields are marked *