Gurmat vichaar

ਪਾਪੀ ਮੂਆ ਗੁਰ ਪਰਤਾਪਿ

ਗੁਰੂ ਹਰਿਗੋਬਿੰਦ ਸਾਹਿਬ ਨੂੰ ਮਰਵਾਉਣ ਲਈ ਉਨ੍ਹਾਂ ਦੇ ਤਾਇਆ ਜੀ ਪ੍ਰਿਥੀ ਚੰਦ ਨੇ ਕਈ ਅਸਫਲ ਯਤਨ ਕੀਤੇ ਸਨ। ਜਦ ਉਹ ਹਰ ਯਤਨ ਵਿੱਚ ਅਸਫਲ ਰਿਹਾ ਤਾਂ ਉਸ ਨੇ ਬਾਲਕ ਹਰਿਗੋਬਿੰਦ ਦੇ ਖਿਡਾਵੇ ਦੁਨੀ ਚੰਦ ਬ੍ਰਹਾਮਣ ਨੂੰ ਲਾਲਚ ਦੇ ਕੇ ਬਾਲਕ ਨੂੰ ਮਰਵਾਉਣ ਲਈ ਰਾਜੀ ਕਰ ਲਿਆ। ਇਸ ਕੰਮ ਲਈ ਉਸ ਨੇ ਬ੍ਰਹਮਣ ਨੂੰ ਜ਼ਹਿਰ ਲਿਆ ਕੇ ਦਿੱਤਾ ਅਤੇ ਕਿਹਾ ਇਸ ਨੂੰ ਦਹੀਂ ਵਿੱਚ ਮਿਲਾ ਕੇ ਖੁਆ ਦੇਣਾ। ਇਹ ਜ਼ਹਿਰ ਵਾਲਾ ਦਹੀਂ ਜਦ ਦੁਨੀ ਚੰਦ ਨੇ ਬਾਲਕ ਨੂੰ ਖੁਵਾਉਣਾ ਚਾਹਿਆ ਤਾਂ ਉਸ ਨੇ ਨਾਂਹ ਕਰ ਦਿੱਤੀ। ਉਸ ਨੇ ਦੁਬਾਰਾ ਕੋਸ਼ਿਸ਼ ਕੀਤੀ ਤਾਂ ਉਹ ਪਕੜਿਆ ਗਿਆ। ਫਿਰ ਉਹ ਦਹੀਂ ਕੁੱਤੇ ਨੂੰ ਖੁਵਾਇਆ ਗਿਆ ਤਾਂ ਉਹ ਕੁੱਤਾ ਮਰ ਗਿਆ। ਸਾਰੀ ਸੰਗਤ ਨੇ ਦੁਨੀ ਚੰਦ ਨੂੰ ਲਾਹਨਤਾਂ ਪਾਈਆਂ ਤਾਂ ਉਸ ਨੇ ਸਭ ਕੁਝ ਸੱਚ ਦੱਸ ਦਿੱਤਾ ਅਤੇ ਖੁਦ ਨਿਮੋਸ਼ੀ ਨਾ ਸਹਾਰਦਾ ਹੋਇਆ ਮਰ ਗਿਆ।
ਗੁਰੂ ਸਾਹਿਬ ਨੇ ਸੰਗਤ ਨੂੰ ਸਮਝਾਇਆ ਹੇ ਭਾਈ ! ਪਰਮਾਤਮਾ ਆਪਣੇ ਸੇਵਕਾਂ ਦੀ ਰੱਖਿਆ ਸਦਾ ਆਪ ਹੀ ਕਰਦਾ ਹੈ। ਵੇਖੋ, ਵਿਸਾਹ-ਘਾਤੀ ਬ੍ਰਾਹਮਣ ਦੁਸ਼ਟ ਗੁਰੂ ਦੇ ਪਰਤਾਪ ਨਾਲ ਆਪ ਹੀ ਮਰ ਗਿਆ ਹੈ। ਪਰਮਾਤਮਾ ਦੀ ਮਿਹਰ ਆਪਣੇ ਸੇਵਕ ਉੱਤੇ ਹੋਈ ਹੈ, ਬਾਲਕ ਹਰਿਗੋਬਿੰਦ ਉੱਤੇ ਉਸ ਦੁਸ਼ਟ ਦੀ ਮੰਦੀ ਕਰਤੂਤ ਦਾ ਬਿਲਕੁਲ ਰਤਾ ਭਰ ਭੀ ਮਾੜਾ ਅਸਰ ਨਹੀਂ ਹੋ ਸਕਿਆ। ਗੁਰੂ ਦੇ ਪਰਤਾਪ ਨਾਲ ਉਹ ਚੰਦਰਾ ਬ੍ਰਾਹਮਣ ਪੇਟ ਵਿਚ ਸੂਲ ਉੱਠਣ ਨਾਲ ਮਰ ਗਿਆ ਹੈ। ਪਰਮਾਤਮਾ ਨੇ ਆਪਣੇ ਸੇਵਕ ਦੀ ਆਪ ਰੱਖਿਆ ਕੀਤੀ ਹੈ, ਕਿਉਂਕਿ ਸੇਵਕ ਨੇ ਆਪਣੇ ਮਾਲਕ-ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਇਆ ਹੈ। ਉਹ ਬੇਸਮਝ ਦੁਸ਼ਟ ਇਸ ਰੱਬੀ ਭੇਤ ਨੂੰ ਸਮਝ ਨਾਹ ਸਕਿਆ, ਤੇ ਪਰਮਾਤਮਾ ਨੇ ਆਪ ਹੀ ਉਸ ਨੂੰ ਮਾਰ ਮੁਕਾਇਆ। ਹੇ ਭਾਈ! ਮਾਂ ਪਿਉ ਵਾਂਗ ਪ੍ਰਭੂ ਆਪਣੇ ਸੇਵਕ ਦਾ ਸਦਾ ਆਪ ਰਾਖਾ ਬਣਦਾ ਹੈ ਤਾਂ ਹੀ ਪ੍ਰਭੂ ਦੇ ਸੇਵਕ ਦੇ ਦੋਖੀ ਦਾ ਮੂੰਹ ਲੋਕ ਪਰਲੋਕ ਦੁਹੀਂ ਥਾਈਂ ਕਾਲਾ ਹੁੰਦਾ ਹੈ। ਪੰਜਵੇ ਗੁਰੂ ਨਾਨਕ ਨੇ ਕਿਹਾ ਹੇ ਭਾਈ ਆਪਣੇ ਸੇਵਕ ਦੀ ਪਰਮੇਸਰ ਨੇ ਸਦਾ ਹੀ ਅਰਦਾਸ ਸੁਣੀ ਹੈ। ਵੇਖੋ, ਪਰਮੇਸਰ ਦੇ ਸੇਵਕ ਉੱਤੇ ਵਾਰ ਕਰਨ ਵਾਲਾ ਦੁਸ਼ਟ ਪਾਪੀ ਆਪ ਹੀ ਮਰ ਮਿਟਿਆ, ਤੇ ਨਿਰਾਸਾ ਹੀ ਰਿਹਾ। “ਲੇਪੁ ਨ ਲਾਗੋ ਤਿਲ ਕਾ ਮੂਲਿ ॥ ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ ॥੧॥ ਹਰਿ ਜਨ ਰਾਖੇ ਪਾਰਬ੍ਰਹਮਿ ਆਪਿ ॥ ਪਾਪੀ ਮੂਆ ਗੁਰ ਪਰਤਾਪਿ ॥੧॥ ਰਹਾਉ ॥ ਅਪਣਾ ਖਸਮੁ ਜਨਿ ਆਪਿ ਧਿਆਇਆ ॥ ਇਆਣਾ ਪਾਪੀ ਓਹੁ ਆਪਿ ਪਚਾਇਆ ॥੨॥ ਪ੍ਰਭ ਮਾਤ ਪਿਤਾ ਅਪਣੇ ਦਾਸ ਕਾ ਰਖਵਾਲਾ ॥ ਨਿੰਦਕ ਕਾ ਮਾਥਾ ਈਹਾਂ ਊਹਾ ਕਾਲਾ ॥੩॥ ਜਨ ਨਾਨਕ ਕੀ ਪਰਮੇਸਰਿ ਸੁਣੀ ਅਰਦਾਸਿ ॥ ਮਲੇਛੁ ਪਾਪੀ ਪਚਿਆ ਭਇਆ ਨਿਰਾਸੁ ॥”(ਪੰਨਾ-੧੧੩੭)
ਅਰਥਾਂ ਦਾ ਸਹੀ ਮਿਲਾਨ ਕਰੋਃ-
ਲੇਪ ————— ਪਾਪੀ
ਦੁਸ਼ਟ ————- ਸਾੜਿਆ, ਨਾਸ ਕੀਤਾ
ਇਆਣਾ ———— ਮਾੜਾ ਅਸਰ
ਮਲੇਛ ————— ਮਾਰਿਆ
ਪਚਿਆ ————- ਮੂਰਖ
ਨਿਰਾਸ ————- ਭੈੜੀ ਨਿਯਤ ਵਾਲਾ
ਈਹਾ ਊਹਾ ———ਜਿਸ ਦੀ ਆਸ ਪੂਰੀ ਨਾ ਹੋ ਸਕੀ
ਪਚਾਇਆ ———-ਇਸ ਲੋਕ ਅਤੇ ਪ੍ਰਲੋਕ ਵਿੱਚ

ਪ੍ਰਸ਼ਨ ੧. ਗੁਰੂ ਹਰਿਗੋਬਿੰਦ ਜੀ ਨੂੰ ਕੌਣ ਮਰਵਾਉਣਾ ਚਾਹੁੰਦਾ ਸੀ?
ਪ੍ਰਸ਼ਨ ੨. ਦੁਨੀ ਚੰਦ ਬ੍ਰਹਾਮਣ ਬਾਲਕ ਹਰਿਗੋਬਿੰਦ ਜੀ ਨੂੰ ਕਿਸ ਤਰ੍ਹਾਂ ਮਾਰਨਾ ਚਾਹੁੰਦਾ ਸੀ?
ਪ੍ਰਸ਼ਨ ੩. ਬ੍ਰਾਹਮਣ ਖੁਦ ਹੀ ਕਿਸ ਤਰ੍ਹਾਂ ਮਰ ਗਿਆ ਸੀ?
ਪ੍ਰਸ਼ਨ ੪. ਗੁਰੂ ਸਾਹਿਬ ਨੇ ਸਿੱਖਾਂ ਨੂੰ ਕੀ ਸਮਝਾਇਆ ਸੀ?
ਪ੍ਰਸ਼ਨ ੫. ਬਾਲਕ ਹਰਿਗੋਬਿੰਦ ਦੀ ਰੱਖਿਆ ਕਿਸ ਨੇ ਕੀਤੀ ਸੀ?
ਪ੍ਰਸ਼ਨ ੬. ਪਰਮਾਤਮਾ ਅਪਣੇ ਸੇਵਕ ਦੀ ਅਰਦਾਸ ਕਦੋਂ ਸੁਣਦਾ ਹੈ?
ਪ੍ਰਸ਼ਨ ੭. ਇਸ ਤੋਂ ਸਾਨੂੰ ਕੀ ਸਿੱਖਣ ਲਈ ਮਿਲਿਆ ਹੈ?

ਖਾਲੀ ਸਥਾਨ ਭਰੋਃ-
ੳ) ਜ਼ਹਿਰ ਵਾਲਾ ਦਹੀਂ ਜਦ ਦੁਨੀ ਚੰਦ ਨੇ ਬਾਲਕ ਨੂੰ ਖੁਵਾਉਣਾ ਚਾਹਿਆ ਤਾਂ ਉਸ ਨੇ —— —ਕਰ ਦਿੱਤੀ।
ਅ) ਜਦ ਦਹੀਂ ਕੁੱਤੇ ਨੂੰ ਖੁਵਾਇਆ ਗਿਆ ਤਾਂ ਉਹ ਕੁੱਤਾ ————- ਗਿਆ।
ੲ) ਦੁਨੀ ਚੰਦ ———— ਨਾ ਸਹਾਰਦਾ ਹੋਇਆ ਮਰ ਗਿਆ।
ਸ) ਪਰਮਾਤਮਾ ਨੇ ਆਪਣੇ ਸੇਵਕ ਦੀ ——— ਰੱਖਿਆ ਕੀਤੀ ਹੈ

ਬਲਵਿੰਦਰ ਸਿੰਘ ਮੁਲਤਾਨੀ

Leave a Reply

Your email address will not be published. Required fields are marked *