Gurmat vichaar

ਰਮਈਆ ਗੁਨ ਗਾਈਐ

ਕਬੀਰ ਸਾਹਿਬ ਸੰਗਤ ਵਿੱਚ ਗੁਰਮਤਿ ਵਿਚਾਰਾਂ ਕਰ ਰਹੇ ਸਨ ਕਿ ਵਿੱਚੋਂ ਹੀ ਕਿਸੇ ਸੱਜਣ ਨੇ ਪੁੱਛ ਲਿਆ ਕਬੀਰ ਸਾਹਿਬ ਜੀ ਨਰਕ ਤੋਂ ਬਹੁਤ ਡਰ ਲੱਗਦਾ ਹੈ। ਇਸ ਤੋਂ ਬਚ ਕੇ ਸ੍ਵਰਗ ਜਾਣ ਦਾ ਕੋਈ ਸੌਖਾ ਮਾਰਗ ਦੱਸਣਾ ਕਰੋ ਜੀ। ਕਬੀਰ ਸਾਹਿਬ ਨੇ ਸਮਝਾਇਆ ਭਾਈ ਇਸ ਤਰ੍ਹਾਂ ਦੀ ਕੋਈ ਤਾਂਘ ਹੀ ਨਹੀ ਰੱਖਣੀ ਕਿ ਮਰਨ ਤੋਂ ਬਾਅਦ ਸੁਰਗ ਮਿਲ ਜਾਏ। ਮਨ ਅੰਦਰ ਇਹ ਡਰ ਵੀ ਨਹੀਂ ਰੱਖਣਾ ਹੈ ਕਿ ਨਰਕ ਵਿੱਚ ਨਿਵਾਸ ਨਾ ਮਿਲ ਜਾਏ। ਜੋ ਵੀ ਪ੍ਰਭੂ ਦੀ ਰਜ਼ਾ ਵਿੱਚ ਹੈ ਉਹੀ ਹੋਣਾ ਹੈ। ਸੋ ਮਨ ਵਿੱਚ ਕੋਈ ਵੀ ਆਸ ਨਹੀਂ ਬਣਾਉਣੀ ਚਾਹੀਦੀ। ਉਸ ਪ੍ਰਭੂ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ ਹੈ। ਇਸੇ ਉੱਦਮ ਨਾਲ ਉਹ ਨਾਮ ਰੂਪ ਖ਼ਜ਼ਾਨਾ ਮਿਲ ਜਾਂਦਾ ਹੈ ਜੋ ਸਭ ਸੁੱਖਾਂ ਤੋਂ ਉੱਤਮ ਹੈ। ਜਦ ਤੱਕ ਭਗਵਾਨ ਦੀ ਪਿਆਰ ਨਾਲ ਕੀਤੀ ਭਗਤੀ ਵਾਲੀ ਜੁਗਤ ਦੀ ਸਮਝ ਨਹੀ ਆਉਂਦੀ ਤਦ ਤੱਕ ਜਪ, ਤਪ, ਸੰਜਮ, ਵਰਤ ਅਤੇ ਤੀਰਥ ਇਸ਼ਨਾਨ ਕੋਈ ਮਾਅਨੇ ਨਹੀਂ ਰੱਖਦੇ ਹਨ। ਜੋ ਪ੍ਰਭੂ ਨੇ ਰਚਿਆ ਹੈ ਜਦ ਉਹੀ ਹੋਣਾ ਹੈ ਫਿਰ ਕੋਈ ਸੰਪਤੀ ਮਿਲਣ ਤੇ ਖੁਸ਼ ਹੋ ਕੇ ਐਵੇਂ ਫੁੱਲੇ ਨਹੀ ਫਿਰਨਾ ਅਤੇ ਬਿਪਤਾ ਆਉਣ ਤੇ ਰੋਣਾ-ਧੋਣਾ ਭਾਵ ਘਬਰਾਉਣਾ ਨਹੀਂ ਚਾਹੀਦਾ। ਕਬੀਰ ਸਾਹਿਬ ਨੇ ਕਿਹਾ ਕਿ ਭਾਈ ਸਾਨੂੰ ਤਾਂ ਹੁਣ ਸਮਝ ਆ ਗਈ ਹੈ ਕਿ ਪਰਮਾਤਮਾ ਸੰਤ ਜਨਾਂ ਦੇ ਹਿਰਦੇ ਵਿੱਚ ਵੱਸਦਾ ਹੈ। ਉਹੀ ਸੇਵਕ ਸੇਵਾ ਕਰਦੇ ਸੁਹਣੇ ਲੱਗਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਵਾਸਾ ਹੈ। ਇਹ ਵਿਚਾਰ ਅੱਗੇ ਸਾਰੀ ਸੰਗਤ ਨੇ ਸੀਸ ਨਿਵਾਇਆ ਅਤੇ ਧੰਨ ਕਬੀਰ ਧੰਨ ਕਬੀਰ ਕਹਿਣ ਲੱਗੇ। “ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥੧॥ ਰਮਈਆ ਗੁਨ ਗਾਈਐ ॥ ਜਾ ਤੇ ਪਾਈਐ ਪਰਮ ਨਿਧਾਨੁ ॥੧॥ ਰਹਾਉ ॥ ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ ॥ ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ ॥੨॥ ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ ॥ ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ ॥੩॥ ਕਹਿ ਕਬੀਰ ਅਬ ਜਾਨਿਆ ਸੰਤਨ ਰਿਦੈ ਮਝਾਰਿ ॥ ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰਿ ॥੪॥” (ਪੰਨਾ-੩੩੭)
ਅਰਥਾਂ ਦਾ ਸਹੀ ਮਿਲਾਨ ਕਰੋਃ-
ਬਾਛੀਐ ————- ਖ਼ਜ਼ਾਨਾ
ਨਿਧਾਨੁ ————- ਤਾਂਘ ਰੱਖੀਏ
ਭਾਉ —————- ਸੰਪਤੀ
ਸੰਪੈ —————— ਪ੍ਰਭੂ ਨੇ
ਹਰਖੀਐ ————- ਵਿੱਚ
ਰਮਈਆ ————ਬਿਪਤਾ/ ਮੁਸੀਬਤ
ਬਿਧਿ ਨੇ ————— ਪਿਆਰ
ਮਝਾਰਿ —————- ਖੁਸ਼ ਹੋਈਏ
ਬਿਪਤ ————— ਸੋਹਣਾ ਰਾਮ

ਪ੍ਰਸ਼ਨ ੧. ਕਬੀਰ ਸਾਹਿਬ ਨੇ ਨਰਕ ਸੁਰਗ ਬਾਰੇ ਕੀ ਕਿਹਾ?
ਪ੍ਰਸ਼ਨ ੨. ਜੇ ਮਨ ਵਿੱਚ ਨਰਕ ਸੁਰਗ ਬਾਰੇ ਸੋਚਣਾ ਹੀ ਨਹੀ ਤਾਂ ਫਿਰ ਕੀ ਸੋਚਣਾ ਹੈ?
ਪ੍ਰਸ਼ਨ ੩. ਪ੍ਰਭੂ ਦੇ ਗੁਣ ਗਾਉਣ ਨਾਲ ਕੀ ਫ਼ਾਇਦਾ ਹੁੰਦਾ ਹੈ?
ਪ੍ਰਸ਼ਨ ੪. ਕੀ ਸਿਰਫ ਜਪੁ, ਤਪ, ਸੰਜਮ, ਤੀਰਥ ਇਸ਼ਨਾਨਾਂ ਵਰਤ ਰੱਖਣ ਦਾ ਕੋਈ ਫ਼ਾਇਦਾ ਹੈ?
ਪ੍ਰਸ਼ਨ ੫. ਕਬੀਰ ਸਾਹਿਬ ਨੇ ਪ੍ਰਭੂ ਭਗਤੀ ਲਈ ਕੀ ਜੁਗਤਿ ਦੱਸੀ ਹੈ?
ਪ੍ਰਸ਼ਨ ੬. ਕਬੀਰ ਸਾਹਿਬ ਅਨੁਸਾਰ ਦੁੱਖ ਅਤੇ ਸੁੱਖ ਵਿੱਚ ਕੀ ਫ਼ਰਕ ਹੈ?
ਪ੍ਰਸ਼ਨ ੭. ਕਬੀਰ ਸਾਹਿਬ ਕਿਹੜੇ ਸੇਵਕਾਂ ਨੂੰ ਪਸੰਦ ਕਰਦੇ ਹਨ?
ਪ੍ਰਸ਼ਨ ੮. ਇਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?

ਖਾਲੀ ਸਥਾਨ ਭਰੋਃ-
ੳ) ਇਸ ਤਰ੍ਹਾਂ ਦੀ ਕੋਈ ਤਾਂਘ ਨਹੀ ਰੱਖਣੀ ਕਿ ਮਰਨ ਤੋਂ ਬਾਅਦ ————- ਮਿਲ ਜਾਏ।
ਅ) ਜੋ ਵੀ ਪ੍ਰਭੂ ਦੀ ———— ਵਿੱਚ ਹੈ ਉਹੀ ਹੁੰਦਾ ਹੈ।
ੲ) ———-ਆਉਣ ਤੇ ਰੋਣਾ-ਧੋਣਾ ਭਾਵ ਘਬਰਾਉਣਾ ਨਹੀਂ ਚਾਹੀਦਾ।
ਸ) ਪਰਮਾਤਮਾ ————— ਦੇ ਹਿਰਦੇ ਵਿੱਚ ਵੱਸਦਾ ਹੈ।

ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।

Leave a Reply

Your email address will not be published. Required fields are marked *