History

ਭਗਤ ਨਾਮਦੇਵ ਜੀ

ਭਗਤ ਨਾਮਦੇਵ ਜੀ ਦਾ ਜਨਮ ਪਿੰਡ ਨਰਸੀ ਬਾਮਨੀ, ਜ਼ਿਲ੍ਹਾ ਸਤਾਰਾ (ਮਹਾਰਾਸਟਰ) ਵਿਖੇ ਪਿਤਾ ਦਾਮਾਸੇਟੀ ਤੇ ਮਾਤਾ ਗੋਨਾ ਬਾਈ ਜੀ ਦੇ ਉਦਰ ਤੋਂ 25 ਨਵੰਬਰ 1270 ’ਚ ਹੋਇਆ। ਆਪ ਵਰਣ-ਵੰਡ ਮੁਤਾਬਕ ਛੀਂਬਾ ਜਾਤੀ ਨਾਲ਼ ਸੰਬੰਧਿਤ ਸਨ। ਆਪ ਜੀ ਦੀ ਸ਼ਾਦੀ ਬੀਬੀ ਰਾਜਾ ਬਾਈ ਜੀ ਨਾਲ਼ ਹੋਈ ਭਗਤ ਜੀ ਨੇ ਰੱਬ ਨੂੰ ਸਰਬ ਵਿਆਪਕ ਦੱਸਿਆ ਹੈ। ‘‘ਈਭੈ ਬੀਠਲੁ, ਊਭੈ ਬੀਠਲੁ; ਬੀਠਲ ਬਿਨੁ ਸੰਸਾਰੁ ਨਹੀ ॥’’ (ਪੰਨਾ-੪੮੫) ਭਗਤ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਸਭ ਥਾਂ ਹੈ ਤੇ ਪ੍ਰਮਾਤਮਾ ਸੱਖਣੀ ਕੋਈ ਵੀ ਥਾਂ ਨਹੀ ਹੈ। ਉਹ ਇੱਕ ਧਾਗਾ ਹੈ ਤੇ ਹਜ਼ਾਰਾਂ ਹੀ ਮਣਕੇ ਉਸ ਵਿੱਚ ਤਾਣੇ ਪੇਟੇ ਵਾਂਗ ਪਰੋਏ ਹੋਏ ਹਨ। “ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥” (ਪੰਨਾ-੪੮੫)। ਭਗਤ ਜੀ ਨੇ ਅਪਣਾ ਪ੍ਰਭੂ ਪਿਆਰ ਇਸ ਤਰ੍ਹਾਂ ਬਿਆਨਿਆਂ ਜਿਵੇਂ ਗਾਂ ਦਾ ਪਿਆਰ ਅਪਣੇ ਵੱਛੇ ਨਾਲ, ਮੱਛੀ ਦਾ ਪਾਣੀ ਨਾਲ, ਵਿਸ਼ਈ ਨੂੰ ਵਿਸ਼ੇ ਪੂਰਤੀ ਲਈ ਪਰਾਈ ਇਸਤਰੀ ਨਾਲ ਹੈ। “ਮੋਹਿ ਲਾਗਤੀ ਤਾਲਾਬੇਲੀ ॥ ਬਛਰੇ ਬਿਨੁ ਗਾਇ ਅਕੇਲੀ ॥੧॥ ਪਾਨੀਆ ਬਿਨੁ ਮੀਨੁ ਤਲਫੈ ॥ ਐਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੧॥ ਰਹਾਉ ॥ਜੈਸੇ ਗਾਇ ਕਾ ਬਾਛਾ ਛੂਟਲਾ ॥ ਥਨ ਚੋਖਤਾ ਮਾਖਨੁ ਘੂਟਲਾ ॥੨॥ ਨਾਮਦੇਉ ਨਾਰਾਇਨੁ ਪਾਇਆ ॥ ਗੁਰੁ ਭੇਟਤ ਅਲਖੁ ਲਖਾਇਆ ॥੩॥ ਜੈਸੇ ਬਿਖੈ ਹੇਤ ਪਰ ਨਾਰੀ ॥ ਐਸੇ ਨਾਮੇ ਪ੍ਰੀਤਿ ਮੁਰਾਰੀ ॥੪॥ ਜੈਸੇ ਤਾਪਤੇ ਨਿਰਮਲ ਘਾਮਾ ॥ ਤੈਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥”{ਪੰਨਾ 874}
ਜਾਤ ਪਾਤ ਦਾ ਭਗਤ ਜੀ ਨੇ ਖੁੱਲ ਕੇ ਵਿਰੋਧ ਕੀਤਾ ਹੈ। “ਕਹਾ ਕਰਉ ਜਾਤੀ ਕਹ ਕਰਉ ਪਾਤੀ ॥ ਰਾਮ ਕੋ ਨਾਮੁ ਜਪਉ ਦਿਨ ਰਾਤੀ॥”(ਪੰਨਾ-੪੮੫)।ਭਗਤ ਜੀ ਨੇ ਅਪਣੀ ਬਾਣੀ ਅੰਦਰ ਰਮਾਇਣ, ਮਹਾਭਾਰਤ ਅਤੇ ਪੁਰਾਣ ਆਦਿ ਆਈਆਂ ਸਾਖੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੇ ਪ੍ਰਭੂ ਜੇ ਕਿਸੇ ਪੱਥਰ ਉੱਪਰ ਰੱਬ ਦਾ ਨਾਲ ਲਿਖ ਕੇ ਰਾਮ ਚੰਦਰ ਉਸ ਨੂੰ ਪਾਣੀ ਉੱਪਰ ਤਾਰ ਸਕਦਾ ਹੈ, ਗਨਿਕਾ, ਕੁਬਿਜਾ, ਅਜਾਮਲ, ਕ੍ਰਿਸ਼ਨ ਦੇ ਪੈਰ ਵਿੱਚ ਤੀਰ ਮਾਰਨ ਵਾਲਾ ਬਧਿਕ, ਦਾਸੀ ਦਾ ਪੁੱਤਰ ਬਿਦਰ ਅਤੇ ਸੁਦਾਮੇ ਵਰਗੇ ਜਿਨ੍ਹਾਂ ਕੋਈ ਜਪ-ਤਪ ਨਹੀ ਕੀਤਾ ਉਹ ਤਰ ਸਕਦੇ ਹਨ ਤਾਂ ਇਹ ਨੀਚ ਜਾਤ ਦਾ ਨਾਮਦੇਵ ਕਿਉਂ ਨਹੀਂ ਤਰ ਸਕਦਾ। “ਦੇਵਾ ਪਾਹਨ ਤਾਰੀਅਲੇ ॥ ਰਾਮ ਕਹਤ ਜਨ ਕਸ ਨ ਤਰੇ ॥੧॥ ਰਹਾਉ ॥ ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥ ਚਰਨ ਬਧਿਕ ਜਨ ਤੇਊ ਮੁਕਤਿ ਭਏ ॥ ਹਉ ਬਲਿ ਬਲਿ ਜਿਨ ਰਾਮ ਕਹੇ ॥੧॥ ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥ ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥ {ਪੰਨਾ 345}
ਭਗਤ ਜੀ ਨੇ ਮੂਰਤੀ ਪੂਜਾ ਦੇ ਵਿਰੋਧ ਵਿੱਚ ਖੁੱਲ ਕੇ ਗੱਲ ਕਰਦਿਆਂ ਕਿਹਾ ਜੋ ਲੋਕ ਇੱਕ ਪੱਥਰ (ਫ਼ਰਸ਼) ’ਤੇ ਪੈਰ ਰੱਖਦੇ ਹਨ ਅਤੇ ਦੂਸਰੇ ਪੱਥਰ (ਮੂਰਤੀ) ਨੂੰ ਪੂਜਦੇ ਹਨ। ਅਗਰ ‘ਪੱਥਰ’ ਭਾਵ ਮੂਰਤੀ ਰੱਬ ਹੈ ਤਾਂ ‘ਫ਼ਰਸ਼ ਵਾਲ਼ਾ ਪੱਥਰ’ ਰੱਬ ਕਿਉਂ ਨਹੀਂ ? ਇਸ ਲਈ ਪੱਥਰ ਸਤਿਕਾਰਮਈ ((ਪੂਜਣਯੋਗ) ਹੈ ਜਾਂ ਨਿਰਾਦਰਮਈ (ਪੈਰ ਰੱਖਣ ਕਾਰਨ) ਇਹ ਭਰਮ ਮਿਟਾ ਕੇ ਮੈਂ ਤਾਂ ਕੇਵਲ ਹਰੀ ਦੀ ਬੰਦਗੀ ਕਰਦਾ ਹਾਂ। ‘‘ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ, ਤ ਓਹੁ ਭੀ ਦੇਵਾ॥ ਕਹਿ ਨਾਮਦੇਉ, ਹਮ ਹਰਿ ਕੀ ਸੇਵਾ॥ (ਪੰਨਾ -੫੨੫)। ਭਗਤ ਖੁਦ ਅਪਣੀ ਬਾਣੀ ਅੰਦਰ ਸਪੱਸ਼ਟ ਕਰਦੇ ਹਨ ਕਿ ਮੈਂ ਆਪਣੇ ਗੁਰੂ ਦੀ ਸ਼ਰਨ ਤੋਂ ਬਿਨਾਂ ਕਿਤੇ ਹੋਰ ਨਹੀ ਜਾਂਦਾ। ‘‘ਬਿਨੁ ਗੁਰਦੇਉ, ਅਵਰ ਨਹੀ ਜਾਈ॥ ਨਾਮਦੇਉ ਗੁਰ ਕੀ ਸਰਣਾਈ॥’’ (ਭਗਤ ਨਾਮਦੇਵ/੧੧੬੭) ਭਗਤ ਜੀ ਸਮਕਾਲੀ ਭਗਤ ਕਬੀਰ ਜੀ ਨੇ ਵੀ ਪੱਥਰ ਪੂਜਣ ਦਾ ਖੰਡਣ ਇਸ ਤਰ੍ਹਾਂ ਕੀਤਾ ਹੈ। ‘‘ਕਬੀਰ ! ਪਾਹਨੁ ਪਰਮੇਸੁਰੁ ਕੀਆ, ਪੂਜੈ ਸਭੁ ਸੰਸਾਰੁ॥ ਇਸ ਭਰਵਾਸੇ ਜੋ ਰਹੇ, ਬੂਡੇ ਕਾਲੀ ਧਾਰ॥’’ (ਪੰਨਾ-੧੩੭੧)।
ਭਗਤ ਜੀ ਦਾ ਹਿੰਦੂ ਦੇਵਤਿਆਂ ਪ੍ਰਤੀ ਆਪਣਾ ਨਜ਼ਰੀਆ ਇਉਂ ਬਿਆਨ ਕਰਦੇ ਹਨਃ- ਹੇ ਪੰਡਿਤ ਜੀ ! ਤੇਰੀ ਗਾਇਤ੍ਰੀ ਮੰਤ੍ਰ ਵਾਲੀ ਗਾਂ, ਜੋ ਜੱਟ ਦੇ ਖੇਤ ਦੀ ਫਸਲ ਦਾ ਨੁਕਸਾਨ ਕਰਨ ਕਾਰਨ ਜ਼ਿਮੀਦਾਰ ਦੀ ਮਾਰ ਨਾਲ਼ ਲੰਗੜੀ ਹੋ ਗਈ ਸੀ, ਬੈਲ ’ਤੇ ਚੜ੍ਹ ਕੇ ਆਇਆ ਸ਼ਿਵ ਜੀ ਦਾਨੀ ਜਜਮਾਨ ਦਾ ਲੜਕਾ ਮਾਰ ਗਿਆ, ਰਾਮਚੰਦ੍ਰ ਜੀ ਦੀ ਪਤਨੀ ਹੀ ਰਾਵਨ ਚੁੱਕ ਕੇ ਲੈ ਗਿਆ ਭਾਵ ਆਪ ਹੀ ਗ੍ਰਹਿਸਤੀ ’ਚ ਸੁਖੀ ਨਹੀਂ ਰਹੇ ਭਗਤਾਂ ਨੂੰ ਕਿਵੇਂ ਸ਼ਾਂਤੀ ਦੇਣਗੇ ? ‘‘ਪਾਂਡੇ ! ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ॥ ਲੈ ਕਰਿ ਠੇਗਾ ਟਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ॥ ਪਾਂਡੇ ! ਤੁਮਰਾ ਮਹਾਦੇਉ, ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ॥ ਮੋਦੀ ਕੇ ਘਰ ਖਾਣਾ ਪਾਕਾ, ਵਾ ਕਾ ਲੜਕਾ ਮਾਰਿਆ ਥਾ॥ ਪਾਂਡੇ ! ਤੁਮਰਾ ਰਾਮਚੰਦੁ, ਸੋ ਭੀ ਆਵਤੁ ਦੇਖਿਆ ਥਾ॥ ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਇ ਗਵਾਈ ਥੀ॥’’ (ਪੰਨਾ- ੮੭੫)
ਇਸੇ ਸ਼ਬਦ ਦੇ ਅਖੀਰ ਵਿੱਚ ਭਗਤ ਜੀ ਲਿਖਦੇ ਹਨ “ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥ {ਪੰਨਾ 874-875} ਇਸ ਦੇ ਅਰਥ ਪ੍ਰੋਃ ਸਾਹਿਬ ਜੀ ਨੇ ਦਰਪਣ ਅੰਦਰ ਇਸ ਤਰ੍ਹਾਂ ਕੀਤੇ ਹਨ ਕਿ ਹਿੰਦੂ ਦੋਵੇਂ ਅੱਖਾਂ ਗਵਾ ਬੈਠਾ ਹੈ, ਪਰ ਮੁਸਲਮਾਨ ਦੀ ਇੱਕ ਅੱਖ ਹੀ ਖ਼ਰਾਬ ਹੋਈ ਹੈ; ਇਹਨਾਂ ਦੋਹਾਂ ਨਾਲੋਂ ਸਿਆਣਾ ਉਹ ਬੰਦਾ ਹੈ ਜਿਸ ਨੂੰ (ਪ੍ਰਭੂ ਦੀ ਹਸਤੀ ਦਾ ਸਹੀ) ਗਿਆਨ ਹੋ ਗਿਆ ਹੈ। (ਹਿੰਦੂ ਨੇ ਇੱਕ ਅੱਖ ਤਾਂ ਤਦੋਂ ਗਵਾਈ ਜਦੋਂ ਉਹ ਆਪਣੇ ਇਸ਼ਟ ਬਾਰੇ ਸ਼ਰਧਾ-ਹੀਣ ਕਹਾਣੀਆਂ ਘੜਨ ਲੱਗ ਪਿਆ, ਤੇ ਦੂਜੀ ਗਵਾਈ, ਜਦੋਂ ਉਹ ਪਰਮਾਤਮਾ ਨੂੰ ਨਿਰਾ ਮੰਦਰ ਵਿਚ ਬੈਠਾ ਸਮਝ ਕੇ) ਮੰਦਰ ਨੂੰ ਪੂਜਣ ਲੱਗ ਪਿਆ, ਮੁਸਲਮਾਨ (ਦੀ ਹਜ਼ਰਤ ਮੁਹੰਮਦ ਸਾਹਿਬ ਵਿਚ ਪੂਰੀ ਸ਼ਰਧਾ ਹੋਣ ਕਰਕੇ ਇੱਕ ਅੱਖ ਤਾਂ ਸਾਬਤ ਹੈ ਪਰ ਦੂਜੀ ਗਵਾ ਬੈਠਾ ਹੈ, ਕਿਉਂਕਿ ਰੱਬ ਨੂੰ ਨਿਰਾ ਮਸਜਿਦ ਵਿਚ ਜਾਣ ਕੇ) ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਰਿਹਾ ਹੈ। ਮੈਂ ਨਾਮਦੇਵ ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਹ ਕੋਈ ਖ਼ਾਸ ਮੰਦਰ ਹੈ ਤੇ ਨਾ ਮਸਜਿਦ।
ਭਗਤ ਨਾਮਦੇਵ ਜੀ ਦੀ ਵਡਿਆਈ ਸਾਰੇ ਪਾਸੇ ਹੋਣ ਲੱਗੀ ਜੋ ਉਸ ਸਮੇਂ ਦੇ ਧਾਰਮਿਕ ਆਗੂਆਂ ਦੀ ਸਹਿਣ ਸ਼ਕਤੀ ਤੋਂ ਬਾਹਰ ਸੀ। ਉਨ੍ਹਾਂ ਸਮੇਂ ਦਾ ਹਾਕਮ ਮੁਹੰਮਦ-ਬਿਨ ਤੁਗਲਕ ਕੋਲ ਸ਼ਿਕਾਇਤ ਕਰ ਦਿੱਤੀ। ਬਾਦਸ਼ਾਹ ਨੇ ਭਗਤ ਜੀ ਦਰਬਾਰ ਵਿੱਚ ਬੁਲਾ ਕੇ ਮੁਸਲਮਾਨ ਬਣਨ ਜਾਂ ਮਰੀ ਹੋਈ ਗਾਂ ਜਿੰਦਾ ਕਰਨ ਲਈ ਕਿਹਾ। ਭਗਤ ਜੀ ਦੋਨੋਂ ਹੀ ਸ਼ਰਤਾਂ ਨਿਧੜਕ ਹੋ ਕੇ ਠੁਕਰਾ ਦਿੱਤੀਆ। ਰਾਜਾ ਨੇ ਤਸੀਹੇ ਦੇਣ ਦਾ ਜਦ ਐਲਾਨ ਕੀਤਾ ਤਾਂ ਭਗਤ ਜੀ ਦੀ ਮਾਤਾ ਨੇ ਕਿਹਾ ਪੁੱਤ ਤੂੰ ਪਹਿਲਾਂ ਵੀ ਤਾਂ ਰੱਬ ਨੂੰ ਅੱਲਾ ਕਹਿ ਕੇ ਪੁਕਾਰ ਲੈਂਦਾ ਹੈ। ਹੁਣ ਵੀ ਰਾਮ ਦੀ ਬਜਾਏ ਅੱਲਾ ਕਹਿ ਲਓ। ਭਗਤ ਜੀ ਨੇ ਕਿਹਾ ਜੋ ਮੈਨੂੰ ਜ਼ੁਲਮ ਅੱਗੇ ਝੁਕਣ ਲਈ ਕਹੇ ਉਹ ਮੇਰੀ ਮਾਂ ਨਹੀ ਹੋ ਸਕਦੀ। ਇਸ ਤਰ੍ਹਾਂ ਭਗਤ ਜੀ ਨੂੰ ਪ੍ਰਭੂ ਨੇ ਇਸ ਇਮਤਿਹਾਨ ਵਿੱਚੋਂ ਵੀ ਪਾਸ ਕਰਵਾ ਦਿੱਤਾ। ਜਿਸ ਨਾਲ ਭਗਤ ਜੀ ਦੀ ਹੋਰ ਵੀ ਚੱੜਤ ਹੋ ਗਈ।
ਭਗਤ ਜੀ ਜਦ ਰੱਬੀ ਕੀਰਤ ਵਿੱਚ ਮਗਨ ਹੋ ਜਾਂਦੇ ਤਾਂ ਉਹ ਸਭ ਕੁਝ ਹੀ ਭੁੱਲ ਜਾਂਦੇ। ਇੱਕ ਵਾਰ ਇਸ ਤਰ੍ਹਾਂ ਹੋਇਆ ਅਤੇ ਉਨ੍ਹਾਂ ਛੰਨ ਉੱਡ ਗਈ। ਕੁਝ ਪ੍ਰੇਮੀਆਂ ਨੇ ਬੜੇ ਰੀਝ ਨਾਲ ਛੰਨ ਬਣਾ ਦਿੱਤੀ। ਇਸ ਬਾਰੇ ਭਗਤ ਜੀ ਨੂੰ ਨਹੀ ਪਤਾ ਕਿ ਕੌਣ ਬਣਾ ਗਿਆ। ਗੁਆਂਢਣ ਨੇ ਭਗਤ ਜੀ ਪੁਛਿਆ ਕਿ ਇਨ੍ਹੀ ਸੋਹਣੀ ਛੰਨ ਕਿਸ ਤੋਂ ਬਣਵਾਈ ਹੈ? ਮੈਂ ਤੈਥੋਂ ਦੁਗਣੀ ਮਜਦੂਰੀ ਦਿਆਂਗੀ, ਤੂੰ ਮੈਨੂੰ ਉਸ ਕਾਰੀਗਰ ਦਾ ਪਤਾ ਦੱਸ। ਨਾਮ ਦੇਵ ਜੀ ਉੱਤਰ ਚ ਕਿਹਾ ਉਹ ਕਾਰਗਰ ਦਿੱਤਾ ਨਹੀ ਜਾ ਸਕਦਾ। ਉਹ ਤਾਂ ਸਾਰਿਆਂ ਵਿੱਚ ਹੀ ਸਮਾਇਆ ਹੋਇਆ ਹੈ। ਉਹ ਤਾਂ ਪ੍ਰੀਤ ਦੀ ਮਜੂਰੀ ਮੰਗਦਾ ਹੈ। “ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ॥ ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥੧॥ ਰੀ ਬਾਈ ਬੇਢੀ ਦੇਨੁ ਨ ਜਾਈ ॥ ਦੇਖੁ ਬੇਢੀ ਰਹਿਓ ਸਮਾਈ ॥ ਹਮਾਰੈ ਬੇਢੀ ਪ੍ਰਾਨ ਅਧਾਰਾ ॥੧॥ ਰਹਾਉ ॥ ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ॥”(ਪੰਨਾ-੬੫੭)।
ਭਗਤ ਜੀ ਦੀ ਚਰਚਾ ਜਦ ਭਗਤ ਤ੍ਰਿਲੋਚਨ ਜੀ ਨੇ ਸੁਣੀ ਤਾਂ ਉਹ ਦਰਸ਼ਨਾ ਲਈ ਨਾਮਦੇਵ ਜੀ ਕੋਲ ਪਹੁੰਚ ਗਿਆ। ਜਦ ਉਸ ਨੇ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਕਿ ਨਾਮਦੇਵ ਤਾਂ ਮਾਇਆ ਵਿੱਚ ਗ਼ਲਤਾਨ ਹੈ ਕਿਵੇਂ ਅਪਣੇ ਕੰਮ ਵਿੱਚ ਮਸਤ ਹੈ। “ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥”(ਪੰਨਾ-੧੩੭੫)।ਅੱਗੋ ਭਗਤ ਨਾਮਦੇਵ ਜੀ ਨੇ ਕਿਹਾ ਕਿ ਮੈਂ ਕੰਮ ਹੱਥਾਂ ਪੈਰਾਂ ਨਾਲ ਕਰਦਾ ਹਾਂ ਅਤੇ ਚਿੱਤ ਪ੍ਰਭੂ ਵਿੱਚ ਟਿਕਾ ਕੇ ਰੱਖਦਾ ਹਾਂ। “ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ {ਪੰਨਾ 1375}।
ਆਪ ਜੀ ਨੇ ਲਗਭਗ 60 ਸਾਲ ਦੀ ਉਮਰ ਤੱਕ ਮਹਾਰਾਸਟਰ ਵਿੱਚ ਬੀਤਾਈ ਸੀ।
ਭਗਤ ਨਾਮਦੇਵ ਜੀ ਨੇ ਆਪਣੇ ਸੰਸਾਰਕ ਸਫ਼ਰ ਦੇ ਆਖ਼ਰੀ 18 ਸਾਲ ਪੰਜਾਬ ਦੇ ਪਿੰਡ ਘੁੰਮਾਣ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਤੀਤ ਕੀਤੇ, ਜਿੱਥੇ ਉਨ੍ਹਾਂ ਨੇ 80 ਸਾਲ ਉਮਰ ਭੋਗਦਿਆਂ ਸੰਨ 1350 ਈਸਵੀ ਨੂੰ ਅੰਤਿਮ ਸੁਆਸ ਲਿਆ।
ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਆਪ ਜੀ ਦੀ ਯਾਦ ਨੂੰ ਸਦੀਵੀ ਤਾਜ਼ਾ ਰੱਖਣ ਲਈ ਇਸ ਇਤਿਹਾਸਿਕ ਜਗ੍ਹਾ ਨੂੰ ਮੁੜ ਸੁਰਜੀਤ ਕੀਤਾ ਜਿੱਥੇ ਹੁਣ ਇੱਥੇ ‘ਤਪਿਆਣਾ ਸਾਹਿਬ’ ਸੁਸ਼ੋਭਿਤ ਹੈ ਤੇ ਹਰ ਸਾਲ 2 ਮਾਘ ਨੂੰ ਭਾਰੀ ਮੇਲਾ ਲੱਗਦਾ ਹੈ।
ਆਪ ਜੀ ਦੀ ਬਾਣੀ ਨੂੰ ਗੁਰਮਤਿ ਅਨੁਕੂਲ ਪ੍ਰਵਾਨ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਨੇ ਸੰਨ 1604 ਈਸਵੀ ’ਚ ‘ਗੁਰੂ ਗ੍ਰੰਥ ਸਾਹਿਬ’ ਜੀ ਵਿੱਚ ਦਰਜ ਕੀਤਾ, ਜੋ 18 ਰਾਗਾਂ ’ਚ ਕੁੱਲ 61 ਸ਼ਬਦ ਹਨ।

ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।

Leave a Reply

Your email address will not be published. Required fields are marked *