History

ਮਹੀਨਾ ਪੋਹ ਅਤੇ ਸਿੱਖ ਸੰਗਤ

ਸਿੱਖੀ ‘ਚ ਸ਼ਹਾਦਤਾਂ ਦੀ ਲੜੀ ਐਨੀ ਲੰਬੀ ਹੈ, ਕਿ ਕੋਈ ਮਹੀਨਾ, ਕੋਈ ਦਿਨ ਸ਼ਹਾਦਤਾਂ ਦੀ ਗਾਥਾ ਤੋਂ ਖ਼ਾਲੀ ਨਹੀਂ। ਸਿੱਖੀ ਦੇ ਮਾਰਗ ਤੇ ਸਿਰ ਨੂੰ ਤਲੀ ਤੇ ਟਿਕਾ ਕੇ ਹੀ ਤੁਰਿਆ ਜਾਂਦਾ ਸੀ, ਇਸ ਲਈ ਸਿੱਖੀ ਤੇ ਸ਼ਹਾਦਤ ਨੂੰ ਨਿਖੇੜਿਆ ਹੀ ਨਹੀਂ ਜਾ ਸਕਦਾ। ਪ੍ਰੰਤੂ ਪੋਹ ਦਾ ਮਹੀਨਾ ਸ਼ਹਾਦਤਾਂ ਦੀ ਅਜਿਹੀ ਵਿਲੱਖਣ ਇਬਾਰਤ ਨਾਲ ਭਰਿਆ ਗਿਆ ਹੈ, ਜਿਹੜਾ ਕੁਰਬਾਨੀ, ਦ੍ਰਿੜਤਾ, ਬਹਾਦਰੀ, ਅਣਖ਼ ਦਾ ਸਿਖ਼ਰ ਹੈ। ਪਹਾੜੀ ਰਾਜਿਆਂ ਨੇ ਮੁਗਲਾਂ ਦੀ ਮਦਦ ਨਾਲ ਅਨੰਦਪੁਰ ਦੇ ਕਿਲੇ ਨੂੰ ਘੇਰ ਲਿਆ ਜੋ ਤਕਰੀਬਨ ਅੱਠ ਮਹੀਨੇ ਚੱਲਿਆ। ਅੱਕ ਕੇ ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਗੁਰੂ ਸਾਹਿਬ ਅੱਗੇ ਕਸਮਾਂ ਖਾਂ ਕਿ ਕਿਹਾ ਇੱਕ ਵਾਰ ਕਿਲ੍ਹਾਂ ਛੱਡ ਦਿਓ ਬਾਅਦ ਵਿੱਚ ਜਦੋਂ ਮਰਜ਼ੀ ਆ ਜਾਣਾ। ਅਸੀ ਤੁਹਾਨੂੰ ਕੁਝ ਨਹੀ ਕਹਾਂਗੇ। ਗੁਰੂ ਜੀ ਨੇ ਇਨ੍ਹਾਂ ਦੀਆ ਕਸਮਾਂ ਤੇ ਵਿਸ਼ਵਾਸ ਤਾਂ ਨਾ ਕੀਤਾ ਪਰ ਸਿੰਘਾਂ ਦੇ ਕਹਿਣ ਤੇ 1705 ਈਸਵੀ ਦੇ ਦਸੰਬਰ ਨੂੰ ਕਲਗੀਧਰ ਪਿਤਾ ਨੇ ਚਾਵਾਂ ਤੇ ਰੀਝਾਂ ਨਾਲ ਸਿਰਜੀ ਅਨੰਦਪੁਰੀ ਨੂੰ ਅਲਵਿਦਾ ਆਖ ਦਿੱਤਾ। ਮੁਗਲ ਅਤੇ ਪਹਾੜੀ ਰਾਜੇ ਸਾਰੀਆਂ ਕਸਮਾਂ ਤੋੜ ਕੇ ਖਾਲਸਾ ਫੌਜਾਂ ਉਪਰ ਟੁੱਟ ਪਏ ਅਤੇ ਸਿਰਸਾ ਨਦੀ ਕੰਢੇ ਆ
ਘੇਰਿਆ। ਖਾਲਸਾ ਫੌਜਾਂ ਨੇ ਡੱਟ ਕੇ ਮੁਕਾਬਲਾ ਕੀਤਾ। ਇੱਥੇ ਗੁਰੂ ਜੀ ਦਾ ਪਰਿਵਾਰ ਵਿਛੜ ਕੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਅਤੇ ਭਾਈ ਮਨੀ ਸਿੰਘ ਜੀ ਦਿੱਲੀ ਨੂੰ ਚਲੇ ਗਏ। ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਸਰਹਿਦ ਦੇ ਰਸਤੇ ਪੈ ਗਏ। ਵੱਡੇ ਸਾਹਿਬਜ਼ਾਦੇ ਅਤੇ ਦਸਮੇਸ਼ ਪਿਤਾ ੪੦ ਸਿੰਘਾ ਸਮੇਤ ਚਮਕੌਰ ਦੀ ਗੜੀ ਪਹੁੰਚ ਗਏ।
ਸਾਕਾ ਚਮਕੌਰ ਸਾਹਿਬ, 23 ਦਸੰਬਰ:
ਦਸਵੇਂ ਹਜ਼ੂਰ ਨੇ ਚਮਕੌਰ ਦੀ ਕੱਚੀ ਗੜ੍ਹੀ ਨੂੰ ਇਕ ਕਿਲ੍ਹੇ ਵਾਂਗ ਮੁਗਲਾਂ ਦੇ ਹਮਲੇ ਲਈ ਤਿਆਰ ਕਰ ਲਿਆ। ਨਵਾਬ ਵਜ਼ੀਰ ਖਾਨ ਲੱਖਾਂ ਦੇ ਲਸ਼ਕਰ ਸਮੇਤ ਆਣ ਪੁੱਜਾ ਅਤੇ ਉਸ ਨੇ ਗੜ੍ਹੀ ਦੀ ਘੇਰਾ ਬੰਦੀ ਕਰ ਲਈ। ਇਕ ਪਾਸੇ ਭੁੱਖੇ ਤਿਹਾਏ, ਠੰਡ, ਥਕਾਵਟ ਪਰ ਦਲੇਰ ਹੌਸਲੇ ਤੇ ਸ਼ੁਕਰਾਨੇ ਨਾਲ ਭਰੇ ਕੇਵਲ ਚਾਲ੍ਹੀ ਸਿੰਘ ਅਤੇ ਦੂਜੇ ਪਾਸੇ ਗੁੱਸੇ ਅਤੇ ਡਰ ਨਾਲ ਭਰੇ ਜ਼ਾਲਮ ਹੁਕਮਰਾਨ ਦੇ ਸਿਪਾਹੀ। ਇਸ ਤਰਾਂ ਚਮਕੌਰ ਦਾ ਮੈਦਾਨ ਦੁਨੀਆ ਦੀ ਸਭ ਤੋਂ ਬੇਜੋੜ ਅਤੇ ਅਸਾਵੀਂ ਜੰਗ ਲਈ ਤਿਆਰ ਹੋ ਗਿਆ। ਦਸਵੇਂ ਹਜ਼ੂਰ ਨੇ ਕਿਲ੍ਹੇ ਦੀਆਂ ਚੌਹਾਂ ਬਾਹੀਆਂ ਤੇ ਸਿੰਘਾਂ ਦੇ ਜਥੇ ਨੂੰ ਮੋਰਚਾ ਸੌਂਪਿਆ ਅਤੇ ਆਪ ਗੜ੍ਹੀ ਦੀ ਮਮਟੀ ਤੇ ਹਾਜ਼ਰ ਹੋ ਗਏ। ਤੀਰਾਂ, ਢਾਲਾਂ ਅਤੇ ਗੋਲੀਆਂ ਦੀ ਵਾਛੜ ਹੋਣ ਲੱਗੀ । ਘਮਸਾਨ ਦੇ ਯੁੱਧ ਅੰਦਰ ਜਦੋਂ ਵਾਰੋ ਵਾਰੀ ਸਿੰਘ ਸ਼ਹੀਦ ਹੁੰਦੇ ਗਏ ਤਾਂ ਬਾਬਾ ਅਜੀਤ ਸਿੰਘ ਜੀ ਨੇ ਪਿਤਾ ਗੁਰੂ ਪਾਸੋਂ ਚਮਕੌਰ ਦੇ ਮੈਦਾਨ ਏ ਜੰਗ ਵਿਚ ਜਾ ਲੜਨ ਦੀ ਆਗਿਆ ਮੰਗੀ। ਲਖ਼ਤੇ-ਜਿਗਰ ਦੇ ਜੂਝ ਮਰਨ ਦੇ ਇਰਾਦੇ ਨੂੰ ਦਸ਼ਮੇਸ਼ ਪਿਤਾ ਨੇ ਖਿੜੇ ਮੱਥੇ ਪ੍ਰਵਾਨਗੀ ਦਿੱਤੀ । ਹੱਥੀਂ ਸ਼ਾਸ਼ਤਰ ਸਜਾਏ ਅਤੇ ਮੈਦਾਨੇ ਜੰਗ ਲਈ ਰਵਾਨਾ ਕੀਤਾ।
             ਲੋ ਜਾਓ ਸਿਧਾਰੋ ! ਤੁਮੇਂ ਕਰਤਾਰ ਕੋ ਸੌਂਪਾ..
             ਸਿੱਖੀ ਕੋ ਉਭਾਰੋ ਤੁਮੇਂ ਕਰਤਾਰ ਕੋ ਸੌਂਪਾ (ਅੱਲਾ ਯਾਰ ਖਾਂ)
ਬਾਬਾ ਅਜੀਤ ਸਿੰਘ ਨੇ ਅੱਠਾਂ ਸਿੰਘਾਂ ਦੇ ਜਥੇ ਨਾਲ ਰਣ ਤੱਤੇ ਅੰਦਰ ਜੰਗ ਦੇ ਐਸੇ ਜੌਹਰ ਦਿਖਾਏ ਕਿ ਦੁਸ਼ਮਣ ਦਲਾਂ ਵਿੱਚ ਭਾਜੜਾਂ ਪੈ ਗਈਆਂ। ਦਸ਼ਮੇਸ਼ ਪਿਤਾ ਨੇ ਆਪਣੇ ਬੀਰ ਸਪੁੱਤਰ ਨੂੰ ਜੂਝਦਿਆਂ ਸ਼ਹੀਦ ਹੁੰਦਿਆਂ ਵੇਖ ਅਕਾਲ ਦਾ ਸ਼ੁਕਰ ਕੀਤਾ। ਆਪਣੇ ਵੱਡੇ ਵੀਰ ਨੂੰ ਜੰਗ ਵਿੱਚ ਸ਼ਹੀਦ ਹੁੰਦਿਆਂ ਵੇਖ ਬਾਬਾ ਜੁਝਾਰ ਸਿੰਘ ਨੇ ਗੁਰੂ ਪਿਤਾ ਪਾਸੋਂ ਆਗਿਆ ਲੈ, ਮੈਦਾਨੇ ਜੰਗ ਅੰਦਰ ਵੈਰੀਆਂ ਨੂੰ ਮੁਕਾਉਣ ਲਈ ਡੱਟ ਕੇ ਮੁਕਾਬਲਾ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ।
ਦਸ਼ਮੇਸ਼ ਪਿਤਾ ਨੇ ਆਪਣੇ ਪੁੱਤਰਾਂ ਨੂੰ ਧਰਮ ਹਿਤ ਜੂਝਦਿਆਂ, ਸ਼ਹੀਦ ਹੁੰਦਿਆਂ ਵੇਖ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ । ਦਿਨ ਢਲ ਗਿਆ ਅਤੇ ਜੰਗ ਬੰਦ ਹੋ ਗਈ । ਦਸਮ ਪਿਤਾ ਨੇ ਰਹਿਰਾਸ ਸਾਹਿਬ ਦਾ ਪਾਠ ਕੀਤਾ ਅਤੇ ਅਗਲੇ ਦਿਨ ਦੀ ਰਣ-ਨੀਤੀ ਘੜਨ ਲੱਗੇ।ਗੜ੍ਹੀ ਵਿੱਚ ਰਹਿ ਗਏ ਸਿੰਘਾਂ ਨੇ ਗੁਰਮਤਾ ਕਰਦਿਆਂ ਗੁਰੂ ਸਾਹਿਬ ਨੂੰ ਗੜ੍ਹੀ ਛੱਡ ਕੇ ਜਾਣ ਦਾ ਹੁਕਮ ਦਿੱਤਾ।’ਆਪੇ ਗੁਰ ਚੇਲਾ ਦਸਮੇਸ਼ ਪਿਤਾ ਨੇ ਪੰਜਾਂ ਪਿਆਰਿਆਂ ਦਾ ਹੁਕਮ ਸਤ ਕਰ ਮੰਨਿਆਂ ਅਤੇ ਦੁਸ਼ਮਣ ਦਲਾਂ ਨੂੰ ਵੰਗਾਰਦਿਆਂ ਗੜੀ ਛੱਡ ਕੇ ਚਲੇ ਗਏ।ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਉਸ ਵਖਤ ਆਪ ਦੇ ਨਾਲ ਸਨ ।

            ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੇ ਮੇਂ
            ਯਹੀਂ ਸੇ ਬਣ ਕੇ ਸਿਤਾਰੇ ਗਏ ਸੱਮਾ ਕੇ ਲੀਏ (ਅੱਲਾ ਯਾਰ ਖਾਂ)
ਦੋ ਸਾਹਿਬਜ਼ਾਦਿਆਂ ਅਤੇ ਕੁਝ ਸਿੱਖਾਂ ਦੀ ਸ਼ਹਾਦਤ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਸਾਹਿਬ ਦੇ ਕਿਲੇ ਨੂੰ ਛੱਡ ਦਿੱਤਾ ਅਤੇ ਚੂਹੜ ਪੁਰ ਪਿੰਡ ਚਲੇ ਗਏ ਅਤੇ ਦਰਖ਼ਤ ਦੇ ਹੇਠਾਂ ਆਰਾਮ ਕਰਨ ਲਈ ਬੈਠ ਗਏ, ਜਿੱਥੇ ਗੁਰਦੁਆਰਾ ਪਹਾੜੀ ਸਾਹਿਬ ਸਥਿਤ ਹੈ। ਇੱਥੋਂ ਉਹ ਮਾਛੀਵਾੜਾ ਦੇ ਜੰਗਲਾਂ ਵਿੱਚ ਆਏ। ਗੁਰੂ ਸਾਹਿਬ ਖੂਹ ਦੇ ਨੇੜੇ ਪੁੱਜੇ। ਉਨ੍ਹਾਂ ਨੇ ਖੂਹ ਤੋਂ ਪਾਣੀ ਪੀਤਾ ਫਿਰ ਟਿੰਡ ਲਈ ਅਤੇ ਉਸ ਨੂੰ ਆਪਣੀ ਰਾਤ ਬਿਤਾਉਣ ਲਈ ਜੰਡ ਦੇ ਦਰੱਖਤ ਦੇ ਹੇਠ ਸਿਰਹਾਣੇ ਦੇ ਤੌਰ ਤੇ ਵਰਤਿਆ। ਉਹ ਪੁਰਾਣਾ ਜੰਡ ਦਾ ਦਰਖ਼ਤ ਅਜੇ ਵੀ ਮੌਜੂਦ ਹੈ। ਇਥੇ ਪ੍ਰਮਾਤਮਾ ਨੂੰ ਯਾਦ ਕਰਦੇ ਹੋਏ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ।
ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾ ਦਾ ਕਹਣਾ ॥
ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ ਨਾਗ ਨਿਵਾਸਾ ਦੇ ਰਹਣਾ ॥
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆ ਦਾ ਸਹਣਾ ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭਠ ਖੇੜਿਆ ਦਾ ਰਹਣਾ ॥
ਇੱਥੇ ਪੰਜ ਪਿਆਰਿਆਂ ਵਿਚੋਂ ਦੋ, ਭਾਈ ਧਰਮ ਸਿੰਘ ਜੀ, ਭਾਈ ਦਇਆ ਸਿੰਘ ਜੀ ਅਤੇ ਇੱਕ ਹੋਰ ਸਿੱਖ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਨੂੰ ਮਿਲੇ। ਇੱਥੇ ਗੁਰੂ ਸਾਹਿਬ ਅਪਣੇ ਤਿੰਨਾਂ ਸਿੰਘਾਂ ਸਮੇਤ ਭਾਈ ਗੁਲਾਬ ਚੰਦ ਦੇ ਘਰ ਰਾਤ ਠਹਿਰੇ ਸਨ। ਇੱਥੋਂ ਹੀ ਗਨੀ ਖਾਂ ਅਤੇ ਨਬੀ ਖਾਂ ਜੋ ਘੋੜਿਆਂ ਦੇ ਵਪਾਰੀ ਸਨ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਸੀ। ਇਨ੍ਹਾਂ ਨੇ ਹੀ ਗੁਰੂ ਜੀ ਨੂੰ ਉੱਚ ਦੇ ਪੀਰ ਬਣਾ ਕੇ ਮੁਗਲਾਂ ਦੇ ਘੇਰੇ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕੀਤੀ ਸੀ।
ਦਾਦੀ ਮਾਂ ਅਤੇ ਛੋਟੇ ਸਾਹਿਬਜ਼ਾਦੇ – ਸਰਸਾ ਨਦੀ ਪਾਰ ਕਰਦੇ ਸਮੇਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਪਰਵਾਰ ਨਾਲੋ ਵਿੱਛੜ ਗਏ। ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਪੈਦਲ ਚਲਦੇ ਹੋਏ ਪਹਿਲੀ ਰਾਤ ਕੁੰਮਾ ਮਾਸ਼ਕੀ ਦੀ ਝੁੱਗੀ ਵਿੱਚ ਗੁਜ਼ਾਰਦੇ ਹਨ। ਇੱਥੋਂ ਗੁਰੂ ਜੀ ਦਾ ਰਸੋਈਆ ਗੰਗੂ ਅਪਣੇ ਘਰ ਲੈ ਜਾਂਦਾ ਹੈ। ਰਾਤ ਨੂੰ ਗੰਗੂ ਦੇ ਮਨ ਵਿੱਚ ਲਾਲਚ ਆਉਣ ਕਾਰਣ ਉਹ ਮੋਰਿੰਡੇ ਦੇ ਕੋਤਵਾਲ ਕੋਲ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਪਕੜਾਂ ਦਿੰਦਾ ਹੈ। ਇੱਥੋਂ ਕੋਤਵਾਲ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਵਜ਼ੀਰ ਖਾਂ ਕੋਲ ਸਰਹਿੰਦ ਪਹੁੰਚਾ ਦਿੰਦਾ ਹੈ। ਇੱਥੇ ਇਨ੍ਹਾਂ ਗੁਰੂ ਕੇ ਲਾਲਾਂ ਨੂੰ ਮਾਤਾ ਗੁਜਰੀ ਸਮੇਤ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ। ਇੱਕ ਠੰਡਾ ਬੁਰਜ ਸਭ ਪਾਸਿਆਂ ਤੋਂ ਖੁੱਲਾ ਉੱਪਰੋਂ ਸਿਖਰਾਂ ਦੀ ਸਰਦੀ। ਇਹ ਸਭ ਕੁਝ ਨੂੰ ਰੱਬ ਦਾ ਭਾਣਾ ਦੱਸਦੀ ਹੋਈ ਦਾਦੀ ਪੋਤਿਆਂ ਨੂੰ ਅਪਣੀ ਗੋਦ ਦਾ ਨਿੱਘ ਦਿੰਦੀ ਹੈ ਨਾਲ ਹੀ ਇਨ੍ਹਾਂ ਦੇ ਦਾਦੇ ਪੜਦਾਦੇ ਦੀਆਂ ਗਾਥਾਵਾਂ ਸੁਣ ਕੇ ਬੱਚਿਆਂ ਨੂੰ ਹੋਰ ਬਲਵਾਨ ਬਣਾਉਂਦੀ ਹੈ। ਇਸ ਤਰ੍ਹਾਂ ਰਾਤ ਬੀਤਣ ਉਪਰੰਤ ਸਵੇਰੇ ਸੂਬੇ ਦੀ ਕਚਹਿਰੀ ਵਿੱਚ ਬੱਚਿਆਂ ਨੂੰ ਪੇਸ਼ ਕੀਤਾ ਜਾਂਦਾ ਹੈ। ਸੂਬਾ ਬੱਚਿਆਂ ਨੂੰ ਧਰਮ ਬਦਲਣ ਲਈ ਕਈ ਲਾਲਚ ਅਤੇ ਡਰਾਵੇ ਦਿੰਦਾ ਹੈ। ਗੁਰੂ ਕੇ ਲਾਲ ਟਸ ਤੋ ਮੱਸ ਨਹੀ ਹੁੰਦੇ। ਅਪਣੇ ਧਰਮ ਨੂੰ ਛੱਡ ਕਿ ਮੁਸਲਮਾਨ ਬਣਨ ਲਈ ਸਭ ਲਾਲਚ ਠੁਕਰਾਉਂਦੇ ਹਨ। ਡਰ ਤਾਂ ਉਨ੍ਹਾਂ ਤੋ ਕੋਹਾਂ ਦੂਰ ਦੌੜਦਾ ਹੈ। ਜਦ ਸੂਬੇ ਦੀ ਕੋਈ ਪੇਸ਼ ਨਾ ਗਈ ਤਾਂ ਉਹ ਮਾੜੇ ਲੱਛਣਾਂ ਤੇ ਉੱਤਰ ਆਇਆ। ਇਸ ਤਰ੍ਹਾਂ ਤਿੰਨ ਦਿਨ ਗੁਰੂ ਕੇ ਲਾਲਾਂ ਨੂੰ ਉਸ ਨੇ ਜਿੱਥੇ ਭੁੱਖੇ ਰੱਖਿਆ ਉੱਥੇ ਰੱਜ ਕੇ ਤਸੀਹੇ ਵੀ ਦਿੱਤੇ। ਇਕ ਲਿਖਾਰੀ ਭਾਈ ਦੁਨਾ ਸਿੰਘ ਹਡੂਰੀਆ ਨੇ ਅਪਣੀ ਪੁਸਤਕ ‘ਕਥਾ ਗੁਰੂ ਜੀ ਕੇ ਸੁਤਨ ਕੀ’ ਵਿਚ ਲਿਖਿਆ ਹੈ ‘ਰਜ ਕੋ ਪਾਇ ਪੀਪਲਹ ਬਾਂਧੇ, ਦੁਸ਼ਟ ਗੁਲੇਲੇ ਤੀਰ ਸੁ ਸਾਂਧੇ’। ਭਾਵ ਕਿ ਜ਼ਾਲਮਾਂ ਨੇ ਸ਼ਹਾਦਤ ਤੋਂ ਪਹਿਲਾਂ ਇਨ੍ਹਾਂ ਮਾਸੂਮ ਬੱਚਿਆਂ ਨੂੰ ਪਿੱਪਲ ਨਾਲ ਬੰਨ੍ਹ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਗੁਲੇਲੇ ਮਾਰੇ ਸਨ ਅਤੇ ਉਨ੍ਹਾਂ ਨੂੰ ਚਾਬਕ ਅਤੇ ਕੋਰੜੇ ਵੀ ਮਾਰੇ ਸਨ। ਵਜ਼ੀਰ ਖਾਂ ਨੇ ਜਦ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਸਜਾਂ ਦੇਣ ਲਈ ਕਿਹਾ ਤਾਂ ਉਸ ਨੇ ਜੁਆਬ ਦਿੰਦਿਆਂ ਕਿਹਾ ਇਹ ਸ਼ੱਰਾਹ ਦੇ ਵਿਰੁੱਧ ਹੈ। ਇਸ ਤੇ ਉਸ ਨੇ ਵਜ਼ੀਰ ਖਾਂ ਨਾਲ ਬਹਿਸ ਵੀ ਕੀਤੀ। ਵਜ਼ੀਰ ਖਾਂ ਕੁਝ ਨਰਮ ਵੀ ਹੋਇਆ ਪਰ ਐਨ ਉਸੇ ਸਮੇਂ ਸੁੱਚਾ ਨੰਦ ਖੱਤਰੀ ਨੇ ਬੱਚਿਆਂ ਨੂੰ ਸੱਪ ਦੇ ਬੱਚੇ ਕਹਿ ਕੇ ਵਜ਼ੀਰ ਖਾਂ ਨੂੰ ਭੜਕਾ ਦਿੱਤਾ। ਅਗਲੇ ਦਿਨ ਬੱਚਿਆਂ ਨੂੰ ਜਿੰਦੇ ਨੀਹਾਂ ਵਿੱਚ ਚਿਣਨ ਦਾ ਹੁਕਮ ਸੁਣਾ ਦਿੱਤਾ ਗਿਆ।
ਇਨ੍ਹਾਂ ਤਿੰਨਾਂ ਦਿਨਾਂ ਦੌਰਾਨ ਜਿੱਥੇ ਹਕੂਮਤ ਨੇ ਬੱਚਿਆਂ ਨੂੰ ਰੱਜ ਕੇ ਤਸੀਹੇ ਦਿੱਤੇ ਉੱਥੇ ਮੋਤੀ ਮਹਿਰੇ ਨੇ ਅਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਬੱਚਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਨਿਭਾਈ ਭਾਵੇਂ ਇਸ ਦੇ ਬਦਲੇ ਉਸ ਨੂੰ ਪੂਰਾ ਪਰਵਾਰ ਸ਼ਹੀਦ ਕਰਾਉਣਾ ਪਿਆ।
ਇਸ ਤਰ੍ਹਾਂ ਤਸੀਹੇ ਦਿੰਦੇ ਹੋਏ ਤਿੰਨ ਦਿਨ ਬਾਅਦ ਗੁਰੂ ਕੇ ਲਾਲ਼ਾਂ ਨੂੰ ਜਿੰਦੇ ਨੀਹਾਂ ਵਿੱਚ ਚਿਣਿਆ ਗਿਆ। ਜਦ ਕੰਧ ਗਲ ਤੱਕ ਪਹੁੰਚੀ ਤਾਂ ਡਿਗ ਗਈ। ਫਿਰ ਬੱਚਿਆਂ ਦੇ ਗਲ ਕੱਟ ਕੇ ਸ਼ਹੀਦ ਕੀਤਾ ਗਿਆ। ਜਦ ਮਾਤਾ ਜੀ ਨੂੰ ਪਤਾ ਲੱਗਾ ਕਿ ਬੱਚੇ ਇਮਤਿਹਾਨ ਪਾਸ ਕਰ ਗਏ ਹਨ। ਮਾਤਾ ਜੀ ਨੇ ਰੱਬ ਦਾ ਸ਼ੁਕਰ ਮਨਾਇਆ ਅਤੇ ਅਪਣੇ ਵੀ ਸੁਆਸ ਤਿਆਗ ਦਿੱਤੇ। ਭਾਈ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਖਰੀਦੀ ਅਤੇ ਸਾਹਿਬਜ਼ਾਦਿਆਂ ਦੇ ਸਰੀਰਾਂ ਦਾ ਸਸਕਾਰ ਕੀਤਾ। ਇਹ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਗਈ ਸੀ। ਇੱਥੇ ਅੱਜ ਕੱਲ ਗੁਰਦੁਆਰਾ ਜੋਤੀ ਸਰੂਪ ਬਣਿਆ ਹੋਇਆ ਹੈ।
ਗੁਰੂ ਸਾਹਿਬ ਮਾਛੀਵਾੜਾ ਤੋਂ ਚੱਲ ਕੇ ਆਲਮਗੀਰ ਤੋਂ ਹੁੰਦੇ ਹੋਏ ਰਾਏ ਕੋਟ ਪਹੁੰਚੇ ਸਨ। ਇੱਥੇ ਦੇ ਸਰਦਾਰ ਰਾਏ ਕਲਾ ਨੇ ਗੁਰੂ ਜੀ ਦੀ ਚੰਗੀ ਆਉ ਭਗਤ ਕੀਤੀ। ਇੱਥੋਂ ਹੀ ਰਾਏ ਕਲਾ ਨੇ ਮਾਹੀਏ ਨੂੰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਖ਼ਬਰ ਲਈ ਭੇਜਿਆ ਸੀ। ਮਾਹੀਏ ਨੇ ਆ ਕੇ ਖ਼ਬਰ ਦਿੱਤੀ ਕਿ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਉਸ ਸਮੇਂ ਗੁਰੂ ਜੀ ਨੇ ਇਹ ਖ਼ਬਰ ਸੁਣਦੇ ਸੁਭਾਵਿਕ ਹੀ ਕਿਹਾ ਹੁਣ ਮੁਗਲ ਰਾਜ ਦੀ ਜੜ੍ਹ ਪੁੱਟੀ ਗਈ ਹੈ ਜੋ ਪੂਰੀ ਵੀ ਹੋਈ। ਇੱਥੇ ਗੁਰੂ ਸਾਹਿਬ ਟਾਹਲੀ ਦੇ ਦਰਖ਼ਤ ਥੱਲੇ ਬੈਠੇ ਸਨ। ਹੁਣ ਇੱਥੇ ਗੁਰਦੁਆਰਾ ਟਾਹਲੀਆਣਾ ਸਾਹਿਬ ਬਣਿਆ ਹੋਇਆ ਹੈ। ਇੱਥੋਂ ਚੱਲ ਕੇ ਗੁਰੂ ਸਾਹਿਬ ਮੱਲੜ ਸੋਢੀਆਂ (ਰੂਪੇਆਣਾ ਤੇ ਮਲਿਆਣਾ) ਦੀ ਢਾਬ ਤੇ ਠਹਿਰੇ ਸਨ। ਇੱਥੇ ਹੀ ਗੁਰੂ ਜੀ ਨੂੰ ਮਾਤਾ ਭਾਗ ਕੌਰ, ਭਾਈ ਮਹਾਂ ਸਿੰਘ ਅਤੇ ਹੋਰ ੪੦ ਸਿੰਘ ਮਿਲਦੇ ਹਨ। ਜੋ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਜਾਣ ਲੱਗਦੇ ਹਨ ਤਾਂ ਉੱਧਰੋਂ ਮੁਗਲ ਫੌਜ ਆਉਂਦੀ ਦੇਖ ਕਿ ਮਾਤਾ ਭਾਗ ਕੌਰ ਦੀ ਵੰਗਾਰ ਪਾਉਂਦੀ ਹੈ ਜਿਸ ਨੂੰ ਸੁਣ ਕੇ ਸਾਰੇ ਸਿੰਘ ਵਾਪਸ ਗੁਰੂ ਸਾਹਿਬ ਨਾਲ ਖੜ ਜਾਂਦੇ ਹਨ। ਜੋ ਖਿਦਰਾਣੇ ਦੀ ਢਾਬ ਤੇ ਜੰਗ ਕਰਦੇ ਸ਼ਹੀਦੀਆਂ ਪਾਉਂਦੇ ਹਨ। ਇੱਥੇ ਹੀ ਗੁਰੂ ਸਾਹਿਬ ਨੇ ਚਾਲੀ ਮੁਕਤਿਆਂ ਦਾ ਖ਼ਿਤਾਬ ਸਿੰਘਾਂ ਨੂੰ ਦਿੱਤਾ ਸੀ ਅਤੇ ਭਾਈ ਮਹਾਂ ਸਿੰਘ ਨੇ ਇੱਥੇ ਹੀ ਟੁੱਟੀ ਗੰਢਵਾਈ ਸੀ। ਅੱਜ ਕੱਲ ਇੱਥੇ ਗੁਰਦੁਆਰਾ ਮੁਕਤਸਰ ਸਾਹਿਬ ਬਣਿਆ ਹੋਇਆ ਹੈ। ਇੱਥੋਂ ਅੱਗੇ ਗੁਰੂ ਸਾਹਿਬ ਤਲਵੰਡੀ ਸਾਬੋ ਪਹੁੰਚਦੇ ਹਨ।
ਕੁੱਝ ਸਾਲ ਪਹਿਲਾਂ ਪੰਜਾਬ ਦੇ ਇਕ ਵਿਦਵਾਨ ਨੇ ਦਸਿਆ ਕਿ ਉਸ ਨੂੰ ਅਪਣੀ ਅਮਰੀਕਾ ਯਾਤਰਾ ਦੌਰਾਨ ਉਥੋਂ ਦੇ ਇਕ ਸੈਮੀਨਾਰ ਹਾਲ ਵਿਚ ਪ੍ਰਭੂ ਯਸੂ-ਮਸੀਹ ਦੇ ਸ਼ਹੀਦੀ ਦਿਹਾੜੇ ਉਪਰ ਬੋਲਣ ਦਾ ਜਦੋਂ ਮੌਕਾ ਮਿਲਿਆ ਸੀ ਤਾਂ ਉਨ੍ਹਾਂ ਨੇ ਇਸ ਪ੍ਰਤੀ ਬੋਲਦੇ ਹੋਏ ਅਪਣੇ ਭਾਸ਼ਣ ਵਿੱਚ ਸਰਹਿੰਦ ਦੀ ਸ਼ਹੀਦੀ ਦਾਸਤਾਨ ਦਸਣੀ ਸ਼ੁਰੂ ਕੀਤੀ ਤਾਂ ਸਾਹਮਣੇ ਬੈਠੇ ਸਰੋਤੇ ਬਹੁਤ ਭਾਵੁਕ ਅਤੇ ਹੰਝੂਗ੍ਰਸਤ ਹੋ ਗਏ ਸਨ ਅਤੇ ਔਰਤਾਂ ਅਪਣੇ ਬੱਚਿਆਂ ਨੂੰ ਵਾਰ ਵਾਰ ਅਪਣੀ ਛਾਤੀ ਨਾਲ ਘੁਟਦੇ ਹੋਏ ਅੱਖਾਂ ਵਿਚ ਹੰਝੂ ਭਰੀ ਬੈਠੀਆਂ ਸਨ ਅਤੇ ਉਥੇ ਸੰਨਾਟਾ ਛਾਇਆ ਹੋਇਆ ਸੀ। ਜਾਪਦਾ ਸੀ ਕਿ ਉਹ ਲੋਕ ਪ੍ਰਭੂ ਯਸੂ-ਮਸੀਹ ਦੀ ਸ਼ਹਾਦਤ ਨਾਲੋਂ ਸ਼ਾਹਿਬਜ਼ਾਦਿਆਂ ਦੀ ਸ਼ਹੀਦੀ ਗਾਥਾ ਪ੍ਰਤੀ ਜ਼ਿਆਦਾ ਪੀੜਾ ਮਹਿਸੂਸ ਕਰ ਰਹੇ ਸਨ। ਭਾਸ਼ਣ ਖ਼ਤਮ ਹੋਣ ਉਪਰੰਤ ਉਹ ਸਾਰੇ ਬੜੇ ਭਾਵੁਕ ਹੋ ਕੇ ਇਹ ਪੁੱਛਣ ਲਗੇ ਕਿ ਕ੍ਰਿਪਾ ਕਰ ਕੇ ਦੱਸੋ ਕਿ ਗੁਰੂ ਜੀ ਦੇ ਇਹ ਸ਼ਾਹਿਬਜ਼ਾਦੇ ਇਸ ਤੋਂ ਪਹਿਲਾਂ ਅਜਿਹੀ ਕਿਹੜੀ ਸੰਗਤ ਵਿਚ ਰਹੇ ਜਿਥੋਂ ਇਨ੍ਹਾਂ ਨੂੰ ਏਨੇ ਤਿਆਗ ਅਤੇ ਅਟੱਲ ਇਰਾਦੇ ਵਾਲੀ ਸਿਖਿਆ ਮਿਲੀ।
ਦੂਜਾ ਸਵਾਲ ਉਨ੍ਹਾਂ ਦਾ ਇਹ ਸੀ ਕਿ ਤੁਸੀਂ ਸਿੱਖ ਕੌਮ ਇਸ ਸ਼ਹਾਦਤ ਦੇ ਦਿਹਾੜੇ ਵੇਲੇ ਇਨ੍ਹਾਂ ਪਲਾਂ ਨੂੰ ਕਿਸ ਤਰ੍ਹਾਂ ਬਿਤਾਉਂਦੇ ਹੋ? ਉਹ ਕਹਿੰਦੇ ਪਹਿਲਾ ਜੁਆਬ ਤਾਂ ਮੈਂ ਬੜੇ ਅਰਾਮ ਨਾਲ ਦੇ ਦਿਤਾ ਕਿ ਦਾਦੀ ਮਾਤਾ ਗੁਜਰੀ ਜੀ ਇਨ੍ਹਾਂ ਨੂੰ ਅਪਣੇ ਦਾਦੇ ਦੇ ਦਾਦੇ ਗੁਰੂ ਅਰਜਨ ਦੇਵ ਜੀ ਅਤੇ ਦਾਦਾ ਗੁਰੂ ਤੇਗ ਬਹਾਦਰ ਜੀ ਹੋਰਾਂ ਦੇ ਬਲੀਦਾਨਾਂ ਬਾਰੇ ਅਤੇ ਹੋਰ ਸਿੱਖੀ ਸਿਦਕ ਵਾਲੇ ਸ਼ਹੀਦਾਂ ਬਾਰੇ ਸਿਖਿਆ ਦਿੰਦੇ ਰਹੇ ਸਨ ਪਰ ਦੂਜੇ ਸਵਾਲ ਦਾ ਜਵਾਬ ਮੈਂ ਕਿਵੇਂ ਦਿੰਦਾ ਕਿ ਸਾਡੀ ਸਿੱਖ ਕੌਮ ਇਨ੍ਹਾਂ ਪਲਾਂ ਨੂੰ ਕਿਵੇਂ ਮਨਾਉਂਦੀ ਹੈ।
ਕਿਉਂਕਿ ਅੱਜ ਸਾਡੇ ਸ਼ਹੀਦੀ ਅਸਥਾਨ ਫ਼ਤਿਹਗੜ੍ਹ ਸਾਹਿਬ (ਸਰਹਿੰਦ) ਵਿਖੇ ਨਤਮਸਤਕ ਹੁੰਦੀਆਂ ਸੰਗਤਾਂ ਦਰਮਿਆਨ ਸਾਡੇ ਸਿੱਖ ਅਖਵਾਉਣ ਵਾਲੇ ਪ੍ਰਵਾਰਾਂ ਦੇ ਬਹੁ-ਗਿਣਤੀ ਨੌਜਵਾਨ ਦਾੜ੍ਹੀ ਕੇਸਾਂ ਤੋਂ ਰਹਿਤ ਹੋ ਕੇ ਸਵਾਦੀ ਲੰਗਰ (ਚਾਹ-ਪਕੌੜੇ, ਖੀਰਾਂ ਆਦਿ) ਛਕਦੇ, ਸੀਟੀਆਂ ਵਜਾਉਂਦੇ, ਇਕ-ਦੂਜੇ ਨੂੰ ਮਖ਼ੌਲਾਂ ਕਰਦੇ, ਨਚਦੇ ਟਪਦੇ ਫਿਰਦੇ ਵੇਖੇ ਜਾਂਦੇ ਹਨ ਜਿਵੇਂ ਕਿਸੇ ਵਿਆਹ ਵਿਚ ਆਏ ਹੋਣ। ਇਨ੍ਹਾਂ ਦੇ ਦਿਲਾਂ ਵਿਚ ਇਨ੍ਹਾਂ ਦਰਦਨਾਕ ਸ਼ਹਾਦਤਾਂ ਦਾ ਕੋਈ ਸੋਗ ਨਹੀਂ ਜਿਸ ਦਾ ਕਾਰਨ ਇਹ ਜਾਪਦਾ ਹੈ ਕਿ ਅਸੀਂ ਮਾਪਿਆਂ ਅਤੇ ਸਾਡੇ ਧਰਮ ਪ੍ਰਚਾਰ ਸਿਸਟਮ ਨੇ ਇਨ੍ਹਾਂ ਨੂੰ ਇਸ ਵਿਰਸੇ ਨਾਲ ਜੋੜਨ ਲਈ ਗੰਭੀਰਤਾ ਨਹੀਂ ਵਰਤੀ, ਬੇਸ਼ੱਕ ਕਿੰਨੇ ਹੀ ਧਰਮ ਪ੍ਰਚਾਰ ਅਤੇ ਅੰਮ੍ਰਿਤ ਪ੍ਰਚਾਰ ਸੰਮੇਲਨ ਕਰਵਾਏ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ
ਸੋ ਅਮੀਰ ਵਿਰਸੇ ਨੂੰ ਸੰਭਾਲਣ ਦੀ ਅੱਜ ਬਹੁਤ ਲੋੜ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਆਪਾਂ ਗੁਰਬਾਣੀ ਨੂੰ ਪੜ੍ਹ ਕੇ ਵਿਚਾਰੀਏ ਅਤੇ ਗੌਰਵਮਈ ਇਤਿਹਾਸ ਨੂੰ ਪੜ੍ਹ ਕੇ ਦੂਸਰਿਆਂ ਨੂੰ ਵੀ ਦੱਸੀਏ। ਪਰ ਅਫ਼ਸੋਸ ਤਾਂ ਇਸ ਗੱਲ ਦਾ ਕਿ ਹੈ ਸਾਡੇ ਬੱਚਿਆਂ ਨੂੰ ਕ੍ਰਿਸਮਿਸ ਤਾਂ ਯਾਦ ਹੈ ਪਰ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦਾ ਪਤਾ ਹੀ ਨਹੀਂ। ਗੋਰਿਆਂ ਨੇ ਸਾਨੂੰ ਕ੍ਰਿਸਮਿਸ ਬਾਰੇ ਦੱਸਿਆ ਬੜੇ ਚੰਗੀ ਗੱਲ ਹੈ। ਜੇ ਆਪਾਂ ਹੋਰਾਂ ਨੂੰ ਇਨ੍ਹਾਂ ਸ਼ਹੀਦੀ ਦਿਹਾੜਿਆਂ ਬਾਰੇ ਦੱਸ ਸਕੀਏ ਤਾਂ ਹੋਰ ਵੀ ਚੰਗੀ ਗੱਲ ਹੋਏਗੀ। ਜੇ ਆਪਾਂ ਆਪ ਸਮਝ ਕੇ ਬਾਂਕੀਆਂ ਨੂੰ ਵੀ ਜਾਣਕਾਰੀ ਦਿਆਂਗੇ ਇਸ ਨਾਲ ਸਾਨੂੰ ਗੁਰੂ ਸਾਹਿਬ ਦੀ ਖੁਸ਼ੀ ਹੀ ਨਹੀਂ ਮਿਲੇਗੀ ਬਲਕਿ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਐਸੇ ਗੁਰਸਿੱਖਾਂ ਦੀ ਧੂੜ ਮੰਗਦਾ ਹਾਂ ਜੋ ਆਪ ਜਪਦੇ ਹਨ ਅਤੇ ਹੋਰਾਂ ਨੂੰ ਜਪਾਉਂਦੇ ਹਨ। “ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ {ਪੰਨਾ 306}।

ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫ਼ੋਨ – ੬੪੭੭੭੧੪੯੩੨

Leave a Reply

Your email address will not be published. Required fields are marked *