Gurmat vichaar

ਨਾਨਕ ਦੁਖੀਆ ਸਭੁ ਸੰਸਾਰੁ

ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਵਿੱਚ ਬੈਠੇ ਇੱਕ ਦਿਨ ਕਈ ਸੱਜਣ ਗੁਰੂ ਸਾਹਿਬ ਨੂੰ ਅਪਣੇ ਅਪਣੇ ਦੁੱਖ ਦੱਸ ਰਹੇ ਸਨ। ਵਿੱਚੋਂ ਹੀ ਕਿਸੇ ਸੱਜਣ ਨੇ ਕਿਹਾ ਭਗਤ ਕਬੀਰ ਸਾਹਿਬ ਕਹਿੰਦੇ ਹਨ ਕਿ ਸਾਰਾ ਸੰਸਾਰ ਹੀ ਦੁੱਖੀ ਹੈ। ਸੰਗਤ ਨੇ ਇਸ ਤੋਂ ਬਚਣ ਦੇ ਉਪਾਅ ਪੁੱਛਣੇ ਕੀਤੇ। ਗੁਰੂ ਸਾਹਿਬ ਨੇ ਕਿਹਾ ਭਾਈ ਜੋ ਵੀ ਸੱਜਣ ਰੱਬ ਦੇ ਨਾਮ ਨੂੰ ਮੰਨਦਾ ਹੈ ਭਾਵ ਉਸ ਪ੍ਰਭੂ ਨੂੰ ਯਾਦ ਰੱਖਦਾ ਹੋਇਆ ਉਸ ਦੀ ਰਜ਼ਾ ਵਿੱਚ ਜ਼ਿੰਦਗੀ ਗੁਜ਼ਾਰਦਾ ਹੈ ਉਹੀ ਸੁੱਖੀ ਹੈ ਅਤੇ ਉਹੀ ਇਸ ਸੰਸਾਰ ਤੋਂ ਜਿੱਤ ਕੇ ਜਾਂਦਾ ਹੈ। ਜੋ ਰੱਬ ਨੂੰ ਭੁੱਲ ਕਿ ਕਿਸੇ ਹੋਰ ਕਰਮਾਂ ਵਿੱਚ ਪੈ ਜਾਂਦੇ ਹਨ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦੇ ਹਨ। ਉਹ ਭਾਵੇਂ ਦੇਵੀ ਦੇਵਤੇ ਜਾਂ ਪੈਗੰਬਰ ਹੀ ਕਿਉਂ ਨਾ ਅਖਾਉਦੇ ਹੋਣ? ਵਿੱਚੋਂ ਹੀ ਇੱਕ ਸੱਜਣ ਨੇ ਕਿਹਾ ਗੁਰੂ ਸਾਹਿਬ ਥੋੜਾ ਵਿਸਤਾਰ ਸਹਿਤ ਦੱਸਣਾ ਕਰੋ ਜੀ। ਗੁਰੂ ਸਾਹਿਬ ਨੇ ਕਿਹਾ ਮੈਂ ਕੁਝ ਉਦਾਹਰਣਾਂ ਧਾਰਮਿਕ ਗ੍ਰੰਥਾਂ ਵਿੱਚੋਂ ਪੇਸ਼ ਕਰਦਾ ਹਾਂ। ਸਭ ਤੋਂ ਪਹਿਲਾਂ ਇੰਦਰ ਦੇਵਤੇ ਦੀ ਗੱਲ ਕਰਦੇ ਹਾਂ। ਜਦ ਇੰਦਰ ਨੇ ਪ੍ਰਭੂ ਦੇ ਹੁਕਮ ਵਿਰੁੱਧ ਗੌਤਮ ਰਿਖੀ ਦੀ ਘਰ ਵਾਲੀ ਅਹੱਲਿਆ ਦੀ ਸੁੰਦਰਤਾ ਦੇਖ ਕੇ ਮਨ ਮੈਲਾ ਕਰ ਲਿਆ ਤਾਂ ਉਸ ਦੇ ਸਰੀਰ ਉੱਪਰ ਗੌਤਮ ਰਿਖੀ ਦੇ ਸਰਾਪ ਨਾਲ ਹਜਾਰ ਭਗ ਦੇ ਨਿਸ਼ਾਨ ਬਣ ਗਏ ਤਾਂ ਉਹ ਦੁਖੀ ਹੋ ਕਿ ਰੋਇਆ। ਪਰਸ ਰਾਮ ਦਾ ਬਲ ਜਦ ਰਾਮ ਚੰਦਰ ਨੇ ਖਿਚ ਲਿਆ ਤਾਂ ਉਹ ਦੁਖੀ ਹੋਇਆ ਅਤੇ ਘਰ ਜਾ ਕੇ ਰੋਇਆ। ਰਾਜਾ ਅਜੈ ਉਸ ਸਮੇਂ ਰੋਇਆ ਜਦੋਂ ਉਸ ਨੂੰ ਲਿੱਦ ਖਾਣੀ ਪਈ ਜੋ ਕਿ ਉਸ ਨੇ ਖੁਦ ਕਿਸੇ ਰਿਖੀ ਨੂੰ ਦਾਨ ਵਜੋਂ ਦਿੱਤੀ ਸੀ। ਰੱਬੀ ਦਰਗਾਹ ਵਿੱਚੋਂ ਅਜਿਹੀ ਸਜ਼ਾ ਮਿਲਦੀ ਹੈ। ਰਾਮ ਚੰਦਰ ਨੂੰ ਜਦੋ ਬਨਵਾਸ ਲਈ ਜਾਣਾ ਪਿਆ ਤਾਂ ਉਹ ਰੋਇਆ। ਫਿਰ ਜਦ ਉਸ ਤੋਂ ਸੀਤਾ ਅਤੇ ਲਸ਼ਮਣ ਵੱਖ ਹੋ ਗਏ ਉਸ ਸਮੇਂ ਵੀ ਰੋਇਆ। ਰਾਵਣ ਜੋ ਸਾਧੂ ਬਣ ਕੇ ਸੀਤਾ ਨੂੰ ਲੈ ਗਿਆ ਸੀ। ਉਹ ਰਾਵਣ ਜੋ ਦਸ ਸਿਰਾਂ ਜਿੰਨਾ ਦਿਮਾਗ ਰੱਖਦਾ ਸੀ ਉਹ ਵੀ ਦੁੱਖੀ ਹੋ ਕੇ ਰੋਇਆ ਜਦੋਂ ਉਸ ਦੀ ਲੰਕਾ ਲੁੱਟੀ ਗਈ। ਪਾਂਡਵ ਜਿਨ੍ਹਾਂ ਦੇ ਪੱਖ ਵਿੱਚ ਉਨ੍ਹਾਂ ਦਾ ਸੁਆਮੀ ਕ੍ਰਿਸ਼ਨ ਸਦਾ ਭੁਗਤਦਾ ਸੀ। ਉਨ੍ਹਾਂ ਨੂੰ ਜਦ ਵੈਰਾਟ ਦੇ ਰਾਜੇ ਕੋਲ ਮਜ਼ਦੂਰੀ ਕਰਨੀ ਪਈ ਤਾਂ ਉਹ ਵੀ ਰੋਏ ਸਨ। ਰਾਜਾ ਜਨਮੇਜਾਂ ਜਦ ਖੁੰਜ ਗਿਆ ( ੧੮ ਬ੍ਰਹਾਮਣ ਮਾਰ ਬੈਠਾ, ਪ੍ਰਾਸ਼ਚਿਤ ਵਜੋਂ ਮਹਾਂਭਾਰਤ ਸੁਣਿਆ, ਪਰ ਉੱਥੇ ਵੀ ਛੰਕਾ ਕਰ ਬੈਠ) ਇਸ ਇੱਕ ਗਲਤੀ ਕਾਰਣ ਪਾਪੀ ਹੀ ਰਹਿ ਗਿਆ। ਭਾਵ ਕੋਹੜ ਨਾ ਗਿਆ ਜਿਸ ਕਾਰਨ ਉਸ ਨੂੰ ਵੀ ਰੋਣਾ ਪਿਆ। ਸ਼ੇਖ ਪੀਰ ਵੀ ਰੋਂਦੇ ਹਨ ਕਿ ਕਿਤੇ ਆਖ਼ਰੀ ਸਮੇਂ ਕੋਈ ਬਿਪਤਾ ਨਾ ਆ ਪਏ। ਭਰਥਰੀ ਅਤੇ ਗੋਪੀਚੰਦ ਰਾਜਿਆ ਨੂੰ ਵੀ ਜੋਗੀ ਬਣ ਕੇ ਘਰ ਘਰ ਜਾ ਕੇ ਭਿਖਿਆ ਮੰਗਣੀ ਪਈ ਤਾਂ ਉਹ ਰੋਏ। ਕੰਜੂਸ ਧੰਨ ਇਕੱਠਾ ਕਰਦੇ ਹਨ ਪਰ ਜਦ ਇਕੱਠਾ ਕੀਤਾ ਧਨ ਉਨ੍ਹਾਂ ਪਾਸੋਂ ਚਲਾ ਜਾਂਦਾ ਹੈ ਤਾਂ ਉਹ ਵੀ ਦੁਖੀ ਹੋ ਕੇ ਰੋਂਦੇ ਹਨ। ਗਿਆਨ ਦੀ ਘਾਟ ਕਾਰਨ ਪੰਡਤ ਵੀ ਰੋਂਦੇ ਹਨ। ਇਸਤਰੀ ਰੋਂਦੀ ਹੈ ਜਦ ਇਸਦਾ ਪਤੀ ਨਹੀਂ ਰਹਿੰਦਾ। ਇਸ ਤਰ੍ਹਾਂ ਨਾਮ ਤੋਂ ਖੁੰਝਿਆ ਹੋਇਆ ਸਾਰਾ ਸੰਸਾਰ ਹੀ ਦੁਖੀ ਹੋ ਕੇ ਰੋਂਦਾ ਹੈ। ਇਸ ਕਰਕੇ ਭਾਈ ਜੇ ਸੁੱਖੀ ਰਹਿਣਾ ਹੈ ਤਾਂ ਪ੍ਰਭੂ ਦਾ ਹੁਕਮ ਮੰਨ ਕੇ ਉਸਦਾ ਨਾਮ ਹੀ ਜੱਪਣਾ ਬਣਦਾ ਹੈ।
“ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥ ਪਰਸ ਰਾਮੁ ਰੋਵੈ ਘਰਿ ਆਇਆ ॥ ਅਜੈ ਸੁ ਰੋਵੈ ਭੀਖਿਆ ਖਾਇ ॥ ਐਸੀ ਦਰਗਹ ਮਿਲੈ ਸਜਾਇ ॥ ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥ ਰੋਵੈ ਦਹਸਿਰੁ ਲੰਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥ ਰੋਵਹਿ ਪਾਂਡਵ ਭਏ ਮਜੂਰ ॥ ਜਿਨ ਕੈ ਸੁਆਮੀ ਰਹਤ ਹਦੂਰਿ ॥ ਰੋਵੈ ਜਨਮੇਜਾ ਖੁਇ ਗਇਆ ॥ ਏਕੀ ਕਾਰਣਿ ਪਾਪੀ ਭਇਆ ॥ ਰੋਵਹਿ ਸੇਖ ਮਸਾਇਕ ਪੀਰ ॥ ਅੰਤਿ ਕਾਲਿ ਮਤੁ ਲਾਗੈ ਭੀੜ ॥ ਰੋਵਹਿ ਰਾਜੇ ਕੰਨ ਪੜਾਇ ॥ ਘਰਿ ਘਰਿ ਮਾਗਹਿ ਭੀਖਿਆ ਜਾਇ ॥ ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥ ਪੰਡਿਤ ਰੋਵਹਿ ਗਿਆਨੁ ਗਵਾਇ ॥ ਬਾਲੀ ਰੋਵੈ ਨਾਹਿ ਭਤਾਰੁ ॥ ਨਾਨਕ ਦੁਖੀਆ ਸਭੁ ਸੰਸਾਰੁ ॥ ਮੰਨੇ ਨਾਉ ਸੋਈ ਜਿਣਿ ਜਾਇ ॥ ਅਉਰੀ ਕਰਮ ਨ ਲੇਖੈ ਲਾਇ ॥੧॥” ( ਪੰਨਾ- ੯੫੩)
ਅਰਥਾਂ ਦਾ ਸਹੀ ਮਿਲਾਨ ਕਰੋਃ-
ਸਹੰਸਰ —————- ਸਾਧੂ ਦਾ ਭੇਖ ਧਾਰ ਕੇ
ਦਾਨ- —————- ਕੰਜੂਸ
ਦਹਸਿਰ —————— ਕ੍ਰਿਸ਼ਨ
ਡਉਰੂ ਵਾਇ ————— ਡੰਨ
ਸੁਆਮੀ —————— ਰਾਵਣ
ਖੁਇ ਗਈਆ ———— ਪਤੀ
ਕਿਰਪਨ ——————ਖੁੰਝ ਗਿਆ
ਬਾਲੀ ——————- ਹੋਰ
ਭਤਾਰ ——————- ਪਤਨੀ
ਅਉਰੀ —————— ਹਜ਼ਾਰ
ਪ੍ਰਃ ੧. ਇਸ ਸੰਸਾਰ ਵਿੱਚ ਕੌਣ ਸੁੱਖੀ ਹੈ?
ਪ੍ਰਃ ੨. ਦੇਵੀ ਦੇਵਤਿਆਂ ਨੂੰ ਕਿਉਂ ਰੋਣਾ ਪਿਆ ਹੈ?
ਪ੍ਰਃ ੩. ਰਾਮ ਚੰਦਰ ਕਿਉਂ ਰੋਇਆ ਸੀ?
ਪ੍ਰਃ ੩. ਰਾਵਣ ਕਿਉਂ ਰੋਇਆ ਸੀ?
ਪ੍ਰਃ ੪. ਪਾਂਡਵ ਕਿਉਂ ਰੋਏ ਸਨ?
ਪ੍ਰਃ ੫. ਕੰਜੂਸ ਬੰਦੇ ਕਿਉਂ ਰੋਂਦੇ ਹਨ?
ਪ੍ਰਃ ੬. ਇਸ ਸੰਸਾਰ ਚੋ ਬਾਜ਼ੀ ਜਿੱਤ ਕੇ ਕੌਣ ਜਾਂਦੇ ਹਨ?
ਖਾਲੀ ਥਾਂ ਭਰੋਃ-
ੳ. ਜੋ ਰੱਬ ਨੂੰ ਭੁੱਲ ਕਿ ਕਿਸੇ ਹੋਰ ———- ਵਿੱਚ ਪੈ ਜਾਂਦੇ ਹਨ ਉਹ ਜ਼ਿੰਦਗੀ ਦੀ ———- ਹਾਰ ਜਾਂਦੇ ਹਨ।
ਅ. ਇੰਦਰ ਦੇ ਸਰੀਰ ਉੱਪਰ ਗੌਤਮ ਰਿਖੀ ਦੇ ਸਰਾਪ ਨਾਲ ——— ਭੰਗ ਦੇ ਨਿਸ਼ਾਨ ਬਣ ਗਏ ਤਾਂ ਉਹ ——— ਹੋ ਕਿ ਰੋਇਆ।
ੲ. ਅਜੈ ਉਸ ਸਮੇਂ ਰੋਇਆ ਜਦੋਂ ਉਸ ਨੂੰ ———ਖਾਣੀ ਪਈ।
ਸ. ਰਾਜਾ ਜਨਮੇਜਾ ਦਾ ——— ਨਾ ਜਾਣ ਕਰਕੇ ਉਸ ਨੂੰ ਵੀ ਰੋਣਾ ਪਿਆ।
ਹ. ਗਿਆਨ ਦੀ ਘਾਟ ਕਾਰਨ ——— ਵੀ ਰੋਂਦੇ ਹਨ।

ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਨ, ਕਨੇਡਾ।

Leave a Reply

Your email address will not be published. Required fields are marked *