Gurmat vichaar

ਭਗਤਾ ਤਾਣੁ ਤੇਰਾ

ਇੱਕ ਵਾਰ ਕੁਝ ਰੱਬ ਪ੍ਰਸਤ ਸੱਜਣ ਬੈਠੇ ਪ੍ਰਭੂ ਦੀ ਚਰਚਾ ਕਰ ਰਹੇ ਸਨ। ਅਚਾਨਕ ਗੱਲਾਂ ਵਿੱਚੋਂ ਗੱਲ ਚੱਲ ਪਈ ਕਿ ਰੱਬ ਕਿਵੇਂ ਵੱਸ ਹੋ ਸਕਦਾ ਹੈ? ਕੋਈ ਕਹਿਣ ਲੱਗਾ ਕਿ ਰੱਬ ਅੱਗੇ ਤਰਲੇ ਕੱਢੇ ਜਾਣ। ਦੂਜਾ ਕਹਿੰਦਾ ਧਾਰਮਿਕ ਪੁਸਤਕਾਂ ਵੇਦ ਆਦਿ ਪੜ ਕੇ ਰੱਬ ਵੱਸ ਵਿੱਚ ਕੀਤਾ ਜਾ ਸਕਦਾ ਹੈ। ਤੀਜਾ ਕਹਿਣ ਲੱਗਾ ਨਹੀ ਤੀਰਥ ਇਸ਼ਨਾਨ ਕਰਕੇ ਰੱਬ ਵੱਸ ਵਿੱਚ ਹੋ ਸਕਦਾ ਹੈ। ਚੌਥਾ ਬੋਲਿਆ ਨਹੀ ਧਰਤੀ ਤੇ ਘੁੰਮ ਫਿਰ ਕੇ ਰੱਬ ਦੀ ਕੁਦਰਤ ਨੂੰ ਵੇਖੋ ਤਾਂ ਰੱਬ ਦੀ ਸਮਝ ਆਏਗੀ। ਪੰਜਵਾਂ ਕਹਿੰਦਾ ਨਹੀ ਸਿਆਣਪ ਨਾਲ ਚੱਲਿਆ ਰੱਬ ਦੀ ਸਮਝ ਪੈਦੀ ਹੈ। ਇੱਕ ਕਹਿਣ ਲੱਗਾ ਨਹੀ ਭਾਈ ਰੱਬ ਦੀ ਲੋਕਾਈ ਨੂੰ ਦਾਨ ਪੁੰਨ ਕਰਨ ਨਾਲ ਰੱਬ ਦੀ ਖੁਸ਼ੀ ਮਿਲਦੀ ਹੈ। ਇਸ ਤਰ੍ਹਾਂ ਜੇ ਰੱਬੀ ਬਖ਼ਸ਼ਸ਼ ਹੋ ਗਈ ਤਾਂ ਉਹ ਆਪੇ ਤੁਹਾਡੇ ਵੱਸ ਹੋ ਜਾਂਦਾ ਹੈ। ਇੱਕ ਸਿਆਣਾ ਸੱਜਣ ਬੋਲਿਆ ਕਿਉਂ ਬਹਿਸ ਵਿੱਚ ਸਮਾਂ ਗੁਆ ਰਹੇ ਹਾਂ ਆਪਾਂ ਗੁਰੂ ਅਰਜਨ ਸਾਹਿਬ ਕੋਲ ਚੱਲ ਕੇ ਪੁਛਦੇ ਹਾਂ। ਸਾਰੇ ਸਹਿਮਤ ਹੋ ਗਏ ਅਤੇ ਗੁਰੂ ਸਾਹਿਬ ਕੋਲ ਪਹੰਚ ਗਏ। ਗੁਰੂ ਸਾਹਿਬ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਪੁੱਛਿਆ ਭਾਈ ਕਿਵੇਂ ਆਉਣਾ ਹੋਇਆ। ਜੋ ਸੱਜਣ ਗੁਰੂ ਸਾਹਿਬ ਕੋਲ ਲੈ ਕੇ ਆਇਆ ਸੀ ਉਸ ਨੇ ਜੋ ਚਰਚਾ ਹੋਈ ਸੀ ਸਾਰੀ ਗੁਰੂ ਸਾਹਿਬ ਨੂੰ ਦੱਸ ਕਿ ਇਸ ਦਾ ਸਹੀ ਉੱਤਰ ਪੁੱਛਿਆ। ਗੁਰੂ ਸਾਹਿਬ ਨੇ ਬੜੇ ਹੀ ਪ੍ਰੇਮ ਸਾਹਿਤ ਉੱਤਰ ਦਿੱਤਾ। ਭਾਈ ਰੱਬ ਬਹੁਤੇ ਵਿਖਾਵੇ ਦੇ ਤਰਲੇ ਲਿਆਂ, ਵੇਦ ਪੜ੍ਹਨ ਪੜ੍ਹਾਉਣ ਨਾਲ, ਤੀਰਥ ਉਤੇ ਇਸ਼ਨਾਨ ਕਰਨ ਨਾਲ, ਰਮਤੇ ਸਾਧੂਆਂ ਵਾਂਗ ਸਾਰੀ ਧਰਤੀ ਗਾਹਣ ਨਾਲ, ਕਿਸੇ ਚਤੁਰਾਈ-ਸਿਆਣਪ ਨਾਲ, ਜਾਂ ਬਹੁਤਾ ਦਾਨ ਦੇਣ ਨਾਲ, ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ। ਹਰੇਕ ਜੀਵ ਅਪਹੁੰਚ ਤੇ ਅਗੋਚਰ ਪ੍ਰਭੂ ਦੇ ਅਧੀਨ ਹੈ। ਇਹਨਾਂ ਵਿਖਾਵੇ ਦੇ ਉੱਦਮਾਂ ਨਾਲ ਕੋਈ ਜੀਵ ਉਸ ਪ੍ਰਭੂ ਦੀ ਪ੍ਰਸੰਨਤਾ ਪ੍ਰਾਪਤ ਨਹੀਂ ਕਰ ਸਕਦਾ।ਉਹ ਸਿਰਫ਼ ਉਹਨਾਂ ਉਤੇ ਰੀਝਦਾ ਹੈਂ ਜੋ ਸਦਾ ਉਸਦਾ ਸਿਮਰਨ ਕਰਦੇ ਹਨ, ਕਿਉਂਕਿ ਉਸਦਾ ਭਜਨ-ਸਿਮਰਨ ਕਰਨ ਵਾਲਿਆਂ ਨੂੰ ਸਿਰਫ਼ ਪ੍ਰਭੂ ਦਾ ਹੀ ਆਸਰਾ-ਪਰਨਾ ਹੁੰਦਾ ਹੈ। “ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ ॥ ਨਾ ਤੂ ਆਵਹਿ ਵਸਿ ਬੇਦ ਪੜਾਵਣੇ ॥ ਨਾ ਤੂ ਆਵਹਿ ਵਸਿ ਤੀਰਥਿ ਨਾਈਐ ॥ ਨਾ ਤੂ ਆਵਹਿ ਵਸਿ ਧਰਤੀ ਧਾਈਐ ॥ ਨਾ ਤੂ ਆਵਹਿ ਵਸਿ ਕਿਤੈ ਸਿਆਣਪੈ ॥ ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ ॥ ਸਭੁ ਕੋ ਤੇਰੈ ਵਸਿ ਅਗਮ ਅਗੋਚਰਾ ॥ ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ ॥”{ਪੰਨਾ 962}।
ਅਰਥਾਂ ਦਾ ਸਹੀ ਮਿਲਾਨ ਕਰੋਃ-
ਘਿਣਾਵਣੇ ———— ਬਲ, ਆਸਰਾ
ਧਰਤੀ ਧਾਈਐ ——- ਅਪਹੁੰਚ
ਅਗਮ —————ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ
ਅਗੋਚਰਾ ———— ਸਾਰੀ ਧਰਤੀ ਉੱਤੇ ਦੌੜਦੇ ਫਿਰਦੇ
ਤਾਣੁ —————- ਵਿਖਾਵੇ ਦੇ ਤਰਲੇ ਲਿਆ
ਪ੍ਰਃ ੧. ਕੀ ਪਰਮਾਤਮਾ ਵੇਦ ਆਦਿ ਧਾਰਮਿਕ ਗ੍ਰੰਥ ਪੜ੍ਹਨ ਨਾਲ ਵੱਸ ਹੋ ਸਕਦਾ ਹੈ?
ਪ੍ਰਃ ੨. ਕੀ ਪਰਮਾਤਮਾ ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰਨ ਨਾਲ ਵੱਸ ਹੋ ਸਕਦਾ ਹੈ?
ਪ੍ਰਃ ੩. ਕੀ ਪਰਮਾਤਮਾ ਕਿਸੇ ਸਿਆਣਪ ਨਾਲ ਵੱਸ ਹੋ ਸਕਦਾ ਹੈ?
ਪ੍ਰਃ ੪. ਕੀ ਰੱਬ ਜੀ ਬਹੁਤ ਦਾਨ ਕਰਨ ਨਾਲ ਵੱਸ ਹੋ ਸਕਦਾ ਹੈ?
ਪ੍ਰਃ ੫. ਸਭ ਕੁਝ ਕਿਸ ਦੇ ਵੱਸ ਵਿੱਚ ਹੈ?
ਪ੍ਰਃ ੬. ਪ੍ਰਭੂ ਕਿਸ ਉੱਤੇ ਰੀਝਦਾ ਹੈ?
ਪ੍ਰਃ ੭. ਗੁਰੂ ਸਾਹਿਬ ਸਾਨੂੰ ਇਸ ਸ਼ਬਦ ਰਾਹੀ ਕੀ ਸਮਝਾਉਣਾ ਚਾਹੁੰਦੇ ਹਨ?
ਖਾਲੀ ਥਾਂ ਭਰੋਃ-
ੳ. ਰੱਬ ਸਿਰਫ਼ ਉਹਨਾਂ ਉਤੇ —————- ਹੈਂ ਜੋ ਸਦਾ ਉਸਦਾ ———- ਕਰਦੇ ਹਨ।
ਅ. ਵਿਖਾਵੇ ਦੇ ————ਨਾਲ ਕੋਈ ਜੀਵ ਉਸ ਪ੍ਰਭੂ ਦੀ ——————— ਪ੍ਰਾਪਤ ਨਹੀਂ ਕਰ ਸਕਦਾ।
ੲ. ਹਰੇਕ ਜੀਵ ਅਪਹੁੰਚ ਤੇ ਅਗੋਚਰ ਪ੍ਰਭੂ ਦੇ ———- ਹੈ।

ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫੋਨ – ੬੪੭੭੭੧੪੯੩੨

Leave a Reply

Your email address will not be published. Required fields are marked *