ਜਉ ਦਿਲ ਸੂਚੀ ਹੋਇ
ਕਬੀਰ ਸਾਹਿਬ ਸੰਗਤ ਨਾਲ ਬੈਠੇ ਵਿਚਾਰ ਚਰਚਾ ਕਰ ਰਹੇ ਸਨ ਕਿ ਭਾਈ ਪ੍ਰਭੂ ਦਾ ਨਾਮ ਜਪਣ ਨਾਲ ਮਨ ਪਵਿੱਤਰ ਹੋ ਜਾਂਦਾ ਹੈ। ਨਾਮ ਜਪਣ ਨਾਲ ਸਾਰੇ ਪਾਪਾਂ ਦੀ ਮੈਲ ਧੁੱਪ ਜਾਂਦੀ ਹੈ। ਕਬੀਰ ਸਾਹਿਬ ਕਹਿ ਰਹੇ ਸਨ ਕਿ ਭਾਈ ਕੋਈ ਵੀ ਕਰਮ ਕਰਦੇ ਸਮੇਂ ਤੁਹਾਡੀ ਭਾਵਨਾ ਸਾਫ ਹੋਣੀ ਚਾਹੀਦੀ ਹੈ। ਵਿੱਚੋਂ ਹੀ ਕੋਈ ਸੱਜਣ ਚੁਸਤੀ ਮਾਰਦਾ ਹੋਇਆ ਕਹਿਣ ਲੱਗਾ ਕਬੀਰ ਸਾਹਿਬ ਆਪ ਜੀ ਨੇ ਸਹੀ ਫ਼ੁਰਮਾਇਆ ਹੈ। ਮੈਂ ਤਾਂ ਜਦ ਕੋਈ ਗਲਤੀ ਕਰ ਲੈਂਦਾ ਹਾਂ ਤਾਂ ਕਿਸੇ ਤੀਰਥ ਤੇ ਜਾ ਕੇ ਕਿਸੇ ਜੀਵ ਦੀ ਬਲੀ ਦੇ ਕੇ ਗਲਤੀ ਦੀ ਬਖ਼ਸ਼ਾਈ ਕਰ ਲੈਂਦਾ ਹਾਂ। ਕਬੀਰ ਸਾਹਿਬ ਕਹਿੰਦੇ ਸੁਣ ਭਾਈ ਫਿਰ ਬਲੀ ਦੀ ਗੱਲ? ਮੈਂ ਕਈ ਵਾਰ ਹੱਜ ਕਰਨ ਲਈ ਕਾਅਬੇ ਗਿਆ ਹਾਂ। ( ਵੈਸੇ ਕਬੀਰ ਸਾਹਿਬ ਹਿੰਦੂ ਸਨ ਸੋ ਉਹ ਕਾਅਬੇ ਕਿੱਥੇ ਗਏ ਹੋਣਗੇ? ਕਾਵਿ ਵਿੱਚ ਕਿਸੇ ਹੋਰ ਦੀ ਉਕਾਈ ਨੂੰ ਯਕੀਨੀ ਤੌਰ ਤੇ ਤਸੱਲੀ ਨਾਲ ਪੇਸ਼ ਕਰਨ ਦਾ ਇਹ ਇੱਕ ਢੰਗ ਹੈ ਕਿ ਅਪਣੇ ਆਪ ਨੂੰ ਉਹੀ ਕੰਮ ਕਰਦ ਹੋਏ ਜ਼ਾਹਰ ਕਰਨਾ) ਰੱਬ ਨੇ ਤਾਂ ਮੇਰੇ ਨਾਲ ਗੱਲ ਹੀ ਨਹੀਂ ਕੀਤੀ। ਮੈਂ ਕਿਹਾ ਸਾਂਈ ਜੀ ਮੇਰੇ ਕੋਲ਼ੋਂ ਕੀ ਗਲਤੀ ਹੋ ਗਈ ਹੈ ਜੋ ਤੁਸੀਂ ਗੱਲ ਹੀ ਨਹੀ ਕਰਦੇ? ਮੈਂ ਫਿਰ ਇੱਕ ਵਾਰ ਕਾਅਬੇ ਦਾ ਹੱਜ ਕਰਨ ਜਾ ਹੀ ਰਿਹਾ ਸੀ ਕਿ ਸਾਂਈ ਮੈਨੂੰ ਅੱਗੋਂ ਹੀ ਮਿਲ ਪਿਆ। ਉਹ ਤਾਂ ਭਰਾਵਾ ਮੇਰੇ ਨਾਲ ਲੜ ਹੀ ਪਿਆ। ਮੈਨੂੰ ਕਹਿੰਦਾ ਤੈਨੂੰ ਗਾਂ ਦੀ ਬਲੀ ਦੇਣ ਲਈ ਕਿਸ ਨੇ ਫ਼ੁਰਮਾਇਆ ਹੈ। ਕਬੀਰ ਸਾਹਿਬ ਕਹਿੰਦੇ ਮੈਨੂੰ ਫਿਰ ਸਮਝ ਆਈ ਕਿ ਜੋ ਕਿਸੇ ਵੀ ਜੀਵ ਨੂੰ ਮਾਰ ਕੇ ਜਾਂ ਕਿਸੇ ਤੇ ਜ਼ੁਲਮ ਕਰਕੇ ਉਸ ਨੂੰ ਹਲਾਲ ਦੱਸਦੇ ਹਨ, ਜਦੋ ਰੱਬੀ ਦਰਗਾਹ ਵਿੱਚ ਦਇਆ ਦੇ ਸੋਮੇ ਪ੍ਰਭੂ ਨੇ ਲੇਖਾ ਮੰਗਿਆ ਤਾਂ ਉਸ ਸਮੇਂ ਇਨ੍ਹਾਂ ਦਾ ਕੀ ਹਾਲ ਹੋਣਾ ਹੈ ਇਨ੍ਹਾਂ ਨੂੰ ਇਸ ਦੀ ਸਮਝ ਨਹੀ? ਭਾਵ ਕਿਸੇ ਦੀ ਕੁਰਬਾਨੀ ਦਿੱਤਿਆਂ ਗੁਨਾਹ ਬਖਸ਼ੇ ਨਹੀਂ ਜਾ ਸਕਦੇ। ਕਿਸੇ ਤੇ ਵੀ ਜ਼ੋਰ ਜ਼ੁਲਮ ਕਰਨਾ ਗੁਨਾਹ ਹੈ ਖੁਦਾ ਇਸ ਜ਼ੁਲਮ ਦਾ ਜਬਾਬ ਮੰਗਦਾ ਹੈ। ਜਦੋ ਰੱਬੀ ਦਰਗਾਹ ਵਿੱਚ ਹਿਸਾਬ ਕਿਤਾਬ ਹੋਣਾ ਹੈ ਉਸ ਸਮੇਂ ਮੂੰਹ ਦੀ ਖਾਣੀ ਪੈਣੀ ਹੈ। ਕਬੀਰ ਸਾਹਿਬ ਕਹਿੰਦੇ ਭਾਈ ਜੇ ਦਿਲ ਸੁੱਚਾ ਹੈ ਤਾਂ ਲੇਖਾ ਦੇਣਾ ਸੌਖਾ ਹੋ ਜਾਂਦਾ ਹੈ, ਫਿਰ ਉਸ ਪ੍ਰਭੂ ਦੀ ਸੱਚੀ ਕਚਹਿਰੀ ਵਿੱਚ ਕੋਈ ਰੋਕ ਟੋਕ ਨਹੀਂ ਰਹਿੰਦੀ। ਭਾਵ ਹਰ ਜੀਵ ਉੱਪਰ ਦਇਆ ਕਰਨੀ ਹੀ ਬਣਦੀ ਹੈ। ਸਾਰੇ ਜੀਵ ਪ੍ਰਭੂ ਨੇ ਆਪ ਪੈਦਾ ਕੀਤੇ ਹਨ ਸੋ ਉਸ ਨੂੰ ਤਾਂ ਸਾਰੇ ਹੀ ਪਿਆਰੇ ਹਨ। ਕਿਸੇ ਉੱਪਰ ਵੀ ਜ਼ੁਲਮ ਨੂੰ ਪ੍ਰਭੂ ਕਦੀ ਵੀ ਸਹੀ ਨਹੀ ਠਹਿਰਾਏਗਾ। “ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ ॥ ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨ੍ਹ੍ਹਿ ਫੁਰਮਾਈ ਗਾਇ ॥੧੯੭॥ ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ ॥ ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰ ॥੧੯੮॥ ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ ॥ ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ ॥੧੯੯॥ ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ ॥ ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ ॥੨੦੦॥ ਕਬੀਰ ਲੇਖਾ ਦੇਨਾ ਸੁਹੇਲਾ ਜਉ ਦਿਲ ਸੂਚੀ ਹੋਇ ॥ ਉਸੁ ਸਾਚੇ ਦੀਬਾਨ ਮਹਿ ਪਲਾ ਨ ਪਕਰੈ ਕੋਇ ॥੨੦੧॥ {ਪੰਨਾ 1375}”।
ਅਰਥਾਂ ਦਾ ਸਹੀ ਮਿਲਾਨ ਕਰੋਃ-
ਸਾਈ ——————— ਦਇਆਲੂ, ਪ੍ਰਮਾਤਮਾ
ਖਤਾ ———————- ਨਿਕਲਦਾ ਹੈ
ਜ਼ੋਰ ———————- ਦੋਸ਼
ਹਲਾਲ ——————- ਦਿਲ ਦੀ ਸੁੱਚ
ਦਈ ——————— ਸਾਂਈ
ਨੀਕਸੈ ——————- ਕਚਹਿਰੀ
ਦੀਬਾਨ ——————- ਜਾਇਜ
ਦਿਲ ਸੂਚੀ —————- ਧੱਕਾ
ਪ੍ਰਃ ੧. ਇਨਸਾਨ ਦਾ ਮਨ ਪਵਿੱਤਰ ਕਿਵੇਂ ਹੋ ਸਕਦਾ ਹੈ?
ਪ੍ਰਃ ੨. ਕੀ ਕਿਸੇ ਜੀਵ ਦੀ ਬਲੀ ਦੇ ਕੇ ਰੱਬ ਨੂੰ ਖੁਸ਼ ਕੀਤਾ ਜਾ ਸਕਦਾ ਹੈ?
ਪ੍ਰਃ ੩. ਇਸ ਸ਼ਬਦ ਅਨੁਸਾਰ ਜਦ ਰੱਬ ਜੀ ਕਬੀਰ ਸਾਹਿਬ ਨੂੰ ਮਿਲਦੇ ਹਨ ਤਾਂ ਉਹ ਨਰਾਜ ਕਿਉਂ ਹੋ ਜਾਂਦੇ ਹਨ?
ਪ੍ਰਃ ੪. ਕਿਸੇ ਵੀ ਜੀਵ ਉੱਪਰ ਜ਼ੋਰ ਜ਼ੁਲਮ ਕਰਨ ਵਾਲਿਆਂ ਦਾ ਰੱਬੀ ਦਰਗਾਹ ਵਿੱਚ ਕੀ ਹਾਲ ਹੁੰਦਾ ਹੈ?
ਪ੍ਰਃ ੫. ਰੱਬੀ ਦਰਗਾਹ ਵਿੱਚ ਬਿਨ੍ਹਾਂ ਰੋਕ ਟੋਕ ਕੌਣ ਜਾ ਸਕਦਾ ਹੈ?
ਪ੍ਰਃ ੬. ਕੀ ਕਿਸੇ ਧਾਰਮਿਕ ਸਥਾਨ ਉੱਪਰ ਦਿੱਤੀ ਬਲੀ ਕਬੂਲੀ ਜਾ ਸਕਦੀ ਹੈ?
ਪ੍ਰਃ ੭. ਇਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?
ਖਾਲੀ ਥਾਂ ਭਰੋਃ-
ੳ. ——— ਜਪਣ ਨਾਲ ਸਾਰੇ ਪਾਪਾਂ ਦੀ ਮੈਲ ਧੁੱਪ ਜਾਂਦੀ ਹੈ।
ਅ. ਕੋਈ ਵੀ ਕਰਮ ਕਰਦੇ ਸਮੇਂ ——ਸਾਫ ਹੋਣੀ ਚਾਹੀਦੀ ਹੈ।
ੲ. ਜਦੋ ਰੱਬੀ ਦਰਗਾਹ ਵਿੱਚ ————— ਹੋਣਾ ਹੈ ਉਸ ਸਮੇਂ ਮੂੰਹ ਦੀ ਖਾਣੀ ਪੈਣੀ ਹੈ।
ਸ. ਸਾਰੇ ਜੀਵ ———ਨੇ ਆਪ ਪੈਦਾ ਕੀਤੇ ਹਨ ਸੋ ਉਸ ਨੂੰ ਤਾਂ ਸਾਰੇ ਹੀ ———— ਹਨ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ