Gurmat vichaar

ਤਿਨ ਸਿਉਂ ਝਗਰਤ ਪਾਪ

ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦਾ ਵੱਡਾ ਪੁੱਤਰ ਸੀ । ਉਹ ਸੇਵਾ ਬਹੁਤ ਕਰਦਾ ਸੀ ਪਰ ਲਾਲਚੀ ਸੁਭਾਅ ਅਤੇ ਚੌਧਰ ਦਾ ਭੁੱਖਾ ਸੀ। ਜਦ ਉਸ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਅਰਜਨ ਨੂੰ ਗੁਰਿਆਈ ਦੇਣ ਜਾ ਰਹੇ ਹਨ । ਉਹ ਗੁਰੂ ਸਾਹਿਬ ਕੋਲ ਪਹੁੰਚ ਗਿਆ। ਉਹ ਗੁੱਸੇ ਨਾਲ ਭਰਿਆ ਹੋਇਆ ਸੀ। ਗੁਰੂ ਸਾਹਿਬ ਕੋਲ ਪਹੁੰਚ ਕੇ ਉਹ ਗੁਰੂ ਸਾਹਿਬ ਨਾਲ ਝਗੜਾ ਕਰਨ ਲੱਗਾ ਕਿ ਮੈਂ ਵੱਡਾ ਪੁੱਤਰ ਹਾਂ। ਦਰਬਾਰ ਸਾਹਿਬ ਦੀ ਸੇਵਾ ਦਾ ਸਾਰਾ ਪ੍ਰਬੰਧ ਮੇਰੇ ਕੋਲ ਹੈ। ਮੈਂ ਦਿਨ ਰਾਤ ਇੱਕ ਕਰ ਕੇ ਸੇਵਾ ਕਰ ਰਿਹਾ ਹਾਂ। ਗੁਰੂ ਬਣਨ ਦਾ ਹੱਕ ਮੇਰਾ ਹੈ ਤੁਸੀ ਅਰਜਨ ਨੂੰ ਗੁਰਿਆਈ ਕਿਵੇਂ ਦੇ ਸਕਦੇ ਹੋ? ਗੁਰੂ ਸਾਹਿਬ ਨੇ ਉਸ ਨੂੰ ਬਹੁਤ ਸਮਝਾਇਆ ਕਿ ਭਾਈ ਇਹ ਤਾਂ ਰੱਬੀ ਦਾਤ ਹੈ ਇਸ ਤੇ ਕਿਸੇ ਦਾ ਕੋਈ ਹੱਕ ਨਹੀਂ ਹੈ। ਪ੍ਰਭੂ ਜਿਸ ਤੇ ਮਿਹਰ ਕਰਦਾ ਹੈ ਇਹ ਉਸੇ ਨੂੰ ਮਿਲਦੀ ਹੈ। ਪਰ ਉਹ ਨਹੀਂ ਮੰਨਿਆ ਅਤੇ ਉਸ ਨੇ ਅਪਣਾ ਅਧਿਕਾਰ ਸਮਝਦੇ ਹੋਏ ਸਰਕਾਰ ਕੋਲ ਵੀ ਪਹੁੰਚ ਕੀਤੀ। ਜਦ ਉਸ ਦੀ ਕੋਈ ਪੇਸ਼ ਨਾ ਗਈ ਤਾਂ ਉਸਨੇ ਅਪਣੇ ਗੁਰੂ ਪਿਤਾ ਨਾਲ ਝੱਗੜਾ ਕਰਨਾ ਸ਼ੁਰੂ ਕਰ ਦਿੱਤਾ। ਉਸ ਸਮੇਂ ਗੁਰੂ ਸਾਹਿਬ ਨੇ ਸਮਝਾਇਆ ਹੇ ਪੁੱਤਰ! ਅਪਣੇ ਹੀ ਪਿਤਾ ਨਾਲ ਕਿਉਂ ਝਗੜਾ ਕਰਦੇ ਹੋ? ਹੇ ਪੁੱਤਰ! ਜਿਨ੍ਹਾਂ ਮਾਪਿਆਂ ਨੇ ਜੰਮਿਆ ਤੇ ਪਾਲਿਆ ਹੈ, ਉਹਨਾਂ ਨਾਲ ਧੰਨ ਦੌਲਤ ਜਾਂ ਚੌਧਰ ਖਾਤਰ ਝਗੜਾ ਕਰਨਾ ਪਾਪ ਹੈ। ਹੇ ਪੁੱਤਰ! ਜਿਸ ਧਨ ਦਾ ਤੁਸੀ ਮਾਣ ਕਰਦੇ ਹੋ, ਉਹ ਧਨ ਕਦੇ ਭੀ ਕਿਸੇ ਦਾ ਆਪਣਾ ਨਹੀਂ ਬਣਿਆ। ਹਰੇਕ ਮਨੁੱਖ ਮਾਇਆ ਦਾ ਚਸਕਾ ਅੰਤ ਵੇਲੇ ਇਕ ਖਿਨ ਵਿਚ ਹੀ ਛੱਡ ਜਾਂਦਾ ਹੈ ਜਦੋਂ ਛੱਡਦਾ ਹੈ ਤਦੋਂ ਉਸ ਨੂੰ ਛੱਡਣ ਦਾ ਸਿਰਫ ਪਛਤਾਵਾ ਹੀ ਰਹਿ ਜਾਂਦਾ ਹੈ। ਪੁੱਤਰ ਜੀ ਜਿਹੜੇ ਪ੍ਰਭੂ ਜੀ ਤੁਹਾਡੇ ਅਤੇ ਸਾਡੇ ਸਾਰਿਆਂ ਦੇ ਮਾਲਕ ਹਨ ਉਸਦਾ ਜਾਪ ਕਰੋ। ਗੁਰੂ ਸਾਹਿਬ ਨੇ ਕਿਹਾ ਰੱਬ ਦੇ ਪਿਆਰੇ ਜੋ ਤੁਹਾਨੂੰ ਸਾਨੂੰ ਉਪਦੇਸ਼ ਕਰਦੇ ਹਨ ਉਸ ਨੂੰ ਧਿਆਨ ਨਾਲ ਸੁਣ ਕੇ ਮੰਨਣ ਨਾਲ ਸਾਰੇ ਦੁੱਖ ਕਲੇਸ਼ ਦੂਰ ਹੋ ਜਾਂਦੇ ਹਨ। “ਕਾਹੇ ਪੂਤ ਝਗਰਤ ਹਉ ਸੰਗਿ ਬਾਪ ॥ ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ੧॥ ਰਹਾਉ ॥ ਜਿਸੁ ਧਨ ਕਾ ਤੁਮ ਗਰਬੁ ਕਰਤ ਹਉ ਸੋ ਧਨੁ ਕਿਸਹਿ ਨ ਆਪ ॥ ਖਿਨ ਮਹਿ ਛੋਡਿ ਜਾਇ ਬਿਖਿਆ ਰਸੁ ਤਉ ਲਾਗੈ ਪਛੁਤਾਪ ॥੧॥ ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰਿ ਤਿਨ ਕੇ ਜਾਪਹੁ ਜਾਪ ॥ ਉਪਦੇਸੁ ਕਰਤ ਨਾਨਕ ਜਨ ਤੁਮ ਕਉ ਜਉ ਸੁਨਹੁ ਤਉ ਜਾਇ ਸੰਤਾਪ ॥੨॥੧॥੭॥ {ਪੰਨਾ 1200}” ਇਹ ਉਪਦੇਸ਼ ਉਸ ਸਮੇਂ ਗੁਰੂ ਸਾਹਿਬ ਨੇ ਅਪਣੇ ਵੱਡੇ ਪੁਤਰ ਪ੍ਰਿਥੀ ਚੰਦ ਨੂੰ ਦਿੱਤਾ ਸੀ। ਹੁਣ ਇਹੀ ਉਪਦੇਸ਼ ਸਾਡੇ ਸਭ ਲਈ ਹੈ। ਅਗਰ ਆਪਾਂ ਗੁਰਬਾਣੀ ਨੂੰ ਗੁਰੂ ਮੰਨਦੇ ਹਾਂ ਤਾਂ ਫਿਰ ਆਪਾਂ ਅਪਣੇ ਮਾਤਾ-ਪਿਤਾ ਨਾਲ ਝਗੜਾ ਕਿਸ ਤਰ੍ਹਾਂ ਕਰ ਸਕਦੇ ਹਾਂ? ਨਹੀ ਕਰ ਸਕਦੇ, ਬਲਕਿ ਉਨ੍ਹਾਂ ਦਾ ਸਤਿਕਾਰ ਕਰਨਾ ਬਣਦਾ ਹੈ।
ਸਹੀ ਅਰਥਾਂ ਦਾ ਮਿਲਾਨ ਕਰੋਃ-
ਪੂਤ ——————— ਵੱਡੇ ਹੋਏ
ਜਣੇ ——————— ਨਾਲ
ਸੰਗਿ ——————- ਦੁੱਖ-ਕਲੇਸ਼
ਬਡੀਰੇ ——————- ਪੁੱਤਰ
ਗਰਬੁ ——————- ਜੰਮੇ ਹੋਏ
ਸੰਤਾਪ ——————- ਹੰਕਾਰ
ਪ੍ਰਃ ੧. ਪ੍ਰਿਥੀ ਚੰਦ ਕੌਣ ਸੀ?
ਪ੍ਰਃ ੨. ਪ੍ਰਿਥੀ ਚੰਦ ਅਪਣੇ ਪਿਤਾ ਨਾਲ ਕਿਉਂ ਝੱਗੜਦਾ ਸੀ?
ਪ੍ਰਃ ੩. ਗੁਰੂ ਅਰਜਨ ਦੇਵ ਜੀ ਦਾ ਪ੍ਰਿਥੀ ਚੰਦ ਨਾਲ ਕੀ ਰਿਸ਼ਤਾ ਸੀ?
ਪ੍ਰਃ ੪. ਗੁਰੂ ਸਾਹਿਬ ਨੇ ਪੁੱਤਰ ਨੂੰ ਪਿਤਾ ਨਾਲ ਨਾ ਝਗੜਨ ਬਾਰੇ ਕੀ ਉਪਦੇਸ਼ ਦਿੱਤਾ ਹੈ?
ਪ੍ਰਃ ੫. ਰੱਬ ਦੇ ਪਿਆਰਿਆਂ ਦੇ ਉਪਦੇਸ਼ ਬਾਰੇ ਗੁਰੂ ਸਾਹਿਬ ਕੀ ਫੁਰਮਾਨ ਕਰਦੇ ਹਨ?
ਪ੍ਰਃ ੬. ਸਾਨੂੰ ਇਸ ਤੋਂ ਕੀ ਸਿੱਖਿਆ ਮਿਲਦੀ ਹੈ ?

ਖਾਲੀ ਥਾਵਾ ਭਰੋਃ
ੳ. ਪ੍ਰਿਥੀ ਚੰਦ ਨੇ ਕਿਹਾ ਗੁਰੂ ਬਣਨ ਦਾ ———- ਮੇਰਾ ਹੈ।
ਅ. ਜਿਨ੍ਹਾਂ ———— ਨੇ ਜੰਮਿਆ ਤੇ ਪਾਲਿਆ ਹੈ, ਉਹਨਾਂ ਨਾਲ ਧੰਨ ਦੌਲਤ ਜਾਂ ਚੌਧਰ ਖਾਤਰ ਝਗੜਾ ਕਰਨਾ ——-ਹੈ।
ੲ. ਰੱਬ ਦੇ ਪਿਆਰੇ ਜੋ ———ਕਰਦੇ ਹਨ ਉਸ ਨੂੰ ਧਿਆਨ ਨਾਲ ਸੁਣ ਕੇ ਮੰਨਣ ਨਾਲ ਸਾਰੇ——— ਦੂਰ ਹੋ ਜਾਂਦੇ ਹਨ।
ਸ. ਸਾਨੂੰ ਅਪਣੇ ਮਾਤਾ-ਪਿਤਾ ਨਾਲ ————- ਨਹੀ ਕਰਨਾ ਚਾਹੀਦਾ।

ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫੋਨ ੬੪੭੭੭੧੪੯੩੨

Leave a Reply

Your email address will not be published. Required fields are marked *