ਮੁਕਤਿ ਦੁਆਰਾ
ਕਿਸੇ ਜਗ੍ਹਾ ਕੁਝ ਰੱਬ ਪ੍ਰਸਤ ਬੰਦੇ ਬੈਠੇ ਚਰਚਾ ਕਰ ਰਹੇ ਸਨ ਕਿ ਵਿਕਾਰਾਂ ਤੋਂ ਮੁਕਤੀ ਕਿਸ ਤਰਾਂ ਮਿਲ ਸਕਦੀ ਹੈ। ਹਰ ਕੋਈ ਅਪਣੇ ਅਪਣੇ ਵਿਚਾਰ ਪੇਸ਼ ਕਰ ਰਿਹਾ ਸੀ। ਇਤਨੇ ਨੂੰ ਕਬੀਰ ਸਾਹਿਬ ਵੀ ਉਸ ਸਥਾਨ ਤੇ ਪਹੁੰਚ ਗਏ। ਸਾਰੇ ਕਹਿਣ ਲੱਗੇ ਲਓ ਜੀ ਹੁਣ ਆਪਾਂ ਨੂੰ ਸਹੀ ਉੱਤਰ ਮਿਲ ਸਕੇਗਾ। ਜਦ ਕਬੀਰ ਸਾਹਿਬ ਬੈਠ ਗਏ ਤਾਂ ਇਕ ਸੱਜਣ ਨੇ ਸੁਆਲ ਕਰ ਦਿੱਤਾ। ਕਬੀਰ ਸਾਹਿਬ ਮੁਕਤ ਦੁਆਰ ਬਾਰੇ ਖੁੱਲ ਕੇ ਚਾਨਣਾ ਪਾਉਣ ਦੀ ਕ੍ਰਿਪਾਲਤਾ ਕਰਨੀ ਜੀ। ਕਬੀਰ ਸਾਹਿਬ ਨੇ ਕਿਹਾ ਭਾਈ ਮਾਇਆ ਦੇ ਮੋਹ ਤੋਂ ਖ਼ਲਾਸੀ ਪਾਉਣਾ ਹੀ ਮੁਕਤੀ ਹੈ। ਇਸ ਮਾਇਆ ਦੇ ਮੋਹ ਦਾ ਦਰਵਾਜ਼ਾ ਇਤਨਾ ਸੁੰਗੜਿਆ ਹੋਇਆ ਹੈ ਕਿ ਰਾਈ ਦੇ ਦਾਣੇ ਤੋਂ ਭੀ ਦਸਵਾਂ ਹਿੱਸਾ ਹੈ; ਪਰ ਸਾਡਾ ਮਨ ਹਉਮੈ ਨਾਲ ਮਸਤ ਹਾਥੀ ਬਣਿਆ ਪਿਆ ਹੈ ਇਸ ਵਿਚੋਂ ਕਿਵੇਂ ਲੰਘਿਆ ਜਾ ਸਕੇ? ਭਾਵ ਇਨਸਾਨ ਦੇ ਵੱਸ ਨਹੀ ਉਹ ਇਸ ਵਿੱਚੋਂ ਨਿਕਲ ਸਕੇ। ਜੇ ਕੋਈ ਪੂਰਾ ਗੁਰੂ ਮਿਲ ਪਏ ਅਤੇ ਉਹ ਪ੍ਰਸੰਨ ਹੋ ਕੇ ਸਾਡੇ ਉਤੇ ਕਿਰਪਾ ਕਰ ਦਏ, ਤਾਂ ਮੁਕਤੀ ਦਾ ਰਾਹ ਬੜਾ ਖੁਲ੍ਹਾ ਹੋ ਜਾਂਦਾ ਹੈ, ਉਸ ਵਿਚੋਂ ਸੌਖੇ ਹੀ ਆ ਜਾ ਸਕੀਦਾ ਹੈ। “ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ ॥ ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ ॥ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥ ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੧॥ {ਪੰਨਾ 509}”
ਅਰਥਾਂ ਦਾ ਸਹੀ ਮਿਲਾਨ ਕਰੋਃ-
ਸੰਕੁੜਾ ————- ਖੁੱਲਾ
ਮੈਗਲੁ ————- ਸੌੜਾ
ਰਾਈ ————— ਆਰਾਮ ਨਾਲ
ਨਿਕਸਿਆ ———— ਸਰੋਂ ਤੇ ਵੀ ਬਰੀਕ ਦਾਣਾ
ਮੋਕਲਾ —————- ਹਾਥੀ
ਸਹਜੇ —————- ਨਿਕਲਿਆ
ਪ੍ਃ ੧. ਮੁਕਤੀ ਦਾ ਦੁਆਰ ਸੰਕੁੜਾ ਕਦੋਂ ਹੁੰਦਾ ਹੈ?
ਪ੍ਰਃ ੨. ਜਦ ਮਨ ਹਾਥੀ ਵਾਂਗ ਹੰਕਾਰ ਵਿੱਚ ਮਸਤ ਹੋਵੇ ਤਾਂ ਉਸ ਸਮੇਂ ਮੁਕਤ ਦੁਆਰੇ ਦਾ ਕੀ ਨਾਪ ਹੁੰਦਾ ਹੈ?
ਪ੍ਰਃ ੩. ਮੁਕਤ ਦੁਆਰ ਤੋ ਸੌਖਿਆਂ ਕਿਸ ਤਰ੍ਹਾਂ ਲੰਘਿਆ ਜਾ ਸਕਦਾ ਹੈ?
ਪ੍ਰਃ ੪. ਕਬੀਰ ਸਾਹਿਬ ਨੇ ਹੰਕਾਰ ਦੀ ਤੁਲਨਾ ਇਸ ਸ਼ਬਦ ਵਿੱਚ ਕਿਸ ਨਾਲ ਕੀਤੀ ਹੈ।
ਖਾਲੀ ਥਾਂ ਭਰੋਃ-
ੳ. ਸਾਰੇ ਕਹਿਣ ਲੱਗੇ ਲਓ ਜੀ ਹੁਣ ਆਪਾਂ ਨੂੰ ਸਹੀ ———ਮਿਲ ਸਕੇਗਾ।
ਅ. ਕਬੀਰ ਸਾਹਿਬ ਨੇ ਕਿਹਾ ਭਾਈ ————-ਦੇ ਮੋਹ ਤੋਂ ਖ਼ਲਾਸੀ ਪਾਉਣਾ ਹੀ ਮੁਕਤੀ ਹੈ।
ੲ. ਮਾਇਆ ਦੇ ਮੋਹ ਦਾ ਦਰਵਾਜ਼ਾ ਇਤਨਾ ——ਹੋਇਆ ਹੈ ਕਿ ਰਾਈ ਦੇ ਦਾਣੇ ਤੋਂ ਭੀ———- ਹਿੱਸਾ ਹੈ।
ਸ. ਇਨਸਾਨ ਦੇ ———-ਨਹੀ ਉਹ ਇਸ ਵਿੱਚੋਂ ਨਿਕਲ ਸਕੇ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।