Gurmat vichaar

ਕਾਰੀ ਕਢੀ ਕਿਆ ਥੀਏ

ਇਕ ਵਾਰ ਗੁਰੂ ਸਾਹਿਬ ਮਰਦਾਨੇ ਸਮੇਤ ਕਿਸੇ ਨਦੀ ਦੇ ਕਿਨਾਰੇ ਬੈਠੇ ਸਨ। ਮਰਦਾਨਾ ਜੀ ਕਹਿਣ ਲੱਗੇ ਗੁਰੂ ਸਾਹਿਬ ਭੁੱਖ ਲੱਗੀ ਹੈ। ਮੇਰੇ ਕੋਲ ਕੁਝ ਕੱਚੇ ਚਾਵਲ ਹਨ ਆਪਾਂ ਨੂੰ ਜੇ ਅੱਗ ਮਿਲ ਜਾਏ ਤਾਂ ਆਪਾਂ ਇਹ ਬਣਾ ਕੇ ਖਾ ਸਕਦੇ ਹਾਂ। ਗੁਰੂ ਸਾਹਿਬ ਦਾ ਧਿਆਨ ਇੱਕ ਵੈਸ਼ਨੂੰ ਸਾਧ ਵੱਲ ਗਿਆ ਜੋ ਨਦੀ ਤੋਂ ਇਸ਼ਨਾਨ ਕਰਕੇ ਆਇਆ ਸੀ। ਉਸ ਨੇ ਪਹਿਲਾਂ ਗਾਂ ਦੇ ਗੋਬਰ ਨਾਲ ਚੌਂਕਾ ਸੁੱਚਾ ਕੀਤਾ। ਫਿਰ ਉਸ ਚੌਕੇ ਦੁਆਲੇ ਇੱਕ ਲੀਕ ਖਿੱਚੀ ਅਤੇ ਚੌਕੇ ਅੰਦਰ ਅੱਗ ਬਾਲ ਕੇ ਕੁਝ ਪਕਾਉਣ ਲੱਗ ਪਿਆ। ਗੁਰੂ ਸਾਹਿਬ ਨੇ ਮਰਦਾਨੇ ਨੂੰ ਕਿਹਾ ਉਸ ਵੈਸ਼ਨੋ ਸਾਧ ਕੋਲ਼ੋਂ ਅੱਗ ਲੈ ਆਉ ਅਤੇ ਅਪਣੇ ਚੌਲ ਬਣਾ ਲਓ। ਮਰਦਾਨਾ ਅੱਗ ਲੈਣ ਲਈ ਸਿੱਧਾ ਚੌਕੇ ਦੇ ਅੰਦਰ ਵੜ ਗਿਆ। ਸਾਧ ਦੇਖਦੇ ਹੀ ਅੱਗ ਬਬੂਲਾ ਹੋ ਗਿਆ ਅਤੇ ਭਾਈ ਮਰਦਾਨੇ ਦੇ ਮਗਰ ਬਲਦਾ ਚੋ ਲੈ ਕੇ ਮਾਰਨ ਲਈ ਭੱਜਿਆ। ਮਰਦਾਨ ਦੌੜ ਕੇ ਗੁਰੂ ਸਾਹਿਬ ਕੋਲ ਪਹੁੰਚ ਗਿਆ। ਗੁਰੂ ਸਾਹਿਬ ਨੇ ਸਾਧ ਨੂੰ ਪੁੱਛਿਆ, ਭਾਈ ਕੀ ਹੋ ਗਿਆ। ਸਾਧ ਨੇ ਕਿਹਾ ਇਹ ਸ਼ੂਦਰ ਹੈ। ਮੈ ਅਪਣੇ ਭਗਵਾਨ ਲਈ ਲੰਗਰ ਤਿਆਰ ਕਰ ਰਿਹਾ ਸੀ। ਇਸ ਨੇ ਚੌਕੇ ਅੰਦਰ ਆ ਕੇ ਸਾਰਾ ਲੰਗਰ ਭਿੱਟ ਦਿੱਤਾ ਹੈ। ਮੈਂ ਇਸ ਨੂੰ ਮੁਆਫ਼ੀ ਨਹੀਂ ਕਰ ਸਕਦਾ। ਗੁਰੂ ਸਾਹਿਬ ਨੇ ਸਾਧ ਨੂੰ ਥੋੜਾ ਸ਼ਾਂਤ ਕੀਤਾ ਅਤੇ ਕਿਹਾ ਭਾਈ ਤੂੰ ਇਸ ਤੇ ਕੁਝ ਤਰਸ ਕਰ। ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ। ਭੈੜੀ ਮਤ ਮਨੁੱਖ ਦੇ ਅੰਦਰ ਦੀ ਮਿਰਾਸਣ ਹੈ, ਬੇ-ਤਰਸੀ ਕਸਾਇਣ ਹੈ, ਪਰਾਈ ਨਿੰਦਿਆ ਅੰਦਰ ਦੀ ਚੂਹੜੀ ਹੈ, ਤੇ ਕ੍ਰੋਧ ਚੰਡਾਲਣੀ ਹੈ ਜਿਸ ਨੇ ਜੀਵ ਦੇ ਸ਼ਾਂਤ ਸੁਭਾਉ ਨੂੰ ਠੱਗ ਰੱਖਿਆ ਹੈ। ਜੇ ਇਹ ਚਾਰੇ ਅੰਦਰ ਹੀ ਬੈਠੀਆਂ ਹੋਣ, ਤਾਂ ਬਾਹਰ ਚੌਂਕਾ ਸੁੱਚਾ ਰੱਖਣ ਲਈ ਲਕੀਰਾਂ ਕੱਢਣ ਦਾ ਕੀਹ ਲਾਭ? ਗੁਰੂ ਸਾਹਿਬ ਨੇ ਕਿਹਾ ! ਜੋ ਮਨੁੱਖ ‘ਸੱਚ’ ਨੂੰ ਚੌਂਕਾ ਸੁੱਚਾ ਕਰਨ ਦੀ ਜੁਗਤਿ ਬਣਾਂਦੇ ਹਨ, ਉੱਚੇ ਆਚਰਨ ਨੂੰ ਚੌਂਕੇ ਦੀਆਂ ਲਕੀਰਾਂ ਬਣਾਂਦੇ ਹਨ, ਜੋ ਨਾਮ ਜਪਦੇ ਹਨ ਤੇ ਇਸ ਨੂੰ ਤੀਰਥ ਇਸ਼ਨਾਨ ਸਮਝਦੇ ਹਨ, ਜੋ ਹੋਰਨਾਂ ਨੂੰ ਭੀ ਪਾਪਾਂ ਵਾਲੀ ਸਿੱਖਿਆ ਨਹੀਂ ਦੇਂਦੇ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਗਿਣੇ ਜਾਂਦੇ ਹਨ। “ਸਲੋਕ ਮਃ ੧ ॥ ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥ ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥ ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥ ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥੧॥ {ਪੰਨਾ 91}” ਇਸ ਤਰ੍ਹਾਂ ਗੁਰੂ ਸਾਹਿਬ ਨੇ ਸਾਧ ਨੂੰ ਸ਼ਾਂਤ ਕਰ ਦਿੱਤਾ।
ਅਰਥਾਂ ਦੀ ਸਹੀ ਮਿਲਾਨ ਕਰੋਃ-
ਕੁਬੁਧਿ ————- ਗੁੱਸਾ
ਡੂਮਣੀ ———— ਭੈੜੀ ਮੱਤ
ਕ੍ਰੋਧ ————— ਬੇ-ਤਰਸੀ
ਕੁਦਇਆ ——— ਮਿਰਾਸਣ
ਕਾਰੀ ————- ਸਿੱਖਿਆ
ਪੰਦਿ ————— ਲਕੀਰ

ਪ੍ਰਃ ੧. ਗੁਰੂ ਸਾਹਿਬ ਕਿਹੜੇ ਚਾਰ ਔਗੁਣਾਂ ਦੀ ਗੱਲ ਕਰ ਰਹੇ ਹਨ?
ਪ੍ਰਃ ੨. ਗੁਰੂ ਸਾਹਿਬ ਨੇ ਅੱਗ ਲੈਣ ਲਈ ਭਾਈ ਮਰਦਾਨੇ ਨੂੰ ਕਿਸ ਕੋਲ ਭੇਜਿਆ ਸੀ?
ਪ੍ਰਃ ੩. ਜਦ ਭਾਈ ਮਰਦਾਨਾ ਅੱਗ ਲੈਣ ਗਿਆ ਤਾਂ ਸਾਧ ਨੇ ਭਾਈ ਸਾਹਿਬ ਨਾਲ ਕਿਸ ਤਰ੍ਹਾਂ ਦਾ ਵਰਤਾਉ ਕੀਤਾ ਸੀ?
ਪ੍ਰਃ ੪. ਪ੍ਰਭੂ ਦੀ ਹਜ਼ੂਰੀ ਕਿਹੜੇ ਮਨੁੱਖ ਚੰਗੇ ਗਿਣੇ ਜਾਂਦੇ ਹਨ?
ਪ੍ਰਃ ੫. ਸਾਨੂੰ ਇਸ ਸਾਖੀ ਤੋਂ ਕੀ ਸਿੱਖਿਆ ਮਿਲਦੀ ਹੈ?

ਸਹੀ ਤੇ (✅) ਅਤੇ ਗਲਤ ਤੇ (❌) ਨਿਸ਼ਾਨ ਲਗਾਓ
੧. ਸਾਧ ਨੇ ਮਰਦਾਨੇ ਨੂੰ ਸਤਿਕਾਰ ਸਹਿਤ ਅੱਗ ਦਿੱਤੀ ਸੀ।
੨.ਸਾਧ ਨੇ ਮਰਦਾਨੇ ਅਤੇ ਗੁਰੂ ਸਾਹਿਬ ਨੂੰ ਲੰਗਰ ਛਕਾਇਆ।
੩. ਗੁਰੂ ਸਾਹਿਬ ਨੇ ਮਰਦਾਨੇ ਨੂੰ ਅੱਗ ਲੈਣ ਲਈ ਭੇਜਿਆ।
੪. ਗੁਰੂ ਸਾਹਿਬ ਨੇ ਸਾਧ ਨੂੰ ਸਮਝਾ ਕੇ ਸ਼ਾਂਤ ਕਰ ਦਿੱਤਾ ਸੀ।

ਖਾਲੀ ਥਾਂ ਭਰੋਃ-
ੳ. ਗੁਰੂ ਸਾਹਿਬ ਦਾ ਧਿਆਨ ਇੱਕ ——— ਸਾਧ ਵੱਲ ਗਿਆ।
ਅ. ਉਸ ਨੇ ਪਹਿਲਾਂ ਗਾਂ ਦੇ ———- ਨਾਲ ਚੌਂਕਾ ਸੁੱਚਾ ਕੀਤਾ।
ੲ ਮਰਦਾਨਾ ਅੱਗ ਲੈਣ ਲਈ ਸਿੱਧਾ ———- ਦੇ ਅੰਦਰ ਵੜ ਗਿਆ।
ਸ. ਸਾਧ ਦੇਖਦੇ ਹੀ ਅੱਗ ———- ਹੋ ਗਿਆ।

ਬਲਵਿੰਦਰ ਸਿੰਘ ਮੁਲਤਾਨੀ
ਬਰੈਪਟਨ, ਕਨੇਡਾ।
ਫੋਨ – ੬੪੭੭੭੧੪੯੩੨

Leave a Reply

Your email address will not be published. Required fields are marked *