ਨਾਂ ਮਾਰੀ! ਨਾਂ ਮਾਰੀ! ਮਾਂ
ਨਾਂ ਮਾਰੀ! ਨਾਂ ਮਾਰੀ! ਮਾਂ, ਮੈਂ ਆਉਣਾ ਚਾਹੁੰਦੀ ਹਾਂ।
ਵਿੱਚ ਦੁਨੀਆ ਦੇ ਆ ਕੇ, ਫਰਜ ਨਿਬਾਉਣਾ ਚਾਹੁੰਦੀ ਹਾਂ।
ਗੋਦ ਤੇਰੀ ਵਿੱਚ ਪੈ ਕੇ, ਸਿਰ ਉਠਾਉਣਾ ਚਾਹੁੰਦੀ ਹਾਂ।
ਇੱਜਤ ਅਪਣੇ ਮਾਂ ਪਿਉ ਦੀ, ਵਧਾਉਣਾ ਚਾਹੁਦੀ ਹਾਂ।
ਸਕੂਲ ਕਾਲਜ ਚ ਪੜ ਕੇ, ਅਹੁਦਾ ਪਾਉਣਾ ਚਾਹੁੰਦੀ ਹਾਂ।
ਦੁਨੀਆ ਦੇ ਸਮਾਜ ਨੂੰ, ਕੁਝ ਸਿਖਾਉਣਾ ਚਾਹੁੰਦੀ ਹਾਂ।
ਸਹੇਲੀਆਂ ਦੇ ਨਾਲ ਰੱਲ ਕੇ, ਮਾਂ ਮੈਂ ਟੱਪਣਾ ਚਾਹੁੰਦੀ ਹਾਂ।
ਤ੍ਰਿੰਞਣਾਂ ਦੇ ਵਿੱਚ ਬਹਿ ਕੇ ਮਾਂ, ਮੈਂ ਕੱਤਣਾ ਚਾਹੁੰਦੀ ਹਾਂ।
ਨਾਂ ਮਾਰੀ! ਨਾਂ ਮਾਰੀ! ਮਾਂ, ਮੈਂ ਆਉਣਾ ਚਾਹੁੰਦੀ ਹਾਂ।
ਵਿੱਚ ਦੁਨੀਆ ਦੇ ਆ ਕੇ, ਫਰਜ ਨਿਬਾਉਣਾ ਚਾਹੁੰਦੀ ਹਾਂ।
ਮੈਨੂੰ ਪਤਾ ਏ ਮਾਂ! ਇਸ ਦੁਨੀਆ ਚ ਮੈਨੂੰ ਰੁਲਣਾ ਪੈਣਾ ਏ।
ਮੈਨੂੰ ਪਤਾ ਏ ਮਾਂ! ਇਸ ਦੁਨੀਆ ਚ ਮੈਨੂੰ ਘੁਲਣਾ ਪੈਣਾ ਏ।
ਮੈਨੂੰ ਪਤਾ ਏ ਮਾਂ! ਮੈਨੂੰ ਦਾਜ ਦੀ ਖ਼ਾਤਰ ਜਲਣਾ ਪੈ ਸਕਦੈ।
ਮੈਨੂੰ ਪਤਾ ਏ ਮਾਂ! ਤੈਨੂੰ ਇਹ ਦੁਖੜਾ ਵੀ ਝੱਲਣਾ ਪੈ ਸਕਦੈ।
ਮੈਨੂੰ ਪਤਾ ਏ ਮਾਂ! ਅਪਣੇ ਪਤੀ ਨਾਲ ਵੀ ਖੜਨਾ ਪੈ ਸਕਦੈ।
ਮੈਨੂੰ ਪਤਾ ਏ ਮਾਂ! ਕਿਤੇ ਸਹੁਰੇ ਘਰ ਵੀ ਅੜਨਾ ਪੈ ਸਕਦੈ।
ਫਿਰ ਵੀ ਦੁਨੀਆ ਦੇ ਵਿੱਚ ਆ ਕੇ, ਮੈਂ ਦਿਖਲਾਉਣਾ ਚਾਹੁੰਦੀ ਹਾਂ।
ਨਾਂ ਮਾਰੀ! ਨਾਂ ਮਾਰੀ! ਮਾਂ, ਮੈਂ ਆਉਣਾ ਚਾਹੁੰਦੀ ਹਾਂ।
ਵਿੱਚ ਦੁਨੀਆ ਦੇ ਆ ਕੇ, ਫਰਜ ਨਿਬਾਉਣਾ ਚਾਹੁੰਦੀ ਹਾਂ।
ਆਉਣ ਤੋਂ ਪਹਿਲਾ ਮਾਂ ਤੇਰੇ ਨਾਲ, ਵਾਅਦਾ ਕਰਾਂਗੀ ਮੈਂ।
ਸੱਸ ਸਹੁਰੇ ਤੇ ਪਤੀ ਦੇ ਮਨ ਚ ਪਿਆਰ ਹੀ ਭਰਾਂਗੀ ਮੈਂ।
ਇੱਜਤ ਅਪਣੇ ਮਾਂ ਪਿਉ ਦੀ ਹੋਰ ਉੱਚੀ ਕਰਾਂਗੀ ਮੈਂ।
ਗੁਰੂ ਨਾਨਕ ਦੀ ਬਾਣੀ ਪੜ੍ਹ ਕੇ, ਅਮਲ ਵੀ ਕਰਾਂਗੀ ਮੈਂ।
ਨਿਵਣ ਸੁ ਅੱਖਰ ਖਵਣ ਗੁਣ ਮਨ ਅੰਦਰ ਧਰਾਂਗੀ ਮੈਂ।
ਜਿਹਵਾ ਮਣੀਆਂ ਮੰਤ ਨੂੰ ਮੈਂ , ਅਪਣਾਉਣਾ ਚਾਹੁੰਦੀ ਹਾਂ
ਨਾਂ ਮਾਰੀ! ਨਾਂ ਮਾਰੀ! ਮਾਂ, ਮੈਂ ਆਉਣਾ ਚਾਹੁੰਦੀ ਹਾਂ।
ਵਿੱਚ ਦੁਨੀਆ ਦੇ ਆ ਕੇ, ਫਰਜ ਨਿਬਾਉਣਾ ਚਾਹੁੰਦੀ ਹਾਂ।
ਗੋਬਿੰਦ ਸਿੰਘ ਦੀ ਬੱਚੀ, ਮੈਂ ਅਖਵਾਉਣਾ ਚਾਹੁੰਦੀ ਹਾਂ।
ਸਾਹਿਬ ਕੌਰ ਦੀ ਝੋਲੀ, ਮੈਂ ਅਪਨਾਉਣਾ ਚਾਹੁੰਦੀ ਹਾਂ।
ਆਨੰਦਪੁਰ ਦੀ ਵਾਸੀ, ਮੈਂ ਅਖਵਾਉਣਾ ਚਾਹੁੰਦੀ ਹਾਂ।
ਸਿੱਖੀ ਨੂੰ ਅਪਣਾ ਕੇ ਖ਼ੁਦ, ਮੈਂ ਫੈਲਾਉਣਾ ਚਾਹੁੰਦੀ ਹਾਂ।
ਰਾਮਦਾਸ ਦੇ ਮੰਦਰ ਵਿੱਚ, ਮੈਂ ਗਾਉਣਾ ਚਾਹੁੰਦੀ ਹਾਂ।
ਭਾਗ ਕੌਰ ਦੇ ਵਾਂਗ, ਜ਼ੁਲਮ ਮਿਟਾਉਣਾ ਚਾਹੁੰਦੀ ਹਾਂ।
ਧੀ ਮੁਲਤਾਨੀ ਬਣ ਕੇ, ਖ਼ੁਸ਼ੀ ਮੈਂ ਪਾਉਣਾ ਚਾਹੁੰਦੀ ਹਾਂ।
ਨਾਂ ਮਾਰੀ! ਨਾਂ ਮਾਰੀ! ਮਾਂ, ਮੈਂ ਆਉਣਾ ਚਾਹੁੰਦੀ ਹਾਂ।
ਵਿੱਚ ਦੁਨੀਆ ਦੇ ਆ ਕੇ, ਫਰਜ ਨਿਬਾਉਣਾ ਚਾਹੁੰਦੀ ਹਾਂ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ ਕਨੇਡਾ।