ਸਾਖੀ ਪੰਜਾ ਸਾਹਿਬ
ਹਸਨ ਅਬਦਾਲ ਗੁਰੂ ਨਾਨਕ ਜਦ ਪਹੁੰਚ ਜਾਂਦੈ।
ਡਾਢੀ ਪਿਆਸ ਨਾਲ ਮਰਦਾਨਾ ਘਬਰਾ ਜਾਂਦੈ।
ਕਹਿੰਦਾ ਗੁਰੂ ਜੀ ਪਿਆਸ ਹੈ ਬਹੁਤ ਭਾਰੀ।
ਜਲ ਛਕਾਓ ਕਿਤੋ ਵਰਣਾਂ ਮੇਰੀ ਮੱਤ ਮਾਰੀ।
ਵਲੀ ਕੰਧਾਰੀ ਵੱਲ ਗੁਰਾਂ ਉਸ ਭੇਜ ਦਿੱਤੈ।
ਅੱਗੋਂ ਵਲੀ ਨੇ ਨਹੀਂ ਕਿਛ ਉਸ ਭੇਦ ਦਿਤੈ।
ਗੁਰਾਂ ਦੂਜੀ ਤੇ ਵਾਰ ਤੀਜੀ ਭੇਜ ਦਿਤੈ।
ਤੀਜੀ ਵਾਰ ਵਲੀ ਖਾਲ਼ੀ ਜਦ ਮੋੜ ਦਿਤੈ।
ਥੱਕ ਟੁੱਟ ਕੇ ਮਰਦਾਨਾ ਜਦ ਬੈਠ ਜਾਂਦੈ।
ਹੁਕਮ ਗੁਰਾਂ ਦਾ ਅਗਲਾ ਫਿਰ ਵਰਤ ਜਾਂਦੈ।
ਹੁਕਮ ਮੰਨ ਮਰਦਾਨੇ ਪੱਥਰ ਚੁੱਕਿਆਂ ਸੀ।
ਝਰਨਾ ਪਾਣੀ ਦਾ ਉੱਥੋਂ ਫਿਰ ਫੁੱਟਿਆ ਸੀ।
ਉਧਰ ਵਲੀ ਨੇ ਖੂਹ ਅੰਦਰ ਝਾਤ ਮਾਰੀ।
ਸਤ੍ਹਾ ਪਾਣੀ ਦੀ ਥੱਲੇ ਸੀ ਗਈ ਸਾਰੀ।
ਵਲੀ ਨੇ ਪੱਥਰ ਸੀ ਉੱਪਰੋਂ ਰੋੜ ਦਿੱਤਾ।
ਗੁਰਾਂ ਹੱਸ ਕੇ ਪੰਜੇ ਨਾਲ ਹੋੜ ਦਿੱਤਾ।
ਸਭ ਕੁਝ ਅੱਖਾਂ ਨਾਲ ਵਲੀ ਜਦ ਦੇਖਦਾ ਏ।
ਫਿਰ ਮੱਥਾ ਗੁਰਾਂ ਦੇ ਚਰਨੀਂ ਉਹ ਟੇਕਦਾ ਏ।
ਆਉ ਆਪਾਂ ਵੀ ਹੰਕਾਰ ਅੱਜ ਛੱਡ ਕੇ ਤੇ,
ਵੰਡ ਛੱਕਣ ਦੀ ਆਦਤ ਅਪਣਾ ਲਈਏ।
ਢੇਰੀ ਧਾਉਣ ਦੀ ਆਦਤ ਨੂੰ ਛੱਡ ਕੇ ਤੇ,
ਹਿੰਮਤ ਕਰਨ ਦੀ ਆਦਤ ਅਪਣਾ ਲਈਏ।
ਮੁਲਤਾਨੀ ਹਿੰਮਤ ਜਟਾਉਣ ਦੀ ਪਾ ਆਦਤ,
ਕਰਾਮਾਤ ਫਿਰ ਦਾਤਾ ਵਰਤਾ ਜਾਂਦੈ।
ਹਸਨ ਅਬਦਾਲ ਗੁਰੂ ਨਾਨਕ ਜਦ ਪਹੁੰਚ ਜਾਂਦੈ।
ਡਾਢੀ ਪਿਆਸ ਨਾਲ ਮਰਦਾਨਾ ਘਬਰਾ ਜਾਂਦੈ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।