ਖਾਲਸੇ ਦਾ ਸਾਜਨਾ ਦਿਵਸ
ਦਿਨ ਵਿਸਾਖੀ ਦਾ ਇੱਕ, ਸੀ ਆਇਆ ,
ਇਕੱਠ ਦਸਵੇਂ ਗੁਰਾਂ ਨੇ, ਸੀ ਬੁਲਾਇਆ।
ਅਨੰਦ ਪੁਰੀ ਚ ਅਨੰਦ ਵਰਤਾਵਣਾ ਸੀ,
ਤਾਂਹਿਓ ਤੰਬੂ ਮੈਦਾਨ ਵਿੱਚ, ਸੀ ਲਾਇਆ।
ਤੇਗ ਕੱਢ ਮਿਆਨੋ ਸੀ ਆਵਾਜ਼, ਮਾਰੀ,
ਕਹਿੰਦੇ ਸੀਸ ਹੈ ਅੱਜ ਮੈਂ ਇੱਕ ਚਾਇਆ।
ਦਇਆ ਰਾਮ ਨੇ ਸਭ ਤੋਂ ਪਹਿਲ ਕੀਤੀ,
ਕਹਿੰਦਾ ਦਾਤਾ! ਕੁਝ ਮੈਂ ਨਹੀਂ , ਛੁਪਾਇਆ।
ਧਰਮ ਅਤੇ ਹਿੰਮਤ ਨੇ ਫਿਰ ਦਿਖਾਈ ਹਿੰਮਤ,
ਮੋਹਕਮ, ਸਾਹਿਬ, ਫਿਰ ਸੀਸ ਸੀ ਝੁਕਾਇਆ।
ਤੰਬੂ ਵਿੱਚ ਗੁਰੂ ਪੰਜਾਂ ਤਾਈ ਖਿੱਚ ਲੈ ਗਏ,
ਪੰਜਾਂ ਭੇਟ ਕੇ ਸੀਸ, ਅੰਮ੍ਰਿਤ ਫਿਰ ਪਾਇਆ।
ਬਾਟੇ ਵਿੱਚ ਗੁਰਾਂ, ਪਾਣੀ ਪਾ ਕੇ ਤੇ,
ਬਾਣੀ ਪੜ੍ਹਦਿਆਂ ਖੰਡਾ ਸੀ ਘੁਮਾਇਆ।
ਜਪੁ ਜੀ ਜਾਪ ਸ੍ਵਯੈ ਉਨ੍ਹਾਂ ਪੜ ਕੇ ਤੇ,
ਚੌਪਈ ਅਨੰਦ ਵੀ ਉਨ੍ਹਾ ਸੀ ਨਾਲ ਗਾਇਆ।
ਜਾਤ ਪਾਤ ਦੇ ਬੰਧਨ ਲੀਰੋ ਲੀਰ ਕਰਕੇ,
ਇੱਕੋ ਬਾਟੇ ਵਿੱਚ ਸਭ ਤਾਈਂ ਹੈ ਛਕਾਇਆ।
ਊਚ ਨੀਚ ਦਾ ਭੇਦ ਮਿਟਾਉਣ ਖ਼ਾਤਰ,
ਗੁਰਾਂ ਪੰਜਾਂ ਤੋਂ ਪਾਹੁਲ ਸੀ ਖ਼ੁਦ ਪਾਇਆ।
ਮੁਲਤਾਨੀ ਕੌਤਕ ਕੀ ਗੁਰਾਂ ਵਰਤਾ ਦਿੱਤਾ,
ਆਪੇ ਗੁਰੂ, ਆਪ ਚੇਲਾ ਬਣਾ ਦਿੱਤਾ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫ਼ੋਨ – ੬੪੭੭੭੧੪੯੩੨