ਬਾਹਰਿ ਭੀਤਰਿ ਏਕੋ ਜਾਨਹੁ
ਬਾਹਰਿ ਭੀਤਰਿ ਏਕੋ ਜਾਨਹੁ
ਇੱਕ ਵਾਰ ਕੋਈ ਰੱਬ ਪ੍ਰਸਤ ਬੰਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਪਹੁੰਚਿਆ। ਮੱਥਾ ਟੇਕ ਕੇ ਬੈਠ ਗਿਆ। ਗੁਰੂ ਸਾਹਿਬ ਨੇ ਪੁੱਛਿਆ ਹਾਂ ਭਾਈ ਕੀ ਫੁਰਨਾ ਲੈ ਕੇ ਆਇਆ ਹੈ। ਉਸ ਨੇ ਜੁਆਬ ਦਿੱਤਾ ਪਾਤਸ਼ਾਹ ਬਹੁਤ ਭਟਕਣ ਉਪਰੰਤ ਆਪ ਦੇ ਦਰ ਪਹੁੰਚਾ ਹਾਂ। ਜੰਗਲਾਂ ਵਿੱਚ ਰਹਿ ਕੇ ਵੇਖ ਲਿਆ। ਤੀਰਥਾਂ ਤੇ ਜਾ ਕੇ ਦਾਨ ਵੀ ਕਰ ਲਿਆ ਹੈ ਪਰ ਕਿਤੋਂ ਪ੍ਰਮਾਤਮਾ ਦੀ ਪ੍ਰਾਪਤੀ ਨਜ਼ਰ ਨਹੀਂ ਪਈ। ਮਨ ਦੀ ਭਟਕਣਾ ਨਹੀ ਮੁੱਕੀ। ਕੋਈ ਕ੍ਰਿਪਾ ਕਰੋ ਜੀ। ਗੁਰੂ ਸਾਹਿਬ ਨੇ ਕਿਹਾ ਹੇ ਭਾਈ! ਪਰਮਾਤਮਾ ਨੂੰ ਲੱਭਣ ਵਾਸਤੇ ਤੂੰ ਜੰਗਲਾਂ ਵਿਚ ਕਿਉਂ ਜਾਂਦਾ ਹੈਂ? ਪਰਮਾਤਮਾ ਸਭ ਵਿਚ ਵੱਸਣ ਵਾਲਾ ਹੈ ਅਤੇ ਸਦਾ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿੰਦਾ ਹੈ। ਉਹ ਪਰਮਾਤਮਾ ਤੇਰੇ ਨਾਲ ਹੀ ਤਾਂ ਵੱਸਦਾ ਹੈ। ਉਸਨੇ ਫਿਰ ਕਿਹਾ ਗੁਰੂ ਜੀ ਖੋਲ ਕੇ ਸਮਝਾਓ। ਗੁਰੂ ਸਾਹਿਬ ਨੇ ਕਿਹਾ। ਹੇ ਭਾਈ! ਜਿਵੇਂ ਫੁੱਲ ਵਿਚ ਸੁਗੰਧੀ ਵੱਸਦੀ ਹੈ, ਜਿਵੇਂ ਸ਼ੀਸ਼ੇ ਵਿਚ ਸ਼ੀਸ਼ਾ ਵੇਖਣ ਵਾਲੇ ਦਾ ਅਕਸ ਵੱਸਦਾ ਹੈ, ਤਿਵੇਂ ਪਰਮਾਤਮਾ ਇਕ-ਰਸ ਸਭਨਾਂ ਦੇ ਅੰਦਰ ਵੱਸਦਾ ਹੈ। ਇਸ ਵਾਸਤੇ, ਉਸ ਨੂੰ ਆਪਣੇ ਹਿਰਦੇ ਵਿਚ ਹੀ ਲੱਭਣਾ ਪਏਗਾ। ਗੁਰੂ ਜੀ ਨੇ ਕਿਹਾ ਹੇ ਭਾਈ! ਮੇਰੇ ਗੁਰੂ ਨੇ ਇਹੀ ਉਪਦੇਸ਼ ਦਿੱਤਾ ਹੈ ਕਿ ਆਪਣੇ ਸਰੀਰ ਦੇ ਅੰਦਰ ਅਤੇ ਆਪਣੇ ਸਰੀਰ ਤੋਂ ਬਾਹਰ ਹਰ ਥਾਂ ਇਕ ਪਰਮਾਤਮਾ ਨੂੰ ਵੱਸਦਾ ਸਮਝੋ। ਗੁਰੂ ਸਾਹਿਬ ਨੇ ਕਿਹਾ ਆਪਣਾ ਆਤਮਕ ਜੀਵਨ ਪਰਖਣ ਤੋਂ ਬਿਨਾ ਮਨ ਦੀ ਭਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ ਤੇ ਉਤਨਾ ਚਿਰ ਸਰਬ-ਵਿਆਪਕ ਪਰਮਾਤਮਾ ਦੀ ਸੂਝ ਨਹੀਂ ਆ ਸਕਦੀ ਜਦ ਤੱਕ ਮਨ ਦੀ ਭਟਕਣਾ ਨਹੀ ਮੁੱਕਦੀ। “ ਧਨਾਸਰੀ ਮਹਲਾ ੯ ॥ ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥ ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥ ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥੧॥ {ਪੰਨਾ 684}”
ਸਹੀ ਅਰਥ ਮਿਲਾਪ ਕਰੋਃ-
ਬਨ ——————- ਨਿਰਲੇਪ
ਅਲੇਪਾ —————- ਜੰਗਲ
ਪੁਹਪ —————— ਅਕਸ/ ਛਾਇਆ
ਮਧਿ ——————- ਫੁੱਲ
ਬਾਸੁ —————— ਵਿੱਚ
ਮੁਕਰ —————— ਅਕਸ
ਛਾਈ —————— ਸ਼ੀਸ਼ਾ
ਨਿਰੰਤਰ —————ਹਿਰਦੇ ਵਿੱਚ
ਘਟ ਹੀ ————— ਹਰ ਥਾਂ
ਪ੍ਰਃ ੧. ਰੱਬ ਕਿੱਥੇ ਰਹਿੰਦਾ ਹੈ?
ਪ੍ਰਃ ੨. ਗੁਰਬਾਣੀ ਅਨੁਸਾਰ ਭਟਕਣਾ ਕਿਵੇਂ ਮਿਟਦੀ ਹੈ?
ਪ੍ਰਃ ੩. ਗੁਰੂ ਸਾਹਿਬ ਕਿਸ ਉਦਾਹਰਣ ਰਾਂਹੀ ਸਮਝਾਇਆ ਹੈ ਕਿ ਰੱਬ ਸਾਡੇ ਅੰਦਰ ਵੱਸਦਾ ਹੈ?
ਪ੍ਰਃ ੪. ਸਾਡਾ ਭਰਮ ਜਾਲ ਕਿਸ ਤਰ੍ਹਾਂ ਮਿਟ ਸਕਦਾ ਹੈ?
ਪ੍ਰਃ ੫. ਇਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?
ਖਾਲੀ ਥਾਂ ਭਰੋਃ-
ੳ. ਮਨ ਦੀ ———— ਨਹੀ ਮੁੱਕਦੀ। ਕੋਈ ਕ੍ਰਿਪਾ ਕਰੋ।
ਅ. ਪਰਮਾਤਮਾ ਸਭ ਵਿਚ ————ਵਾਲਾ ਹੈ ਅਤੇ ਸਦਾ ਮਾਇਆ ਦੇ ਪ੍ਰਭਾਵ ਤੋਂ ————-ਰਹਿੰਦਾ ਹੈ।
ੲ. ਉਹ ਪਰਮਾਤਮਾ ——— ਨਾਲ ਹੀ ਤਾਂ ਵੱਸਦਾ ਹੈ।
ਸ. ਜਿਵੇਂ ਫੁੱਲ ਵਿਚ ———- ਵੱਸਦੀ ਹੈ, ਜਿਵੇਂ ਸ਼ੀਸ਼ੇ ਵਿਚ ————— ਵਾਲੇ ਦਾ ਅਕਸ ਵੱਸਦਾ ਹੈ, ਤਿਵੇਂ ———ਇਕ-ਰਸ ਸਭਨਾਂ ਦੇ ਅੰਦਰ ਵੱਸਦਾ ਹੈ।
ਹ. ਆਪਣਾ ਆਤਮਕ ਜੀਵਨ ਪਰਖਣ ਤੋਂ ਬਿਨਾ ਮਨ ਉੱਤੋਂ ———-ਦਾ ਜਾਲਾ ਦੂਰ ਨਹੀਂ ਹੋ ਸਕਦਾ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।