ਪਾਪੀ ਮੂਆ ਗੁਰ ਪਰਤਾਪਿ
ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਮਿਲਣ ਕਰਕੇ ਗੁਰੂ ਸਾਹਿਬ ਦਾ ਵੱਡਾ ਭਰਾ ਪ੍ਰਿਥੀ ਚੰਦ ਗੁਰੂ ਸਾਹਿਬ ਨਾਲ ਬਹੁਤ ਨਫ਼ਰਤ ਕਰਨ ਲੱਗ ਗਿਆ ਸੀ। ਉਹ ਇਤਨੀ ਨੀਚਤਾ ਤੇ ਪਹੁੰਚ ਗਿਆ ਕਿ ਉਸ ਨੇ ਬਾਲਕ ਹਰਿਗੋਬਿੰਦ ਨੂੰ ਮਾਰਨ ਲਈ ਪਹਿਲਾਂ ਦਾਈ ਨੂੰ ਵਰਤਿਆ, ਫਿਰ ਸਪੇਰੇ ਨੂੰ ਵਰਤਿਆ। ਜਦ ਉਹ ਸਫਲ ਨਾ ਹੋਇਆ ਫਿਰ ਉਸ ਨੇ ਇੱਕ ਬ੍ਰਹਾਮਣ ਨੂੰ ਲਾਲਚ ਦੇ ਕੇ ਬਾਲਕ ਹਰਿਗੋਬਿੰਦ ਨੂੰ ਮਾਰਨ ਲਈ ਭੇਜਿਆ। ਪਰ ਬ੍ਰਾਹਮਣ ਵੀ ਉਸਦਾ ਕੁਝ ਨਾ ਵਿਗਾੜ ਸਕਿਆ। ਉਹ ਦੁਸ਼ਟ ਬ੍ਰਾਹਮਣ ਵੀ ਖੁਦ ਸੂਲ਼ ਉੱਠਣ ਨਾਲ ਮਰ ਗਿਆ। ਇਸ ਤਰ੍ਹਾਂ ਪ੍ਰਮਾਤਮਾ ਨੇ ਅਪਣੇ ਸੇਵਕ ਦੀ ਰੱਖਿਆ ਕੀਤੀ। ਪਾਪੀ ਦੁਸ਼ਟ ਬ੍ਰਾਹਮਣ ਗੁਰੂ ਦੇ ਪ੍ਰਤਾਪ ਨਾਲ ਆਪ ਹੀ ਮਰ ਗਿਆ। ਇਸ ਤਰ੍ਹਾਂ ਪ੍ਰਮਾਤਮਾ ਨੇ ਅਪਣੇ ਸੇਵਕ ਦੀ ਆਪ ਹੀ ਰੱਖਿਆ ਕੀਤੀ ਕਿਉਂਕਿ ਸੇਵਕ ਨੇ ਪ੍ਰਭੂ ਨੂੰ ਅਪਣੇ ਹਿਰਦੇ ਵਿੱਚ ਵਸਾਇਆ ਹੋਇਆ ਸੀ। ਉਹ ਬੇਸਮਝ ਦੁਸ਼ਟ ਇਸ ਭੇਦ ਨੂੰ ਸਮਝ ਨਾ ਸਕਿਆ ਤੇ ਪ੍ਰਮਾਤਮਾ ਨੇ ਆਪ ਹੀ ਉਸ ਨੂੰ ਮਾਰ ਮੁਕਾਇਆ। ਪ੍ਰਭੂ ਅਪਣੇ ਸੇਵਕਾਂ ਦਾ ਮਾਂ ਪਿਓ ਵਾਂਗ ਰੱਖਿਆ ਕਰਦਾ ਹੈ। ਪ੍ਰਭੂ ਸੇਵਕਾਂ ਦਾ ਸਦਾ ਸਹਾਇਕ ਹੁੰਦਾ ਹੈ ਅਤੇ ਨਿੰਦਕਾਂ ਦੇ ਲੋਕ ਪ੍ਰਲੋਕ ਵਿੱਚ ਮੂੰਹ ਕਾਲੇ ਹੁੰਦੇ ਹਨ। ਪੰਜਵੇਂ ਨਾਨਕ (ਗੁਰੂ ਅਰਜਨ ਦੇਵ ਜੀ) ਕਹਿੰਦੇ ਹਨ ਪ੍ਰਭੂ ਨੇ ਅਪਣੇ ਸੇਵਕ ਦੀ ਅਰਦਾਸ ਸੁਣੀ ਹੈ। ਪਰਮਾਤਮਾ ਦੇ ਸੇਵਕ ਉੱਪਰ ਵਾਰ ਕਰਨ ਵਾਲਾ ਦੁਸ਼ਟ ਪਾਪੀ ਆਪ ਹੀ ਮਰ ਮਿਟਿਆ ਹੈ, ਉਸ ਦੀ ਆਸ ਵੀ ਪੂਰੀ ਨਹੀਂ ਹੋਈ। ਭੈਰਉ ਮਹਲਾ ੫ ॥ ਲੇਪੁ ਨ ਲਾਗੋ ਤਿਲ ਕਾ ਮੂਲਿ ॥ ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ ॥੧॥ ਹਰਿ ਜਨ ਰਾਖੇ ਪਾਰਬ੍ਰਹਮਿ ਆਪਿ ॥ ਪਾਪੀ ਮੂਆ ਗੁਰ ਪਰਤਾਪਿ ॥੧॥ ਰਹਾਉ ॥ ਅਪਣਾ ਖਸਮੁ ਜਨਿ ਆਪਿ ਧਿਆਇਆ ॥ ਇਆਣਾ ਪਾਪੀ ਓਹੁ ਆਪਿ ਪਚਾਇਆ ॥੨॥ ਪ੍ਰਭ ਮਾਤ ਪਿਤਾ ਅਪਣੇ ਦਾਸ ਕਾ ਰਖਵਾਲਾ ॥ ਨਿੰਦਕ ਕਾ ਮਾਥਾ ਈਹਾਂ ਊਹਾ ਕਾਲਾ ॥੩॥ ਜਨ ਨਾਨਕ ਕੀ ਪਰਮੇਸਰਿ ਸੁਣੀ ਅਰਦਾਸਿ ॥ ਮਲੇਛੁ ਪਾਪੀ ਪਚਿਆ ਭਇਆ ਨਿਰਾਸੁ ॥੪॥੯॥ {ਪੰਨਾ 1137}
ਸਹੀ ਅਰਥ ਮਿਲਾਪ ਕਰੋਃ-
ਲੇਪ ————— ਭੈੜੀ ਮੱਤ ਵਾਲਾ
ਈਹਾ ਊਹਾ —— ਜਿਸਦੀ ਆਸ ਪੂਰੀ ਨ ਹੋ ਸਕੀ
ਮਲੇਛੁ —————— ਮਾੜਾ ਅਸਰ
ਪਚਿਆ —————- ਤਿਲ਼ ਜਿਤਨਾ ਭੀ
ਨਿਰਾਸ —————- ਲੋਕ ਪ੍ਰਲੋਕ
ਤਿਲ ਕਾ ————— ਮਰਿਆ
ਪ੍ਰਃ ੧. ਪ੍ਰਿਥੀ ਚੰਦ ਦਾ ਗੁਰੂ ਅਰਜਨ ਦੇਵ ਜੀ ਨਾਲ ਸੰਸਾਰਕ ਰਿਸ਼ਤਾ ਕੀ ਸੀ?
ਪ੍ਰਃ ੨. ਪ੍ਰਿਥੀ ਚੰਦ ਨੇ ਸਪੇਰੇ ਨੂੰ ਬਾਲਕ ਹਰਿਗੋਬਿੰਦ ਸਾਹਿਬ ਕੋਲ ਕਿਉਂ ਭੇਜਿਆ ਸੀ?
ਪ੍ਰਃ ੩. ਦੁਸ਼ਟ ਬ੍ਰਹਾਮਣ ਕਿਸ ਤਰ੍ਹਾਂ ਮਰ ਗਿਆ ਸੀ?
ਪ੍ਰਃ ੪. ਪ੍ਰਭੂ ਅਪਣੇ ਸੇਵਕਾਂ ਦੀ ਰੱਖਿਆ ਕਿਸ ਤਰ੍ਹਾਂ ਕਰਦਾ ਹੈ?
ਪ੍ਰਃ ੫. ਸਾਨੂੰ ਇਸ ਸਾਖੀ ਤੋਂ ਕੀ ਸਿੱਖਿਆ ਮਿਲਦੀ ਹੈ?
ਖਾਲੀ ਥਾਂ ਭਰੋਃ-
ੳ. ਪਾਪੀ ਦੁਸ਼ਟ ਬ੍ਰਾਹਮਣ ਗੁਰੂ ਦੇ ———ਨਾਲ ਆਪ ਹੀ ਮਰ ਗਿਆ।
ਅ. ਪ੍ਰਭੂ ਸੇਵਕਾਂ ਦਾ ਸਦਾ ———-ਹੁੰਦਾ ਅਤੇ ਨਿੰਦਕਾਂ ਦੇ ———-ਵਿੱਚ ਮੂੰਹ ਕਾਲੇ ਹੁੰਦੇ ਹਨ।
ੲ. ਪਰਮਾਤਮਾ ਦੇ ——— ਉੱਪਰ ਵਾਰ ਕਰਨ ਵਾਲਾ ——— ਪਾਪੀ ਆਪ ਹੀ ਮਰ ਮਿਟਿਆ।
ਸ. ਉਸ ਦੀ ——— ਵੀ ਪੂਰੀ ਨਹੀਂ ਹੋਈ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।