Gurmat vichaar

ਪ੍ਰਭ ਤੁਹੀ ਧਿਆਇਆ

ਸਿੱਖ ਇਤਿਹਾਸ ਦੱਸਦਾ ਹੈ ਕਿ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਜਦ ਗੁਰਿਆਈ ਨਾ ਮਿਲੀ ਤਾਂ ਉਸ ਨੇ ਗੁਰੂ ਅਰਜਨ ਦੇਵ ਜੀ ਨਾਲ ਕਈ ਵਧੀਕੀਆਂ ਕੀਤੀਆਂ ਸਨ। ਇੱਥੋਂ ਤੱਕ ਕਿ ਉਸ ਨੇ ਬਾਲਕ ਹਰਿਗੋਬਿੰਦ ਨੂੰ ਮਾਰਨ ਲਈ ਵੀ ਕਈ ਅਸਫਲ ਯਤਨ ਕੀਤੇ। ਜਦ ਉਸ ਦਾ ਕੋਈ ਚਾਰਾ ਨਾ ਚੱਲਿਆ ਤਾਂ ਉਸ ਨੇ ਸੁਲਹੀ ਖਾਨ ਨੂੰ ਗੁਰੂ ਸਾਹਿਬ ਉੱਪਰ ਹਮਲਾ ਕਰਨ ਲਈ ਮਨਾ ਲਿਆ। ਇਸ ਗੱਲ ਦਾ ਜਦ ਸਿੱਖਾਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਗੁਰੂ ਸਾਹਿਬ ਨੂੰ ਜਾ ਦੱਸਿਆ। ਉਨ੍ਹਾਂ ਵੱਲੋਂ ਗੁਰੂ ਸਾਹਿਬ ਨੂੰ ਸਭ ਤੋਂ ਪਹਿਲਾਂ ਸਲਾਹ ਦਿੱਤੀ ਗਈ ਕਿ ਵੈਰੀ ਬਣ ਕੇ ਆ ਰਹੇ ਸੁਲਹੀ ਨੂੰ ਚਿੱਠੀ ਲਿਖ ਕੇ ਭੇਜਿਆ ਜਾਏ ਕਿ ਭਾਈ ਤੇਰਾ ਸਾਡਾ ਕੋਈ ਵੈਰ ਨਹੀ, ਗੁਰੂ ਸਾਹਿਬ ਨੇ ਇਹ ਸਲਾਹ ਠੁਕਰਾ ਦਿੱਤੀ। ਫਿਰ ਸਲਾਹ ਦਿੱਤੀ ਕਿ ਉਸ ਪਾਸ ਦੋ ਮਨੁੱਖ ਪਹੁੰਚਾਏ ਜਾਣ, ਤੀਜੀ ਸਲਾਹ ਦਿੱਤੀ ਕਿ ਕੋਈ ਨ ਕੋਈ ਉਪਾਉ ਜ਼ਰੂਰ ਕੀਤਾ ਜਾਏ ਭਾਵ ਲੜਨ ਦੀ ਹੀ ਤਿਆਰੀ ਕੀਤੀ ਜਾਏ ਪਰ ਗੁਰੂ ਸਾਹਿਬ ਨੇ ਸਾਰੇ ਯਤਨ ਛੱਡ ਕੇ ਸਿਰਫ਼ ਉਸ ਪ੍ਰਭੂ ਨੂੰ ਹੀ ਸਿਮਰਨ ਦੀ ਹੀ ਗੱਲ ਕੀਤੀ।
ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਮੇਰੇ ਸਤਿਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਹੈ ਕਿ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਪਰਮਾਤਮਾ ਦੇ ਰਹਿਣ ਲਈ ਥਾਂ ਹੈ। ਇਸ ਵਾਸਤੇ ਮੈਂ ਜੋ ਕੁਝ ਭੀ ਕਰਦਾ ਹਾਂ ਉਸ ਪ੍ਰਭੂ ਦਾ ਸਹਾਰਾ ਲੈ ਕੇ ਹੀ ਕਰਦਾ ਹਾਂ, ਉਹ ਹੀ ਮੇਰੀ ਓਟ ਹੈਂ ਤੇ ਉਹ ਹੀ ਮੇਰਾ ਆਸਰਾ ਹੈਂ।
ਪਰਮਾਤਮਾ ਦਾ ਆਸਰਾ ਲਿਆਂ ਬੜਾ ਆਤਮਕ ਆਨੰਦ ਮਿਲਦਾ ਹੈ, ਨਿਸਚਿੰਤਤਾ ਹੋ ਜਾਂਦੀ ਹੈ, ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਸਾਰੇ ਵੈਰੀ ਦੁਸ਼ਮਨ ਮੁੱਕ ਜਾਂਦੇ ਹਨ ਕੋਈ ਦੁਸ਼ਮਨ ਨਹੀਂ ਜਾਪਦਾ, ਕੋਈ ਵੈਰੀ ਨਹੀਂ ਜਾਪਦਾ, ਇਸ ਤਰ੍ਹਾਂ ਅੰਤਰ ਆਤਮੇ ਸੁਖ ਮਿਲਦਾ ਹੈ।
ਗੁਰੂ ਸਾਹਿਬ ਨੇ ਕਿਹਾ ਉਸ ਪ੍ਰਭੂ ਦੇ ਬਰਾਬਰ ਦਾ ਦੂਜਾ ਕੋਈ ਹੈ ਹੀ ਨਹੀਂ। ਇਸ ਲਈ ਸਾਨੂੰ ਕਿਸੇ ਹੋਰ ਪਾਸ ਜਾਣ ਦੀ ਲੋੜ ਨਹੀਂ ਹੈ। ਜਿਸ ਨੂੰ ਪ੍ਰਭੂ ਉੱਪਰ ਨਿਸ਼ਚਾ ਹੋਵੇ ਉਸ ਸੇਵਕ ਨੂੰ ਹੋਰ ਕਿਸੇ ਦੀ ਮੁਥਾਜੀ ਕਿਵੇਂ ਹੋ ਸਕਦੀ ਹੈ? ਭਾਵ ਨਹੀ ਹੋ ਸਕਦੀ। ਪ੍ਰਭੂ ਕੇਡਾ ਵੱਡਾ ਹੈਂ ਇਹ ਮੈਂ ਬਿਆਨ ਨਹੀਂ ਕਰ ਸਕਦਾ,ਕਿਉਕਿ ਉਹ ਮੈਨੂੰ ਆਪਣੇ ਗਲ ਨਾਲ ਲਾ ਕੇ ਹਰ ਥਾਂ ਬਚਾ ਲੈਂਦਾ ਹੈਂ। ਪ੍ਰਭੂ ਨੇ ਹਮੇਸ਼ਾ ਮੇਰੀ ਇੱਜ਼ਤ ਰੱਖੀ ਹੈ। ਮੁਸੀਬਤਾਂ ਦੇ ਵੇਲੇ ਭੀ ਉਸ ਦੀ ਮੇਹਰ ਨਾਲ ਹੀ ਮੇਰੇ ਅੰਦਰ ਚੜ੍ਹਦੀ ਕਲਾ ਪ੍ਰਬਲ ਰਹਿੰਦੀ ਹੈ।
ਆਸਾ ਮਹਲਾ ੫ ॥ ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ ॥ ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ ॥ ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ ॥ ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ ॥੧॥ ਮਹਾ ਅਨੰਦ ਅਚਿੰਤ ਸਹਜਾਇਆ ॥ ਦੁਸਮਨ ਦੂਤ ਮੁਏ ਸੁਖੁ ਪਾਇਆ ॥੧॥ ਰਹਾਉ ॥ ਸਤਿਗੁਰਿ ਮੋ ਕਉ ਦੀਆ ਉਪਦੇਸੁ ॥ ਜੀਉ ਪਿੰਡੁ ਸਭੁ ਹਰਿ ਕਾ ਦੇਸੁ ॥ ਜੋ ਕਿਛੁ ਕਰੀ ਸੁ ਤੇਰਾ ਤਾਣੁ ॥ ਤੂੰ ਮੇਰੀ ਓਟ ਤੂੰਹੈ ਦੀਬਾਣੁ ॥੨॥ ਤੁਧਨੋ ਛੋਡਿ ਜਾਈਐ ਪ੍ਰਭ ਕੈਂ ਧਰਿ ॥ ਆਨ ਨ ਬੀਆ ਤੇਰੀ ਸਮਸਰਿ ॥ ਤੇਰੇ ਸੇਵਕ ਕਉ ਕਿਸ ਕੀ ਕਾਣਿ ॥ ਸਾਕਤੁ ਭੂਲਾ ਫਿਰੈ ਬੇਬਾਣਿ ॥੩॥ ਤੇਰੀ ਵਡਿਆਈ ਕਹੀ ਨ ਜਾਇ ॥ ਜਹ ਕਹ ਰਾਖਿ ਲੈਹਿ ਗਲਿ ਲਾਇ ॥ ਨਾਨਕ ਦਾਸ ਤੇਰੀ ਸਰਣਾਈ ॥ ਪ੍ਰਭਿ ਰਾਖੀ ਪੈਜ ਵਜੀ ਵਾਧਾਈ ॥੪॥੫॥ {ਪੰਨਾ 371}
ਉਧਰ ਪ੍ਰਿਥੀ ਚੰਦ ਕੋਲ ਸੁਲਹੀ ਖਾਨ ਪਹੁੰਚ ਜਾਂਦਾ ਹੈ। ਪ੍ਰਿਥੀ ਚੰਦ ਉਸ ਦੀ ਸੇਵਾ ਖ਼ਾਤਰ ਕਰਨ ਉਪਰੰਤ ਉਸ ਨੂੰ ਅਪਣਾ ਕਾਰੋਬਾਰ ਦਿਖਾਉਣ ਲਈ ਲੈ ਜਾਂਦਾ ਹੈ। ਉਹ ਸੁਲਹੀ ਨੂੰ ਪਹਿਲਾਂ ਅਪਣਾ ਇੱਟਾਂ ਵਾਲਾ ਭੱਠਾ ਦਿਖਾਉਣ ਵਾਸਤੇ ਘੋੜਾ ਭੱਠੇ ਵੱਲ ਮੋੜਦਾ ਹੈ। ਪ੍ਰਿਥੀ ਚੰਦ ਦਾ ਘੋੜਾ ਕਿਉਂਕਿ ਆਮ ਹੀ ਭੱਠੇ ਤੇ ਜਾਂਦਾ ਰਹਿੰਦਾ ਸੀ ਪਰ ਸੁਲਹੀ ਖਾਨ ਦਾ ਘੋੜਾ ਪਹਿਲੀ ਵਾਰ ਗਿਆ ਸੀ। ਸੋ ਜਦ ਭੱਠੇ ਦਾ ਸੇਕ ਸੁਲਹੀ ਦੇ ਘੋੜੇ ਨੂੰ ਪਿਆ ਤਾਂ ਉਹ ਭੱਜ ਪਿਆ ਅਤੇ ਸੁਲਹੀ ਦੇ ਵੱਸ ਤੋਂ ਬਾਹਰ ਹੋ ਗਿਆ। ਘੋੜਾ ਸੁਲਹੀ ਖਾਨ ਨੂੰ ਲੈ ਕੇ ਭੱਠੇ ਵਿੱਚ ਵੜ ਗਿਆ। ਇਸ ਤਰ੍ਹਾਂ ਸੁਲਹੀ ਖਾਨ ਤੇ ਉਸ ਦਾ ਘੋੜਾ ਦੋਨੋਂ ਹੀ ਭੱਠੇ ਦੀ ਅੱਗ ਵਿੱਚ ਸੜ ਕੇ ਮਰ ਗਏ।
ਇਹ ਖ਼ਬਰ ਜਦ ਸਿੱਖਾਂ ਨੇ ਗੁਰੂ ਸਾਹਿਬ ਨੂੰ ਦੱਸੀ ਤਾਂ ਗੁਰੂ ਸਾਹਿਬ ਨੇ ਕਿਹਾ ਹੇ ਪ੍ਰਭੂ! ਮੇਰੀ ਸੇਵਕ ਦੀ ਤਾਂ ਤੇਰੇ ਪਾਸ ਹੀ ਅਰਜ਼ੋਈ ਸੀ ਕਿ ਸਾਨੂੰ ਸੁਲਹੀ ਖਾਂ ਤੋਂ ਬਚਾ ਲੈ, ਅਤੇ ਸੁਲਹੀ ਦਾ ਜ਼ੁਲਮ-ਭਰਿਆ ਹੱਥ ਸਾਡੇ ਉੱਤੇ ਕਿਤੇ ਭੀ ਨਾਹ ਅੱਪੜ ਸਕੇ। ਸੋ ਹੇ ਭਾਈ! ਪ੍ਰਭੂ ਨੇ ਆਪ ਹੀ ਮੇਹਰ ਕੀਤੀ ਹੈ। ਸੁਲਹੀ ਖਾਂ ਮਲੀਨ-ਬੁੱਧਿ ਹੋ ਕੇ ਮਰਿਆ ਹੈ।
ਹੇ ਭਾਈ! ਖਸਮ ਪ੍ਰਭੂ ਨੇ ਮੌਤ-ਰੂਪ ਕੁਹਾੜਾ ਕੱਢ ਕੇ ਸੁਲਹੀ ਦਾ ਸਿਰ ਵੱਢ ਦਿੱਤਾ ਹੈ, ਜਿਸ ਕਰ ਕੇ ਉਹ ਇਕ ਖਿਨ ਵਿਚ ਹੀ ਸੁਆਹ ਦੀ ਢੇਰੀ ਹੋ ਗਿਆ ਹੈ। ਹੋਰਨਾਂ ਦਾ ਨੁਕਸਾਨ ਕਰਨਾ ਸੋਚਦਾ ਸੋਚਦਾ ਸੁਲਹੀ ਸੜ ਮਰਿਆ ਹੈ। ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਸੀ, ਉਸ ਨੇ ਹੀ ਉਸ ਨੂੰ ਪਰਲੋਕ ਵਲ ਦਾ ਧੱਕਾ ਦੇ ਦਿੱਤਾ ਹੈ।
ਹੇ ਭਾਈ! ਸਾਰਾ ਸਾਕ ਕੁਟੰਬ ਛੱਡ ਕੇ ਸੁਲਹੀ ਇਸ ਦੁਨੀਆ ਤੋਂ ਤੁਰ ਗਿਆ ਹੈ। ਉਸ ਦੇ ਭਾ ਦੇ ਨਾਹ ਕੋਈ ਪੁੱਤਰ ਰਹਿ ਗਏ, ਨਾਹ ਕੋਈ ਮਿੱਤਰ ਰਹਿ ਗਏ, ਨਾਹ ਧਨ ਰਹਿ ਗਿਆ, ਉਸ ਦੇ ਭਾ ਦਾ ਕੁਝ ਭੀ ਨਹੀਂ ਰਹਿ ਗਿਆ। ਮੈਂ ਉਸ ਪ੍ਰਭੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਆਪਣੇ ਸੇਵਕ ਦੀ ਅਰਦਾਸ ਸੁਣੀ ਹੈ ਤੇ, ਸੇਵਕ ਨੂੰ ਸੁਲਹੀ ਤੋਂ ਬਚਾਇਆ ਹੈ) ।
ਬਿਲਾਵਲੁ ਮਹਲਾ ੫ ॥ ਸੁਲਹੀ ਤੇ ਨਾਰਾਇਣ ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥੧॥ ਰਹਾਉ ॥ ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ ॥ ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ ॥੧॥ ਪੁਤ੍ਰ ਮੀਤ ਧਨੁ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ ॥ ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ ॥੨॥੧੮॥੧੦੪॥ {ਪੰਨਾ 825}


ਪ੍ਰਃ ੧. ਪ੍ਰਿਥੀ ਚੰਦ ਕੌਣ ਸੀ?

ਪ੍ਰਃ ੨. ਪ੍ਰਿਥੀ ਚੰਦ ਨੇ ਗੁਰੂ ਅਰਜਨ ਦੇਵ ਜੀ ਉੱਪਰ ਹਮਲਾ ਕਰਨ ਲਈ ਕਿਸ ਨੂੰ ਮਨਾਇਆ ਸੀ?

ਪ੍ਰਃ ੩. ਸਿੱਖਾਂ ਨੇ ਗੁਰੂ ਸਾਹਿਬ ਨੂੰ ਕੀ ਕੀ ਸਲਾਹ ਦਿੱਤੀ ਸੀ?

ਪ੍ਰਃ ੪. ਗੁਰੂ ਸਾਹਿਬ ਨੇ ਸਿੱਖਾਂ ਦੀ ਸਲਾਹ ਸੁਣ ਕੇ ਕੀ ਉੱਤਰ ਦਿੱਤਾ ਸੀ?

ਪ੍ਰਃ ੫. ਗੁਰੂ ਸਾਹਿਬ ਨੇ ਪ੍ਰਭੂ ਨੂੰ ਛੱਡ ਕਿ ਕਿਸੇ ਹੋਰ ਪਾਸੇ ਜਾਣ ਤੋਂ ਕਿਉਂ ਇਨਕਾਰ ਕਰ ਦਿੱਤਾ?

ਪ੍ਰਃ ੬. ਪ੍ਰਿਥੀ ਚੰਦ ਸੁਲਹੀ ਨੂੰ ਕਿੱਥੇ ਲੈ ਕੇ ਜਾਂਦਾ ਹੈ?

ਪਃ ੭. ਸੁਲਹੀ ਖਾਨ ਦੀ ਮੌਤ ਕਿਸ ਤਰ੍ਹਾਂ ਹੁੰਦੀ ਹੈ?

ਪ੍ਰਃ ੮. ਸਾਨੂੰ ਇਸ ਸਾਖੀ ਤੋਂ ਕੀ ਸਿੱਖਿਆ ਮਿਲਦੀ ਹੈ?

ਖਾਲੀ ਥਾਂ ਭਰੋਃ—
ੳ. ਪ੍ਰਿਥੀ ਚੰਦ ਨੇ ਗੁਰੂ ਅਰਜਨ ਦੇਵ ਜੀ ਨਾਲ ਕਈ —— ਕੀਤੀਆਂ ਸਨ।
ਅ. ਪ੍ਰਿਥੀ ਚੰਦ ਨੇ ਬਾਲਕ —————ਨੂੰ ਮਾਰਨ ਲਈ ਵੀ ਕਈ ਅਸਫਲ ਯਤਨ ਕੀਤੇ।
ੲ. ਗੁਰੂ ਸਾਹਿਬ ਨੇ ਸਾਰੇ ਜਤਨ ਛੱਡ ਕੇ ਸਿਰਫ਼ ਉਸ ਪ੍ਰਭੂ ਨੂੰ ਹੀ ——- ਦੀ ਹੀ ਗੱਲ ਕੀਤੀ।
ਸ. ਇਹ ਜਿੰਦ ਤੇ ਸਰੀਰ ਸਭ ਕੁਝ ਪਰਮਾਤਮਾ ਦੇ ———-ਲਈ ਥਾਂ ਹੈ।
ਹ. ਜਦ ਭੱਠੇ ਦਾ ਸੇਕ ਸੁਲਹੀ ਦੇ ਘੋੜੇ ਨੂੰ ਪਿਆ ਤਾਂ ਉਹ ਭੱਜ ਪਿਆ ਅਤੇ ਸੁਲਹੀ ਦੇ ——- ਤੋਂ ਬਾਹਰ ਹੋ ਗਿਆ।

ਸਹੀ ਮਿਲਾਨ ਕਰੋ
ਮਤਾ —————- ਬਰਾਬਰ
ਪ੍ਰਥਮੇ ————— ਫੈਸਲਾ
ਦੁਤੀਏ ————— ਤੀਜਾ
ਤ੍ਰਿਤੀਏ ————— ਪਹਿਲਾ
ਸਮਸਰਿ ————- ਦੂਜਾ
ਓਟ —————- ਮੁਥਾਜੀ
ਕਾਣਿ ————— ਆਸਰਾ
ਖਾਕੁ ————— ਮਿੱਟੀ
ਨਾਪਾਕ ————- ਰਿਸ਼ਤੇਦਾਰ
ਸਾਕੁ —————- ਅਪਵਿੱਤਰ

ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫੋਨਃ- ੬੪੭੭੭੧੪੯੩੨

Leave a Reply

Your email address will not be published. Required fields are marked *