ਐਸੇ ਸੰਤ ਨ ਮੋ ਕਉ ਭਾਵਹਿ
ਕਬੀਰ ਸਾਹਿਬ ਅਪਣੇ ਸਾਥੀਆਂ ਸਮੇਤ ਕਿਤੋ ਗੁਜਰ ਰਹੇ ਸਨ। ਰਸਤੇ ਵਿੱਚ ਕੁਝ ਸੰਤਾਂ ਦੇ ਲਿਬਾਸ ਵਿੱਚ ਪੰਡਤ ਬੈਠੇ ਹੋਏ ਸਨ।
ਜਿਹਨਾਂ ਸਾਢੇ ਤਿੰਨ ਤਿੰਨ ਗਜ਼ ਲੰਮੀਆਂ ਧੋਤੀਆਂ ਪਹਿਨੀਆਂ ਹੋਈਆਂ ਹਨ, ਅਤੇ ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਏ ਹੋਏ ਹਨ, ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ। ਕਬੀਰ ਸਾਹਿਬ ਦੇ ਸਾਥੀ ਦੇਖ ਕੇ ਬੜੇ ਪ੍ਰਭਾਵਿਤ ਹੋਏ। ਕਬੀਰ ਸਾਹਿਬ ਦੇ ਸਾਹਮਣੇ ਉਨ੍ਹਾਂ ਦੀ ਉਸਤਤ ਕਰਨ ਲੱਗੇ। ਕਬੀਰ ਸਾਹਿਬ ਨੇ ਕਿਹਾ ਭਾਈ ਇਹਨਾਂ ਦੇ ਲੱਛਣਾਂ ਤੇ ਨਾ ਜਾਉ। ਇਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਇਹ ਤਾਂ ਅਸਲ ਵਿਚ ਬਨਾਰਸੀ ਠੱਗ ਹਨ। ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ।
ਇਹ ਲੋਕ ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, ਭਾਂਡੇ ਮਾਂਜ ਕੇ ਚੁੱਲ੍ਹਿਆਂ ਉੱਤੇ ਰੱਖਦੇ ਹਨ, ਹੇਠਾਂ ਲੱਕੜੀਆਂ ਧੋ ਕੇ ਬਾਲਦੇ ਹਨ ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ ਸਮੂਲਚੇ ਮਨੁੱਖ ਖਾ ਜਾਂਦੇ ਹਨ।
ਇਹੋ ਜਿਹੇ ਮੰਦ-ਕਰਮੀ ਮਨੁੱਖ ਸਦਾ ਵਿਕਾਰਾਂ ਵਿਚ ਹੀ ਖਚਿਤ ਰਹਿੰਦੇ ਹਨ, ਉਂਞ ਮੂੰਹੋਂ ਅਖਵਾਉਂਦੇ ਹਨ ਕਿ ਅਸੀਂ ਮਾਇਆ ਦੇ ਨੇੜੇ ਨਹੀਂ ਜਾਂਦੇ। ਸਦਾ ਅਹੰਕਾਰ ਵਿਚ ਮੱਤੇ ਫਿਰਦੇ ਹਨ, ਇਹ ਆਪ ਤਾਂ ਡੁੱਬੇ ਹੀ ਹਨ, ਸਾਰੇ ਸਾਥੀਆਂ ਨੂੰ ਭੀ ਇਹ ਮੰਦ-ਕਰਮਾਂ ਵਿਚ ਡੋਬਦੇ ਹਨ।
ਪਰ ਇਨ੍ਹਾਂ ਦੇ ਵੀ ਕੀ ਵੱਸ? ਜਿਸ ਪਾਸੇ ਇਨ੍ਹਾਂ ਨੂੰ ਕਿਸੇ ਨੇ ਲਾਇਆ ਹੈ ਉਸੇ ਹੀ ਪਾਸੇ ਲੱਗੇ ਹੋਏ ਹਨ, ਤੇ ਉਹੋ ਜਿਹੇ ਹੀ ਇਹ ਕੰਮ ਕਰ ਰਹੇ ਹਨ। ਕਬੀਰ ਸਾਹਿਬ ਨੇ ਕਿਹਾ ਸੱਚ ਤਾਂ ਇਹ ਹੈ ਕਿ ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਫਿਰ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ।
“ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ॥੨॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥ ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥ ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥੪॥੨॥ {ਪੰਨਾ 476}”
ਪ੍ਰਃ ੧. ਕਬੀਰ ਸਾਹਿਬ ਦੇ ਸਾਥੀ ਪੰਡਿਤਾਂ ਦੀ ਕਿਸ ਖਾਸੀਅਤ ਤੋਂ ਪ੍ਰਭਾਵਿਤ ਹੋਏ ਸਨ?
ਪ੍ਰਃ ੨. ਕਬੀਰ ਸਾਹਿਬ ਨੂੰ ਕਿਸ ਤਰ੍ਹਾਂ ਦੇ ਸੰਤ ਚੰਗੇ ਨਹੀ ਲੱਗਦੇ?
ਪ੍ਰਃ ੩. ਇਹ ਲੋਕ ਕਿਸ ਤਰ੍ਹਾਂ ਸੁੱਚ ਰੱਖਦੇ ਸਨ?
ਪ੍ਃ ੪. ਇਹ ਲੋਕ ਅਪਣੇ ਸਾਥੀਆਂ ਦਾ ਉਧਾਰ ਕਿਸ ਤਰ੍ਹਾਂ ਕਰਦੇ ਹਨ?
ਪ੍ਰਃ ੫. ਕਿਹੜੇ ਮਨੁੱਖ ਜਨਮ ਮਰਨ ਦੇ ਗੇੜ ਤੋਂ ਬਚੇ ਰਹਿੰਦੇ ਹਨ?
ਪ੍ਰਃ ੬, ਸਾਨੂੰ ਇਸ ਤੋਂ ਕੀ ਸਿੱਖਿਆ ਮਿਲਦੀ ਹੈ?
ਸਹੀ ਅਰਥ ਮਿਲਾਪ ਕਰੋਃ-
ਤਗ —————ਬਹੁਤ ਚਿੱਟੇ
ਜਪਮਾਲੀਆ ——- ਟਹਿਣੀਆ
ਨਿਬਗ ————- ਮਾਲਾ
ਡਾਲਾ ————— ਧਾਗਾ, ਜਨੇਊ
ਬਾਸਨ ————— ਲੱਕੜ
ਕਾਠ —————— ਧਰਤੀ
ਬਸੁਧਾ —————- ਭਾਂਡੇ
ਖਾਲੀ ਥਾਂ ਭਰੋਃ-
ੳ. ਤਿਹਰੀਆਂ ਤੰਦਾਂ ਵਾਲੇ ——- ਪਾਂਏ ਹੋਏ ਹਨ,
ਅ. ਗਲਾਂ ਵਿਚ ——— ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ——— ਹਨ।
ੲ. ———ਨੇ ਕਿਹਾ ਭਾਈ ਇਹਨਾਂ ਦੇ ਲੱਛਣਾਂ ਤੇ ਨਾ ਜਾਉ।
ਸ. ਜਿਸ ਪਾਸੇ ਇਨ੍ਹਾਂ ਨੂੰ ———- ਨੇ ਲਾਇਆ ਹੈ ਉਸੇ ਹੀ ਪਾਸੇ ———- ਹੋਏ ਹਨ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ
ਫੋਨ- ੬੪੭੭੭੧੪੯੩੨