ਮਨਿ ਪ੍ਰੀਤਿ ਚਰਨ ਕਮਲਾਰੇ
“ ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥” (ਪੰਨਾ-੫੩੪) ਇਸ ਗੁਰ ਪੰਕਤੀ ਤੋਂ ਸਪੱਸ਼ਟ ਹੈ ਕਿ ਗੁਰੂ ਕੇ ਪਿਆਰੇ ਨਾ ਤਾਂ ਰਾਜ ਦੀ ਚਾਹਤ ਰੱਖਦੇ ਹਨ ਅਤੇ ਨਾ ਹੀ ਮੁਕਤੀ ਦੀ। ਉਹ ਸਿਰਫ ਤੇ ਸਿਰਫ ਪ੍ਰਭੂ ਚਰਨਾ ਦੀ ਪ੍ਰੀਤ ਹੀ ਲੋਚਦੇ ਹਨ। ਭਾਵੇਂ ਅੱਜ ਦੇ ਯੁੱਗ ਅੰਦਰ ਹਰ ਇਨਸਾਨ ਦੀ ਦੌੜ ਹੀ ਲੱਗੀ ਹੋਈ ਹੈ ਕਿ ਮੈਂ ਮਹਾਨ ਬਣ ਜਾਵਾਂ ਅਤੇ ਮੇਰਾ ਹੀ ਹੁਕਮ ਸਭ ਉੱਪਰ ਚੱਲੇ। ਇਸ ਲਈ ਇਨਸਾਨ ਹਰ ਹੀਲਾ ਵਰਤਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਰਾਜਨੀਤਕ ਅਖਵਾਉਣ ਵਾਲੇ ਲੋਕ ਰਾਜ ਸੱਤਾ ਨੂੰ ਪ੍ਰਾਪਤ ਕਰਨ ਲਈ ਜੋ ਕੁਝ ਕਰ ਰਹੇ ਹਨ? ਕਿਸੇ ਤੋਂ ਕੁਝ ਲੁਕਿਆ ਨਹੀਂ ਹੈ। ਲੋਕ ਧਰਮ, ਜਾਤ, ਇਲਾਕੇ ਆਦਿ ਦੇ ਨਾਵਾਂ ਤੇ ਵੰਡੀਆਂ ਪਾ ਕੇ ਆਮ ਭੋਲ਼ੀ ਭਾਲੀ ਜਨਤਾ ਨੂੰ ਗੁਮਰਾਹ ਕਰ ਕੇ ਸੱਤਾ ਹਾਸਲ ਕਰਨ ਦੀ ਹਰ ਕੋਸ਼ਿਸ਼ ਕਰ ਰਹੇ ਹਨ। ਜਿੱਥੇ ਗੁਰੂ ਸਾਹਿਬ ਇਹ ਫ਼ੁਰਮਾਉਂਦੇ ਹਨ ਕਿ ਰਾਜੁ ਮਾਲੁ ਜੰਜਾਲੁ ਕਾਜਿ ਨ ਕਿਤੈ ਗਨੋੁ॥ (ਪੰਨਾ- ੩੯੮)। ਉੱਥੇ ਇਹ ਵੀ ਕਹਿੰਦੇ ਹਨ ਕਿ ਜੋ ਰੱਬੀ ਨਾਮ ਨਾਲ ਰੰਗਿਆ ਪਿਆ ਹੈ ਉਹ ਤਾਂ ਸਾਰੀ ਦੁਨੀਆ ਦਾ ਹੀ ਰਾਜਾਂ ਹੈ। “ ਰਾਜਾ ਸਗਲੀ ਸ੍ਰਿਸਟਿ ਕਾ ਹਰਿ ਨਾਮਿ ਮਨੁ ਭਿੰਨਾ॥ ( ਪੰਨਾ-੭੦੭)। ਐਸੇ ਰਾਜੇ ਦੇ ਬਰਾਬਰ ਕੋਈ ਰਾਜਾ ਹੋ ਹੀ ਨਹੀਂ ਸਕਦਾ। (ਕੋਊ ਹਰਿ ਸਮਾਨਿ ਨਹੀਂ ਰਾਜਾ॥ (ਪੰਨਾ-੮੫੬)। ਤਾਂ ਤੇ ਫਿਰ ਹੁਕਮਰਾਨ ਤਾਂ ਰੱਬੀ ਰੰਗ ਵਿੱਚ ਰੰਗਿਆ ਹੋਣਾ ਚਾਹੀਦਾ ਹੈ। ਰੱਬੀ ਰੰਗ ਵਿੱਚ ਰੰਗਿਆ ਹੋਇਆ ਹੀ ਜਨਤਾ ਨੂੰ ਇਨਸਾਫ਼ ਦੇ ਸਕਦਾ ਹੈ। ਜੇ ਰਾਜਾ ਇਨਸਾਫ਼ ਪਸੰਦ ਹੈ ਅਤੇ ਹਰ ਇੱਕ ਨਾਲ ਨਿਆਂ ਕਰਦਾ ਹੈ ਤਾਂ ਗੁਰੂ ਪਿਆਰੇ ਰਾਜ ਵੱਲ ਤੱਕਦੇ ਵੀ ਨਹੀਂ। ਪਰ ਜੇ ਰਾਜਾ ਜਾਲਮ ਹੋ ਜਾਏ ਅਤੇ ਪਰਜਾ ਦੀ ਸੁਣੇ ਹੀ ਨਾ ਤਾਂ ਫਿਰ ਪ੍ਰਭੂ ਅਪਣੇ ਪਿਆਰਿਆਂ ਨੂੰ ਮੈਦਾਨ ਵਿੱਚ ਉਤਾਰਦੇ ਹਨ। ਰੱਬ ਪ੍ਰਸਤ ਨਾ ਚਾਹੁੰਦੇ ਹੋਏ ਵੀ ਪ੍ਰਭੂ ਦੇ ਹੁਕਮ ਨੂੰ ਮੰਨਦੇ ਹੋਏ ਸੀਸ ਝੁਕਾਉਂਦੇ ਹਨ। ਇਹ ਪ੍ਰਮਾਤਮਾ ਨੇ ਖੇਡ ਹੀ ਇਸ ਤਰ੍ਹਾਂ ਰਚੀ ਹੋਈ ਹੈ। ਜਦ ਕੰਸ ਦਾ ਜ਼ੁਲਮ ਸਿਖਰਾਂ ਨੂੰ ਛੂਹਦਾ ਹੈ ਤਾਂ ਕ੍ਰਿਸ਼ਨ ਹਥਿਆਰ ਚੁੱਕਦਾ ਹੈ। ਜੇ ਹਰਨਾਖਸ਼ ਰੱਬ ਬਣ ਬੈਠਦਾ ਹੈ ਤਾਂ ਪ੍ਰਹਿਲਾਦ ਉਸੇ ਦੇ ਹੀ ਘਰ ਜਨਮ ਲੈ ਲੈੰਦਾ ਹੈ।
ਵੈਸੇ ਗੁਰੂ ਪਿਆਰੇ ਰਾਜ ਦੀ ਚਾਹਤ ਨਹੀਂ ਰੱਖਦੇ ਕਿਉਂਕਿ ਉਹ ਜਾਣਦੇ ਹਨ ਜਿਸ ਦੇ ਅੰਦਰ ਰਾਜ ਦੀ ਲਾਲਸਾ ਆ ਗਈ ਉਹ ਫਿਰ ਅਭਿਮਾਨੀ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਐਸੇ ਰਾਜੇ ਨੂੰ ਨਰਕ ਵਿੱਚ ਪੈਣ ਵਾਲਾ ਕੁੱਤਾ ਹੀ ਦੱਸ ਦਿੱਤਾ ਹੈ। “ਜਿਸ ਕੈ ਅੰਤਰਿ ਰਾਜ ਅਭਿਮਾਨੁ॥ ਸੋ ਨਰਕਪਾਤੀ ਹੋਵਤ ਸੁਆਨੁ॥ (ਪੰਨਾ-੨੭੮)। ਤਾਂ ਹੀ ਰੱਬ ਪ੍ਰਸਤ ਕਹਿੰਦੇ ਹਨ ਜੇ ਰਾਜ ਦੇ ਦਏ ਗਾ ਤਾਂ ਮੇਰੀ ਕੀ ਵਡਿਆਈ ਹੈ ਤੇ ਭੀਖ ਮੰਗਵਾਏ ਗਾ ਤਾਂ ਮੇਰਾ ਕੁਝ ਨਹੀਂ ਘਟਣਾ । “ਜੌ ਰਾਜੁ ਦੇਇ ਤ ਕਵਨ ਬਡਾਈ॥ ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ॥” (ਪੰਨਾ-੫੨੫)। ਰਾਜ ਦੀ ਲਾਲਸਾ ਰੱਖਣ ਵਾਲਾ ਜਦ ਰਾਜਾ ਬਣ ਜਾਂਦਾ ਹੈ ਤਾਂ ਉਹ ਫਿਰ ਰਾਜ ਦੇ ਹੰਕਾਰ ਵਿੱਚ ਹੀ ਉਲਝਿਆ ਰਹਿੰਦਾ ਹੈ ਅਤੇ ਇਸੇ ਮਾਨ ਵਿੱਚ ਉਹ ਇਨਸਾਨੀਅਤ ਤਾਂ ਭੁੱਲਦਾ ਹੀ ਨਾਲ ਹੀ ਰੱਬ ਨੂੰ ਵੀ ਭੁੱਲ ਜਾਂਦਾ ਹੈ। “ ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ॥” (ਪੰਨਾ-੬੧੩)। ਇਸ ਤਰ੍ਹਾਂ ਇਹ ਰਾਜੇ ਹੀ ਰੱਤ ਪੀਣੇ ਕਸਾਈ ਬਣ ਜਾਂਦੇ ਹਨ ਅਤੇ ਇਨ੍ਹਾਂ ਦੇ ਅੰਦਰੋਂ ਧਰਮ ਪੰਖ ਲਾ ਕੇ ਉੱਡ ਜਾਂਦਾ ਹੈ। “ਕਲਿ ਕਾਤੀ ਰਾਜੇ ਕਸਾਈ ਧਰਮੁ ਪੰਖ ਕਰਿ ਉਡਰਿਆ॥ (ਪੰਨਾ-੧੪੫) ਅੰਦਰੋਂ ਧਰਮ ਰਹਿਤ ਹੋਣ ਕਰਕੇ ਇਹ ਫਿਰ ਮਾਇਆ ਇਕੱਠੀ ਕਰਨ ਲਈ ਜਨਤਾ ਤੇ ਅਨਰਥ ਕਰਦੇ ਹਨ। “ਭੂਪਤਿ ਹੋਇ ਕੈ ਰਾਜੁ ਕਮਾਇਆ॥ ਕਰਿ ਕਰਿ ਅਨਰਥ ਵਿਹਾਝੀ ਮਾਇਆ॥” (ਪੰਨਾ-੩੯੨)। ਲੋਕਾਂ ਤੇ ਜ਼ੁਲਮ ਕਰ ਕਰ ਕੇ ਭਾਵੇ ਬਹੁਤ ਮਾਇਆ ਇਕੱਠੀ ਕਰ ਲਈ ਪਰ ਇਸ ਦੀ ਤ੍ਰਿਸ਼ਨਾ ਫਿਰ ਵੀ ਨਹੀਂ ਬੁਝਦੀ। “ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ॥ (ਪੰਨਾ-੬੭੨)। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਹੈ ਜੋ ਵੀ ਪ੍ਰਭੂ ਪਿਆਰ ਤੋਂ ਦੂਰ ਹੋ ਗਿਆ ਉਹ ਭਾਵੇ ਰਾਜਾ ਹੈ ਜਾਂ ਪਰਜਾ ਸਭ ਝੂਠ ਨਾਲ ਹੀ ਲਿਪਟੇ ਪਏ ਹਨ। “ ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ” (ਪੰਨਾ-੪੬੮)। ਹੁਣ ਦੱਸੋ ਐਸੇ ਰਾਜ ਦੀ ਚਾਹਤ ਕੋਈ ਵੀ ਰੱਬ ਪ੍ਰਸਤ ਇਨਸਾਨ ਕਰ ਸਕਦਾ ਹੈ? ਹਰਗਿਜ ਨਹੀਂ ਜੀ। “ ਐਸੋ ਰਾਜੁ ਨ ਕਿਤੈ ਕਾਜਿ ਜਿਤੁ ਨਹ ਤ੍ਰਿਪਤਾਏ॥(ਪੰਨਾ-੭੪੫)। ਗੁਰੂ ਪਿਆਰੇ ਤਾਂ ਐਸੇ ਰਾਜ ਤੇ ਚੌਧਰਾਂ ਨੂੰ ਅੱਗ ਵਿੱਚ ਸਾੜਦੇ ਹਨ। ਉਹ ਤਾਂ ਪ੍ਰਭੂ ਪਿਆਰਿਆਂ ਦੀ ਸੇਵਾ ਵਿੱਚ ਪੱਖਾ ਝੱਲ ਕੇ, ਪਾਣੀ ਪਿਲਾ ਕੇ ਹੀ ਨਿਹਾਲੋ ਨਿਹਾਲ ਹੋਇ ਰਹਿੰਦੇ ਹਨ। “ ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ॥ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ॥(ਪੰਨਾ-੮੧੧)। ਇਸੇ ਦੀ ਉਦਾਹਰਣ ਨਵਾਬ ਕਪੂਰ ਸਿੰਘ ਤੇ ਕਿਆ ਖ਼ੂਬ ਢੁੱਕਦੀ ਹੈ। ਜਦ ਜਕਰੀਆ ਖਾਂ ਭਾਈ ਸੁਬੇਗ ਸਿੰਘ ਹੱਥ ਸਿੰਘਾ ਲਈ ਨਵਾਬੀ ਭੇਜਦਾ ਹੈ ਤਾਂ ਸਿੰਘਾਂ ਨੇ ਇਹ ਨਵਾਬੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਜਦ ਭਾਈ ਸੁਬੇਗ ਸਿੰਘ ਨੇ ਸਾਰੇ ਸਿੰਘ ਨੂੰ ਕਿਹਾ ਕਿ ਤੁਸੀ ਕਿਹੜੀ ਨਵਾਬੀ ਮੰਗੀ ਹੈ। ਇਹ ਤਾਂ ਸਮਝੋ ਗੁਰੂ ਸਾਹਿਬ ਨੇ ਤੁਹਾਡੀ ਝੋਲੀ ਪਾਈ ਹੈ। ਜਦ ਜਥੇਦਾਰ ਦਰਬਾਰਾ ਸਿੰਘ ਨੇ ਨਵਾਬੀ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਪੰਥ ਨੇ ਪੱਖਾ ਝੱਲਦੇ ਕਪੂਰ ਸਿੰਘ ਨੂੰ ਨਵਾਬੀ ਕਬੂਲਣ ਲਈ ਹੁਕਮ ਕਰ ਦਿੱਤਾ। ਕਪੂਰ ਸਿੰਘ ਨੇ ਪੰਥ ਦਾ ਹੁਕਮ ਤਾਂ ਮੰਨ ਲਿਆ ਪਰ ਨਾਲ ਕੁਝ ਸ਼ਰਤਾਂ ਲਾ ਦਿੱਤੀਆਂ।
੧. ਨਵਾਬੀ ਦੀ ਖਿਲਤ ਪੰਜ ਸਿੰਘਾ ਦੇ ਜੋੜਿਆ ਨਾਲ ਛੁਹਾ ਕੇ ਦਿੱਤੀ ਜਾਏ। ਜਿਸ ਦਾ ਭਾਵ ਬਣਦਾ ਹੈ ਖਾਲਸਾ ਨਵਾਬੀ ਨੂੰ ਜੁੱਤੀ ਦੀ ਨੋਕ ਤੇ ਰੱਖਦਾ ਹੈ।
੨. ਮੈਨੂੰ ਨਵਾਬੀ ਪੰਥ ਨੇ ਬਖ਼ਸ਼ੀ ਹੈ ਸੋ ਮੈਂ ਸਿਰਫ ਪੰਥ ਨੂੰ ਜੁਆਬ ਦੇਹ ਹਾਂ।
੩. ਜੋ ਸੇਵਾ ਮੈਂ ਕਰ ਰਿਹਾ ਹਾਂ ਇਸ ਸੇਵਾ ਤੋਂ ਮੈਨੂੰ ਮੁਕਤ ਨਹੀਂ ਕੀਤਾ ਜਾਏ ਗਾ। ਮਤਲਬ ਘੋੜਿਆਂ ਦੀ ਸੇਵਾ ਅਤੇ ਪੱਖਾ ਝੱਲਣ ਦੀ ਸੇਵਾ ਮੇਰੇ ਕੋਲ ਹੀ ਰਹੇਗੀ। ਇਸ ਤਰ੍ਹਾਂ ਭਾਈ ਕਪੂਰ ਸਿੰਘ ਤੋਂ ਨਵਾਬ ਕਪੂਰ ਸਿੰਘ ਬਣ ਗਏ।
ਸ਼ਾਹ ਆਲਮ ਨੂੰ ਜਦ ਅਪਣਾ ਤਖਤ ਖਤਰੇ ਵਿੱਚ ਪਿਆ ਨਜ਼ਰ ਆਇਆ ਤਾਂ ਉਸ ਨੇ ਸਰਦਾਰ ਬਘੇਲ ਸਿੰਘ ਕਰੋੜਸਿੰਘੀਏ ਤੋ ਮਦਦ ਮੰਗੀ ਸੀ। ਜਦ ਸ਼ਾਹ ਆਲਮ ਦੇ ਵਿਰੋਧੀਆਂ ਨੂੰ ਪਤਾ ਲੱਗ ਗਿਆ ਕਿ ਬਘੇਲ ਸਿੰਘ ਮਦਦ ਤੇ ਆ ਗਿਆ ਹੈ ਤਾਂ ਉਹ ਜਿੱਥੇ ਸੀ ਉੱਥੋਂ ਹੀ ਪਿੱਛੇ ਮੁੜ ਗਏ। ਹੁਣ ਸ਼ਾਹ ਆਲਮ ਬੇ-ਇਮਾਨ ਹੋ ਗਿਆ ਅਤੇ ਬਘੇਲ ਸਿੰਘ ਨੂੰ ਵਾਪਸ ਜਾਣ ਲਈ ਸਨੇਹਾ ਭੇਜ ਦਿੱਤਾ। ਫੌਜ ਦਾ ਖ਼ਰਚਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਉਸ ਸਮੇਂ ਸਿੰਘਾ ਦਿੱਲੀ ਦੇ ਲਾਲ ਕਿਲੇ ਤੇ ਕਬਜ਼ਾ ਕਰਕੇ ਖ਼ਾਲਸਈ ਨਿਸ਼ਾਨ ਝੁਲਾ ਦਿੱਤਾ ਸੀ। ਜਦ ਸ਼ਾਹ ਆਲਮ ਨੇ ਬੇਗਮ ਸਮਰੂ ਨੂੰ ਵਿਚੋਲਾ ਪਾ ਕੇ ਸੁਲਾਹ ਦੀ ਪੇਸ਼ਕਸ਼ ਕੀਤੀ ਤਾਂ ਸਿੰਘਾ ਨੇ ਦਿੱਲੀ ਉਸ ਨੂੰ ਕੁਝ ਸ਼ਰਤਾਂ ਅਧੀਨ ਸੌਂਪ ਦਿੱਤੀ ਸੀ। ਜੇ ਖਾਲਸੇ ਨੂੰ ਰਾਜ ਦੀ ਲਾਲਸਾ ਹੁੰਦੀ ਤਾਂ ਦਿੱਲੀ ਤਾਂ ਸਿੰਘਾ ਦੇ ਕਬਜੇ ਵਿੱਚ ਸੀ। ਆਲਮ ਸ਼ਾਹ ਨੂੰ ਬੜੇ ਅਰਾਮ ਨਾਲ ਕੈਦੀ ਬਣਾਇਆ ਜਾ ਸਕਦਾ ਸੀ। ਪਰ ਖਾਲਸੇ ਦੀ ਲਾਲਸਾ ਰਾਜ ਕਰਨਾ ਨਹੀਂ ਹੈ। ਇਸ ਦੀ ਲਾਲਸਾ ਪ੍ਰਭੂ ਚਰਨਾ ਦੀ ਪ੍ਰੀਤ ਹੈ। ਇਕ ਸ਼ਰਤ ਇਤਿਹਾਸਿਕ ਗੁਰਦੁਆਰੇ ਬਣਾਉਣ ਦੀ ਵੀ ਰੱਖੀ ਸੀ ਅਤੇ ਗੁਰਦੁਆਰੇ ਬਣਾਏ ਵੀ ਸਨ। ਅੰਗ੍ਰੇਜ ਤਾਂ ੧੯੪੭ ਵਿੱਚ ਵੀ ਸਿੱਖਾਂ ਨੂੰ ਬਣਦਾ ਹਿੱਸਾ ਦੇਣ ਨੂੰ ਤਿਆਰ ਸੀ ਪਰ ਖਾਲਸੇ ਨੇ ਕਾਂਗਰਸ ਤੇ ਵਿਸ਼ਵਾਸ ਕਰਕੇ ਰਾਜ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਖਾਲਸੇ ਨੂੰ ਅਪਣਾ ਫਰਜ਼ ਹਮੇਸ਼ਾ ਯਾਦ ਰਿਹਾ ਹੈ। “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥ {ਪੰਨਾ 1427}। ਹਾਂ ਇਹ ਜ਼ੁਲਮ ਹਰਗਿਜ ਬਰਦਾਸ਼ਤ ਨਹੀਂ ਕਰ ਸਕਦੇ ਉਹ ਭਾਵੇ ਖ਼ੁਦ ਤੇ ਜਾਂ ਕਿਸੇ ਹੋਰ ਤੇ ਵੀ ਕਿਉਂ ਨਾ ਹੋਵੇ। ਖਾਲਸੇ ਲਈ ਇਹ ਗੁਰੂ ਦਾ ਹੁਕਮ ਹੈ। ਜਦ ਭਾਰਤ ਦੀ ਸਰਕਾਰ ਵੀ ਜ਼ੁਲਮ ਕਰਨ ਤੇ ਉਤਰ ਆਈ ਤਾਂ ਪੰਥ ਨੂੰ ਮਜਬੂਰਨ ਅਪਣੀ ਅਵਾਜ਼ ਬੁਲੰਦ ਕਰਨੀ ਪਈ।
ਜੇ ਰਾਜਾ ਜ਼ੁਲਮ ਕਰਨ ਤੋਂ ਨਹੀਂ ਹਟਦਾ ਫਿਰ ਪ੍ਰਭੂ ਖਾਲਸੇ ਨੂੰ ਹੁਕਮ ਕਰਦਾ ਹੈ। ਇਸ ਤਰ੍ਹਾਂ ਰੱਬ ਪ੍ਰਸਤ ਬੰਦਿਆਂ ਨੂੰ ਜੇ ਪ੍ਰਭੂ ਰਾਜ ਬਖ਼ਸ਼ ਦਿੰਦਾ ਹੈ ਤਾਂ ਉਹ ਰਾਜ ਐਸ਼ੋਇਸ਼ਰਤ ਲਈ ਨਹੀਂ ਬਲਕਿ ਸੇਵਾ ਸਮਝ ਕੇ ਕਰਦੇ ਹਨ। ਖਾਲਸੇ ਦਾ ਰਾਜ ਵਿਲੱਖਣ ਹਲੇਮੀ ਰਾਜ ਹੈ। ਜਿਸ ਵਿੱਚ ਹਰ ਕੋਈ ਖੁਸ਼ੀ ਮਹਿਸੂਸ ਕਰਦਾ ਹੈ। ਕੋਈ ਵੀ ਕਿਸੇ ਨੂੰ ਤੰਗ ਨਹੀਂ ਕਰਦਾ।ਕਿਉਂਕਿ ਖਾਲਸਾ ਰੱਬ ਅੱਗੇ ਅਰਦਾਸ ਕਰਦਾ ਹੈ ਕਿ ਪਾਤਸ਼ਾਹ ਜੇ ਮੈਨੂੰ ਸੁਲਤਾਨ ਬਣਾ ਦੇਵੇ, ਪੂਰਾ ਲਾਮੋ ਲਸ਼ਕਰੀ ਦੇ ਦੇਵੇ ਤਖ਼ਤ ਵੀ ਬਸ਼ਖ ਦੇਵੇ, ਮੇਰਾ ਪੂਰਾ ਹੁਕਮ ਵੀ ਚੱਲਦਾ ਹੋਵੇ ਤਾਂ ਮੇਰੇ ਉੱਪਰ ਕ੍ਰਿਪਾ ਕਰਨੀ ਕਿ ਦਾਤਾ ਮੈਂ ਇਹ ਸਭ ਕੁਝ ਮਾਣ ਕਿ ਕਿਤੇ ਤੈਨੂੰ ਭੁੱਲ ਨਾ ਜਾਵਾਂ।“ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥ ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੪॥੧॥ {ਪੰਨਾ 14} “ ਫਿਰ ਇਸ ਤਰ੍ਹਾਂ ਦੇ ਰਾਜੇ ਦੇ ਰਾਜ ਵਿੱਚ ਤਾਂ ਫਿਰ ਹਰ ਕੋਈ ਸੁੱਖੀ ਹੀ ਹੋਵੇਗਾ।ਗੁਰ ਫੁਰਮਾਨ ਹੈ “ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥” (ਪੰਨਾ-੭੪) ਐਸਾ ਰਾਜ ਗੁਰੂ ਸਾਹਿਬ ਆਪਾ ਵਾਰਨ ਵਾਲੇ ਗੁਰਮੁਖਾਂ ਨੂੰ ਹੀ ਬਖਸ਼ਦੇ ਹਨ। ਐਸਾ ਰਾਜ ਅੱਠ ਸਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਰਾਜ ਵਿੱਚ ਹਰ ਕੋਈ ਖੁਸ਼ ਸੀ। ਚਾਲੀ ਸਾਲ ਦੇ ਰਾਜ ਵਿੱਚ ਇੱਕ ਵੀ ਫਾਂਸੀ ਨਹੀਂ ਹੋਈ। ਇਹ ਹੈ ਖਾਲਸਾ ਹਲੇਮੀ ਰਾਜ। ਗੁਰੂ ਸਾਹਿਬ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਗੁਰਮੁਖ ਆਪਾ ਵਾਰ ਕੇ ਸਾਰੀ ਸ੍ਰਿਸ਼ਟੀ ਦਾ ਰਾਜ ਪ੍ਰਾਪਤ ਕਰ ਲੈੰਦੇ ਹਨ।“ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥ {ਪੰਨਾ 647-648}”। ਜੋ ਪ੍ਰਭੂ ਦੀ ਯਾਦ ਵਿੱਚ ਜਿਉਂਦੇ ਹਨ ਉਹ ਕਿਸੇ ਦੁਬਿਧਾ ਵਿੱਚ ਨਾ ਹੋਣ ਕਰਕੇ ਰਾਜ ਜੋਗ ਨੂੰ ਪ੍ਰਾਪਤ ਕਰ ਲੈੰਦੇ ਹਨ। “ਇਸਹਿ ਮਾਰਿ ਰਾਜ ਜੋਗੁ ਕਮਾਵੈ॥” (ਪੰਨਾ-੩੩੮)। ਐਸੇ ਗੁਰਸਿੱਖ ਰਾਜੇ ਐਵੇਂ ਨਹੀਂ ਭਿੜ ਭਿੜ ਕੇ ਮਰਦੇ ਰਹਿੰਦੇ।“ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ॥” (ਪੰਨਾ-੫੯੦)। ਰੱਬ ਪ੍ਰਸਤ ਰਾਜੇ ਆਮ ਰਾਜਿਆਂ ਵਰਗੇ ਰਾਜੇ ਨਹੀਂ ਹੁੰਦੇ ਜੋ ਚਾਰ ਦਿਨ ਰਾਜ ਮਿਲਣ ਤੇ ਹੀ ਝੂਠਿਆਂ ਵਿਖਾਵਿਆਂ ਵਿੱਚ ਫਸ ਕਿ ਰਹਿ ਜਾਂਦੇ ਹਨ। ਇਹ ਪ੍ਰਭੂ ਨੂੰ ਸਿਮਰ ਕੇ ਪ੍ਰਭੂ ਵਰਗੇ ਹੀ ਹੋ ਜਾਂਦੇ ਹਨ। “ਜੈਸਾ ਸੇਵੈ ਤੈਸੋ ਹੋਇ॥” (ਪੰਨਾ-੨੨੩)। ਫਿਰ ਇਸ ਰਾਜੇ ਵਰਗਾ ਰਾਜਾ ਕੋਈ ਹੋ ਹੀ ਨਹੀ ਸਕਦਾ। “ਕੋਊ ਹਰਿ ਸਮਾਨਿ ਨਹੀ ਰਾਜਾ ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥” ( ਪੰਨਾ-੮੫੬)। ਅਸਲ ਵਿੱਚ ਪ੍ਰਭੂ ਪ੍ਰਸਤ ਹੀ ਤਖਤ ਤੇ ਬੈਠਣ ਦੇ ਲਾਇਕ ਹਨ। ਇਹ ਤਾਂ ਕੂੜੇ ਸਿਆਸਤਦਾਨਾਂ ਨੇ ਚੁਸਤੀ ਵਰਤਦਿਆਂ ਹੋਇਆ ਭੋਲੇ-ਭਾਲੇ ਲੋਕਾਂ ਨੂੰ ਵੀ ਇਹ ਕਹਿਣ ਲਾ ਦਿੱਤਾ ਹੈ ਕਿ ਜੀ ਰੱਬ ਪ੍ਰਸਤ ਬੰਦਿਆਂ ਨੂੰ ਸਿਆਸਤ ਵਿੱਚ ਆਉਣਾ ਹੀ ਨਹੀਂ ਚਾਹੀਦਾ। ਇਹ ਤਾਂ ਨਿਰਾ ਝੂਠ ਹੈ। ਜੇ ਇਹ ਝੂਠ ਹੈ ਤਾਂ ਝੂਠੇ ਲੋਕ ਚੋਣ ਹੀ ਨਹੀਂ ਲੜ ਸਕਦੇ ਕਿਉਂਕਿ ਸਾਰੇ ਦੇਸ਼ਾਂ ਦੇ ਸੰਵਿਧਾਨ ਝੂਠ ਨੂੰ ਜੁਰਮ ਮੰਨਦੇ ਹਨ। ਜਾਲਮ ਆਦਮੀ ਚੋਣ ਕਿਵੇਂ ਲੜ ਸਕਦਾ ਹੈ? ਇਸ ਝੂਠ ਤੋਂ ਪਰਦਾ ਉਠਾਉਣ ਲਈ ਹੀ ਗੁਰੂ ਹਰਿਗੋਬਿੰਦ ਸਾਹਿਬ ਨੇ ਦੋ ਕ੍ਰਿਪਾਨਾਂ ਪਹਿਨੀਆਂ ਸਨ। ਅਕਾਲ ਤਖਤ ਦੀ ਰਚਨਾ ਕੀਤੀ ਹੈ। ਹੁਣ ਜਰਾ ਵਿਚਾਰੋ ਇਹ ਕਹਿ ਰਹੇ ਹਨ ਕਿ ਸਿਆਸਤ ਨਿਰਾ ਝੂਠ ਹੈ। ਜਦੋਂ ਕਿ ਅਸਲ ਇਹ ਹੈ ਕਿ ਸਿਆਸਤ ਹੈ ਹੀ ਸੱਚ ਇਸੇ ਲਈ ਇਹ ਵਿਧਾਨ ਸਭਾ ਨੂੰ ਪਵਿੱਤਰ ਸਦਨ ਕਿਹਾ ਜਾਂਦਾ ਹੈ। ਜਿਸ ਪਵਿੱਤਰ ਸਦਨ ਵਿੱਚ ਝੂਠੇ ਬੈਠ ਗਏ ਉਹ ਪਵਿੱਤਰ ਕਿਵੇਂ ਰਹਿ ਸਕਦਾ ਹੈ। ਇਹ ਤਾਂ ਫਿਰ ਉਹ ਗੱਲ ਬਣ ਗਈ “ਦੇ ਕੈ ਚਉਕਾ ਕਢੀ ਕਾਰ ॥ ਉਪਰਿ ਆਇ ਬੈਠੇ ਕੂੜਿਆਰ ॥” (ਪੰਨਾ-੪੭੧)। ਅਸਲ ਵਿੱਚ ਸੱਚ ਉੱਪਰ ਕਾਬਜ਼ ਝੂਠੇ ਬੰਦੇ ਹੋ ਗਏ ਹਨ। ਸੋ ਝੂਠਿਆਂ ਤੋਂ ਇਨਸਾਫ਼ ਦੀ ਆਸ ਕਿਵੇਂ ਕਰ ਸਕਦੇ ਹੋ? ਇਸ ਲਈ ਰਾਜਾ ਰੱਬ ਪ੍ਰਸਤ ਹੀ ਹੋਣਾ ਚਾਹੀਦਾ। “ ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥ ਜਿੰਨੀ ਸਚੁ ਪਛਾਣਿਆ ਸਚੁ ਰਾਜੇ ਸੇਈ॥” ( ਪੰਨਾ-੧੦੮੮)। ਪਰ ਇੱਥੇ ਇਹ ਵੀ ਸਪੱਸ਼ਟ ਕਰ ਦਿਆ ਕਿ ਬੰਦਾ ਪਹਿਰਾਵੇ ਕਰ ਕੇ ਨਹੀਂ ਸੋਚ ਕਰਕੇ ਧਾਰਮਿਕ ਹੋਣਾ ਚਾਹੀਦਾ ਹੈ। ਜਿਸ ਨੇ ਸੱਚ ਨੂੰ ਪਛਾਣ ਲਿਆ ਉਹੀ ਸੱਚਾ ਰਾਜਾ ਹੋ ਸਕਦਾ ਹੈ ਅਤੇ ਸੱਚਾ ਹੀ ਸੱਚਾ ਨਿਆਉ ਕਰ ਸਕਦਾ ਹੈ। “ ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ॥ ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ॥” (ਪੰਨਾ-੧੧੮੮)। ਜਿਸ ਦੇ ਹਿਰਦੇ ਅੰਦਰ ਪ੍ਰਭੂ ਪਿਆਰ ਹੀ ਨਹੀਂ ਉਹ ਪ੍ਰਜਾ ਨੂੰ ਕਿਸ ਤਰ੍ਹਾਂ ਪਿਆਰ ਕਰ ਸਕਦਾ ਹੈ। ਜਿਸ ਨੂੰ ਅਪਣੇ ਅੰਦਰ ਰੱਬ ਨਜ਼ਰ ਨਹੀਂ ਆਇਆ ਉਹ ਪ੍ਰਜਾ ਵਿੱਚ ਰੱਬ ਕਿਵੇਂ ਦੇਖ ਸਕਦਾ ਹੈ। ਪ੍ਰਜਾ ਅੰਦਰ ਰੱਬ ਤਾਂ ਰੱਬ ਪ੍ਰਸਤ ਨੂੰ ਹੀ ਨਜ਼ਰ ਆ ਸਕਦਾ ਹੈ। “ਜਿਸੁ ਨਾਮੁ ਰਿਦੈ ਸੋਈ ਵਡ ਰਾਜਾ ॥” (ਪੰਨਾ-੧੧੫੫)।ਜੋ ਰਾਜ ਗੁਰੂ ਨਾਨਕ ਨੇ ਚਲਾਇਆ ਹੈ ਉਹ ਰਾਜ ਤਾਂ ਰੱਬ ਪ੍ਰਸਤ ਹੀ ਕਰ ਸਕਦੇ ਹਨ। “ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥” {ਪੰਨਾ 966}। ਤਾਂ ਤੇ ਗੁਰੂ ਨਾਨਕ ਦੇ ਚਲਾਏ ਰਾਜ ਤੇ ਚੱਲਣ ਵਾਲੇ ਤੋਂ ਹੀ ਨਿਆਂ ਦੀ ਆਸ ਕੀਤੀ ਜਾ ਸਕਦੀ ਹੈ। ਜਿਸ ਨੇ ਸੱਚ ਨਾਲ ਧਿਆਨ ਲਾਉਣਾ ਪੜਿਆ ਹੀ ਨਹੀਂ ਉਹ ਕਿਸੇ ਨਾਲ ਸੱਚਾ ਨਿਆਉਂ ਕਿਸ ਤਰ੍ਹਾਂ ਕਰ ਸਕਦਾ ਹੈ? ਇਹ ਨਿਆਂ ਰੱਬ ਪ੍ਰਸਤ ਹੀ ਕਰ ਸਕਦੇ ਹਨ। “ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ॥” (ਪੰਨਾ-੧੨੪੦)। ਰੱਬ ਪ੍ਰਸਤ ਬੰਦੇ ਹੀ ਐਸੇ ਰਾਜ ਦੀ ਸਥਾਪਨਾ ਕਰ ਸਕਦੇ ਹਨ ਜਿਸ ਦਾ ਜ਼ਿਕਰ ਭਗਤ ਰਵਿਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਕੀਤਾ ਹੈ। “ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥ ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥੨॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥ {ਪੰਨਾ 345}।
ਗੁਰੂ ਸਾਹਿਬ ਖ਼ੁਦ ਜਿਸ ਰਾਜ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਅੰਦਰ ਕਰ ਰਹੇ ਹਨ ਭਲਾ ਐਸਾ ਰਾਜ ਦੇਣ ਵਿੱਚ ਗੁਰੂ ਸਾਹਿਬ ਦੇਰੀ ਕਿਸ ਤਰ੍ਹਾਂ ਕਰ ਸਕਦੇ ਹਨ ? ਸੋ ਲੋੜ ਸਮਝਣ ਦੀ ਹੈ। ਐਸਾ ਰਾਜ ਖਾਲਸੇ ਤੋ ਬਿਨ੍ਹਾ ਜਨਤਾ ਨੂੰ ਕੌਣ ਦੇ ਸਕਦਾ ਹੈ। ਗੁਰੂ ਸਾਹਿਬ ਸਾਡੀ ਝੋਲੀ ਵਿੱਚ ਐਸਾ ਰਾਜ ਪਾਉਣ ਲਈ ਤਿਆਰ ਹਨ।ਜੇ ਗੁਰੂ ਸਾਹਿਬ ਖ਼ੁਦ ਗੁਰਬਾਣੀ ਅੰਦਰ ਫ਼ੁਰਮਾਉਂਦੇ ਹਨ “ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ ॥ ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ ॥”( ਪੰਨਾ-੧੦੮੬) ਫਿਰ ਇਸ ਦਾ ਮਤਲਬ ਤਾਂ ਇਹੀ ਬਣਦਾ ਹੈ ਕਿ ਅਸੀਂ ਇਸ ਦੇ ਅਜੇ ਗਾਹਕ ਬਣੇ ਨਹੀਂ ਹਾਂ। ਜਿਸ ਰਾਜ ਦੀ ਗੱਲ ਗੁਰੂ ਸਾਹਿਬ ਗੁਰਬਾਣੀ ਅੰਦਰ ਕਰਦੇ ਹਨ ਐਸਾ ਰਾਜ ਤਾਂ ਫਿਰ ਪ੍ਰਭੂ ਚਰਨਾ ਦਾ ਭੌਰਾ ਹੀ ਕਰ ਸਕਦਾ ਹੈ। ਸੋ ਆਉ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ, ਗੁਰਬਾਣੀ ਨੂੰ ਖ਼ੁਦ ਪੜ੍ਹ ਕੇ ਸਮਝੀਏ ਅਤੇ ਅਮਲ ਕਰਕੇ ਤਿਆਰ ਬਰ ਤਿਆਰ ਹੋਈਏ ਤਾਂ ਹੀ ਅਸੀਂ ਗੁਰੂ ਦੇ ਚਰਨਾਂ ਦੀ ਪ੍ਰੀਤ ਦੇ ਪਾਤਰ ਬਣ ਸਕਦੇ ਹਾਂ। ਜਦ ਆਪਾ ਖਾਲਸੇ ਬਣ ਗਏ ਤਾਂ ਹੀ ਖ਼ਾਲਸਾ ਹਲੇਮੀ ਰਾਜ ਹੋ ਸਕੇਗਾ। ਫਿਰ ਜਿਥੇ ਆਪਾ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣਾ ਗੇ ਉਥੇ ਜ਼ਿੰਦਗੀ ਦਾ ਅਸਲੀ ਲੁਤਫ ਵੀ ਲੈ ਸਕਾਂਗੇ।
ਭੁੱਲ ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫ਼ੋਨ – ੬੪੭੭੭੧੪੯੩੨