ਧਨੁ ਸੋਹਾਗਨਿ
ਕਿਸੇ ਸਬੱਬ ਨਾਲ ਕੁਝ ਸਹੇਲੀਆਂ ਇਕੱਠੀਆਂ ਹੋ ਗਈਆਂ। ਪ੍ਰਭੂ ਉਸਤਤ ਦੀਆਂ ਗੱਲਾਂ ਚੱਲ ਪਈਆਂ। ਪ੍ਰਭੂ ਉਸਤਤ ਦੀਆਂ ਗੱਲਾਂ ਸਭ ਨੂੰ ਚੰਗੀਆਂ ਲੱਗੀਆਂ। ਵਿੱਚੋਂ ਇੱਕ ਸਹੇਲੀ ਕਹਿਣ ਲੱਗੀ ਹੇ ਸਖੀ ਐਸੇ ਪ੍ਰਭੂ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ। ਉਸ ਨੂੰ ਮਿਲਣ ਦੀ ਕੀ ਨਿਸ਼ਾਨੀ ਹੈ? ਅੱਗੋ ਇੱਕ ਸਹੇਲੀ ਉੱਤਰ ਦਿੰਦੀ ਹੈ, ਹੇ ਸਹੇਲੀਏ! ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਮੈਥੋਂ ਸੁਣ ਲੈ। ਉਹ ਨਿਸ਼ਾਨੀ ਉਹ ਤਰੀਕਾ ਇਹ ਹੈ ਕਿ ਲੋਕ-ਲਾਜ ਦੀ ਖ਼ਾਤਰ ਕੰਮ ਕਰਨੇ ਛੱਡ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦਿਉ। ਪ੍ਰਭੂ ਆਪੇ ਮਿਲ ਜਾਂਦਾ ਹੈ। ਪਰਮਾਤਮਾ ਸਿਰਫ ਮਿਲਦਾ ਹੀ ਨਹੀ ਬਲਕਿ, ਹੇ ਸਹੇਲੀਏ! ਉਹ ਜੀਵ-ਇਸਤ੍ਰੀ ਸਲਾਹੁਣ-ਜੋਗ ਹੈ, ਸੁਹਾਗ-ਭਾਗ ਵਾਲੀ ਹੈ, ਜੇਹੜੀ ਪ੍ਰਭੂ-ਪਤੀ ਨਾਲ ਸਾਂਝ ਬਣਾਂਦੀ ਹੈ, ਜੇਹੜੀ ਅਹੰਕਾਰ ਛੱਡ ਕੇ ਪ੍ਰਭੂ-ਪਤੀ ਦਾ ਹੁਕਮ ਮੰਨਦੀ ਰਹਿੰਦੀ ਹੈ। ਉਹ ਜੀਵ-ਇਸਤ੍ਰੀ ਪਭੂ-ਪਤੀ ਦੇ ਪਿਆਰ-ਰੰਗ ਵਿਚ ਰੰਗੀ ਹੋਈ ਉਸ ਦੇ ਮਿਲਾਪ ਦਾ ਆਤਮਕ ਆਨੰਦ ਮਾਣਦੀ ਰਹਿੰਦੀ ਹੈ। ਇਸ ਤਰ੍ਹਾਂ ਇਕ ਸਤਸੰਗੀ ਸਹੇਲੀ ਦੂਜੀ ਸਤਸੰਗੀ ਸਹੇਲੀ ਨੂੰ ਪ੍ਰਭੂ-ਪਤੀ ਦੇ ਮਿਲਾਪ ਦੇ ਤਰੀਕੇ ਬਾਰੇ ਸਮਝਾਂਦੀ ਹੈ ਤੇ ਆਖਦੀ ਹੈ ਕਿ ਜਿਹੜੀ ਜੀਵ-ਇਸਤ੍ਰੀ ਉਹੀ ਕੁਝ ਕਰਦੀ ਹੈ ਜੋ ਪ੍ਰਭੂ-ਪਤੀ ਨੂੰ ਪਸੰਦ ਆ ਜਾਂਦਾ ਹੈ, ਉਹ ਸੁਹਾਗ-ਭਾਗ ਵਾਲੀ ਜੀਵ-ਇਸਤ੍ਰੀ ਉਸ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦੀ ਹੈ। ਪਰ ਜੇਹੜੀ ਜੀਵ-ਇਸਤ੍ਰੀ ਅਹੰਕਾਰ ਵਿਚ ਫਸੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦੇ ਚਰਨਾਂ ਵਿਚ ਥਾਂ ਪ੍ਰਾਪਤ ਨਹੀਂ ਕਰ ਸਕਦੀ। ਜਦੋਂ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ, ਤਦੋਂ ਉਹ ਪਛੁਤਾਂਦੀ ਹੈ। ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੀ ਉਹ ਮੰਦ-ਭਾਗਣ ਜੀਵ-ਇਸਤ੍ਰੀ ਸਦਾ ਦੁੱਖ ਪਾਂਦੀ ਰਹਿੰਦੀ ਹੈ।
ਹੇ ਭੈਣੇ ! ਲੋਕ-ਲਾਜ ਦੀ ਖ਼ਾਤਰ ਮੈਂ ਤਾਂ ਹੀ ਪਰਮਾਤਮਾ ਦੇ ਦਰ ਤੇ ਅਰਦਾਸ ਕਰਾਂ, ਜੇ ਮੈਂ ਉਸ ਨੂੰ ਕਿਤੇ ਦੂਰ ਵੱਸਦਾ ਸਮਝਾਂ। ਉਹ ਨਾਸ-ਰਹਿਤ ਪਰਮਾਤਮਾ ਤਾਂ ਹਰ ਥਾਂ ਵਿਆਪਕ ਹੈ। ਕਹਿਣ ਲੱਗੀ ਕਿ ਜੇ ਗੁਰੂ ਨਾਨਕ ਉਸ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖ ਕੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ਫਿਰ ਆਪਾਂ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲਿਆਂ ਨੂੰ ਵੀ ਤਾਂ ਗੁਰੂ ਦੇ ਪਾਏ ਪੂਰਨਿਆ ਤੇ ਚੱਲਣਾ ਬਣਦਾ ਹੈ।
ਭਾਵਃ ਸਾਨੂੰ ਅਪਣਾ ਹੰਕਾਰ ਛੱਡ ਕਿ ਗੁਰੂ ਦਾ ਹੁਕਮ ਮੰਨਣਾ ਚਾਹੀਦਾ ਹੈ।
ਸੂਹੀ ਮਹਲਾ ੫ ॥ ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ ॥ ਮਾਨੈ ਹੁਕਮੁ ਤਜੈ ਅਭਿਮਾਨੈ ॥ ਪ੍ਰਿਅ ਸਿਉ ਰਾਤੀ ਰਲੀਆ ਮਾਨੈ ॥੧॥ ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ ॥ ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ ॥੧॥ ਰਹਾਉ ॥ ਸਖੀ ਸਹੇਲੀ ਕਉ ਸਮਝਾਵੈ ॥ ਸੋਈ ਕਮਾਵੈ ਜੋ ਪ੍ਰਭ ਭਾਵੈ ॥ ਸਾ ਸੋਹਾਗਣਿ ਅੰਕਿ ਸਮਾਵੈ ॥੨॥ ਗਰਬਿ ਗਹੇਲੀ ਮਹਲੁ ਨ ਪਾਵੈ ॥ ਫਿਰਿ ਪਛੁਤਾਵੈ ਜਬ ਰੈਣਿ ਬਿਹਾਵੈ ॥ ਕਰਮਹੀਣਿ ਮਨਮੁਖਿ ਦੁਖੁ ਪਾਵੈ ॥੩॥ ਬਿਨਉ ਕਰੀ ਜੇ ਜਾਣਾ ਦੂਰਿ ॥ ਪ੍ਰਭੁ ਅਬਿਨਾਸੀ ਰਹਿਆ ਭਰਪੂਰਿ ॥ ਜਨੁ ਨਾਨਕੁ ਗਾਵੈ ਦੇਖਿ ਹਦੂਰਿ ॥੪॥੩॥ {ਪੰਨਾ 737}
ਸਹੀ ਮਿਲਾਨ ਕਰੋਃ-
ਤਜੈ ————— ਕਦੇ ਨਾ ਨਾਸ ਹੋਣ ਵਾਲਾ
ਸਖੀ ————— ਹੰਕਾਰ ਵਿੱਚ
ਸੁਹਾਗਣਿ ———— ਛੱਡੇ
ਗਰਬਿ ————— ਕਰਮਾਂ ਤੋਂ ਖਾਲੀ
ਕਰਮਹੀਣਿ ———— ਸਹੇਲੀ
ਅਬਿਨਾਸੀ ————- ਜਿਸ ਦਾ ਪਤੀ ਜਿੰਦਾ ਹੋਵੇ
ਪ੍ਰਃ ੧. ਪ੍ਰਭੂ ਨੂੰ ਕਿਵੇਂ ਮਿਲਿਆ ਜਾਂ ਸਕਦਾ ਹੈ?
ਪ੍ਰਃ ੨. ਕਿਹੜੀ ਜੀਵ ਇਸਤ੍ਰੀ ਸੁਹਾਗ ਭਾਗ ਵਾਲੀ ਹੁੰਦੀ ਹੈ?
ਪ੍ਰਃ ੩. ਪ੍ਰਭੂ ਪਤੀ ਕਿਸ ਨੂੰ ਪਸੰਦ ਕਰਦਾ ਹੈ?
ਪ੍ਰਃ ੪. ਜ਼ਿੰਦਗੀ ਦੀ ਰਾਤ ਬੀਤ ਜਾਣ ਤੇ ਕਿਸ ਨੂੰ ਪਛਤਾਉਣਾ ਪੈਂਦਾ ਹੈ?
ਪ੍ਰਃ ੫. ਪ੍ਰਮਾਤਮਾ ਕਿੱਥੇ ਰਹਿੰਦਾ ਹੈ?
ਪ੍ਰਃ ੬. ਸਾਨੂੰ ਇਸ ਸ਼ਬਦ ਤੋਂ ਕੀ ਸਿੱਖਿਆ ਮਿਲਦੀ ਹੈ?
ਖਾਲੀ ਥਾਂ ਭਰੋਃ-
ੳ. ————- ਦੀ ਖ਼ਾਤਰ ਕੰਮ ਕਰਨੇ ਛੱਡ ਕੇ ਆਪਣਾ ਮਨ ਆਪਣਾ ਸਰੀਰ ————-ਦੇ ਹਵਾਲੇ ਕਰ ਦਿਉ।
ਅ. ਸੁਹਾਗ-ਭਾਗ ਵਾਲੀ ਜੀਵ-ਇਸਤ੍ਰੀ ਉਸ ——— ਦੇ ਚਰਨਾਂ ਵਿਚ ਲੀਨ ਰਹਿੰਦੀ ਹੈ।
ੲ. ਮਨ ਦੇ ———- ਤੁਰਨ ਵਾਲੀ ਉਹ ਮੰਦ-ਭਾਗਣ ਜੀਵ-ਇਸਤ੍ਰੀ ਸਦਾ ——-ਪਾਂਦੀ ਰਹਿੰਦੀ ਹੈ।
ਸ. ਸਾਨੂੰ ਅਪਣਾ ————ਛੱਡ ਕਿ ਗੁਰੂ ਦਾ ———- ਮੰਨਣਾ ਚਾਹੀਦਾ ਹੈ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।