ਰਾਮ ਕਹਤ ਜਨ ਕਸ ਨ ਤਰੇ
ਭਗਤ ਨਾਮ ਦੇਵ ਜੀ ਕਿਤੋਂ ਗੁੱਜਰ ਰਹੇ ਸਨ। ਰਸਤੇ ਵਿੱਚ ਇੱਕ ਪੰਡਤ ਕਥਾ ਕਰ ਰਿਹਾ ਸੀ। ਉਹ ਕਹਿ ਰਿਹਾ ਸੀ ਸ਼ੂਦਰ ਕਦੀ ਵੀ ਤਰ ਨਹੀਂ ਸਕਦਾ। ਭਗਤ ਨਾਮ ਦੇਵ ਉੱਥੇ ਹੀ ਰੁਕ ਗਏ। ਉਨ੍ਹਾਂ ਪੰਡਤ ਤੇ ਕੁਝ ਸਵਾਲ ਕਰ ਦਿੱਤੇ। ਭਗਤ ਜੀ ਨੇ ਕਿਹਾ ਤੁਹਾਡੀ ਰਮਾਇਣ ਵਿੱਚ ਲਿਖਿਆ ਹੈ ਰਾਮ ਚੰਦਰ ਜਿਸ ਪੱਥਰ ਉੱਪਰ ਰਾਮ ਨਾਮ ਲਿਖ ਕੇ ਪਾਣੀ ਵਿੱਚ ਸੁੱਟਦੇ ਸਨ ਉਹ ਤਰ ਜਾਂਦਾ ਸੀ। ਪੰਡਤ ਜੀ ਕਹਿਣ ਲੱਗੇ ਇਹ ਸੱਚ ਹੈ। ਭਗਤ ਜੀ ਨੇ ਕਿਹਾ ਜੇ ਪੱਥਰ ਉੱਪਰ ਰਾਮ ਨਾਮ ਲਿਖਣ ਨਾਲ ਉਹ ਪੱਥਰ ਸਮੁੰਦਰ ਉੱਤੇ ਪ੍ਰਭੂ ਤਰਾ ਸਕਦਾ ਹੈ ਫਿਰ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਕਿਉਂ ਨਹੀਂ ਤਰਨਗੇ, ਜਿਨ੍ਹਾਂ ਪ੍ਰਭੂ ਦਾ ਨਾਮ ਹਿਰਦੇ ਉੱਪਰ ਲਿਖ ਲਿਆ ਹੈ?
ਫਿਰ ਭਗਤ ਜੀ ਨੇ ਅਗਲੀ ਉਦਾਹਰਣ ਇਨ੍ਹਾਂ ਦੇ ਸ਼ਾਸਤਰਾਂ ਵਿੱਚੋਂ ਦਿੱਤੀ ਕਿ ਜੇ ਮੰਦ-ਕਰਮਣ ਵੇਸਵਾ ਤੋਤੇ ਨੂੰ ਰਾਮ ਰਾਮ ਜਪਾ ਕਿ ਵਿਕਾਰਾਂ ਤੋਂ ਬਚਾਈ ਜਾ ਸਕਦੀ ਹੈ, ਕੁਰੂਪ ਕੁਬਿਜਾ ਦਾ ਕੋਝਾਪਣ ਦੂਰ ਕੀਤਾ ਜਾ ਸਕਦਾ ਹੈ, ਵਿਕਾਰਾਂ ਵਿਚ ਗਲੇ ਹੋਏ ਅਜਾਮਲ ਨੂੰ ਤਾਰਿਆਂ ਜਾ ਸਕਦਾ ਹੈ, ਕ੍ਰਿਸ਼ਨ ਜੀ ਦੇ ਪੈਰਾਂ ਵਿਚ ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ ਅਤੇ ਅਜਿਹੇ ਕਈ ਵਿਕਾਰੀ ਬੰਦੇ ਪ੍ਰਭੂ ਦੀ ਮਿਹਰ ਨਾਲ ਮੁਕਤ ਹੋ ਸਕਦੇ ਹਨ ਤਾਂ ਫਿਰ ਸ਼ੂਦਰ ਪ੍ਰਭੂ ਦਾ ਨਾਮ ਸਿਮਰ ਕੇ ਕਿਉਂ ਨਹੀ ਤਰ ਸਕਦਾ। ਭਗਤ ਜੀ ਕਹਿੰਦੇ ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ਹੈ।
ਜੇ ਗੋੱਲੀ ਦਾ ਪੁੱਤਰ ਬਿਦਰ ਭਗਤੀ ਕਰਕੇ ਪ੍ਰਸਿੱਧ ਹੋ ਸਕਦਾ ਹੈ, ਸੁਦਾਮੇ ਦਾ ਦਲਿੱਦਰ ਕੱਟਿਆ ਜਾ ਸਕਦਾ ਹੈ, ਉਗਰਸੈਨ ਨੂੰ ਰਾਜ ਦਿੱਤਾ ਜਾ ਸਕਦਾ ਹੈ ਫਿਰ ਤਾਂ ਪ੍ਰਭੂ ਦੀ ਬੰਦਗੀ ਕਰਨ ਵਾਲਾ ਤਾਂ ਤਰੇਗਾ ਹੀ ਤਰੇਂਗਾ। ਨਾਮਦੇਵ ਨੇ ਕਿਹਾ ਹੇ ਪ੍ਰਭੂ ! ਤੇਰੀ ਕਿਰਪਾ ਨਾਲ ਉਹ ਉਹ ਤਰ ਗਏ ਹਨ ਜਿਨ੍ਹਾਂ ਕੋਈ ਜਪ ਨਹੀਂ ਕੀਤੇ, ਕੋਈ ਤਪ ਨਹੀਂ ਸਾਧੇ, ਜਿਨ੍ਹਾਂ ਦੀ ਕੋਈ ਉੱਚੀ ਕੁਲ ਨਹੀਂ ਸੀ, ਕੋਈ ਚੰਗੇ ਅਮਲ ਨਹੀਂ ਸਨ ਫਿਰ ਨਾਮ ਜਪਣ ਵਾਲੇ ਕਿਉਂ ਨਹੀਂ ਤਰਨ ਗੇ? ਜ਼ਰੂਰ ਤਰਨ ਗੇ।
ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ ੴ ਸਤਿਗੁਰ ਪ੍ਰਸਾਦਿ ॥ ਦੇਵਾ ਪਾਹਨ ਤਾਰੀਅਲੇ ॥ ਰਾਮ ਕਹਤ ਜਨ ਕਸ ਨ ਤਰੇ ॥੧॥ ਰਹਾਉ ॥ ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥ ਚਰਨ ਬਧਿਕ ਜਨ ਤੇਊ ਮੁਕਤਿ ਭਏ ॥ ਹਉ ਬਲਿ ਬਲਿ ਜਿਨ ਰਾਮ ਕਹੇ ॥੧॥ ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥ ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥ {ਪੰਨਾ 345}
ਅਰਥ ਮਿਲਾਪ ਕਰਾਓ
ਪਾਹਨ —————- ਸ਼ਿਕਾਰੀ
ਬਿਆਧਿ —————-ਪੱਥਰ
ਚਰਨ ——————- ਪ੍ਰਭੂ
ਦੇਵਾ ——————- ਪੈਰ
ਬਧਿਕ —————— ਰੋਗ
ਪ੍ਰਸ਼ਨ ੧. ਇਹ ਕਿੱਥੇ ਲਿਖਿਆ ਹੈ ਜਿਸ ਪੱਥਰ ਉੱਪਰ ਰਾਮ ਲਿਖ ਕੇ ਸਮੁੰਦਰ ਵਿੱਚ ਸੁੱਟਿਆ ਜਾਂਦਾ ਤਾਂ ਉਹ ਤਰ ਜਾਂਦਾ ਸੀ?
ਪ੍ਰਸ਼ਨ ੨. ਮਨੁੱਖ ਸੰਸਾਰ ਸਮੁੰਦਰ ਤੋਂ ਕਿਸ ਤਰ੍ਹਾਂ ਪਾਰ ਹੋ ਸਕਦਾ ਹੈ?
ਪ੍ਰਸ਼ਨ ੩. ਕੀ ਸ਼ੂਦਰ ਵਾਕਿਆ ਹੀ ਸੰਸਾਰ ਸਮੁੰਦਰ ਤੋਂ ਨਹੀ ਤਰ ਸਕਦਾ?
ਪ੍ਰਸ਼ਨ ੪. ਗੋਲੀ ਦਾ ਪੁੱਤਰ ਬਿਦਰ ਕਿਸ ਕਰਕੇ ਪ੍ਰਸਿੱਧ ਹੋਇਆ ਸੀ?
ਖਾਲੀ ਥਾਂ ਭਰੋਃ-
ੳ. ਵੇਸਵਾ ———-ਨੂੰ ਰਾਮ ਰਾਮ ਜਪਾ ਕਿ ਵਿਕਾਰਾਂ ਤੋਂ ਬਚ ਗਈ।
ਅ. ਕ੍ਰਿਸ਼ਨ ਜੀ ਦੇ ਪੈਰਾਂ ਵਿਚ ———ਮਾਰਨ ਵਾਲਾ ਸ਼ਿਕਾਰੀ ਅਤੇ ਅਜਿਹੇ ਕਈ ———ਬੰਦੇ ਪ੍ਰਭੂ ਦੀ ਮਿਹਰ ਨਾਲ ਮੁਕਤ ਹੋ ਗਏ।
ੲ. ਸੁਦਾਮੇ ਦਾ ———ਕੱਟਿਆ ਜਾ ਸਕਦਾ ਹੈ, ਉਗਰਸੈਨ ਨੂੰ ——-ਦਿੱਤਾ ਜਾ ਸਕਦਾ ਹੈ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।