ਸੀਤਲਾ ਤੇ ਰਖਿਆ ਬਿਹਾਰੀ
ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਜਦ ਜਨਮ ਹੋਇਆ ਤਾਂ ਉਸ ਸਮੇਂ ਮਾਝੇ ਵਿਚ ਸਖ਼ਤ ਕਾਲ ਪਿਆ ਹੋਇਆ ਸੀ। ਕਾਫ਼ੀ ਮੌਤਾਂ ਹੋ ਰਹੀਆਂ ਸਨ ਅਤੇ ਸੀਤਲਾ ਆਦਿ ਬਿਮਾਰੀਆਂ ਦਾ ਵੀ ਜ਼ੋਰ ਪੈ ਗਿਆ ਸੀ। ਗੁਰੂ ਅਰਜਨ ਦੇਵ ਜੀ ਭੁੱਖੇ ਅਤੇ ਰੋਗ-ਪੀੜਤਾਂ ਦੀ ਸਹਾਇਤਾ ਕਰਨ ਵਾਸਤੇ ਦਰਬਾਰ ਸਹਿਬ ਦੀ ਸੇਵਾ ਦਾ ਕੰਮ ਰੋਕ ਕੇ ਚਾਰ ਪੰਜ ਸਾਲ ਮਾਝੇ ਦੇ ਪਿੰਡਾਂ ਵਿਚ, ਫਿਰ ਲਾਹੌਰ ਸ਼ਹਿਰ ਵਿਚ ਭੀ ਵਿਚਰਦੇ ਰਹੇ। ਪ੍ਰਿਥੀ ਚੰਦ ਦਾ ਬਾਲਕ ਪ੍ਰਤੀ ਵਿਵਹਾਰ ਸਹੀ ਨਾ ਹੋਣ ਕਰਕੇ ਬਾਲਕ ਹਰਿਗੋਬਿੰਦ ਸਾਹਿਬ ਨੂੰ ਇਕੱਲਿਆਂ ਛੱਡਣਾ ਗੁਰੂ ਸਾਹਿਬ ਨੇ ਠੀਕ ਨਾ ਸਮਝਿਆ। ਇਸ ਲਈ ਉਨ੍ਹਾਂ ਹਰਿਗੋਬਿੰਦ ਜੀ ਨੂੰ ਭੀ ਆਪਣੇ ਨਾਲ ਹੀ ਰੱਖਣ ਦੀ ਆਵੱਸ਼ਕਤਾ ਸਮਝੀ। ਚੀਚਕ ਵਾਲੇ ਇਲਾਕੇ ਵਿਚ ਫਿਰਨ ਉਰੰਤ ਅੰਮ੍ਰਿਤਸਰ ਵਾਪਸ ਆਉਣ ਤੇ ਬਾਲਕ ਹਰਿਗੋਬਿੰਦ ਜੀ ਨੂੰ ਮਾਤਾ(ਚੇਚਕ) ਨਿਕਲ ਆਈ। ਵਹਿਮ ਭਰਮ ਭਰੀਆਂ ਇਸਤ੍ਰੀਆਂ ਆ ਆ ਕੇ ਮਾਤਾ ਗੰਗਾ ਜੀ ਨੂੰ ਸੀਤਲਾ ਦੇਵੀ ਦੀ ਪੂਜਾ ਵਾਸਤੇ ਪ੍ਰੇਰਨਾ ਕਰਦੀਆਂ ਰਹਿਦੀਆਂ। ਮਾਤਾ ਜੀ ਸਾਰੀਆਂ ਗੱਲਾਂ ਗੁਰੂ ਸਾਹਿਬ ਨਾਲ ਸਾਂਝੀਆਂ ਕਰਦੇ। ਗੁਰੂ ਸਾਹਿਬ ਨੇ ਮਾਤਾ ਜੀ ਨੂੰ ਸਮਝਾਇਆ ਕਿ ਪ੍ਰਭੂ ਜਿਸ ਪ੍ਰਾਣੀ ਦੀਆਂ ਅੱਖਾਂ ਨੂੰ ਗਿਆਨ ਦਾ ਚਾਨਣ ਬਖਸ਼ ਦੇਂਦਾ ਹੈ ਉਸ ਦੇ ਸਾਰੇ ਭਰਮ-ਵਹਮ ਦੂਰ ਹੋ ਜਾਂਦੇ ਹਨ ਅਤੇ ਉਸ ਦੀ ਸੇਵਾ ਥਾਇ ਪੈ ਜਾਂਦੀ ਹੈ। ਜਦ ਪ੍ਰਭੂ ਕ੍ਰਿਪਾ ਕਰਦਾ ਹੈ ਤਾਂ ਆਪ ਉਸਦੀ ਹਰ ਤਰ੍ਹਾਂ ਨਾਲ ਰੱਖਿਆ ਕਰਦਾ ਹੈ। ਜੋ ਵੀ ਉਸ ਪ੍ਰਭੂ ਦਾ ਨਾਮ ਜੱਪਦਾ ਹੈ ਉਹੀ ਆਤਮਿਕ ਜਿੰਦਗੀ ਜਿਉਂਦਾ ਹੈ। ਉਹ ਗੁਰੂ ਕੀ ਸੰਗਤ ਵਿੱਚ ਰਹਿ ਕੇ ਅੰਮ੍ਰਿਤ ਦੇ ਛਾਂਦੇ ਛੱਕਦਾ ਰਹਿੰਦਾ ਹੈ। ਇਸ ਤਰ੍ਹਾਂ ਮਾਤਾ ਗੰਗਾ ਜੀ ਦਾ ਵਹਿਮ ਭਰਮ ਦੂਰ ਹੋ ਗਿਆ। ਜਦ ਬਾਲਕ ਹਰਿਗੋਬਿੰਦ ਜੀ ਠੀਕ ਹੋ ਗਏ ਤਾਂ ਵਹਿਮ ਭਰਮ ਤੋਂ ਸਦਾ ਲਈ ਬਚਣ ਵਾਸਤੇ ਗੁਰੂ ਅਰਜਨ ਸਾਹਿਬ ਨੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਅੰਦਰ ਅੰਕਿਤ ਕਰ ਦਿੱਤਾ।
“ਗਉੜੀ ਮਹਲਾ ੫ ॥ ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ॥ ਭਰਮ ਗਏ ਪੂਰਨ ਭਈ ਸੇਵ ॥੧॥ ਰਹਾਉ ॥ ਸੀਤਲਾ ਤੇ ਰਖਿਆ ਬਿਹਾਰੀ ॥ ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥੧॥ ਨਾਨਕ ਨਾਮੁ ਜਪੈ ਸੋ ਜੀਵੈ ॥ ਸਾਧਸੰਗਿ ਹਰਿ ਅੰਮ੍ਰਿਤੁ ਪੀਵੈ ॥੨॥੧੦੩॥੧੭੨॥” {ਪੰਨਾ 200}
ਸਹੀ ਅਰਥਾਂ ਦਾ ਮਿਲਾਪ ਕਰੋ।
ਪ੍ਰਗਾਸ—— —— ਪ੍ਰਭੂ
ਭਰਮ ———— ਅੱਖਾਂ
ਸੀਤਲਾ ———- ਚੇਚਕ (ਬਿਮਾਰੀ)
ਬਿਹਾਰੀ ———- ਭੁਲੇਖਾ
ਨੇਤ੍ਰ ————- ਚਾਨਣ
ਪ੍ਰਸ਼ਨ ੧. ਗੁਰੂ ਹਰਿ ਗੋਬਿੰਦ ਜੀ ਦੇ ਪਿਤਾ ਦਾ ਕੀ ਨਾਮ ਸੀ?
ਪ੍ਰਸ਼ਨ ੨. ਬਾਲਕ ਹਰਿ ਗੋਬਿੰਦ ਜੀ ਕਿਸ ਬਿਮਾਰੀ ਨਾਲ ਪੀੜਤ ਹੋਏ ਸਨ?
ਪ੍ਰਸ਼ਨ ੩. ਜਦ ਬਾਲਕ ਹਰਿ ਗੋਬਿੰਦ ਜੀ ਪੈਦਾ ਹੋਏ ਤਾਂ ਉਸ ਸਮੇਂ ਕੀ ਭਾਣਾ ਵਾਪਰਿਆ ਸੀ?
ਪ੍ਰਸ਼ਨ ੪. ਗੁਰੂ ਅਰਜਨ ਦੇਵ ਸਾਹਿਬ ਜਦ ਕਾਲ/ ਚੇਚਕ ਦੇ ਸਮੇਂ ਲਹੌਰ ਗਏ ਤਾਂ ਉਹ ਬਾਲਕ ਹਰਿ ਗੋਬਿੰਦ ਨੂੰ ਨਾਲ ਕਿਉਂ ਲੈ ਗਏ ਸਨ?
ਪ੍ਰਸ਼ਨ ੫. ਮਾਤਾ ਗੰਗਾ ਜੀ ਨੂੰ ਸੀਤਲਾ ਦੇਵੀ ਦੇ ਮੰਦਰ ਜਾ ਕੇ ਪੂਜਾ ਕਰਨ ਲਈ ਕੌਣ ਪ੍ਰੇਰਦਾ ਸੀ?
ਪ੍ਰਸ਼ਨ ੬. ਗੁਰੂ ਜੀ ਨੇ ਮਾਤਾ ਗੰਗਾ ਦਾ ਵਹਿਮ-ਭਰਮ ਕਿਸ ਤਰ੍ਹਾਂ ਦੂਰ ਕੀਤਾ ਸੀ?
ਪ੍ਰਸ਼ਨ ੭. ਸਾਨੂੰ ਇਸ ਸਾਖੀ ਤੋਂ ਕੀ ਸਿੱਖਿਆ ਮਿਲਦੀ ਹੈ?
ਖਾਲੀ ਥਾਂ ਭਰੋ –
ੳ. ਗੁਰੂ ਅਰਜਨ ਦੇਵ ਜੀ ਨੇ —- ਅਤੇ ———- ਦੀ ਸਹਾਇਤਾ ਕਰਨ ਵਾਸਤੇ ਦਰਬਾਰ ਸਹਿਬ ਦੀ ਸੇਵਾ ਦਾ ਕੰਮ ਰੋਕ ਦਿੱਤਾ।
ਅ. ਪ੍ਰਿਥੀ ਚੰਦ ਦਾ ਬਾਲਕ ਪ੍ਰਤੀ ਵਿਵਹਾਰ ਸਹੀ ——- ਸੀ।
ੲ. ਜਦ ਪ੍ਰਭੂ ——- ਧਾਰਦਾ ਹੈ ਤਾਂ ਆਪ ਉਸਦੀ ਹਰ ਤਰ੍ਹਾਂ ਨਾਲ ——— ਕਰਦਾ ਹੈ।
ਸ. ਗੁਰੂ ਕੀ ਸੰਗਤ ਵਿੱਚ ਰਹਿ ਕੇ ਅੰਮ੍ਰਿਤ ਦੇ ———- ਛੱਕਣ ਨੂੰ ਮਿਲਦੇ ਹਨ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।