ਬੇਢੀ ਪ੍ਰੀਤਿ ਮਜੂਰੀ ਮਾਂਗੈ
ਇਕ ਵਾਰੀ ਭਗਤ ਨਾਮ ਦੇਵ ਜੀ ਦਾ ਘਰ ਢਹਿ ਗਿਆ, ਭਗਤ ਨਾਲ ਰੱਬੀ ਪਿਆਰ ਦੀ ਸਾਂਝ ਰੱਖਣ ਵਾਲੇ ਕਿਸੇ ਪ੍ਰੇਮੀ ਨੇ ਆ ਕੇ ਬੜੀ ਰੀਝ ਨਾਲ ਉਹ ਘਰ ਦੁਬਾਰਾ ਪਹਿਲਾਂ ਤੋਂ ਵੀ ਸੁੰਦਰ ਬਣਾ ਦਿੱਤਾ। ਇਹ ਕੁਦਰਤੀ ਗੱਲ ਹੈ ਜੋ ਕੰਮ ਪ੍ਰੇਮ ਅਤੇ ਸ਼ਰਧਾ ਨਾਲ ਹੋਏਗਾ ਉਹ ਕੰਮ ਹੋਰਨਾਂ ਲੋਕਾਂ ਦੇ ਕੰਮਾਂ ਨਾਲੋਂ ਵਧੀਕ ਚੰਗਾ ਤੇ ਸੋਹਣਾ ਹੋਏ ਗਾ। ਨਾਮਦੇਵ ਜੀ ਦੀ ਗੁਆਂਢਣ ਨੇ ਜਦ ਇਹ ਘਰ ਦੇਖਿਆ ਤਾਂ ਉਸ ਦੇ ਮਨ ਵਿਚ ਭੀ ਰੀਝ ਆਈ।ਉਸ ਨੇ ਕਿਹਾ ਮੈਨੂੰ ਵੀ ਕਾਰੀਗਰ ਦਾ ਪਤਾ ਲੈ ਕਿ ਦਿਉ। ਮੈਂ ਵੀ ਉਸੇ ਕਾਰੀਗਰ ਤੋਂ ਅਪਣਾ ਕੋਠਾ ਬਣਵਾਉਣਾ ਚਾਹੁੰਦੀ ਹਾਂ । ਸੋ ਉਸ ਨੇ ਨਾਮ ਦੇਵ ਜੀ ਨੂੰ ਕਿਹਾ ਕਿ ਮੈਂ ਤੁਹਾਡੇ ਤੋਂ ਦੁਗਣੀ ਮਜੂਰੀ ਦਿਆਗੀ ਤੁਸੀ ਬਸ ਮੈਨੂੰ ਉਸ ਕਾਰੀਗਰ ਦਾ ਪਤਾ ਦੱਸ ਦਿਉ । ਨਾਮ ਦੇਵ ਜੀ ਨੇ ਕਿਹਾ ਕਿ ਭੈਣੇ ਜੇ ਤੂੰ ਮੇਰੇ ਕਾਰੀਗਰ ਤੋਂ ਛੰਨ ਪਵਾਉਣੀ ਹੈ ਉਹ ਤਾਂ ਸਿਰਫ ਪ੍ਰੀਤ ਦੀ ਮਜੂਰੀ ਮੰਗਦਾ ਹੈ। ਜੋ ਇੱਕ ਪ੍ਰਭੂ ਤੋਂ ਬਿਨ੍ਹਾਂ ਕਿਸੇ ਲੋਕਾਚਾਰੀ ਅਤੇ ਅਪਣੇ ਕੁਟੰਬ ਦੀ ਪ੍ਰਵਾਹ ਨਹੀਂ ਕਰਦਾ ਉਸ ਦਾ ਘਰ ਬਣਾਉਣ ਲਈ ਉਹ ਖੁਦ ਹੀ ਆ ਜਾਂਦਾ ਹੈ। ਇਸ ਤਰ੍ਹਾਂ ਦੇ ਕਾਰੀਗਰ ਬਾਰੇ ਕੋਈ ਵਰਨਣ ਨਹੀਂ ਕੀਤਾ ਜਾ ਸਕਦਾ ਜੋ ਹਰੇਕ ਦੇ ਅੰਦਰ ਅਤੇ ਹਰ ਥਾਂ ਵੱਸਦਾ ਹੈ। ਉਸ ਕਾਰੀਗਰ ਬਾਰੇ ਬਿਆਨ ਕਰਨਾ ਤਾਂ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਗੂੰਗਾ ਵਿਅਕਤੀ ਅਗਰ ਅੰਮ੍ਰਿਤ ਦਾ ਸੁਆਦ ਚੱਖ ਲਏ ਤਾਂ ਉਹ ਕਿਸੇ ਦੇ ਪੁੱਛਣ ਤੇ ਦੱਸ ਨਹੀਂ ਸਕਦਾ। ਹਾਂ ਭੈਣੇ ਕੁਝ ਕੁ ਗੁਣ ਉਸ ਕਾਰੀਗਰ ਦੇ ਸੁਣ ਲੈ। ਇਹ ਉਹੀ ਕਾਰੀਗਰ (ਪ੍ਰਭੂ) ਹੈ ਜਿਸ ਨੇ ਧ੍ਰੂ ਨੂੰ ਉੱਚ ਪਦਵੀ ਦਿੱਤੀ, ਸਮੁੰਦਰ ਤੇ ਪੁਲ ਬੰਨ ਦਿੱਤਾ, ਲੰਕਾ ਤੋਂ ਸੀਤਾ ਮੋੜ ਲਿਆਂਦੀ। ਭਭੀਖਣ ਨੂੰ ਲੰਕਾ ਦਾ ਰਾਜ ਬਖਸ਼ ਦਿੱਤਾ।
ਘਰੁ ੪ ਸੋਰਠਿ ॥ ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ॥ ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥੧॥ ਰੀ ਬਾਈ ਬੇਢੀ ਦੇਨੁ ਨ ਜਾਈ ॥ ਦੇਖੁ ਬੇਢੀ ਰਹਿਓ ਸਮਾਈ ॥ ਹਮਾਰੈ ਬੇਢੀ ਪ੍ਰਾਨ ਅਧਾਰਾ ॥੧॥ ਰਹਾਉ ॥ ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ ॥ ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥੨॥ ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ ॥ ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਨ ਜਾਈ ਹੋ ॥੩॥ ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ ॥ ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥੪॥੨॥ {ਪੰਨਾ 657}.
ਸ਼ਬਦਾਂ ਅਰਥਾਂ ਦਾ ਮੇਲ ਕਰਾਓ
ਪੜੋਸਣਿ —————— ਕਾਰੀਗਰ
ਛਾਨਿ ——————— ਵਰਨਣ (explain)
ਮਜੂਰੀ ——————— ਗੁਆਂਢਣ
ਬੇਢੀ ———————- ਝੁੱਗੀ (cottage)
ਬਰਨਿ ——————— ਮਜਦੂਰੀ (wages)
ਜਲਧਿ ——————— ਸਮੁੰਦਰ
ਪ੍ਰਸ਼ਨ ੧. ਭਗਤ ਨਾਮ ਦੇਵ ਦੀ ਛੰਨ ਕਿਸ ਨੇ ਬਣਾਈ ਸੀ?
ਪ੍ਰਸ਼ਨ ੨. ਭਗਤ ਜੀ ਦੀ ਗੁਆਢਣ ਅਪਣਾ ਘਰ ਕਿਸ ਤੋਂ ਅਤੇ ਕਿਉਂ ਬਣਵਾਉਣਾ ਚਾਹੁੰਦੀ ਸੀ?
ਪ੍ਰਸ਼ਨ ੩. ਭਗਤ ਨਾਮ ਦੇਵ ਜੀ ਨੇ ਗੁਆਂਢਣ ਨੂੰ ਬੇਢੀ ਦੀ ਕੀ ਮਜ਼ਦੂਰੀ ਦੱਸੀ ਸੀ?
ਪ੍ਰਸ਼ਨ ੪. ਭਗਤ ਜੀ ਦਾ ਬੇਢੀ ਕਿਸ ਦਾ ਘਰ ਬਣਾਉਂਦਾ ਹੈ?
ਪ੍ਰਸ਼ਨ ੫. ਇਸ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?
ਖਾਲੀ ਥਾਂ ਭਰੋਃ-
ੳ. ਭਗਤ ਜੀ ਦੀ ———- ਦੇ ਮਨ ਵਿਚ ਭੀ ਰੀਝ ਆਈ ਕਿ ਮੈਂ ਵੀ ਉਸੇ ਕਾਰੀਗਰ ਤੋਂ ਅਪਣਾ ———-ਬਣਵਾਵਾਂ।
ਅ. ਉਸ ਨੇ ਨਾਮ ਦੇਵ ਜੀ ਨੂੰ ਕਿਹਾ ਕਿ ਮੈਂ ਤੁਹਾਡੇ ਤੋਂ ——— ਮਜੂਰੀ ਦਿਆਗੀ।
ੲ. ਗੁੰਗਾ ਵਿਅਕਤੀ ਅਗਰ ——- ਦਾ ਸੁਆਦ ਚੱਖ ਲਏ ਤਾਂ ਉਹ ਕਿਸੇ ਦੇ ਪੁੱਛਣ ਤੇ ———- ਨਹੀਂ ਸਕਦਾ।
ਸ. ਇਹ ਉਹੀ———— ਹੈ ਜਿਸ ਨੇ ਧ੍ਰੂ ਨੂੰ ਉੱਚ ਪਦਵੀ ਦਿੱਤੀ, ਸਮੁੰਦਰ ਤੇ ———— ਬੰਨ ਦਿੱਤਾ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।