Gurmat vichaar

ਕੈਸੀ ਆਰਤੀ ਹੋਇ

ਗੁਰੂ ਨਾਨਕ ਸਾਹਿਬ ਜਦ ਅਪਣੇ ਪ੍ਰਚਾਰ ਦੌਰਿਆਂ ਸਮੇਂ ਜਗਨ ਨਾਥ ਪੁਰੀ ਪਹੁੰਚੇ ਤਾਂ ਉਥੇ ਦੇ ਪੁਜਾਰੀ/ਪੰਡਤ ਗੁਰੂ ਸਾਹਿਬ ਜੀ ਨੂੰ ਮਿਲੇ। ਪ੍ਰਮਾਤਮਾ ਦੀਆਂ ਗੱਲਾਂ ਹੋਈਆ। ਵਿਚਾਰ ਚਰਚਾ ਕਰਦਿਆਂ ਕਰਦਿਆਂ ਪੰਡਤ ਜੀ ਕਹਿਣ ਲੱਗੇ ਹੁਣ ਆਰਤੀ ਦਾ ਸਮਾਂ ਹੋ ਗਿਆ ਹੈ ਤੁਸੀ ਸਾਡੇ ਨਾਲ ਆਰਤੀ ਕਰੋਗੇ? ਗੁਰੂ ਸਾਹਿਬ ਨੇ ਕਿਹਾ ਜਦ ਕਾਦਰ ਦੀ ਕੁਦਰਤ ਐਨੀ ਸੋਹਣੀ ਆਰਤੀ ਕਰ ਰਹੀ ਹੈ ਤਾਂ ਫਿਰ ਕਿਸੇ ਹੋਰ ਆਰਤੀ ਦੀ ਕੀ ਜ਼ਰੂਰਤ ਰਹਿ ਜਾਂਦੀ ਹੈ।
ਪੰਡਤ ਜੀ – ਉਹ ਕਿਸ ਤਰ੍ਹਾਂ ਆਰਤੀ ਕਰ ਸਕਦੀ ਹੈ?
ਗੁਰੂ ਜੀ- ਸਾਰਾ ਆਕਾਸ਼ ਇਕ ਥਾਲ਼ ਹੈ ਜਿਸ ਵਿੱਚ ਸੂਰਜ ਤੇ ਚੰਦਰਮਾ ਦੋ ਦੀਵੇ ਸਮਝ ਲਓ।
ਪੰਡਤ ਜੀ- ਜੇ ਤੁਹਾਡੀ ਇਹ ਗੱਲ ਸੱਚ ਮੰਨ ਵੀ ਲਈਏ ਤਾਂ ਫਿਰ ਧੂਪ, ਚੌਰ ਅਤੇ ਫੁੱਲ ਕਿਥੋਂ ਲਓ ਗੇ?
ਗੁਰੂ ਜੀ- ਮਲਆਨਲੋ ( ਹਿਮਾਲਿਯਾ) ਪਰਬਤ ਧੂਪ ਵਰਤਾ ਰਿਹਾ ਹੈ, ਹਵਾ ਕਿਨ੍ਹਾਂ ਸੋਹਣਾ ਚੌਰ ਕਰ ਰਹੀ ਹੈ ਅਤੇ ਸਾਰੀ ਬਨਸਪਤੀ ਅਤੇ ਫੁੱਲ ਹੀ ਤਾਂ ਫੁੱਲਾਂ ਦਾ ਕੰਮ ਕਰ ਰਹੇ ਹਨ।
ਦੇਖੋ ਕਿਨ੍ਹੀ ਸੋਹਣੀ ਆਰਤੀ ਹੋ ਰਹੀ ਹੈ। ਸਾਰੇ ਜੀਵਾਂ ਅੰਦਰ ਇੱਕ ਰਸ ਚੱਲ ਰਹੀ ਜੀਵਨ ਰੌ ਮਾਨੋ ਆਰਤੀ ਲਈ ਨਗਾਰੇ ਵੱਜ ਰਹੇ ਹਨ।
ਧਨਾਸਰੀ ਮਹਲਾ ੧ ਆਰਤੀ ੴ ਸਤਿਗੁਰ ਪ੍ਰਸਾਦਿ ॥ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥ ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ ॥੪॥੧॥੭॥੯॥ {ਪੰਨਾ 663}
ਇਹ ਸਭ ਸੁਣ ਕੇ ਪੰਡਿਤ ਲਾ-ਜੁਆਬ ਹੋ ਗਏ ਅਤੇ ਸਾਰੀ ਸੰਗਤ ਨੇ ਗੁਰੂ ਸਾਹਿਬ ਅੱਗੇ ਸੀਸ ਝੁਕਾ ਦਿੱਤਾ।

ਸ਼ਬਦਾ ਦਾ ਸਹੀ ਮੇਲ ਕਰਾਓ

ਗਗਨ ——————-  ਸੂਰਜ 

ਰਵਿ ———————  ਬਨਸਪਤੀ (vegetation)

ਬਨਰਾਇ ——————- ਅਕਾਸ਼

ਭਵ ਖੰਡਨ ——————  ਪ੍ਰਮਾਤਮਾ

ਭੇਰੀ   ———————— ਫੁੱਲ ਦਾ ਰਸ (flower juice)

ਬਿਮਲ  ———————— ਨਗਾਰਾ,ਸ਼ਹਿਨਾਈ

ਮਕਰੰਦ ————————- ਪਵਿੱਤਰ 

ਪ੍ਰਸ਼ਨ ੧. ਜਗਨ ਨਾਥ ਪੁਰੀ ਗੁਰੂ ਨਾਨਕ ਪਾਤਸ਼ਾਹ ਦੀ ਚਰਚਾ ਕਿਸ ਨਾਲ ਹੋਈ ਸੀ?

ਪ੍ਰਸ਼ਨ ੨. ਪੰਡਤ ਜੀ ਨੇ ਜਦ ਆਰਤੀ ਕਰਨ ਦੀ ਗੱਲ ਕੀਤੀ ਤਾਂ ਗੁਰੂ ਸਾਹਿਬ ਨੇ ਕੀ ਉੱਤਰ ਦਿੱਤਾ ਸੀ?

ਪ੍ਰਸ਼ਨ ੩. ਗੁਰੂ ਸਾਹਿਬ ਨੇ ਆਰਤੀ ਲਈ ਕਿਸ ਥਾਲ਼ ਦੀ ਗੱਲ ਕੀਤੀ?

ਪ੍ਰਸ਼ਨ ੪. ਗੁਰੂ ਸਾਹਿਬ ਦੀਵੇ ਅਤੇ ਮੋਤੀ ਕਿਸ ਨੂੰ ਦੱਸਿਆ?

ਪ੍ਰਸ਼ਨ ੫. ਰੱਬੀ ਆਰਤੀ ਲਈ ਧੂਪ ਅਤੇ ਚਵਰ ਕੌਣ ਕਰ ਰਿਹਾ ਹੈ?

ਪ੍ਰਸ਼ਨ ੬. ਸਾਨੂੰ ਇਸ ਸਾਖੀ ਤੋ ਕੀ ਸਿੱਖਿਆ ਮਿਲਦੀ ਹੈ?

ਖਾਲੀ ਥਾਂ ਭਰੋ

ੳ. ਜਦ ਕਾਦਰ ਦੀ ——-ਐਨੀ  ਸੋਹਣੀ ਆਰਤੀ ਕਰ ਰਹੀ ਹੈ ਤਾਂ ਫਿਰ ਕਿਸੇ ਹੋਰ ———-ਦੀ ਕੀ ਜ਼ਰੂਰਤ ਰਹਿ ਜਾਂਦੀ ਹੈ। 

ਅ. ਸਾਰੀ ਬਨਸਪਤੀ ਅਤੇ ਫੁੱਲ ਹੀ ਤਾਂ ——— ਦਾ ਕੰਮ ਕਰ ਰਹੇ ਹਨ। 

ੲ. ਸਾਰੇ ਜੀਵਾਂ ਅੰਦਰ ਇੱਕ ਰਸ ਚੱਲ ਰਹੀ ———- ਰੌ ਮਾਨੋ ਆਰਤੀ ਲਈ ———— ਵੱਜ ਰਹੇ ਹਨ। 



ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।

Leave a Reply

Your email address will not be published. Required fields are marked *