ਸੋਈ ਨਿਬਹਿਆ ਸਾਥ
ਭਗਤ ਕਬੀਰ ਸਾਹਿਬ ਦੇ ਘਰ ਆਟਾ ਪੀਸਣ ਵਾਲੀ ਚੱਕੀ ਲੱਗੀ ਹੋਈ ਸੀ। ਕਿਸੇ ਔਰਤ ਨੇ ਚੌਲਾਂ ਦੀਆਂ ਪਿੰਨੀਆਂ ਬਣਾਉਣੀਆਂ ਸਨ। ਉਹ ਭਗਤ ਕਬੀਰ ਜੀ ਦੇ ਘਰ ਚੱਕੀ ਤੇ ਚੌਲ ਪੀਸਣ ਗਈ। ਚੌਲਾਂ ਦਾ ਆਟਾ ਬਣ ਰਿਹਾ ਸੀ ਔਰਤ ਉਸ ਵਿੱਚੋਂ ਨਾਲੋ ਨਾਲ ਕੁਝ ਫੱਕੇ ਮਾਰ ਕੇ ਖਾਈ ਜਾ ਰਹੀ ਸੀ। ਕਬੀਰ ਸਾਹਿਬ ਦੇਖ ਕੇ ਹੈਰਾਨ ਹੋ ਰਹੇ ਸਨ ਕਿ ਇਹ ਔਰਤ ਕਿਨ੍ਹੀ ਬੇਸਬਰੀ ਹੈ। ਭਲਾ ਆਟਾ ਪਹਿਲਾਂ ਪੀਸ ਤਾਂ ਲਏ ਫਿਰ ਘਰ ਜਾ ਕੇ ਅਰਾਮ ਨਾਲ ਖਾ ਲਵੇ ਇਸ ਨੂੰ ਕੌਣ ਰੋਕੇਗਾ। ਫਿਰ ਸੋਚਿਆ ਇਨ੍ਹਾਂ ਦੇ ਘਰ ਦਾ ਪਤਾ ਨਹੀ ਕੀ ਮਹੌਲ ਹੋਏਗਾ। ਸੋ ਕੁਝ ਨਹੀ ਬੋਲੇ।
ਬੀਬੀ ਨੇ ਆਟਾ ਪੀਸਿ ਕੇ ਬਰਤਨ ਵਿੱਚ ਪਾਇਆ। ਬਰਤਨ ਸਿਰ ਤੇ ਰੱਖ ਕੇ ਘਰ ਨੂੰ ਚੱਲ ਪਈ। ਰਸਤੇ ਵਿੱਚ ਇੱਕ ਗੰਦਾ ਨਾਲਾ ਪੈਂਦਾ ਸੀ। ਔਰਤ ਨੇ ਨਾਲਾ ਟੱਪਣ ਲਈ ਛਾਲ ਮਾਰੀ ਤਾਂ ਉਸ ਦਾ ਸਿਰ ਤੇ ਰੱਖਿਆ ਬਰਤਨ ਆਟੇ ਸਮੇਤ ਗੰਦੇ ਨਾਲੇ ਵਿੱਚ ਗਿਰ ਗਿਆ। ਕਬੀਰ ਸਾਹਿਬ ਇਹ ਸਭ ਦੇਖ ਰਹੇ ਸਨ। ਉਨ੍ਹਾਂ ਦੇ ਮੰਨ ਅੰਦਰ ਇੱਕ ਦਮ ਖਿਆਲ ਘੁੰਮਣ ਲੱਗ ਪਿਆ ਕਿ ਇਨਸਾਨ ਦਾ ਵੀ ਇਹੀ ਹਾਲ ਹੈ। ਜੋ ਸੁਆਸ ਪ੍ਰਮਾਤਮਾ ਨੇ ਇਨਸਾਨ ਨੂੰ ਦਿੱਤੇ ਹਨ ਉਹ ਪਤਾ ਨਹੀਂ ਕਦੋਂ ਵਾਪਸ ਲੈ ਲੈਣੇ ਹਨ। ਸੋ ਅਗਰ ਇਨਸਾਨ ਇਹ ਸੋਚਦਾ ਰਹੇ ਕਿ ਸਾਰੇ ਕੰਮ ਨਿਬੇੜ ਕੇ ਸਾਰੇ ਬੱਚੇ ਵਿਆਹ ਕੇ ਵਿਹਲੇ ਹੋ ਕੇ ਨਾਮ ਜੱਪਾਂ ਗੇ ਉਹ ਭੁਲੇਖੇ ਵਿੱਚ ਹਨ। ਇਨਸਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੋ ਸੁਆਸ ਲੈ ਰਿਹਾ ਹਾਂ ਇਹੀ ਅਪਣਾ ਹੈ ਜੇ ਇਸ ਨੂੰ ਪ੍ਰਭੂ ਨਾਲ ਜੋੜ ਲਿਆ ਤਾਂ ਸਫਲ ਹੈ। ਆਉਣ ਵਾਲੇ ਸੁਆਸ ਦਾ ਕੀ ਪਤਾ ਹੈ ਆਉਣਾ ਹੈ ਕਿ ਨਹੀ। “ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥” (ਪੰਨਾ-੬੬੯)। ਜਿਵੇਂ ਇਸ ਬੀਬੀ ਨੇ ਆਟਾ ਪੀਸਦੇ ਪੀਸਦੇ ਹੀ ਜੋ ਖਾਹ ਲਿਆ ਉਹੀ ਇਸ ਦੇ ਕੰਮ ਆਇਆ ਬਾਕੀ ਤਾਂ ਸਾਰਾ ਚਿੱਕੜ ਵਿੱਚ ਹੀ ਗਿਰ ਗਿਆ ਹੈ। ਇਸੇ ਤਰ੍ਹਾਂ ਜੋ ਘੜੀ ਰੱਬੀ ਯਾਦ ਵਿੱਚ ਬਿਤਾਈ ਉਹੀ ਕੰਮ ਆਏਗੀ ਬਾਕੀ ਉਮਰ ਤਾਂ ਸਮਝੋ ਆਟੇ ਵਾਂਗ ਵਿਕਾਰਾਂ ਦੇ ਚਿਕੜ ਵਿੱਚ ਹੀ ਗਿਰ ਗਈ। “ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ ॥ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ॥੨੩੨॥ {ਪੰਨਾ 1377}”। ਇਸੇ ਖ਼ਿਆਲ ਨੂੰ ਕਬੀਰ ਸਾਹਿਬ ਨੇ ਕਲਮ ਬੰਦ ਕਰਕੇ ਸਾਡੀ ਝੋਲੀ ਪਾ ਦਿੱਤਾ। ਜਿਸ ਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਵਿੱਚ ਦਰਜ ਕਰ ਦਿੱਤਾ। “ਕਬੀਰ ਕੀਚੜਿ ਆਟਾ ਗਿਰਿ ਪਰਿਆ ਕਿਛੂ ਨ ਆਇਓ ਹਾਥ ॥ ਪੀਸਤ ਪੀਸਤ ਚਾਬਿਆ ਸੋਈ ਨਿਬਹਿਆ ਸਾਥ ॥੨੧੫॥ {ਪੰਨਾ 1376}”।
ਸੋ ਆਉ ਪਿਆਰਿਓ ਇਸ ਤੋਂ ਸੇਧ ਲੈ ਕੇ ਅਪਣਾ ਜੀਵਨ ਸਫਲ ਬਣਾਈਏ। ਤਾਂ ਹੀ ਸਾਡੇ ਲੋਕ ਸੁੱਖੀਏ ਪ੍ਰਲੋਕ ਸੁਹੇਲੇ ਹੋ ਸਕਣ ਗੇ।
ਅਰਥ ਦੱਸੋ ਃ —-
ਗੋਸਟੇ, ਲਾਭ, ਮੁਹਲਤਿ, ਸਰੇਵਹੁ, ਬਿਨਵੈ, ਦਮ।
ਪ੍ਰਃ ੧. ਔਰਤ ਆਟਾ ਪੀਸਦੇ ਸਮੇਂ ਹੋਰ ਕੀ ਕ੍ਰਿਆ ਕਰ ਰਹੀ ਸੀ?
ਪ੍ਰਃ ੨. ਜਦ ਔਰਤ ਗੰਦਾ ਨਾਲਾ ਟੱਪਣ ਲੱਗੀ ਸੀ ਤਾਂ ਉਸ ਨਾਲ ਕੀ ਵਾਪਰਿਆ ਸੀ?
ਪ੍ਰਃ ੩. ਕੀ ਇਨਸਾਨ ਨੂੰ ਸਾਰੇ ਕੰਮ ਨਿਬੇੜ ਕੇ ਹੀ ਪ੍ਰਭੂ ਭਗਤੀ ਵਿੱਚ ਜੁੜਨਾ ਚਾਹੀਦਾ ਹੈ?
ਪ੍ਰਃ ੪. ਕਬੀਰ ਸਾਹਿਬ ਨੇ ਜਦ ਔਰਤ ਦੇ ਸਿਰ ਤੋਂ ਆਟਾ ਚਿੱਕੜ ਵਿੱਚ ਗਿਰਦਾ ਦੇਖਿਆ ਤਾਂ ਉਸ ਦੇ ਮਨ ਵਿੱਚ ਕੀ ਖਿਆਲ ਆਇਆ ਸੀ?
ਪ੍ਰਃ ੫. ਸਾਨੂੰ ਇਸ ਤੋਂ ਕੀ ਸਿੱਖਿਆ ਮਿਲਦੀ ਹੈ?
ਖਾਲੀ ਥਾਂ ਭਰੋਃ-
ੳ. ਬੀਬੀ ਨੇ ਆਟਾ ਪੀਸ ਕੇ ——ਵਿੱਚ ਪਾਇਆ।
ਅ. ਔਰਤ ਨੇ ਨਾਲਾ ਟੱਪਣ ਲਈ ———ਮਾਰੀ।
ੲ. ਜੋ ਸੁਆਸ ਪ੍ਰਮਾਤਮਾ ਨੇ ———ਨੂੰ ਦਿੱਤੇ ਹਨ ਉਹ ਪਤਾ ਨਹੀਂ ਕਦੋਂ ਵਾਪਸ ਲੈ ਲੈਣੇ ਹਨ।
ਸ. ਜੋ ਘੜੀ ਰੱਬੀ ਯਾਦ ਵਿੱਚ ————-ਉਹੀ ਕੰਮ ਆਏਗੀ ਬਾਕੀ ਉਮਰ ਤਾਂ ਸਮਝੋ ———ਵਾਂਗ ਵਿਕਾਰਾਂ ਦੇ ਚਿਕੜ ਵਿੱਚ ਹੀ ਗਿਰ ਗਈ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।