ਸਭ ਦੂ ਵਡੇ ਭਾਗ ਗੁਰਸਿਖਾ ਕੇ
ਇਕ ਵਾਰੀ ਗੁਰੂ ਅਮਰਦਾਸ ਜੀ ਨੂੰ ਦਰਬਾਰ ਦੀ ਸਮਾਪਤੀ ਤੋਂ ਬਾਅਦ ਇਕ ਸਿੱਖ ਨੇ ਪੁੱਛਿਆ ਕਿ ਪਾਤਸ਼ਾਹ ਸਭ ਤੋਂ ਵਡਭਾਗਾ ਕੌਣ ਹੋ ਸਕਦਾ ਹੈ?
ਗੁਰੂ ਸਾਹਿਬ ਨੇ ਕਿਹਾ ਭਾਈ ਜੋ ਹਰੀ ਪ੍ਰਮੇਸ਼ਵਰ ਦਾ ਨਾਮ ਮੁੰਹ ਨਾਲ ਜੱਪਦੇ ਹਨ ਉਹ ਸਭ ਧੰਨਤਾ ਯੋਗ ਹਨ। ਜੋ ਸੰਗਤ ਵਿੱਚ ਆ ਕੇ ਹਰੀ ਜੱਸ ਸ੍ਰਵਣ ਕਰਦੇ ਹਨ ਉਹ ਸੰਤ ਜਨ ਵੀ ਧੰਨਤਾ ਦੇ ਯੋਗ ਹਨ।
“ਧੰਨੁ ਧਨੁ ਭਾਗ ਤਿਨਾ ਭਗਤ ਜਨਾ ਜੋ ਹਰਿ ਨਾਮਾ ਹਰਿ ਮੁਖਿ ਕਹਤਿਆ ॥ ਧਨੁ ਧਨੁ ਭਾਗ ਤਿਨਾ ਸੰਤ ਜਨਾ ਜੋ ਹਰਿ ਜਸੁ ਸ੍ਰਵਣੀ ਸੁਣਤਿਆ ॥ {ਪੰਨਾ 649}”
ਉਹਨਾਂ ਸਾਧ ਜਨਾਂ ਦੇ ਧੰਨ ਭਾਗ ਹਨ, ਜੋ ਹਰੀ ਦਾ ਕੀਰਤਨ ਕਰ ਕੇ ਆਪ ਗੁਣਾਂ ਵਾਲੇ ਬਣਦੇ ਹਨ। ਉਹਨਾਂ ਗੁਰਮੁਖਾਂ ਦੇ ਵੱਡੇ ਭਾਗ ਹਨ ਜੋ ਸਤਿਗੁਰੂ ਦੀ ਸਿੱਖਿਆ ਲੈ ਕੇ ਆਪਣੇ ਮਨ ਨੂੰ ਜਿੱਤਦੇ ਹਨ।
“ਧਨੁ ਧਨੁ ਭਾਗ ਤਿਨਾ ਸਾਧ ਜਨਾ ਹਰਿ ਕੀਰਤਨੁ ਗਾਇ ਗੁਣੀ ਜਨ ਬਣਤਿਆ ॥ ਧਨੁ ਧਨੁ ਭਾਗ ਤਿਨਾ ਗੁਰਮੁਖਾ ਜੋ ਗੁਰਸਿਖ ਲੈ ਮਨੁ ਜਿਣਤਿਆ ॥ {ਪੰਨਾ 649}”
ਗੁਰੂ ਸਾਹਿਬ ਨੇ ਕਿਹਾ ਕਿ ਭਾਈ ਸਭ ਤੋਂ ਵੱਡੇ ਭਾਗ ਉਨ੍ਹਾਂ ਗੁਰਸਿੱਖਾ ਦੇ ਹਨ ਜੋ ਸਿੱਖ ਗੁਰੂ ਦੇ ਚਰਨੀਂ ਪਏ ਰਹਿੰਦੇ ਹਨ ਭਾਵ ਜੋ ਗੁਰੂ ਸਿਰਫ ਦੇ ਦੱਸੇ ਰਸਤੇ ਤੇ ਤੁਰਦੇ ਹਨ।
“ਸਭ ਦੂ ਵਡੇ ਭਾਗ ਗੁਰਸਿਖਾ ਕੇ ਜੋ ਗੁਰ ਚਰਣੀ ਸਿਖ ਪੜਤਿਆ ॥੧੮॥ {ਪੰਨਾ 649}”
ਗੁਰੂ ਅਮਰਦਾਸ ਜੀ ਨੇ ਖੁਦ ਦੁਨੀਆਂ ਦੀ ਪ੍ਰਵਾਹ ਨਹੀਂ ਕੀਤੀ। ਸਦਾ ਗੁਰੂ ਦੇ ਹੁਕਮ ਦੀ ਪਾਲਣਾ ਹੀ ਕੀਤੀ। ਗੁਰੂ ਅਮਰਦਾਸ ਜੀ ਭਾਵੇਂ ਦੁਨਿਆਵੀ ਤੌਰ ਤੇ ਗੁਰੂ ਅੰਗਦ ਦੇਵ ਜੀ ਦੇ ਕੁੜਮ ਸਨ ਪਰ ਉਨ੍ਹਾਂ ਇਸ ਰਿਸ਼ਤੇ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਗੁਰੂ ਅਤੇ ਸਿੱਖ ਦਾ ਰਿਸ਼ਤਾ ਹੀ ਰੱਖਿਆ ਹੈ। ਇਸ ਤਰ੍ਹਾਂ ਜਿੱਥੇ ਉਨ੍ਹਾਂ ਲਗਾਤਾਰ ਬਾਰਾਂ ਸਾਲ ਪਾਣੀ ਢੋਣ ਦੀ ਸੇਵਾ ਨਿਭਾਹੀ ਉੱਥੇ ਗੁਰੂ ਅੰਗਦ ਸਾਹਿਬ ਦੇ ਹਰ ਹੁਕਮ ਨੂੰ ਮੰਨਿਆ। ਇਸ ਲਈ ਭਾਵੇਂ ਉਨ੍ਹਾਂ ਨੂੰ ਲੋਕਾਂ ਦੇ ਬੋਲ ਕਬੋਲ ਵੀ ਸੁਨਣੇ ਪਏ ਪਰ ਉਨ੍ਹਾਂ ਸਿਰਫ ਗੁਰੂ ਉੱਪਰ ਹੀ ਟੇਕ ਰੱਖੀ। ਇਸੇ ਦੇ ਫਲ ਸਰੂਪ ਉਨ੍ਹਾਂ ਦੇ ਭਾਗ ਬਹੱਤਰ ਸਾਲ ਦੀ ਉਮਰ ਵਿੱਚ ਇਨ੍ਹੇ ਜਾਗ ਪਏ ਕਿ ਉਹ ਤੀਜੇ ਗੁਰੂ ਹੋ ਨਿਬੜੇ।
ਪ੍ਰਃ ੧. ਜੋ ਮੂੰਹ ਨਾਲ ਨਾਮ ਜੱਪਦੇ ਹਨ ਉਨ੍ਹਾਂ ਬਾਰੇ ਗੁਰੂ ਸਾਹਿਬ ਕੀ ਕਹਿੰਦੇ ਹਨ ਅਤੇ ਕੰਨਾਂ ਨਾਲ ਸੁਣਦੇ ਹਨ?
ਪ੍ਰਃ ੨. ਜੋ ਕੀਰਤਨ ਕਰਕੇ ਖੁਦ ਗੁਣਾਂ ਵਾਲੇ ਬਣਦੇ ਹਨ ਉਨ੍ਹਾਂ ਬਾਰੇ ਗੁਰੂ ਸਾਹਿਬ ਕੀ ਫ਼ੁਰਮਾਉਂਦੇ ਹਨ?
ਪ੍ਰਃ ੩. ਗੁਰੂ ਸਾਹਿਬ ਸਭ ਤੋਂ ਵੱਡਭਾਗੀ ਕਿਸ ਨੂੰ ਸਮਝਦੇ ਹਨ?
ਪ੍ਰਃ ੪. ਗੁਰੂ ਅਮਰਦਾਸ ਜੀ ਅਤੇ ਗੁਰੂ ਅੰਗਦ ਦੇਵ ਜੀ ਦਾ ਦੁਨਿਆਵੀ ਰਿਸ਼ਤਾ ਕੀ ਸੀ?
ਪ੍ਰਃ ੫. ਇਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?
ਖਾਲੀ ਥਾਂ ਭਰੋਃ-
ੳ. ਗੁਰੂ ਅਮਰਦਾਸ ਜੀ ਨੇ ਦੁਨਿਆਵੀ ਰਿਸ਼ਤੇ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ——ਅਤੇ ——ਦਾ ਰਿਸ਼ਤਾ ਹੀ ਰੱਖਿਆ।
ਅ. ਗੁਰੂ ਅਮਰਦਾਸ ਜੀ ਨੇ ਲਗਾਤਾਰ ———ਸਾਲ ਪਾਣੀ ਢੋਣ ਦੀ ਸੇਵਾ ਨਿਭਾਹੀ।
ੲ. ਗੁਰੂ ਅਮਰਦਾਸ ਜੀ ਦੇ ਭਾਗ ——-ਸਾਲ ਦੀ ਉਮਰ ਵਿੱਚ ਇਨ੍ਹੇ ਜਾਗ ਪਏ ਕਿ ਉਹ ——-ਗੁਰੂ ਹੋ ਨਿਬੜੇ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।