ਕਰਕ ਕਲ਼ੇਜੇ ਮਾਹਿ
ਕਬੀਰ ਸਾਹਿਬ ਦੇ ਸਮੇਂ ਸਿਕੰਦਰ ਲੋਧੀ ਦਾ ਰਾਜ ਸੀ। ਸਿਕੰਦਰ ਲੋਧੀ ਨੇ ਕਾਜ਼ੀਆਂ ਬ੍ਰਾਹਮਣਾਂ ਦੇ ਕਹੇ ਕਬੀਰ ਸਾਹਿਬ ਨੂੰ ਵੀ ਬਹੁਤ ਤਸੀਹੇ ਦਿੱਤੇ। ਆਮ ਜਨਤਾ ਉੱਪਰ ਵੀ ਬਹੁਤ ਅੱਤਿਆਚਾਰ ਹੋ ਰਹੇ ਸੀ। ਇਹਨਾਂ ਸਭ ਹਾਲਾਤ ਤੋਂ ਗੁਰੂ ਨਾਨਕ ਸਾਹਿਬ ਜਿਵੇ ਜਿਵੇਂ ਜਾਣਕਾਰ ਹੋਏ ਉਸ ਸਬੰਧੀ ਸੋਚ ਵਿੱਚ ਡੁੱਬਣ ਲੱਗੇ। ਬਾਈ ਸਾਲ ਦੀ ਉਮਰੇ ਦੁਨੀਆ ਦੇ ਹਾਲਾਤ ਦੇਖ ਕੇ ਕਈ ਦਿਨ ਗੁਰੂ ਸਾਹਿਬ ਚੁੱਪ ਹੀ ਰਹੇ। ਕਿਸੇ ਨਾਲ ਕੋਈ ਗੱਲ ਬਾਤ ਨਹੀ ਕਰਦੇ। ਮਰਜ਼ੀ ਨਾਲ ਖਾਂਦੇ ਅਤੇ ਚੁੱਪ ਚਾਪ ਕੁਝ ਸੋਚਦੇ ਰਹਿੰਦੇ। ਗਰੀਬ ਉੱਪਰ ਹੁੰਦੇ ਜ਼ੁਲਮ ਅਤੇ ਧੱਕਿਆਂ ਬਾਰੇ ਮਨ ਹੀ ਮਨ ਵਿੱਚ ਗੰਭੀਰ ਸਨ। ਮਾਪਿਆ ਨੇ ਸੋਚਿਆ ਸ਼ਾਇਦ ਨਾਨਕ ਦੀ ਸਿਹਤ ਠੀਕ ਨਹੀ ਹੈ। ਸ਼ਰੀਕੇ ਭਾਈਚਾਰੇ ਤੇ ਭੈਣ ਭਰਾਵਾਂ ਨਾਲ ਸਲਾਹ ਮੱਸ਼ਵਰੇ ਉਪਰੰਤ ਮਤਾ ਬਣਿਆ ਕਿ ਕੋਈ ਸਿਆਣਾ ਵੈਦ ਬੁਲਾਇਆ ਜਾਏ। ਜਦ ਕੋਈ ਸੱਜਣ ਮਿੱਤਰ ਨਾਨਕ ਨੂੰ ਕੁਝ ਪੁੱਛਦੇ ਤਾਂ ਨਾਨਕ ਚੁੱਪ ਰਹਿੰਦਾ। ਮਹਿਤਾ ਕਾਲੂ ਨੇ ਵੈਦ ਨੂੰ ਘਰ ਬੁਲਾਇਆ। ਵੈਦ ਨੇ ਗੁਰੂ ਸਾਹਿਬ ਦੀ ਬਾਂਹ ਪਕੜ ਕੇ ਨਬਜ਼ ਦੇਖ ਕੇ ਪੀੜ ਲੱਭਣ ਦੀ ਕੋਸ਼ਿਸ਼ ਕੀਤੀ। ਨਬਜ ਬਿਲਕੁਲ ਠੀਕ ਕੰਮ ਕਰ ਰਹੀ ਸੀ। ਸਰੀਰ ਤਾਂ ਬਿਲਕੁਲ ਠੀਕ ਸੀ ਇਸ ਕਰਕੇ ਨਬਜ਼ ਤਾਂ ਠੀਕ ਹੀ ਹੋਣੀ ਸੀ। ਵੈਦ ਕਹਿਣ ਲੱਗਾ ਕਿ ਨਾਨਕ ਦੀ ਨਬਜ਼ ਬਿਲਕੁਲ ਠੀਕ ਹੈ। ਇਨ੍ਹਾਂ ਨੂੰ ਕੋਈ ਸਰੀਰਕ ਰੋਗ ਨਹੀਂ ਹੈ। ਘਰ ਦਿਆਂ ਕਿਹਾ ਪਰ ਇਹ ਨਾ ਬੋਲਦਾ ਹੈ ਨਾ ਚੱਜ ਨਾਲ ਕੁਝ ਖਾਂਦਾ ਹੈ। ਕੋਈ ਤਾਂ ਤਕਲੀਫ ਜ਼ਰੂਰ ਹੈ। ਭੋਲ਼ਾ ਵੈਦ ਕੀ ਜਾਣੇ ਕਿ ਦਰਦ ਤਾਂ ਕਲ਼ੇਜੇ ਦੇ ਅੰਦਰ ਹੈ। ਗੁਰੂ ਸਾਹਿਬ ਨੇ ਵੈਦ ਨੂੰ ਸਮਝਾਇਆ ਕਿ ਸਰੀਰ ਤਾਂ ਠੀਕ ਹੈ ਦਰਦ ਤਾਂ ਕਲੇਜੇ ਵਿੱਚ ਹੈ। “ ਸਲੋਕ ਮਃ ੧ ॥ ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ ॥ ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥੧॥” {ਪੰਨਾ 1279}।
ਪ੍ਰਸ਼ਨ ੧. ਕਬੀਰ ਸਾਹਿਬ ਦਾ ਸਮਕਾਲੀ ਬਾਦਸ਼ਾਹ ਕੌਣ ਸੀ?
ਪ੍ਰਸ਼ਨ ੨. ਗੁਰੂ ਨਾਨਕ ਸਾਹਿਬ ਚੁੱਪ ਕਿਉਂ ਹੋ ਗਏ ਸਨ?
ਪ੍ਰਸ਼ਨ ੩. ਜਦੋਂ ਮਹਿਤਾ ਕਾਲੂ ਜੀ ਨੇ ਗੁਰੂ ਜੀ ਵੈਦ ਬੁਲਾਇਆ ਸੀ ਉਸ ਸਮੇਂ ਗੁਰੂ ਨਾਨਕ ਦੇਵ ਜੀ ਦੀ ਕੀ ਉਮਰ ਸੀ?
ਪ੍ਰਸ਼ਨ ੪. ਵੈਦ ਨੇ ਗੁਰੂ ਸਾਹਿਬ ਦੀ ਨਬਜ਼ ਦੇਖ ਕੇ ਕੀ ਦੱਸਿਆ ਸੀ?
ਪ੍ਰਸ਼ਨ ੫. ਗੁਰੂ ਸਾਹਿਬ ਨੇ ਵੇਦ ਨੂੰ ਕੀ ਸਮਝਾਇਆ ਸੀ?
ਖਾਲੀ ਥਾਂ ਭਰੋ –
ੳ. ਸਿਕੰਦਰ ਲੋਧੀ ਨੇ ———ਬ੍ਰਾਹਮਣਾਂ ਦੇ ਕਹੇ ——— ਸਾਹਿਬ ਨੂੰ ਵੀ ਬਹੁਤ ਤਸੀਹੇ ਦਿੱਤੇ।
ਅ. ਗੁਰੂ ਨਾਨਕ ਸਾਹਿਬ ਜਿਵੇ ਜਿਵੇਂ ———ਹੋਏ ਉਸ ਸਬੰਧ ਸੋਚ ਵਿੱਚ ———ਲੱਗੇ।
ੲ. ਮਾਪਿਆ ਨੇ ਸੋਚਿਆ ਸ਼ਾਇਦ ———ਦੀ ਸਿਹਤ ਠੀਕ ਨਹੀ ਹੈ।
ਸ. ਵੈਦ ਨੇ ਗੁਰੂ ਸਾਹਿਬ ਦੀ ——ਪਕੜ ਕੇ ਨਬਜ਼ ਦੇਖ ਕੇ ਪੀੜ ਲੱਭਣ ਦੀ ———ਕੀਤੀ।
ਹ. ਗੁਰੂ ਸਾਹਿਬ ਨੇ ——ਨੂੰ ਸਮਝਾਇਆ ਕਿ ਸਰੀਰ ਤਾਂ ਠੀਕ ਦਰਦ ਤਾਂ ———ਵਿੱਚ ਹੈ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।