ਸੱਜਣ ਸੇਈ
ਗੁਰੂ ਨਾਨਕ ਪਾਤਸ਼ਾਹ ਅਪਣੀ ਤੀਜੀ ਪ੍ਰਚਾਰ ਫੇਰੀ ਦੌਰਾਨ ਭਾਈ ਮਰਦਾਨਾ ਸਮੇਤ ਪਾਕ ਪਟਨ ਤੋਂ ਬਾਅਦ ਤੁਲੰਬੇ ਪਿੰਡ ਪਹੁੰਚੇ ਸਨ। ਇੱਥੇ ਗੁਰੂ ਜੀ ਨੇ ਰਾਤ ਕੱਟਣ ਦਾ ਮਨ ਬਣਾਇਆ। ਉਨ੍ਹਾਂ ਸਮਿਆਂ ਵਿੱਚ ਕੁਝ ਸਮਜ ਸੇਵੀ ਬੰਦਿਆਂ ਨੇ ਆਉਣ ਜਾਣ ਵਾਲੇ ਮੁਸਾਫਰਾਂ ਦੇ ਰਾਤ ਗੁਜ਼ਾਰਨ ਲਈ ਸਰਾਵਾਂ ਬਣਾਇਆਂ ਹੋਈਆਂ ਸਨ। ਇਸੇ ਤਰ੍ਹਾਂ ਹੀ ਤੁਲੰਬਾ ਨਗਰ ਦੇ ਵਾਸੀ ਸ਼ੈਖ ਸੱਜਣ ਨਾਮੀ ਆਦਮੀ ਨੇ ਵੀ ਇੱਕ ਸਰਾਂ ਪਿੰਡ ਤੋਂ ਕੁਝ ਦੂਰ ਜੰਗਲ ਨੁਮਾ ਸਥਾਨ ਤੇ ਬਣਾਈ ਹੋਈ ਸੀ। ਇਹ ਸੱਜਣ ਨੇ ਇਹ ਸਰਾਂ ਬਣਾਈ ਤਾਂ ਸੇਵਾ ਭਾਵਨੀ ਨਾਲ ਸੀ ਪਰ ਬਾਅਦ ਵਿੱਚ ਇਸ ਦੀ ਸੋਚ ਬਦਲ ਚੁੱਕੀ ਸੀ। ਇਹ ਹੁਣ ਆਏ ਮੁਸਾਫਿਰਾਂ ਨੂੰ ਸਰਾਂ ਵਿੱਚ ਠਹਿਰਾਉਦਾ ਸੀ। ਜਦ ਕੋਈ ਮਾਲ ਦਾਰ ਸਾਮੀ ਮਿਲ ਜਾਂਦੀ ਤਾਂ ਉਸ ਨੂੰ ਮਾਰ ਖਪਾ ਦਿੰਦਾ ਅਤੇ ਉਸ ਦਾ ਮਾਲ ਧੰਨ ਲੁੱਟ ਲੈਦਾ ਸੀ। ਗੁਰੂ ਜੀ ਮਰਦਾਨੇ ਸਮੇਤ ਇਸ ਕੋਲ ਰਾਤ ਕੱਟਣ ਲਈ ਪਹੁੰਚ ਗਏ। ਜਦ ਇਸ ਨੇ ਗੁਰੂ ਸਾਹਿਬ ਨੂੰ ਦੇਖਿਆ ਤਾਂ ਇਸ ਦੇ ਮਨ ਅੰਦਰ ਲਾਲਚ ਆ ਗਿਆ ਕਿ ਕੋਈ ਤੱਕੜੀ ਸਾਮੀ ਹੱਥ ਲੱਗੀ ਹੈ ਸੋ ਚੰਗਾ ਮਾਲ ਮਿਲੇਗਾ। ਇਸ ਨੇ ਗੁਰੂ ਸਾਹਿਬ ਦੀ ਖੂਬ ਸੇਵਾ ਕੀਤੀ। ਰਾਤ ਸਮੇਂ ਗੁਰੂ ਸਾਹਿਬ ਦੇ ਸਾਉਣ ਦੀ ਉਡੀਕ ਕਰ ਰਿਹਾ ਸੀ। ਹੁਣ ਇੱਕ ਕਮਰੇ ਵਿੱਚ ਗੁਰੂ ਸਾਹਿਬ ਅਤੇ ਮਰਦਾਨਾ ਜੀ ਅਤੇ ਦੂਸਰੇ ਕਮਰੇ ਵਿੱਚ ਸੱਜਣ ਇਨ੍ਹਾਂ ਦੇ ਸੌਣ ਦੀ ਉਡੀਕ ਕਰ ਰਿਹਾ ਸੀ ਕਿ ਕਦੋਂ ਇਹ ਸੌਣ ਤੇ ਮੈਂ ਅਪਣਾ ਕੰਮ ਕਰਾਂ। ਪਰ ਇਹ ਕੀ ਜਾਣੇ ਕਿ ਗੁਰੂ ਸਾਹਿਬ ਤਾਂ ਇਸ ਨੂੰ ਸਿੱਧੇ ਰਸਤੇ ਪਾਉਣ ਲਈ ਹੀ ਇੱਥੇ ਆਏ ਸਨ। ਇਹ ਉਡੀਕ ਹੀ ਰਿਹਾ ਸੀ ਕਿ ਗੁਰੂ ਸਾਹਿਬ ਕਹਿੰਦੇ ਮਰਦਾਨਿਆਂ ਛੇੜ ਰਬਾਬ ਬਾਣੀ ਆਈ ਹੈ। ਮਰਦਾਨੇ ਨੇ ਰਬਾਬ ਵਜਾਈ ਤੇ ਗੁਰੂ ਸਾਹਿਬ ਨੇ ਸ਼ਬਦ ਗਾਇਣ ਕੀਤਾ। “ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨ੍ਹ੍ਹੀ ਵਿਚਹੁ ਸਖਣੀਆਹਾ ॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ਹ੍ਹਿ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍ਹ੍ਹਿ ॥੩॥ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨ੍ਹ੍ਹਿ ॥ ਸੇ ਫਲ ਕੰਮਿ ਨ ਆਵਨ੍ਹ੍ਹੀ ਤੇ ਗੁਣ ਮੈ ਤਨਿ ਹੰਨ੍ਹ੍ਹਿ ॥੪॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥ ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥ ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥ {ਪੰਨਾ 729}”। ਗੁਰੂ ਸਾਹਿਬ ਜਿਉਂ ਜਿਉਂ ਸ਼ਬਦ ਗਾਉਦੇ ਤਿਉਂ ਸੱਜਣ ਦੇ ਅੰਦਰ ਦੀ ਮੈਲ ਨਾਲ ਦੇ ਕਮਰੇ ਵਿੱਚ ਪਏ ਦੀ ਹੀ ਧੁਲਦੀ ਗਈ। ਸ਼ਬਦ ਦੀ ਸਮਾਪਤੀ ਤੱਕ ਸੱਜਣ ਦਾ ਮੰਨ ਪੂਰੀ ਤਰ੍ਹਾਂ ਬਦਲ ਚੁੱਕਾ ਸੀ। ਉਸ ਨੂੰ ਪੂਰੀ ਸਮਝ ਲੱਗ ਗਈ ਕਿ ਅਸਲ ਸੱਜਣ ਉਹੀ ਹੈ ਜੋ ਹਰ ਸਮੇਂ ਨਾਲ ਚੱਲੇ। ਪਹਿਰਾਵੇ ਨਾਲ ਕੋਈ ਸੱਜਣ ਨਹੀਂ ਬਣ ਸਕਦਾ। ਚੰਗੇ ਬਣਨ ਦੀਆਂ ਚਤੁਰਾਈਆਂ ਕਿਸੇ ਕੰਮ ਨਹੀਂ ਆਉਂਦੀਆਂ। ਪ੍ਰਭੂ ਦਾ ਨਾਮ ਸਿਮਰਨ ਹੀ ਬੰਧਨਾਂ ਤੋਂ ਛੁਟਕਾਰਾ ਦੁਆ ਸਕਦਾ ਹੈ। ਸੋ ਉਸਨੇ ਗੁਰੂ ਸਾਹਿਬ ਦੇ ਚਰਨ ਫੜ ਲਏ। ਅੱਖਾਂ ਚੋਂ ਨੀਰ ਵਹਿ ਰਿਹਾ ਸੀ ਤੇ ਗੁਰੂ ਸਾਹਿਬ ਨੂੰ ਅਪਣੇ ਸਾਰੇ ਮਾੜੇ ਕੀਤੇ ਕੰਮ ਦੱਸ ਦਿੱਤੇ। ਗੁਰੂ ਜੀ ਤੋਂ ਮਾਫ਼ੀ ਮੰਗੀ ਅਤੇ ਸਿੱਖੀ ਦੀ ਮੰਗ ਕੀਤੀ।
ਗੁਰੂ ਸਾਹਿਬ ਨੇ ਕਿਹਾ ਸੱਜਣਾ ਜੇ ਅਪਣੇ ਕੀਤਿਆਂ ਤੇ ਸ਼ਰਮਿੰਦਾ ਹੈਂ ਤਾਂ ਜਿੱਥੋਂ ਜ਼ਿੰਦਗੀ ਸ਼ੁਰੂ ਕੀਤੀ ਸੀ ਫਿਰ ਉੱਥੇ ਹੀ ਪਹੁੰਚਣਾ ਪਏਗਾ। ਭਾਵ ਜੋ ਵੀ ਠੱਗੀ ਦਾ ਮਾਲ ਧੰਨ ਹੈ ਸਭ ਗਰੀਬਾਂ ਵਿੱਚ ਵੰਡਣਾ ਪੈਣਾ ਹੈ। ਸੱਜਣ ਨੇ ਸਤ ਬਚਨ ਕਹਿ ਕੇ ਸਭ ਚੋਰੀ ਠੱਗੀ ਦਾ ਮਾਲ ਧੰਨ ਗਰੀਬਾਂ ਵਿੱਚ ਵੰਡ ਕੇ ਗੁਰੂ ਸਾਹਿਬ ਤੋ ਸਿੱਖੀ ਦੀ ਦਾਤ ਲੈ ਲਈ। ਹੁਣ ਸੱਜਣ ਨਾਮ ਜਪ ਕੇ ਅਸਲੀ ਦਾ ਸੱਜਣ ਬਣ ਕੇ ਸਿੱਖੀ ਦਾ ਪ੍ਰਚਾਰਕ ਬਣ ਗਿਆ। ਇਸ ਤਰ੍ਹਾਂ ਗੁਰੂ ਸਾਹਿਬ ਉਸ ਉੱਪਰ ਮਿਹਰ ਕਰਕੇ ਅੱਗੇ ਚੱਲ ਪਏ।
ਪ੍ਰਃ ੧. ਗੁਰੂ ਨਾਨਕ ਦੇਵ ਜੀ ਕਿਸ ਪ੍ਰਚਾਰ ਫੇਰੀ ਸਮੇਂ ਸੱਜਣ ਕੋਲ ਪਹੁੰਚੇ ਸਨ?
ਪ੍ਰਃ ੨. ਸੱਜਣ ਨੇ ਜਦ ਗੁਰੂ ਨਾਨਕ ਸਾਹਿਬ ਦੇ ਸਰੀਰ ਕਰਕੇ ਦਰਸ਼ਨ ਕੀਤੇ ਤਾਂ ਉਸ ਦੇ ਕੀ ਵਿਚਾਰ ਬਣੇ ਸਨ?
ਪ੍ਰਃ ੩. ਸੱਜਣ ਮੁਸਾਫਰਾਂ ਨਾਲ ਕਿਸ ਤਰ੍ਹਾਂ ਦਾ ਵਿਉਹਾਰ ਕਰਦਾ ਸੀ?
ਪ੍ਰਃ ੪. ਜਦ ਗੁਰੂ ਸਾਹਿਬ ਸੱਜਣ ਦੀਆਂ ਅੱਖਾਂ ਸਾਹਮਣੇ ਨਹੀ ਸਨ ਸਿਰਫ ਕੰਨ ਹੀ ਗੁਰਬਾਣੀ ਸੁਣ ਰਹੇ ਸਨ ਤਾਂ ਸੱਜਣ ਦੇ ਵਿਚਾਰ ਕੀ ਬਣੇ ਸਨ?
ਪ੍ਰਃ ੫. ਗੁਰੂ ਸਾਹਿਬ ਨੇ ਸੱਜਣ ਨੂੰ ਸਿੱਖ ਬਣਾਉਣ ਲਈ ਕੀ ਸ਼ਰਤ ਰੱਖੀ ਸੀ?
ਪ੍ਰਃ ੬. ਸਾਨੂੰ ਇਸ ਸਾਖੀ ਤੋਂ ਕੀ ਸਿੱਖਿਆ ਮਿਲਦੀ ਹੈ?
ਖਾਲੀ ਥਾਂ ਭਰੋ –
ੳ. ਸਮਜ ਸੇਵੀ ਬੰਦਿਆਂ ਨੇ ਆਉਣ ਜਾਣ ਵਾਲੇ ——-ਦੇ ਰਾਤ ਗੁਜ਼ਾਰਨ ਲਈ ———ਬਣਾਇਆਂ ਹੋਈਆਂ ਸਨ।
ਅ. ਜਦ ਕੋਈ ਮਾਲ ਦਾਰ ਸਾਮੀ ਮਿਲ ਜਾਂਦੀ ਤਾਂ ਉਸ ਨੂੰ ———ਦਿੰਦਾ ਅਤੇ ਉਸ ਦਾ ਮਾਲ ਧੰਨ ———ਲੈਦਾ ਸੀ।
ੲ. ਗੁਰੂ ਸਾਹਿਬ ਕਹਿੰਦੇ ਮਰਦਾਨਿਆਂ ਛੇੜ ———ਬਾਣੀ ਆਈ ਹੈ।
ਸ. ਸ਼ਬਦ ਦੀ ਸਮਾਪਤੀ ਤੱਕ ਸੱਜਣ ਦਾ ਮੰਨ ਪੂਰੀ ਤਰ੍ਹਾਂ ——-ਚੁੱਕਾ ਸੀ।
ਹ. ਪ੍ਰਭੂ ਦਾ ਨਾਮ ਸਿਮਰਨ ਹੀ ਬੰਧਨਾਂ ਤੋਂ ———-ਦੁਆ ਸਕਦਾ ਹੈ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ