ਅਗੈ ਸੋ ਮਿਲੈ ਜੋ ਖਟੇ ਘਾਲੇ ਦੇਇ
ਅਗੈ ਸੋ ਮਿਲੈ ਜੋ ਖਟੇ ਘਾਲੇ ਦੇਇ
ਧਰਮ ਦੇ ਨਾਮ ਤੇ ਅੱਜ ਤੋਂ ਨਹੀ ਬਲਕਿ ਸ਼ੁਰੂ ਤੋਂ ਹੀ ਭੋਲੇ ਭਾਲੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਗੁਰੂ ਸਾਹਿਬ ਦੇ ਸਮਿਆਂ ਵਿੱਚ ਵੀ ਇਹ ਕੁਝ ਚੱਲਦਾ ਰਿਹਾ ਹੈ। ਅੱਜ ਵੀ ਚੱਲ ਰਿਹਾ ਹੈ।ਇਕ ਬਿਰਤਾਂਤ ਜੋ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕਰ ਦਿੱਤਾ ਜੋ ਉਨ੍ਹਾਂ ਦੇ ਸਮੇਂ ਵਾਪਰਿਆ। ਕਹਾਣੀ ਇਸ ਤਰ੍ਹਾਂ ਹੈ ਗੁਰੂ ਨਾਨਕ ਸਾਹਿਬ ਦੇ ਪਿੰਡ ਕਿਸੇ ਦੀ ਮੌਤ ਹੋ ਗਈ। ਗੁਰੂ ਨਾਨਕ ਸਾਹਿਬ ਆਮ ਪ੍ਰਚੱਲਤ ਰਵਾਇਤ ਅਨੁਸਾਰ ਉਸ ਘਰ ਅਫਸੋਸ ਕਰਨ ਲਈ ਜਾਂਦੇ ਹਨ। ਉੱਥੇ ਉਸ ਸਮੇਂ ਘਰ ਵਾਲਿਆਂ ਦਾ ਧਾਰਮਿਕ ਪ੍ਰੋਹਿਤ ਪੰਡਿਤ ਵੀ ਮੌਜੂਦ ਸੀ। ਘਰ ਵਾਲਿਆਂ ਨੇ ਪੰਡਤ ਤੋਂ ਪੁੱਛਿਆ ਕਿ ਆਪਾਂ ਹੁਣ ਧਾਰਮਿਕ ਰਵਾਇਤ ਅਨੁਸਾਰ ਕੀ ਕਰਨਾ ਹੈ ਜਿਸ ਨਾਲ ਸਾਡੇ ਬਜ਼ੁਰਗਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ। ਪੰਡਿਤ ਜੀ ਨੇ ਉਨ੍ਹਾਂ ਨੂੰ ਲਿਸਟ ਗਿਣਾ ਦਿੱਤੀ ਕਿ ਬਿਸਤਰਾਂ, ਭਾਂਡੇ, ਬਸਤਰ ਆਦਿ। ਘਰ ਵਾਲੇ ਕਹਿਣ ਲੱਗੇ ਆਪਾਂ ਗਰੀਬ ਹਾਂ ਕੁਝ ਘੱਟ ਨਹੀ ਹੋ ਸਕਦਾ। ਪੰਡਿਤ ਜੀ ਕਹਿਣ ਲੱਗੇ ਜੋ ਕੁਝ ਮੈਂ ਦੱਸਿਆ ਹੈ ਇਹ ਸਭ ਤੁਹਾਡੇ ਬਜ਼ੁਰਗਾਂ ਦੇ ਕੰਮ ਆਉਣ ਵਾਲੀਆਂ ਵਸਤਾਂ ਹਨ ਸੋ ਮੈਂ ਇਸ ਵਿੱਚੋਂ ਕੁਝ ਵੀ ਘਟਾ ਨਹੀ ਸਕਦਾ। ਇਸ ਤੋਂ ਬਾਅਦ ਗੁਰੂ ਸਾਹਿਬ ਅਤੇ ਪੰਡਤ ਜੀ ਵਿੱਚ ਇਸ ਤਰ੍ਹਾਂ ਵਾਰਤਾਲਾਪ ਸ਼ੁਰੂ ਹੋ ਗਈ।
ਗੁਰੂ ਨਾਨਕ ਸਾਹਿਬ – ਇਹ ਸਭ ਕੀ ਕਰਨੇ ਹਨ?
ਪੰਡਿਤ – ਜੋ ਦਾਨ ਇਹ ਸਾਨੂੰ ਦੇਣ ਗੇ ਅਸੀਂ ਪਾਠ ਪੂਜਾ ਕਰਕੇ ਇਨ੍ਹਾਂ ਦੇ ਬਜ਼ੁਰਗਾਂ ਤੱਕ ਪਹੁੰਚਾ ਦਿਆਗੇ।
ਗੁਰੂ ਸਾਹਿਬ – ਉਹ ਤਾਂ ਮਰ ਚੁੱਕੇ ਹਨ ਫਿਰ ਉਹ ਇਹ ਸਭ ਕਿਸ ਤਰ੍ਹਾਂ ਵਰਤਣ ਗੇ?
ਪੰਡਿਤ ਜੀ – ਮਰਨ ਤੋਂ ਬਾਅਦ ਇਹ ਸਮਾਨ ਦੀ ਪ੍ਰਾਣੀ ਨੂੰ ਲੋੜ ਹੈ।
ਗੁਰੂ ਸਾਹਿਬ – ਕੀ ਇਹ ਹਰੇਕ ਮ੍ਰਿਤਕ ਪ੍ਰਾਣੀ ਲਈ ਜਰੂਰੀ ਹੈ?
ਪੰਡਤ ਜੀ – ਹਾਂ ਜੀ ਬਿਲਕੁਲ ਜ਼ਰੂਰੀ ਹੈ?
ਗੁਰੂ ਸਾਹਿਬ – ਜੇ ਕੋਈ ਇਹ ਕੁਝ ਨਹੀ ਕਰ ਸਕਦਾ ?
ਪੰਡਿਤ ਜੀ – ਜਿਸ ਨੇ ਜੰਮ ਪਾਲ ਕੇ ਵੱਡਾ ਕੀਤਾ ਉਸ ਲਈ ਤਾਂ ਇਹ ਹਰ ਹਾਲਤ ਕਰਨਾ ਹੀ ਪਏਗਾ।
ਗੁਰੂ ਜੀ – ਜੇ ਨਾ ਕਰ ਸਕੇ ਤਾਂ ਕੀ ਹੋਏ ਗਾ?
ਪੰਡਿਤ- ਮ੍ਰਿਤਕ ਪ੍ਰਾਣੀ ਨਰਕਾਂ ਨੂੰ ਜਾਏ ਗਾ ਅਤੇ ਉਸ ਦੇ ਬੱਚਿਆਂ ਨੂੰ ਬਹੁਤ ਵੱਡਾ ਪਾਪ ਲੱਗੇਗਾ।
ਗੁਰੂ ਜੀ – ਜੇ ਬੱਚੇ ਚੋਰੀ ਕਰਦੇ ਹੋਣ ਫਿਰ ਉਹ ਇਹ ਸਭ ਸਮਾਨ ਚੋਰੀ ਕਰਕੇ ਹੀ ਦੇਣਗੇ?
ਪੰਡਿਤ ਜੀ – ਜਿਵੇਂ ਮਰਜ਼ੀ ਕਰਨ, ਕਰਨਾ ਤਾਂ ਪੈਣਾ ਹੀ ਹੈ?
ਗੁਰੂ ਜੀ- ਤੁਸੀ ਉਸਦਾ ਸਮਾਨ ਵੀ ਪਹੁੰਚਾਉ ਗੇ?
ਪੰਡਿਤ ਜੀ- ਜੀ, ਹਾਂ।
ਗੁਰੂ ਜੀ – ਪੰਡਤ ਜੀ ਫਿਰ ਤਾਂ ਤੁਸੀ ਉੱਥੇ ਫਸ ਜਾਓਗੇ।
ਪੰਡਿਤ ਜੀ – ਉਹ ਕਿਵੇਂ?
ਗੁਰੂ ਜੀ – ਚੋਰਾਂ ਨੇ ਜਿਸ ਦੇ ਘਰੋਂ ਚੋਰੀ ਕਰਕੇ ਸਮਾਨ ਭੇਜਿਆ ਉਸ ਦੇ ਬਜ਼ੁਰਗ ਵੀ ਉੱਥੇ ਹੋਣਗੇ। ਉਹ ਅਪਣਾ ਸਮਾਨ ਪਛਾਣ ਲੈਣਗੇ। ਇਸ ਤਰ੍ਹਾਂ ਮਾਮਲਾ ਪ੍ਰਭੂ ਕੋਲ ਪਹੁੰਚ ਜਾਏ ਗਾ। ਜਦ ਮਾਲਕ ਨੇ ਅਪਣੇ ਸਮਾਨ ਦੀ ਪਹਿਚਾਣ ਸਾਬਤ ਕਰ ਦਿੱਤੀ ਤਾਂ ਫਿਰ ਪ੍ਰਭੂ ਅਪਣਾ ਫੈਸਲਾ ਸੁਣਾਉਂਦਾ ਹੈ ਕਿ ਜੋ ਵੀ ਚੋਰੀ ਦਾ ਸਮਾਨ ਇੱਥੇ ਲੈ ਕੇ ਆਇਆ ਹੈ ਉਸ ਦੇ ਹੱਥ ਵੱਡ ਦਿਉ। ਇਸ ਤਰ੍ਹਾਂ ਤੁਹਾਡੇ ਹੱਥ ਕੱਟੇ ਜਾਣਗੇ।
ਪੰਡਤ ਜੀ – ਕੀ ਇਹ ਸੱਚ ਹੈ?
ਗੁਰੂ ਜੀ – ਸੱਚ ਤਾਂ ਇਹ ਹੈ ਕਿ ਇਸ ਤਰ੍ਹਾਂ ਹੁੰਦਾ ਹੀ ਨਹੀ। ਇਹ ਤੁਸੀਂ ਭੋਲੇ ਭਾਲੇ ਲੋਕਾਂ ਨੂੰ ਲੁੱਟ ਰਹੇ ਹੋ। ਅਸਲ ਵਿੱਚ ਜੇ ਕਰ ਅੱਗੇ ਕੁਝ ਮਿਲਣਾ ਹੈ ਤਾਂ ਉਹੀ ਮਿਲਣਾ ਹੈ ਜੋ ਅਪਣੀ ਘਾਲ ਕਮਾਈ ਵਿੱਚੋ ਦਾਨ ਪੁੰਨ ਕੀਤਾ ਹੋਵੇ ਗਾ। ਬਾਕੀ ਸਭ ਫਾਲਤੂ ਦੀਆਂ ਗੱਲਾਂ ਹੀ ਹਨ। “ਸਲੋਕੁ ਮਃ ੧ ॥ ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥”(ਪੰਨਾ-੪੭੫)
ਹੇਠ ਲਿਖੇ ਸ਼ਬਦਾਂ ਤੇ ਅਰਥਾਂ ਦਾ ਸਹੀ ਮਿਲਾਪ ਕਰੋ-
ਸ਼ਬਦ ਅਰਥ
ਮੋਹਾਕਾ ਪ੍ਰਭੂ
ਪਿਤਰ ਚੋਰ
ਦਲਾਲ ਵਿਚੋਲਾ
ਮੁਸਫੀ ਬਜ਼ੁਰਗ
ਪ੍ਰਸ਼ਨ ੧. ਧਰਮ ਦੇ ਨਾਂ ਤੇ ਭੋਲੇ ਭਾਲੇ ਲੋਕਾਂ ਨੂੰ ਕਿਸ ਤਰ੍ਹਾਂ ਠੱਗਿਆ ਜਾਂਦਾ ਹੈ?
ਪ੍ਰਸ਼ਨ ੨. ਮਰ ਚੁੱਕੇ ਬਜ਼ੁਰਗ ਦੀ ਆਤਮਿਕ ਸ਼ਾਂਤੀ ਲਈ ਪੰਡਤ ਜੀ ਕੀ ਉਪਾਅ ਦੱਸਦੇ ਹਨ?
ਪ੍ਰਸ਼ਨ ੩. ਗੁਰੂ ਨਾਨਕ ਸਾਹਿਬ ਸਾਰਿਆਂ ਦੇ ਸਾਹਮਣੇ ਪੰਡਤ ਦਾ ਪਖੰਡ ਕਿਸ ਤਰ੍ਹਾਂ ਖੋਲਦੇ ਹਨ?
ਪ੍ਰਸ਼ਨ ੩. ਕੀ ਪੁਜਾਰੀ ਨੂੰ ਦਿੱਤਾ ਸਮਾਨ ਬਜ਼ੁਰਗਾਂ ਤੱਕ ਪਹੁੰਚ ਜਾਂਦਾ ਹੈ?
ਪ੍ਰਸ਼ਨ ੪. ਜੇ ਅੱਗੇ ਕੁਝ ਪਹੁੰਚਦਾ ਹੈ ਤਾਂ ਉਹ ਕੀ ਪਹੁੰਚ ਸਕਦਾ ਹੈ?
ਪ੍ਰਸ਼ਨ ੫. ਇਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?
ਖਾਲੀ ਥਾ ਭਰੋ-
ੳ. ਗੁਰੂ ਨਾਨਕ ਸਾਹਿਬ ਦੇ ਪਿੰਡ ਕਿਸੇ ਦੀ——- ਹੋ ਗਈ।
ਅ. ਕੀ ਇਹ ਹਰੇਕ ਮ੍ਰਿਤਕ ———ਲਈ ਜਰੂਰੀ ਹੈ?
ੲ. ਜੇ ਬੱਚੇ ——ਕਰਦੇ ਹੋਣ ਫਿਰ ਉਹ ਇਹ ਸਭ ਸਮਾਨ ——-ਕਰਕੇ ਹੀ ਦੇਣਗੇ?
ਸ. ਜੋ ਵੀ ——ਦਾ ਸਮਾਨ ਇੱਥੇ ਲੈ ਕੇ ਆਇਆ ਹੈ ਉਸ ਦੇ ———ਵੱਡ ਦਿਉ।
ਬਲਵਿੰਦਰ ਸਿੰਘ ਮੁਲਤਾਨੀ