ਧੰਨਾ ਵਡਭਾਗਾ
ਇੱਕ ਸਮੇਂ ਗੁਰੂ ਅਰਜਨ ਦੇਵ ਜੀ ਸੰਗਤਾਂ ਨੂੰ ਸਮਝਾ ਰਹੇ ਸਨ ਕਿ ਭਾਈ ਰੱਬ ਨੂੰ ਮਿਲਣ ਲਈ ਮਨੁਖਾ ਜਨਮ ਮਿਲਿਆ ਹੈ ਇਸ ਕਰਕੇ ਵਿਅਰਥ ਕੰਮਾਂ ਵਿੱਚ ਸਮਾਂ ਨਾ ਗੁਆਉ। ਇਸ ਸੰਸਾਰ ਵਿੱਚ ਆਪਾਂ ਬਾਣੀ ਸੁਨਣ ਪੜਨ ਲਈ ਆਏ ਹਾਂ ਪਰ ਆਪਾਂ ਉਸ ਪ੍ਰਭੂ ਨੂੰ ਵਿਸਾਰ ਕੇ ਹੋਰ ਹੋਰ ਲਾਲਚਾਂ ਵਿੱਚ ਫਸ ਕੇ ਅਪਣਾ ਜਨਮ ਵਿਅਰਥ ਗੁਆ ਰਹੇ ਹਾਂ। “ਆਇਓ ਸੁਨਨ ਪੜਨ ਕਉ ਬਾਣੀ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ॥”(ਪੰਨਾ-੧੨੧੯)। ਤਾਂ ਉਥੇ ਬੈਠੇ ਇੱਕ ਸਿੱਖ ਨੇ ਸੁਆਲ ਕਰ ਦਿੱਤਾ ਕਿ ਭਗਤ ਧੰਨਾ ਜੀ ਤਾਂ ਪੜੇ ਲਿਖੇ ਨਹੀ ਸਨ। ਉਹ ਪਿੰਡ ਵਿੱਚ ਰਹਿੰਦੇ ਸਨ। ਪਸ਼ੂ ਚਰਾਉਂਦੇ ਸਨ। ਖੇਤੀ ਕਰਦੇ ਸਨ। ਉਨ੍ਹਾਂ ਨੂੰ ਤਾਂ ਪੜ੍ਹਨਾ ਲਿਖਣਾ ਆਉਂਦਾ ਹੀ ਨਹੀਂ ਸੀ।ਫਿਰ ਉਨ੍ਹਾਂ ਨੇ ਰੱਬ ਕਿਸ ਤਰ੍ਹਾਂ ਪਾ ਸਕਿਆ? ਗੁਰੂ ਸਾਹਿਬ ਨੇ ਕਿਹਾ ਜੋ ਪ੍ਰੇਮ ਨਾਲ ਰੱਬ ਨੂੰ ਧਿਆਉਂਦਾ ਹੈ ਪੜ੍ਹਿਆ ਹੋਵੇ ਜਾਂ ਅਨਪੜ੍ਹ ਉਹ ਪਰਮ ਗਤੀ ਨੂੰ ਪ੍ਰਾਪਤ ਕਰ ਲੈਂਦਾ ਹੈ। “ਜੋ ਪ੍ਰਾਣੀ ਗੋਵਿੰਦੁ ਧਿਆਵੈ ਪੜ੍ਹਿਆ ਅਣਪੜਿਆ ਪਰਮ ਗਤਿ ਪਾਵੈ॥” (ਪੰਨਾ-੧੯੭) ਨਾਲ ਹੀ ਗੁਰੂ ਜੀ ਨੇ ਬੜੇ ਪਿਆਰ ਨਾਲ ਉੱਤਰ ਦਿੱਤਾ ਕਿ ਜਦ ਧੰਨਾ ਭਗਤ ਜੀ ਨੇ ਸੁਣਿਆ ਕਿ ਅੱਧੀ ਕੌਡੀ ਦਾ ਛੀਂਬਾ ਨਾਮਦੇਵ ਜੇ ਗੋਬਿੰਦ ਨਾਲ ਸਦਾ ਜੁੜੇ ਰਹਿਣ ਕਰਕੇ ਲੱਖਾਂ ਦਾ ਹੋ ਸਕਦਾ ਹੈ। ਨੀਵੀਂ ਕੁਲ ਦਾ ਜੁਲਾਹਾ ਕਬੀਰਾ ਜੋ ਤਨਣ ਬੁਨਣ ਦਾ ਲਾਲਚ ਛੱਡ ਕੇ ਰੱਬੀ ਪ੍ਰੀਤ ਵਿੱਚ ਜੁੜਨ ਕਰਕੇ ਗੁਣਾਂ ਦਾ ਸਮੁੰਦਰ ਬਣ ਜਾਂਦਾ ਹੈ। ਰਵਿਦਾਸ ਜੋ ਹਰ ਰੋਜ ਸਾਰੇ ਪਿੰਡ ਦਾ ਗੰਦ ਢੋਹਦਾ ਢੋਹਦਾ ਮਾਇਆ ਤਿਆਗ ਕੇ ਸਾਧ ਸੰਗਤ ਵਿੱਚ ਜੁੜ ਕੇ ਪ੍ਰਭੂ ਦੇ ਦਰਸ਼ਨ ਪਾ ਲੈਂਦਾ ਹੈ। ਸੈਨ ਨਾਈ ਸਾਰੇ ਪਿੰਡ ਦੀਆਂ ਬੁੱਤੀਆਂ ਕੱਢਦਾ ਹੈ। ਉਸ ਦੇ ਹਿਰਦੇ ਵਿੱਚ ਪਾਰਬ੍ਰਹਮ ਵੱਸਣ ਕਰਕੇ ਭਗਤਾਂ ਵਿੱਚ ਗਿਣਿਆ ਜਾ ਸਕਦਾ ਹੈ ਤਾਂ ਮੈਂ ਕਿਉਂ ਨਹੀਂ? ਇਹ ਬਿਧ ਸੁਣ ਕੇ ਜੱਟ ਪੁੱਤਰ ਧੰਨਾ ਵੀ ਭਗਤੀ ਵਿੱਚ ਜੁੜ ਗਿਆ। ਇਸ ਤਰ੍ਹਾਂ ਉਸ ਨੂੰ ਰੱਬ ਜੀ ਪ੍ਰਤੱਖ ਦਿਸਣ ਲੱਗ ਪਿਆ ਅਤੇ ਉਹ ਵੱਡੇਭਾਗਾਂ ਵਾਲਾ ਹੋ ਗਿਆ। “ਮਹਲਾ ੫ ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥ {ਪੰਨਾ 487}”।ਇਹ ਸੁਣ ਕੇ ਇੱਕ ਸਿੱਖ ਨਹੀ ਸਾਰੀ ਸੰਗਤ ਦਾ ਖ਼ਦਸ਼ਾ ਦੂਰ ਹੋ ਗਿਆ। ਸਭ ਨੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ।
ਅਰਥ ਦੱਸੋ-
ਆਢ ਦਾਮ, ਲਾਖੀਣਾ, ਢੋਰ, ਬੁਤਕਾਰੀਆ, ਗੁਸਾਈ।
ਪ੍ਰਸ਼ਨ ੧. ਇਨਸਾਨ ਸੰਸਾਰ ਵਿੱਚ ਕਿਸ ਕੰਮ ਲਈ ਆਇਆ ਹੈ?
ਪ੍ਰਸ਼ਨ ੨. ਭਗਤ ਨਾਮ ਦੇਵ ਜੀ ਮਹਾਨ ਕਿਸ ਤਰ੍ਹਾਂ ਬਣ ਗਏ ਸਨ?
ਪ੍ਰਸ਼ਨ ੩. ਭਗਤ ਰਵਿਦਾਸ ਜੀ ਕੀ ਕੰਮ ਕਰਦੇ ਸਨ?
ਪ੍ਰਸ਼ਨ ੪. ਭਗਤ ਧੰਨਾ ਜੀ ਕਿਸ ਤਰ੍ਹਾਂ ਰੱਬੀ ਭਗਤੀ ਵੱਲ ਪ੍ਰੇਰਿਤ ਹੋਏ ਸਨ?
ਪ੍ਰਸ਼ਨ ੫. ਇਸ ਲੇਖ ਵਿੱਚੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ?
ਖਾਲੀ ਥਾਂ ਭਰੋ-
ਸੰਸਾਰ ਵਿੱਚ ਆਪਾਂ ——ਸੁਨਣ ਪੜਨ ਲਈ ਆਏ ਹਾਂ।
ਭਗਤ ਧੰਨਾ ਜੀ ਤਾਂ ———-ਨਹੀ ਸਨ।
ਧੰਨਾ ਭਗਤ ਜੀ ਨੇ ਸੁਣਿਆ ਕਿ ————-ਦਾ ਛੀਂਬਾ ਨਾਮਦੇਵ ਜੇ ਗੋਬਿੰਦ ਨਾਲ ਸਦਾ ਜੁੜੇ ਰਹਿਣ ਕਰਕੇ ———ਹੋ ਸਕਦਾ ਹੈ।
ਇਹ ਬਿਧ ਸੁਣ ਕੇ ਜੱਟ ———- ਵੀ ਭਗਤੀ ਵਿੱਚ ਜੁੜ ਗਿਆ।
ਬਲਵਿੰਦਰ ਸਿੰਘ ਮੁਲਤਾਨੀ