Gurbani vyaakaran

ਚੀਤੁ ਨਿਰੰਜਨ ਨਾਲਿ

ਭਗਤ ਤ੍ਰਿਲੋਚਨ ਜੀ ਨੂੰ ਜਦ ਪਤਾ ਲੱਗਾ ਕਿ ਭਗਤ ਨਾਮ ਦੇਵ ਜੀ ਰੱਬ ਨਾਲ ਰੰਗੀ ਹੋਈ ਰੂਹ ਹੈ ਤਾਂ ਉਨ੍ਹਾਂ ਦੇ ਮਨ ਵਿੱਚ ਨਾਮ ਦੇਵ ਜੀ ਨੂੰ ਮਿਲਣ ਦਾ ਚਾਉ ਪੈਦਾ ਹੋ ਗਿਆ। ਭਗਤ ਜੀ ਨਾਮ ਦੇਵ ਜੀ ਨੂੰ ਮਿਲਣ ਪਹੁੰਚ ਗਏ। ਜਦ ਉਹ ਪਹੁੰਚੇ ਤਾਂ ਉਸ ਸਮੇਂ ਨਾਮ ਦੇਵ ਜੀ ਕੱਪੜੇ ਰੰਗ ਰਹੇ ਸਨ। ਤ੍ਰਿਲੋਚਨ ਜੀ ਦੇਖ ਕੇ ਹੈਰਾਨ ਰਹਿ ਗਏ ਕਿ ਮੈਂ ਨਾਮ ਦੇਵ ਬਾਰੇ ਕੁਝ ਹੋਰ ਸੁਣਿਆ ਸੀ ਪਰ ਇਥੇ ਦੇਖਣ ਨੂੰ ਤਾਂ ਕੁਝ ਹੋਰ ਹੀ ਮਿਲਿਆ ਹੈ। ਖ਼ੈਰ ਉਨ੍ਹਾਂ ਨਾਮ ਦੇਵ ਜੀ ਨੂੰ ਜਾ ਕੇ ਉਸ ਸਮੇਂ ਦੇ ਹਿਸਾਬ ਮੁਤਾਬਿਕ ਰਾਮ ਰਾਮ ਬੁਲਾਈ। ਨਾਮ ਦੇਵ ਜੀ ਨੇ ਆਉ ਭਗਤ ਕੀਤੀ। ਵਿਚਾਰਾਂ ਕਰਦਿਆਂ ਤ੍ਰਿਲੋਚਨ ਜੀ ਨੇ ਪੁੱਛਿਆ ਕਿ ਮੈਂ ਤਾਂ ਸੁਣਿਆ ਸੀ ਤੁਸੀਂ ਅੱਠੇ ਪਹਿਰ ਪ੍ਰਭੂ ਦੇ ਨਾਮ ਵਿੱਚ ਰੰਗੇ ਰਹਿੰਦੇ ਹੋ ਪਰ ਤੁਸੀਂ ਤਾਂ ਮਾਇਆ ਦੇ ਮੋਹ ਵਿੱਚ ਗ਼ਲਤਾਨ ਹੋ।(ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥ ਪੰਨਾ- ੧੨੭੫-੭੬) ਨਾਮ ਦੇਵ ਜੀ ਨੇ ਉੱਤਰ ਦਿੱਤਾ ਮੈਂ ਕੰਮ ਹੱਥਾਂ ਪੈਰਾਂ ਨਾਲ ਕਰਦਾ ਹਾਂ ਅਤੇ ਪ੍ਰਭੂ ਨੂੰ ਚਿੱਤ ਵਿੱਚ ਟਿੱਕਾ ਕਿ ਰੱਖਦਾ ਹਾਂ। (ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ {ਪੰਨਾ 1375-1376} ਤ੍ਰਿਲੋਚਨ ਜੀ ਨੇ ਕਿਹਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ।
ਨਾਮ ਦੇਵ ਜੀ ਨੇ ਉਦਾਹਰਣਾਂ ਦੇ ਕੇ ਸਮਝਾਇਆਂ ਕਿ ਹੇ! ਤ੍ਰਿਲੋਚਨ ਸੁਣੋ ਜਿਵੇਂ –
੧. ਬੱਚੇ ਕਾਗਜ਼ ਦੀ ਗੁੱਡੀ ਬਣਾ ਕੇ ਆਕਾਸ਼ ਉੱਪਰ ਉਡਾਉਂਦੇ ਹਨ ਤਾਂ ਉਹ ਆਪਸ ਵਿੱਚ ਗੱਲਾਂ ਬਾਤਾਂ ਵੀ ਕਰੀ ਜਾਂਦੇ ਹਨ ਪਰ ਉਨ੍ਹਾਂ ਦਾ ਧਿਆਨ ਪਤੰਗ ਦੀ ਡੋਰ ਵਿੱਚ ਹੁੰਦਾ ਹੈ।
੨. ਸੁਨਿਆਰਾ ਸੋਨੇ ਦੇ ਗਹਿਣੇ ਘੜਦੇ ਸਮੇਂ ਗਾਹਕ ਨਾਲ ਗੱਲਾਂ ਵੀ ਕਰੀ ਜਾਂਦਾ ਹੈ ਪਰ ਉਸ ਦਾ ਧਿਆਨ ਸੋਨੇ ਉੱਪਰ ਕਲਾਕਾਰੀ ਕਰਨ ਵਿੱਚ ਹੁੰਦਾ ਹੈ।
੩. ਮੁਟਿਆਰਾਂ ਕਿਸੇ ਝਰਨੇ/ ਖੂਹ ਤੋਂ ਘੜੇ ਵਿੱਚ ਪਾਣੀ ਭਰ ਕੇ ਸਿਰ ਉੱਪਰ ਚੁੱਕ ਕਿ ਲਿਆਉਂਦੇ ਸਮੇਂ ਆਪਸ ਵਿੱਚ ਗੱਲਾਂ ਬਾਤਾਂ ਵੀ ਕਰੀ ਜਾਂਦੀਆਂ ਹਨ ਪਰ ਧਿਆਨ ਅਪਣੇ ਘੜੇ ਵਿੱਚ ਟਿਕਾਈ ਰੱਖਦੀਆਂ ਹਨ।
੪. ਜ਼ਿਮੀਂਦਾਰ ਗਊਆਂ ਨੂੰ ਚਰਾਉਣ ਲਈ ਉਸ ਘਰ ਵਿੱਚੋਂ ਛੱਡਦਾ ਹੈ ਜਿਸ ਦੇ ਦਸ ਦਰਵਾਜ਼ੇ ਹਨ ਅਤੇ ਗਊਆਂ ਪੰਜ ਕੋਹ ਦੀ ਦੂਰੀ ਤੇ ਚੁਗਦੀਆਂ ਵੀ ਧਿਆਨ ਅਪਣੇ ਵੱਛੜੇ ਵਿੱਚ ਹੀ ਰੱਖਦੀਆਂ ਹਨ।
੫. ਮਾਤਾ ਅਪਣੇ ਬੱਚੇ ਨੂੰ ਪੰਘੂੜੇ ਵਿੱਚ ਪਾ ਕੇ ਅੰਦਰ ਬਾਹਰ ਕੰਮ ਕਰਦੀ ਹੋਈ ਵੀ ਧਿਆਨ ਬੱਚੇ ਵਿੱਚ ਰੱਖਦੀ ਹੈ ਅਤੇ ਉਸਦੇ ਪੰਘੂੜੇ ਨੂੰ ਹਿਲਾਉਂਦੀ ਰਹਿੰਦੀ ਹੈ।
ਠੀਕ ਇਸੇ ਤਰ੍ਹਾਂ ਮਨ ਨੂੰ ਪ੍ਰਭੂ ਨਾਲ ਜੋੜ ਕੇ ਰੱਖਣਾ ਹੈ ਅਤੇ ਕੰਮ ਹੱਥਾਂ ਪੈਰਾਂ ਨਾਲ ਕਰਨਾ ਹੈ।
ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥ ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥ ਮਨੁ ਰਾਮ ਨਾਮਾ ਬੇਧੀਅਲੇ ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥ ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥ ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥ ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥ ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥ ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥ {ਪੰਨਾ 972}
ਇਸ ਤਰ੍ਹਾਂ ਭਗਤ ਤ੍ਰਿਲੋਚਨ ਜੀ ਦੀ ਪੂਰੀ ਤਸੱਲੀ ਹੋ ਗਈ।

ਪ੍ਰਸ਼ਨ ੧. ਭਗਤ ਤ੍ਰਿਲੋਚਨ ਜੀ ਭਗਤ ਨਾਮਦੇਵ ਜੀ ਨੂੰ ਕਿਉਂ ਮਿਲਣ ਗਏ?

ਪ੍ਰਸ਼ਨ ੨. ਭਗਤ ਤ੍ਰਿਲੋਚਨ ਜੀ ਜਦ ਭਗਤ ਨਾਮ ਜੀ ਕੋਲ ਪਹੁੰਚੇ ਤਾਂ ਉਹ ਕੀ ਕਰ ਰਹੇ ਸਨ?

ਪ੍ਰਸ਼ਨ ੩. ਭਗਤ ਤ੍ਰਿਲੋਚਨ ਜੀ ਨੇ ਨਾਮ ਦੇਵ ਜੀ ਵੱਲ ਦੇਖ ਕੇ ਕੀ ਕਿਹਾ?

ਪ੍ਰਸ਼ਨ ੪. ਭਗਤ ਤ੍ਰਿਲੋਚਨ ਜੀ ਦੇ ਪ੍ਰਸ਼ਨ ਦਾ ਨਾਮ ਦੇਵ ਜੀ ਨੇ ਕੀ ਉੱਤਰ ਦਿੱਤਾ ਸੀ?

ਖਾਲੀ ਥਾਂ ਭਰੋ –
ੳ. ਭਗਤ ਨਾਮ ਦੇਵ ਜੀ ——- ਨਾਲ ਰੰਗੀ ਹੋਈ ਰੂਹ ਸੀ।
ਅ. ਤ੍ਰਿਲੋਚਨ ਜੀ ——- ਨੂੰ ਦੇਖ ਕੇ ਹੈਰਾਨ ਰਹਿ ਗਏ।
ੲ. ———ਧਿਆਨ ਸੋਨੇ ਉੱਪਰ ਕਲਾਕਾਰੀ ਕਰਨ ਵਿੱਚ ਹੁੰਦਾ ਹੈ।
ਸ. ਮਾਤਾ ਅਪਣੇ ਬੱਚੇ ਨੂੰ ———-ਵਿੱਚ ਪਾ ਕੇ ਅੰਦਰ ਬਾਹਰ ਕੰਮ ਕਰਦੀ ਹੋਈ ਵੀ ——— ਬੱਚੇ ਵਿੱਚ ਰੱਖਦੀ ਹੈ


ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।

Leave a Reply

Your email address will not be published. Required fields are marked *